Sunday , 19 January 2020
Breaking News
You are here: Home » Editororial Page » ਸਾਦਲ ਦੀ ਬਾਰ ਵਾਲਾ ਲੋਕ ਨਾਇਕ- ਦੁੱਲਾ ਭੱਟੀ

ਸਾਦਲ ਦੀ ਬਾਰ ਵਾਲਾ ਲੋਕ ਨਾਇਕ- ਦੁੱਲਾ ਭੱਟੀ

ਲੋਕ ਨਾਇਕ ਦੁੱਲਾ ਭੱਟੀ ਅਕਬਰ ਬਾਦਸ਼ਾਹ ਦੇ ਸਮੇਂ ਇੱਕ ਪ੍ਰਸਿੱਧ ਡਾਕੂ ਸੀ। ਜੋ ਲੋਕ ਭਲਾਈ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦਾ ਸੀ ਤੇ ਹਕੂਮਤ ਨੂੰ ਚੱਕਰਾਂ ਵਿੱਚ ਪਾਈ ਰੱਖਦਾ ਸੀ। ਇਸੇ ਕਰਕੇ ਮੁਗਲ ਸਲਤਨਤ ਦੀਆਂ ਅੱਖਾਂ ਵਿੱਚ ਰੜਕਣਾ ਇੱਕ ਆਮ ਗੱਲ ਸੀ। ਦੁੱਲੇ ਭੱਟੀ ਦਾ ਜਨਮ 16ਵੀਂ ਸਦੀ ਦੇ ਅੱਧ ਵਿੱਚ ਪਿਤਾ ਫਰੀਦ ਤੇ ਮਾਤਾ ਲੱਧੀ ਦੇ ਘਰ ਸਾਦਲ ਬਾਰ, ਪੰਜਾਬ, ਪਾਕਿਸਤਾਨ ਵਿੱਚ ਹੋਇਆ ਮੰਨਿਆ ਜਾਂਦਾ ਹੈ। ਦੁੱਲੇ ਭੱਟੀ ਦਾ ਪਹਿਲਾ ਨਾਮ ਰਾਏ ਅਬਦੁੱਲਾ ਖਾਨ ਭੱਟੀ ਸੀ ਤੇ ਇਹ ਦੁੱਲਾ ਭੱਟੀ ਡਾਕੂ ਬਣਨ ਤੋਂ ਬਾਅਦ ਪ੍ਰਚਲਿਤ ਹੋਇਆ ਸੀ। ਦੁੱਲੇ ਭੱਟੀ ਦਾ ਸੰਬੰਧ ਰਾਜਪੂਤ ਘਰਾਣੇ ਨਾਲ ਹੈ। ਇਸ ਦਾ ਦਾਦਾ ਸਾਂਦਲ ਭੱਟੀ ਵੀ ਬਹਾਦਰ ਜੋਧਾ ਸੀ। ਇੰਨ੍ਹਾਂ ਦਾ ਰਾਜਪੂਤ ਘਰਾਣਾ ਜੋ ਸੀ। ਰਾਜਪੂਤ ਬੜੇ ਬਹਾਦਰ ਮੰਨੇ ਜਾਂਦੇ ਹਨ। ਦੁੱਲੇ ਦਾ ਦਾਦਾ ਸਰਕਾਰੀ ਹੁਕਮ ਮੰਨਣ ਤੋਂ ਇਨਕਾਰੀ ਹੋ ਗਿਆ ਸੀ। ਉਸਨੇ ਮੁਗਲ ਸਰਕਾਰ ਨੂੰ ਟੈਕਸ(ਜ਼ਜੀਆ) ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਰਾਵੀ ਦੀ ਜੰਗ ਵਿੱਚ ਮੁਗਲ ਸੈਨਾ ਨੂੰ ਚਨੇ ਚਬਾਏ ਸਨ। ਦੁੱਲੇ ਦਾ ਪਿਉ ਵੀ ਇੱਕ ਬਹਾਦਰ ਜੋਧਾ ਸੀ ਤੇ ਆਪਣੇ ਪਿਉ ਦੇ ਨਕਸ਼ੇ ਕਦਮਾਂ ਤੇ ਚੱਲਦਾ ਸੀ।