Wednesday , 16 January 2019
Breaking News
You are here: Home » PUNJAB NEWS » ਸਰਹਿੰਦ ਫਤਹਿ ਦਿਵਸ ਸਬੰਧੀ ਗੁਰਮਤਿ ਸਮਾਗਮ ਖ਼ਾਲਸਾਈ ਜਾਹੋ ਜਲਾਲ ਨਾਲ ਨੇਪਰੇ ਚੜ੍ਹਿਆ

ਸਰਹਿੰਦ ਫਤਹਿ ਦਿਵਸ ਸਬੰਧੀ ਗੁਰਮਤਿ ਸਮਾਗਮ ਖ਼ਾਲਸਾਈ ਜਾਹੋ ਜਲਾਲ ਨਾਲ ਨੇਪਰੇ ਚੜ੍ਹਿਆ

ਢਾਡੀ ਸਮਾਗਮ ’ਚ ਵੱਖ ਵੱਖ ਜਥਿਆਂ ਨੇ ਸੰਗਤਾਂ ਨੂੰ ਸਰਹਿੰਦ ਫਤਹਿ ਦੇ ਇਤਿਹਾਸ ਨਾਲ ਜੋੜਿਆ

ਸ੍ਰੀ ਫਤਹਿਗੜ੍ਹ ਸਾਹਿਬ, 14 ਮਈ- ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸੰਨ 1710 ਨੂੰ ਕੀਤੀ ਗਈ ਸਰਹਿੰਦ ਫਤਹਿ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਾਰਮਿਕ ਜਥੇਬੰਦੀਆਂ ਤੇ ਸੰਗਤਾਂ ਦੇ ਸਹਿਯੋਗ ਨਾਲ ਸਾਲਾਨਾ ਗੁਰਮਤਿ ਸਮਾਗਮ ਖਾਲਸਾਈ ਜਾਹੋ ਜਲਾਲ ਨਾਲ ਸੰਪੰਨ ਹੋ ਗਏ। ਅੱਜ ਸਮਾਗਮਾਂ ਦੇ ਆਖਰੀ ਦਿਨ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਸਜੇ ਧਾਰਮਿਕ ਦੀਵਾਨਾਂ ਅੰਦਰ ਭਾਈ ਜਸਪਾਲ ਸਿੰਘ ਤਾਨ ਤੇ ਭਾਈ ਮਲਕੀਤ ਸਿੰਘ ਲੌਂਗੋਵਾਲ ਦੇ ਢਾਡੀ ਜਥਿਆਂ ਨੇ ਸੰਗਤਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨਾਲ ਸਬੰਧਤ ਇਤਿਹਾਸ ਤੋਂ ਜਾਣੂ ਕਰਵਾਇਆ। ਇਸ ਤੋਂ ਪਹਿਲਾਂ ਐਤਵਾਰ ਦੀ ਰਾਤ ਨੂੰ ਜਿਥੇ ਕੌਮ ਦੇ ਪ੍ਰਸਿੱਧ ਰਾਗੀ ਭਾਈ ਜੋਗਿੰਦਰ ਸਿੰਘ ਰਿਆੜ ਤੇ ਢਾਡੀ ਗਿਆਨੀ ਤਰਸੇਮ ਸਿੰਘ ਮੋਰਾਂਵਾਲੀ ਨੇ ਹਾਜ਼ਰੀ ਭਰੀ ਉਥੇ ਹੀ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਗੁਰਮਤਿ ਵਿਚਾਰਾਂ ਸਾਂਝੀਆਂ ਕਰਦਿਆਂ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਇਤਿਹਾਸ ਤੋਂ ਪ੍ਰੇਰਣਾ ਲੈਣ ਦੀ ਸੰਗਤਾਂ ਨੂੰ ਅਪੀਲ ਕੀਤੀ। ਜਥੇਦਾਰ ਪੰਜੋਲੀ ਨੇ ਕਿਹਾ ਕਿ ਸਰਹਿੰਦ ਫਤਹਿ ਦਾ ਦਿਹਾੜਾ ਕੌਮ ਅੰਦਰ ਜੋਸ਼ ਅਤੇ ਚੜ੍ਹਦੀ ਕਲਾ ਦਾ ਜ਼ਜਬਾ ਪੈਦਾ ਕਰਦਾ ਹੈ ਅਤੇ ਹਰ ਸਾਲ ਇਸ ਦਿਨ ਨੂੰ ਸਿੱਖ ਕੌਮ ਵੱਲੋਂ ਖਾਲਸਾਈ ਸ਼ਾਨੌ-ਸ਼ੌਕਤ ਨਾਲ ਮਨਾਇਆ ਜਾਂਦਾ ਹੈ। ਇਸੇ ਦੌਰਾਨ ਬੀਤੀ ਸ਼ਾਮ ਆਰੰਭ ਹੋਏ ਗੱਤਕਾ ਮੁਕਾਬਲਿਆਂ ਦੀ ਸਮਾਪਤੀ ਦੇਰ ਰਾਤ ਨੂੰ ਹੋਈ। ਗੱਤਕਾ ਪ੍ਰਦਰਸ਼ਨੀ ਅਤੇ ਫਾਈਟ ਮੁਕਾਬਲਿਆਂ ਵਿਚ 16 ਟੀਮਾਂ ਨੇ ਸਿੱਖ ਮਾਰਸ਼ਲ ਆਰਟ ਦੀ ਬਾਖੂਬੀ ਪੇਸ਼ਕਾਰੀ ਕੀਤੀ। ਗੱਤਕਾ ਪ੍ਰਦਰਸ਼ਨੀ ਮੁਕਾਬਲੇ ਵਿਚ ਬੀਰ ਖਾਲਸਾ ਗੱਤਕਾ ਗਰੁੱਪ ਤਰਨਤਾਰਨ ਨੇ ਪਹਿਲਾ ਸਥਾਨ ਹਾਸਿਲ ਕੀਤਾ, ਜਦਕਿ ਦੂਸਰਾ ਸਥਾਨ ਖਾਲਸਾ ਅਕਾਲ ਪੁਰਖ ਕੀ ਫੌਜ ਗੱਤਕਾ ਅਖਾੜਾ ਕੁਰਾਲੀ ਨੇ ਅਤੇ ਤੀਸਰਾ ਸਥਾਨ ਅਜੀਤ ਗੱਤਕਾ ਅਖਾੜਾ ਬੁੱਢਾ ਦਲ ਦਿੱਲੀ ਨੇ ਪ੍ਰਾਪਤ ਕੀਤਾ। ਗੱਤਕਾ ਫਾਈਟ ਮੁਕਾਬਲੇ ਵਿਚ ਰਾਜ ਕਰੇਗਾ ਖਾਲਸਾ ਗੱਤਕਾ ਅਖਾੜਾ ਟਾਂਡਾ ਨੇ ਪਹਿਲਾ, ਤੇਗ ਸਿੱਖ ਮਾਰਸ਼ਲ ਆਰਟ ਗੱਤਕਾ ਅਕੈਡਮੀ ਦਿੱਲੀ ਨੇ ਦੂਸਰਾ ਅਤੇ ਇੰਟਰਨੈਸ਼ਨਲ ਦਸਮੇਸ਼ ਗੱਤਕਾ ਅਕੈਡਮੀ ਦਮਦਮਾ ਸਾਹਿਬ ਨੇ ਤੀਸਰਾ ਸਥਾਨ ਹਾਸਿਲ ਕੀਤਾ। ਸ਼੍ਰੋਮਣੀ ਕਮੇਟੀ ਵੱਲੋਂ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਰਹੀਆਂ ਗੱਤਕਾ ਟੀਮਾਂ ਨੂੰ ਕ੍ਰਮਵਾਰ 10 ਹਜ਼ਾਰ, 9 ਹਜ਼ਾਰ ਤੇ 8 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਅਤੇ ਸਨਮਾਨ ਚਿੰਨ੍ਹ ਦਿੱਤੇ ਗਏ। ਇਸ ਤੋਂ ਇਲਾਵਾ ਭਾਗ ਲੈਣ ਵਾਲੀਆਂ ਸਾਰੀਆਂ ਟੀਮਾਂ ਨੂੰ ਵੀ ਸਨਮਾਨਤ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ, ਸ. ਰਵਿੰਦਰ ਸਿੰਘ ਖਾਲਸਾ, ਸ. ਅਵਤਾਰ ਸਿੰਘ ਰਿਆ, ਵਧੀਕ ਸਕੱਤਰ ਡਾ. ਪਰਮਜੀਤ ਸਿੰਘ ਸਰੋਆ, ਸ. ਦਿਲਜੀਤ ਸਿੰਘ ਬੇਦੀ, ਮੀਤ ਸਕੱਤਰ ਸ. ਸਿਮਰਜੀਤ ਸਿੰਘ ਕੰਗ, ਸ. ਕਰਮਬੀਰ ਸਿੰਘ ਕਿਆਮਪੁਰ, ਮੈਨੇਜਰ ਸ. ਨੱਥਾ ਸਿੰਘ, ਸ. ਬਲਵਿੰਦਰ ਸਿੰਘ ਭੰਮਾਰਸੀ, ਸ. ਗੁਰਪ੍ਰੀਤ ਸਿੰਘ ਰੋਡੇ, ਭਾਈ ਅਵਤਾਰ ਸਿੰਘ ਹੱਲੋਤਾਲੀ ਆਦਿ ਮੌਜੂਦ ਸਨ।

Comments are closed.

COMING SOON .....


Scroll To Top
11