Tuesday , 20 August 2019
Breaking News
You are here: Home » Editororial Page » ਸਾਰਾਗੜ੍ਹੀ ਦਾ ਸਾਕਾ ਬਹਾਦਰੀ ਦੀ ਮਿਸਾਲ

ਸਾਰਾਗੜ੍ਹੀ ਦਾ ਸਾਕਾ ਬਹਾਦਰੀ ਦੀ ਮਿਸਾਲ

ਸਾਰਾਗੜ੍ਹੀ ਦਾ ਸਾਕਾ ਬਹਾਦਰੀ ਦੀ ਇੱਕ ਐਸੀ ਮਿਸਾਲ ਪੇਸ਼ ਕਰਦਾ ਹੈ ਜੋ ਹੋਰ ਕਿਧਰੇ ਵੇਖਣ ਨੂੰ ਨਹੀ ਮਿਲਦੀ।ਇਹ ਗੱਲ 12 ਸਤੰਬਰ 1897 ਦੀ ਹੈ। ਇਹ 21 ਸਿੱਖ ਫੌਜੀ ਬ੍ਰਿਟਿਸ਼ ਭਾਰਤੀ ਫੌਜ ਦੇ 36 ਸਿੱਖ ਰੈਜ਼ੀਮੈਂਟ ਦੇ ਜਵਾਨ ਸਨ। ਹੁਣ ਇਸ ਰੈਜ਼ੀਮੈਂਟ ਨੂੰ 4 ਸਿੱਖ ਰੈਜ਼ੀਮੈਂਟ ਵੀ ਕਿਹਾ ਜਾਂਦਾ ਹੈ। ਸਾਰਾਗੜ੍ਹੀ ਦਾ ਸਥਾਨ ਕੋਹਾਟ ਜਿਲ੍ਹੇ ਵਿੱਚ ਇੱਕ ਸਰਹੱਦੀ ਪਿੰਡ ਹੈ, ਜੋ ਕਿਲਾ ਲਾਕਹਾਰਟ ਤੋਂ ਡੇਢ ਮੀਲ ਤੇ ਹੈ। ਲਾਕਹਾਰਟ ਤੇ ਗੁਲਸਤਾਨ ਕਿਲੇ ਦੀ ਦੂਰੀ ਛੇ ਕਿਲੋਮੀਟਰ ਹੈ। ਇਹ ਦੋ ਕਿਲੇ ਹਨ, ਇੰਨ੍ਹਾਂ ਦੋਵਾਂ ਕਿਲਿਆਂ ਵਿੱਚ ਨੀਵੇਂ ਥਾਂ ਸਾਰਾਗੜ੍ਹੀ ਦਾ ਸਥਾਨ ਹੈ। ਇੰਨ੍ਹਾਂ ਦੋਵਾਂ ਕਿਲਿਆਂ ਨੂੰ ਸ਼ੀਸ਼ੇ ਰਾਹੀਂ ਸਿਗਨਲ ਦੇਣ ਲਈ ਸਾਰਾਗੜ੍ਹੀ ਦੀ ਚੌਂਕੀ ਬੜੀ ਅਹਿਮ ਸੀ। ਮਹਾਨ ਕੋਸ਼ ਦੇ ਪੰਨਾ ਨੰ.186 ਤੇ ਭਾਈ ਕਾਹਨ ਸਿੰਘ ਨਾਭਾ ਲਿੱਖਦੇ ਹਨ ਕਿ, ਕੋਹਾਟ ਜਿਲ੍ਹੇ ਵਿੱਚ ਇੱਕ ਸਰਹੱਦੀ ਪਿੰਡ, ਜੋ ਕਿਲਾ ਲਾਕਹਾਰਟ ਤੋਂ ਡੇਢ ਕੁ ਮੀਲ ਪਰੇ ਹੈ ਅਤੇ ਭਾਰਤ ਸਰਕਾਰ ਦੀ ਇੱਕ ਛੋਟੀ ਗੜ੍ਹੀ ਹੈ, ਇਸ ਥਾਂ ਜੰਗ ਤੀਰਾ ਵਿੱਚ 12 ਸਤੰਬਰ ਸੰਨ 1897 ਨੂੰ ਪਲਟਨ 36 ਸਿੱਖ ਦੇ 21 ਸਿੰਘ ਹਜ਼ਾਰਾਂ ਅਫਰੀਦੀਆਂ ਤੋਂ ਘਿਰ ਕੇ ਭੀ ਕਾਇਰ ਨਹੀ ਹੋਏ, ਸਗੋਂ ਉਹਨਾਂ ਵੀਰਤਾ ਦਿਖਾਈ, ਜੋ ਅੰਮ੍ਰਿਤਧਾਰੀ ਸਿੰਘ ਸਦਾ ਵਿਖਾਉਂਦੇ ਰਹੇ ਹਨ, ਅਫਰੀਦੀਆਂ ਦੇ ਕਥਨ ਅਨੁਸਾਰ ਇਹ ਦੋ ਸੌ ਵੈਰੀਆਂ ਨੂੰ ਮਾਰ ਕੇ ਅਤੇ ਸੈਂਕੜਿਆਂ ਨੂੰ ਫੱਟੜ ਕਰਕੇ ਸ਼ਹੀਦ ਹੋਏ, ਇਹਨਾਂ ਵੀਰਾਂ ਦੀ ਯਾਦਗਾਰ ਕਾਇਮ ਰੱਖਣ ਲਈ ਜਿਲ੍ਹਾ ਲਾਕਹਾਰਟ, ਅੰਮ੍ਰਿਤਸਰ ਅਤੇ ਫਿਰੋਜ਼ਪੁਰ ਵਿੱਚ ਸਰਕਾਰ ਵੱਲੋਂ ਕੀਰਤਿਮੰਦਿਰ ਬਣਾਏ ਗਏ ਹਨ।ਪੰਜਾਬੀ ਵਿਸ਼ਵਕੋਸ਼ ਦੀ ਲਿਖਤ ਅਨੁਸਾਰ-‘ ਸਾਰਾਗੜ੍ਹੀ ਉਤਰ-ਪੱਛਮੀ ਸਰਹੱਦ ਸੂਬੇ ਦੇ ਕੋਹਾਟ ਜਿਲ੍ਹੇ ਦਾ ਇੱਕ ਇਤਹਾਸਿਕ ਪਿੰਡ ਹੈ, ਜੋ ਸਮਾਨਾ ਰੇਜ਼ ਦੀ ਚੋਟੀ ਤੇ 33.55 ਉਤਰੀ ਵਿਥਕਾਰ ਅਤੇ 70.45 ਲੰਬਕਾਰ ਤੇ ਸਥਿੱਤ ਹੈ। ਇਸ ਇਲਾਕੇ ਨੂੰ ਵਜ਼ੀਰਸਤਾਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਅਤੇ ਇੱਥੇ ਵਜ਼ੀਰ ਕਬੀਲੇ ਦੇ ਲੋਕ ਵਧੇਰੇ ਵੱਸਦੇ ਹਨ। ਇਸ ਥਾਂ ਤੇ ਇੱਕ ਗੜ੍ਹੀ ਬਣੀ ਹੋਈ ਹੈ ਜੋ ਭਾਰਤੀ ਫੌਜ ਦੇ ਬੇਮਿਸਾਲ ਜੋਸ਼, ਹਂੌਸਲਾ ਤੇ ਕੁਰਬਾਨੀ ਦਾ ਚਾਨਣ ਮੁਨਾਰਾ ਹੈ।ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਅੰਗਰੇਜ਼ਾਂ ਨੇ ਹੌਲੀ-ਹੌਲੀ ਭਾਰਤ ਤੇ ਕਬਜ਼ਾ ਕਰਨਾ ਸ਼ੁਰੂ ਕੀਤਾ ਤਾਂ ਇਹ ਸਾਰਾ ਇਲਾਕਾ ਵੀ ਅੰਗਰੇਜ਼ਾਂ ਨੇ ਆਪਣੇ ਕਬਜ਼ੇ ਹੇਠ ਕਰ ਲਿਆ। ਉਧਰ ਤੁਰਕੀ ਦਾ ਸੁਲਤਾਨ ਤੇ ਅਫਗਾਨਿਸਤਾਨ ਦਾ ਬਾਦਸ਼ਾਹ ਕਿਸੇ ਗੱਲੋਂ ਅੰਗਰੇਜ਼ਾਂ ਨਾਲ ਬਹੁਤ ਨਰਾਜ਼ ਸਨ, ਇਸ ਲਈ ਪਠਾਣ ਅੰਗਰੇਜ਼ਾਂ ਦੇ ਬਰਖਿਲਾਫ ਹੋ ਗਏ ਤੇ ਬਦਲਾ ਲੈਣਾ ਚਾਹੁੰਦੇ ਸਨ। ਪਠਾਣਾਂ ਨੇ ਅੰਗਰੇਜ਼ਾਂ ਦੀ ਗੁਲਾਮੀ ਕਰਨੋਂ ਨਾਂਹ ਕਰ ਦਿੱਤੀ ਤੇ ਮੌਕਾ ਮਿਲਦੇ ਹੀ ਅੰਗਰੇਜ਼ਾਂ ਤੇ ਹਮਲਾ ਕਰ ਦਿੰਦੇ ਸਨ। ਸਮਾਨਾ ਚੋਟੀ ਤੇ ਪਰਚਿਨਾਰ ਦੀ ਚੋਟੀ ਤੇ ਅੰਗਰੇਜ਼ਾਂ ਨੇ ਕਬਜ਼ਾ ਜਮ੍ਹਾਂ ਲਿਆ ਸੀ ਤੇ ਇਹ ਦੋਵੇਂ ਚੋਟੀਆਂ ਉਚੀਆਂ ਥਾਵਾਂ ਤੇ ਸਨ। ਸਾਰਾਗੜ੍ਹੀ ਦੀ ਚੌਂਕੀ ਨੀਵਂੇ ਥਾਂ ਪੁਰ ਸੀ। 27 ਅਗਸਤ 1897 ਦੇ ਵਿੱਚ 10,000 ਪਠਾਣਾਂ ਨੇ ਸਮਾਨਾ ਪੋਸਟ ਤੇ ਪਰਚਿਨਾਰ ਤੇ 4-5 ਵਾਰ ਹਮਲਾ ਕੀਤਾ, ਪਰ ਸਾਰਾਗੜ੍ਹੀ ਚੌਂਕੀ ਵਿੱਚ ਤਾਇਨਾਤ 21 ਸਿੱਖ ਸੈਨਿਕਾਂ ਦੀ ਬਦੌਲਤ ਇਹ ਹਮਲਾ ਹਰ ਵਾਰ ਅਸਫਲ ਰਹਿ ਜਾਂਦਾ ਤੇ ਪਠਾਣਾਂ ਨੂੰ ਮੂੰਹ ਦੀ ਖਾਣੀ ਪੈਂਦੀ।ਆਖਿਰਕਾਰ ਪਠਾਣਾਂ ਨੇ ਸਲਾਹ ਕੀਤੀ ਕਿ ਕਿਉਂ ਨਾ ਪਹਿਲਾਂ ਇਸ ਸਾਰਾਗੜ੍ਹੀ ਵਾਲੀ ਜਗ੍ਹਾ ਤੇ ਹਮਲਾ ਕਰਕੇ ਰਸਤਾ ਸਾਫ ਕੀਤਾ ਜਾਵੇ। ਪਠਾਣ ਜਾਣਦੇ ਸਨ ਕਿ ਇੱਕ ਤਾਂ ਇੱਥੇ ਨਫਰੀ ਘੱਟ ਹੈ, ਕੇਵਲ 21 ਫੌਜੀ ਹੀ ਹਨ। ਇਸ ਲਈ 