ਉਸ ਸਮੇਂ ਦੁੱਲੇ ਭੱਟੀ ਦੇ ਪਿਉ ਦਾਦੇ ਨੂੰ ਅਕਬਰ ਬਾਦਸ਼ਾਹ ਨੇ ਬੜਾ ਡਰਾਇਆ ਧਮਕਾਇਆ , ਪਰ ਇਹ ਕਿੱਥੇ ਡਰਨ ਵਾਲੇ ਸਨ।ਫਿਰ ਇੰਨ੍ਹਾਂ ਪਿਉ ਪੁੱਤਰਾਂ ਨੂੰ ਭਾਰੀ ਬੰਦੋਬਸਤ ਕਰਕੇ ਅਕਬਰ ਨੇ ਪਕੜ ਲਿਆ ਤੇ ਇੰਨ੍ਹਾਂ ਦੋਵਾਂ ਦੇ ਸਿਰ ਕਲਮ ਕਰ ਦਿੱਤੇ। ਇੰਨ੍ਹਾਂ ਦੀਆਂ ਲਾਸ਼ਾ ਵਿੱਚ ਗੁੱਦਾ ਭਰਵਾ ਕੇ ਲਾਹੌਰ ਦੇ ਮੇਨ ਗੇਟ ਤੇ ਪੁੱਠੀਆਂ ਲਟਕਾ ਦਿੱਤੀਆਂ ਤਾਂ ਜੋ ਅੱਗੇ ਤੋ ਕੋਈ ਵੀ ਮੁਗਲ ਹਕੂਮਤ ਵਿਰੁੱਧ ਅਵਾਜ਼ ਉਠਾਉਣ ਦੀ ਜੁਰਅਤ ਨਾ ਕਰੇ ਤੇ ਜੇ ਕੋਈ ਕਰੇ ਤਾਂ ਉਸ ਦਾ ਇਹ ਹਾਲ ਕੀਤਾ ਜਾਵੇਗਾ। ਜਦ ਦੁੱਲਾ ਜਵਾਨ ਹੋਇਆ ਤਾਂ ਆਪਣੇ ਪਿਉ ਦਾਦੇ ਦਾ ਬਦਲਾ ਲੈਣ ਲਈ ਇਸਨੇ ਵੀ ਮੁਗਲ ਹਕੂਮਤ ਨੂੰ ਵੰਗਾਰਿਆ ਤੇ ਡਾਕੂ ਬਣ ਗਿਆ। ਕਹਿੰਦੇ ਹਨ ਕਿ ਅਕਬਰ ਦੁੱਲੇ ਭੱਟੀ ਤੋਂ ਇੰਨ੍ਹਾਂ ਮਜ਼ਬੂਰ ਹੋ ਗਿਆ ਸੀ ਕਿ ਆਪਣੀ ਰਾਜਧਾਨੀ ਜੋ ਦਿੱਲੀ ਵਿੱਚ ਸੀ ਬਦਲਣੀ ਪਈ ਸੀ ਤੇ ਕੋਈ ਵੀਹ ਸਾਲ ਲਾਹੌਰ ਕਿਲੇ ਨੂੰ ਹੈਡ ਕੁਆਟਰ ਵਜ਼ੋਂ ਵਰਤਦਾ ਰਿਹਾ ਸੀ।
ਦੁੱਲੇ ਭੱਟੀ ਦਾ ਇਤਿਹਾਸ ਖਾਸ ਕਰ ਲੋਹੜੀ ਨਾਲ ਜੁੜਦਾ ਹੈ। ਉਸ ਸਮੇਂ ਇੱਕ ਘਟਨਾ ਘਟੀ ਜੋ ਇਸ ਤਰ੍ਹਾਂ ਹੈ, ਲੋਹੜੀ ਦਾ ਇਤਿਹਾਸ ਅਕਬਰ ਬਾਦਸ਼ਾਹ ਦੇ ਸਮੇਂ ‘ਦੁੱਲਾ ਭੱਟੀ’ ਨਾਂ ਦੇ ਡਾਕੂ ਨਾਲ ਜੋੜਿਆ ਜਾਂਦਾ ਹੈ, ਜੋ ਅਮੀਰ ਲੋਕਾਂ ਨੂੰ ਲੁੱਟ ਕੇ ਸਾਰਾ ਧੰਨ ਗਰੀਬਾਂ ਵਿੱਚ ਵੰਡ ਦੇਂਦਾ ਸੀ। ਔਰਤਾਂ ਨੂੰ ਆਪਣੀਆਂ ਧੀਆਂ ਭੈਣਾਂ ਸਮਝਦਾ ਸੀ। ਇਸ ਲਈ ਲੋਕਾਂ ਵਿੱਚ ਉਹ ਬਹੁਤ ਮਸ਼ਹੂਰ ਹੋ ਚੁੱਕਾ ਸੀ। ਇੱਕ ਵਾਰ ਉਸਨੇ ਅਗਵਾਕਾਰਾਂ ਦੇ ਚੁੰਗਲ ਵਿੱਚੋਂ ਇੱਕ ਲੜਕੀ ਨੂੰ ਛੁਡਾਇਆ ਤੇ ਆਪਣੀ ਧਰਮ ਦੀ ਧੀ ਬਣਾ ਲਿਆ। ਇੱਕ ਹੋਰ ਲਿੱਖਤ ਅਨੁਸਾਰ ਕਿਸੇ ਗਰੀਬ ਬ੍ਰਹਮਣ ਦੀਆਂ ਸੁੰਦਰੀ ਤੇ ਮੁੰਦਰੀ ਨਾਂਅ ਦੀਆਂ ਦੋ ਬਹੁਤ ਖੂਬਸੂਰਤ ਧੀਆ ਸਨ, ਜਿੰਨ੍ਹਾਂ ਦੀ ਮੰਗਣੀ ਹੋ ਚੁੱਕੀ ਸੀ। ਉਸ ਸਮੇਂ ਦੇ ਹਾਕਮ ਦੀ ਨਜ਼ਰੀ ਇਹ ਲੜਕੀਆਂ ਚੜ੍ਹ ਗਈਆਂ ਤੇ ਉਹ ਹਾਕਮ ਦੋਨਾਂ ਭੈਣਾਂ ਤੇ ਮੈਲੀ ਅੱਖ ਰੱਖਣ ਲੱਗ ਪਿਆ। ਉਸ ਬ੍ਰਹਮਣ ਨੇ ਉਨ੍ਹਾਂ ਲੜਕੀਆਂ ਦੇ ਸਹੁਰਿਆਂ ਅੱਗੇ ਬਹੁਤ ਤਰਲੇ ਕੀਤੇ ਕਿ ਉਹ ਲੜਕੀਆਂ ਵਿਆਹ ਕੇ ਲੈ ਜਾਣ, ਪਰ ਉਹ ਹਾਕਮਾਂ ਤੋਂ ਡਰਦੇ ਨਾਂਹ ਕਰ ਗਏ। ਉਸ ਬ੍ਰਹਮਣ ਨੇ ਕਿਸੇ ਤਰਾਂ੍ਹ ਦੁੱਲੇ ਭੱਟੀ ਨਾਲ ਸੰਪਰਕ ਕੀਤਾ ਤੇ ਮਦਦ ਦੀ ਗੁਹਾਰ ਲਾਈ।ਦੁੱਲੇ ਭੱਟੀ ਨੇ ਕੁੜੀਆਂ ਦੇ ਵਿਆਹ ਕਰਵਾਉਣ ਦਾ ਵਚਨ ਦਿੱਤਾ। ਲੜਕੀਆਂ ਦੇ ਸਹੁਰੇ ਹਾਕਮਾਂ ਤੋਂ ਡਰਦੇ ਮਾਰੇ ਰਾਤ ਨੂੰ ਵਿਆਹ ਕਰਨ ਲਈ ਕਹਿਣ ਲੱਗੇ। ਦੁੱਲੇ ਭੱਟੀ ਨੇ ਲਾਗਲੇ ਪਿੰਡਾਂ ਵਿੱਚੋਂ ਦਾਨ ਦੇ ਰੂਪ ਵਿੱਚ ਗੁੜ, ਸ਼ੱਕਰ, ਬਾਲਣ, ਦਾਣੇ ਇੱਕਠੇ ਕੀਤੇ ਤੇ ਨਾਲ ਹੀ ਜਿੰਨ੍ਹਾਂ ਦੇ ਨਵੇਂ ਵਿਆਹ ਹੋਏ ਸਨ ਜਾਂ ਜਿੰਨ੍ਹਾਂ ਦੇ ਮੁੰਡਾ ਜੰਮਿਆ ਸੀ, ਸਭ ਨੂੰ ਵਿਆਹ ਵਿੱਚ ਸ਼ਾਮਿਲ ਹੋਣ ਲਈ ਕਿਹਾ। ਸਭ ਲੋਕ ਸੁੰਦਰੀ ਤੇ ਮੁੰਦਰੀ ਦੇ ਵਿਆਹ ਤੇ ਇੱਕਠੇ ਹੋਏ। ਦੁੱਲੇ ਭੱਟੀ ਨੇ ਆਪਣੇ ਹੱਥੀਂ ਲੜਕੀਆਂ ਦੇ ਵਿਆਹ ਕੀਤੇ ਤੇ ਸੇਰ-ਸੇਰ ਸ਼ੱਕਰ ਪਾਈ।ਸੁੰਦਰ ਮੁੰਦਰੀ ਦੋਵੇਂ ਭੈਣਾਂ ਵਿਆਹੀਆਂ ਗਈਆਂ ਤੇ ਉਸ ਬ੍ਰਹਮਣ ਨੇ ਦੱਲੇ ਭੱਟੀ ਦਾ ਲੱਖ-ਲੱਖ ਧੰਨਵਾਦ ਕੀਤਾ। ਉਸ ਦਿਨ ਤੋਂ ਇਸੇ ਤਰ੍ਹਾਂ ਲੋਹੜੀ ਮਨਾਉਣ ਦਾ ਰਿਵਾਜ਼ ਪੈ ਗਿਆ।ਦੁੱਲਾ ਭੱਟੀ ਇੰਨ੍ਹਾਂ ਮਸ਼ਹੂਰ ਹੋ ਗਿਆ ਕਿ ਅੱਜ ਵੀ ਜਦ ਬੱਚੇ ਘਰਾਂ ਵਿੱਚੋਂ ਲੋਹੜੀ ਮੰਗਦੇ ਹਨ ਤਾਂ ਇਹ ਗੀਤ ਜਰੂਰ ਗਾਉਂਦੇ ਹਨ।
ਸੁੰਦਰ ਮੁੰਦਰੀਏ-ਹੋ?
ਤੇਰਾ ਕੌਣ ਵਿਚਾਰਾ-ਹੋ?
ਦੁੱਲਾ ਭੱਟੀ ਵਾਲਾ-ਹੋ?
ਦੁੱਲੇ ਨੇ ਧੀ ਵਿਆਈ-ਹੋ?
ਸੇਰ ਸ਼ੱਕਰ ਪਾਈ-ਹੋ?
ਕੁੜੀ ਦਾ ਲਾਲ ਪਤਾਕਾ-ਹੋ?
ਕੁੜੀ ਦਾ ਸਾਲੂ ਪਾਟਾ-ਹੋ?
ਸਾਲੂ ਕੌਣ ਸਮੇਟੇ-ਹੋ?
ਚਾਚਾ ਗਾਲੀ ਦੇਸੇ-ਹੋ?
ਚਾਚੇ ਚੂਰੀ ਕੁੱਟੀ-ਹੋ?
ਜ਼ਿੰਦੀਦਾਰਾਂ ਲੁੱਟੀ-ਹੋ?
ਜ਼ਿਮੀਦਾਰ ਸੁਧਾਏ-ਹੋ?
ਬਮ-ਬਮ ਭੋਲੇ ਆਏ-ਹੋ?
ਇੱਕ ਭੋਲਾ ਰਹਿ ਗਿਆ-ਹੋ?
ਸਿਪਾਹੀ ਫੜ ਕੇ ਲੈ ਗਿਆ-ਹੋ?
ਸਿਪਾਹੀ ਨੇ ਮਾਰੀ ਇੱਟ-ਹੋ?
ਭਾਵੇਂ ਰੋ ਭਾਵੇਂ ਪਿੱਟ-ਹੋ?
ਸਾਨੂੰ ਦੇ ਦੇ ਲੋਹੜੀ-ਹੋ?
ਤੇ ਤੇਰੀ ਜੀਵੇ ਜੋੜੀ-ਹੋ?
ਅੱਜ ਵੀ ਲਾਹੌਰ ਵਿੱਚ ਇਸ ਜਾਬਾਜ਼ ਜੋਧੇ ਦੇ ਨਾਂਅ ਤੇ ਇੱਕ ਜਗ੍ਹਾ ਹੈ ਜਿਸਦਾ ਨਾਂ ‘ਦੁੱਲੇ ਦੀ ਬਾਰ’ ਹੈ। ਅੰਤ 16ਵੀਂ ਸਦੀ ਵਿੱਚ ਲਾਹੌਰ ਵਿੱਚ ਦੁੱਲੇ ਭੱਟੀ ਦਾ ਅੰਤ ਹੋ ਗਿਆ। ਲਾਹੌਰ ਪੰਜਾਬ ਪਾਕਿਸਤਾਨ ਵਿੱਚ ਦੁੱਲੇ ਭੱਟੀ ਦੀ ਮਜਾਰ ਹੈ।

Comments are closed.

COMING SOON .....


Scroll To Top
11