10,000 ਪਠਾਣਾਂ ਨੇ ਇੱਕਠੇ ਹੋ ਕੇ ਸਾਰਾਗੜ੍ਹੀ ਵਾਲੀ ਚੌਂਕੀ ਨੂੰ ਚਾਰ-ਚੁਫੇਰੇ ਤੋਂ ਘੇਰਾ ਪਾ ਲਿਆ ਤੇ ਬੜਾ ਜਬਰਦਸਤ ਹਮਲਾ ਕੀਤਾ। ਅੰਦਰੋਂ 21 ਸਿੱਖ ਫੌਜੀ ਜੈਕਾਰੇ ਛੱਡ ਕੇ ਦੁਸ਼ਮਣ ਪਠਾਣਾਂ ਤੇ ਭੁੱਖੇ ਸ਼ੇਰ ਵਾਂਗ ਟੁੱਟ ਕੇ ਪੈ ਗਏ। ਕੋਈ 6 ਘੰਟੇ ਲਗਾਤਾਰ ਲੜਾਈ ਚੱਲਦੀ ਰਹੀ। ਇੰਨ੍ਹਾ ਛੇ ਘੰਟਿਆਂ ਵਿੱਚ 21 ਸਿੱਖ ਫੌਜੀਆਂ ਨੇ ਕੋਈ ਛੇ ਸੌ ਦੇ ਕਰੀਬ ਪਠਾਣ ਮੌਤ ਦੇ ਘਾਟ ਉਤਾਰ ਦਿੱਤੇ ਤੇ ਕਈ ਸੈਂਕੜੇ ਜ਼ਖਮੀ ਕਰ ਦਿੱਤੇ, ਕਿਉਂਕਿ ਸਿੱਖ ਕਿਲੇ ਦੀ ਚਾਰਦੀਵਾਰੀ ਦੇ ਅੰਦਰ ਸਨ ਤੇ ਪਠਾਣ ਬਾਹਰ ਮੈਦਾਨ ਵਿੱਚ ਨੀਵੇਂ ਥਾਂ ਤੇ ਸਨ।ਕਿਲੇ ਅੰਦਰ 12 ਸਿੱਖ ਸੈਨਿਕ ਵੀ ਸ਼ਹੀਦ ਹੋ ਗਏ।ਅੰਤ ਪਠਾਣਾਂ ਨੇ ਇੱਕ ਤਰਕੀਬ ਸੋਚੀ ਤੇ ਕਿਲੇ ਦੀ ਕੰਧ ਨਾਲ ਘਾਹ-ਫੂਸ, ਲੱਕੜਾਂ ਤੇ ਪੱਤੇ ਇੱਕਠੇ ਪਏ ਦੇਖ ਕੇ ਇਸ ਨੂੰ ਅੱਗ ਲਗਾ ਦਿੱਤੀ। ਇਸ ਨਾਲ ਬਹੁਤ ਜ਼ਿਆਦਾ ਧੂੰਆਂ ਪੈਦਾ ਹੋ ਗਿਆ ਤੇ ਕਿਲੇ ਦੇ ਅੰਦਰ ਜਾਣ ਲੱਗਾ। ਕਿਲੇ ਅੰਦਰ ਬਚੇ ਸੈਨਿਕਾਂ ਨੂੰ ਬਾਹਰ ਕੁੱਝ ਦਿਖਾਈ ਵੀ ਨਹੀ ਸੀ ਦੇ ਰਿਹਾ। ਇਸੇ ਮੌਕੇ ਦਾ ਫਾਇਦਾ ਉਠਾ ਕੇ ਪਠਾਣ ਕਿਲੇ ਦੀਆਂ ਕੰਧਾ ਕੋਲ ਪਹੁੰਚ ਗਏ ਤੇ ਖਸਤਾ ਹੋ ਚੁੱਕੇ ਕਿਲੇ ਦੀਆ ਕੰਧਾਂ ਵਿੱਚ ਪਾੜ ਪਾ ਲਿਆ ਤੇ ਕਿਲੇ ਅੰਦਰ ਦਾਖਲ ਹੋ ਗਏ। ਅੰਦਰ ਬਚੇ ਹੋਏ ਸਿੱਖਾਂ ਕੋਲੋਂ ਅਸਲਾ ਬਾਰੂਦ ਵੀ ਖਤਮ ਹੋ ਚੁੱਕਾ ਸੀ। ਤਲਵਾਰਾਂ, ਰਾਈਫਲਾਂ ਨਾਲ ਹੱਥੋ-ਹੱਥੀ ਦੀ ਲੜਾਈ ਵਿੱਚ ਵੀ ਇੰਨ੍ਹਾਂ ਸਿੱਖ ਸੈਨਿਕਾਂ ਨੇ ਹਵਾਲਦਾਰ ਈਸ਼ਰ ਸਿੰਘ ਦੀ ਕਮਾਂਡ ਹੇਠ ਅਨੇਕਾਂ ਪਠਾਣ ਮੌਤ ਦੇ ਘਾਟ ਉਤਾਰ ਦਿੱਤੇ।ਅੰਤ ਵੈਰੀਆਂ ਨਾਲ ਲੋਹਾ ਲੈਂਦੇ ਹੋਏ ਬਾਕੀ ਸਿੱਖ ਸੈਨਿਕ ਵੀ ਸ਼ਹੀਦੀਆਂ ਪਾ ਗਏ।ਕਿਲੇ ਤੇ ਭਾਵੇਂ ਪਠਾਣਾਂ ਦਾ ਕਬਜ਼ਾ ਹੋ ਗਿਆ ਸੀ, ਪਰ ਇਹ ਕਬਜ਼ਾ ਦੋ ਦਿਨ ਹੀ ਰਹਿ ਸਕਿਆ। ਬ੍ਰਿਟਿਸ਼ ਫੌਜ ਨੇ ਹਮਲਾ ਕਰਕੇ ਦੋ ਦਿਨ ਬਾਦ ਇਹ ਕਿਲੇ ਤੇ ਫਿਰ ਕਬਜ਼ਾ ਕਰ ਲਿਆ ਸੀ।ਜਦ ਇਸ ਲੜਾਈ ਦੀ ਖਬਰ ਇੰਗਲੈਂਡ ਪਹੁੰਚੀ ਤਾਂ ਇੰਗਲੈਂਡ ਦੀ ਪਾਰਲੀਮੈਂਟ ਵੱਲੋਂ ਸਭਾ ਵਿੱਚ ਦੋ ਮਿੰਟ ਦਾ ਮੋਨ ਧਾਰਨ ਕਰਕੇ ਸਾਰਾਗੜ੍ਹੀ ਦੇ ਇੰਨ੍ਹਾਂ ਸਿੱਖ ਸੈਨਿਕਾਂ ਨੂੰ ਸ਼ਰਧਾਂਜ਼ਲੀ ਭੇਟ ਕੀਤੀ ਗਈ। ਸਾਰਾਗੜ੍ਹੀ ਦੀ ਇਹ ਇਤਹਾਸਿਕ ਜੰਗ ਦੀ ਹਿਸਟਰੀ ਫਰਾਂਸ, ਇੰਗਲੈਂਡ, ਜਪਾਨ ਤੇ ਭਾਰਤ ਵਰਗੇ ਦੇਸ਼ਾਂ ਵਿੱਚ ਸਕੂਲਾਂ ਵਿੱਚ ਪੜ੍ਹਾਈ ਜਾਂਦੀ ਹੈ। ਇੰਨ੍ਹਾਂ ਸੂਰਬੀਰਾਂ ਦੀ ਬਹਾਦਰੀ ਤੋਂ ਖੁਸ਼ ਹੋ ਕੇ ਇੰਗਲੈਂਡ ਸਰਕਾਰ ਨੇ ਸ਼ਹੀਦਾਂ ਦੇ ਪ੍ਰੀਵਾਰਾਂ ਨੂੰ ‘ਇੰਡੀਅਨ ਆਰਡਰ ਆਫ ਮੈਰਿਟ 10 ਐਮ’ ਜੋ ਕਿ ‘ਪਰਮਵੀਰ ਚੱਕਰ’ ਦੇ ਬਰਾਬਰ ਹੈ, ਨਾਲ ਸਨਮਾਨਿਤ ਕੀਤਾ, 500 ਰੁ: ਨਕਦ ਤੇ 2-2 ਮੁਰੱਬੇ ਜ਼ਮੀਨ ਅਲਾਟ ਕੀਤੀ ਗਈ ਤੇ ਨਾਲ ਹੀ ਇੰਨ੍ਹਾਂ ਸਿੱਖ ਸ਼ਹੀਦਾਂ ਦੀ ਯਾਦ ਵਿੱਚ ਜਿੱਥੇ ਲੜਾਈ ਹੋਈ ਸੀ, ਉਥੇ ਸਾਰਾਗੜ੍ਹੀ ਵਜ਼ੀਰਸਤਾਨ (ਪਾਕਿਸਤਾਨ), ਗੁਰਦੁਆਰਾ ਸ੍ਰੀ ਸਾਰਗੜ੍ਹੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ (ਦਰਬਾਰ ਸਾਹਿਬ ਦੇ ਨਜ਼ਦੀਕ), ਤੇ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਫਿਰੋਜ਼ਪੁਰ ਵਿਖੇ ਇੰਨ੍ਹਾਂ ਸ਼ਹੀਦਾ ਦੀ ਯਾਦ ਵਿੱਚ ਗੁਰਦੁਆਰੇ ਬਣਵਾਏ। ਸਾਰਾਗੜ੍ਹੀ ਵਿਖੇ ਸ਼ਹੀਦ ਹੋਣ ਵਾਲੇ 21 ਸਿੱਖ ਜਿੰਨ੍ਹਾਂ ਦੇ ਨਾਂ ਸਨ ਹਵਾਲਦਾਰ ਈਸ਼ਰ ਸਿੰਘ, ਲਾਂਸ ਨਾਇਕ ਚੰਦਾ ਸਿੰਘ, ਸਿਪਾਹੀ ਉਤਮ ਸਿੰਘ, ਭੋਲਾ ਸਿੰਘ, ਜੀਵਨ ਸਿੰਘ, ਭਗਵਾਨ ਸਿੰਘ, ਸਾਹਿਬ ਸਿੰਘ, ਦਯਾ ਸਿੰਘ, ਗੁਰਮੁੱਖ ਸਿੰਘ, ਭਗਵਾਨ ਸਿੰਘ, ਸਿਪਾਹੀ ਨੰਦ ਸਿੰਘ, ਨਾਇਕ ਲਾਲ ਸਿੰਘ, ਸਿਪਾਹੀ ਬੁੱਧ ਸਿੰਘ, ਹੀਰਾ ਸਿੰਘ, ਨਰਾਇਣ ਸਿੰਘ, ਰਾਮ ਸਿੰਘ ਜੀਵਾ ਸਿੰਘ, ਰਾਮ ਸਿੰਘ, ਜੀਵਨ ਸਿੰਘ ਗੁਰਮੁੱਖ ਸਿੰਘ ਤੇ ਬੁੱਧ ਸਿੰਘ ਆਦਿ ਸਨ। ਇਹਨਾਂ 21 ਸਿੱਖ ਫੌਜੀਆਂ ਨੇ ਆਪਣੀ ਅਣਖ ਤੇ ਆਪਣੀ ਕੌਮ ਦੀ ਬਹਾਦਰੀ ਦਾ ਲੋਹਾ ਮਨਵਾਇਆ।ਸਿੱਖ ਕੌਮ ਨੂੰ ਐਸੇ ਮਹਾਨ ਯੋਧਿਆ ਤੇ ਹਮੇਸ਼ਾ ਮਾਣ ਰਹੇਗਾ।
-ਧਰਮਿੰਦਰ ਸਿੰਘ(ਚੱਬਾ)

Comments are closed.

COMING SOON .....


Scroll To Top
11