Tuesday , 18 June 2019
Breaking News
You are here: Home » EDITORIALS » ਸਰਬਤ ਦੇ ਭਲੇ ਲਈ ਕਲਿਆਣਕਾਰੀ ਪੱਤਰਕਾਰਤਾ

ਸਰਬਤ ਦੇ ਭਲੇ ਲਈ ਕਲਿਆਣਕਾਰੀ ਪੱਤਰਕਾਰਤਾ

ਸਰਬਤ ਦੇ ਭਲੇ ਦਾ ਸੰਕਲਪ ਮਨੁੱਖੀ ਵਿਕਾਸ ਤੇ ਖੁਸ਼ਹਾਲੀ ਲਈ ਸਭ ਬੰਦ ਦਰਵਾਜ਼ੇ ਖੋਲ੍ਹਣ ਦੀ ਸਮਰੱਥਾ ਰੱਖਦਾ ਹੈ। ਇਸ ਸੰਕਲਪ ਨੂੰ ਪਰਣਾਈ ਪੱਤਰਕਾਰਤਾ ਧਰਤੀ ਤੇ ਮਨੁੱਖ ਦੀ ਤਕਦੀਰ ਬਦਲ ਸਕਦੀ ਹੈ। ਸੂਚਨਾ ਆਪਣੇ ਆਪ ’ਚ ਬਹੁਤ ਵੱਡੀ ਸ਼ਕਤੀ ਹੈ। ਮਨੁੱਖ ਨੂੰ ਸੂਚਤ ਕਰਨਾ ਸਰੱਬਤ ਦੇ ਭਲੇ ਦਾ ਸਭ ਤੋਂ ਵੱਡਾ ਕਾਰਜ ਹੈ। ਇਸ ਕਾਰਜ ਨੂੰ ਪੱਤਰਕਾਰਤਾ ਕਿਵੇਂ, ਕਿਥੋਂ ਤੱਕ ਤੇ ਕਿੰਨਾ ਨਿਭਾ ਰਹੀ ਹੈ ਇਹ ਸਾਡਾ ਅੱਜ ਦਾ ਸੁਆਲ ਹੈ। ਮਨੁੱਖੀ ਵਿਕਾਸ ਦਾ ਇਤਿਹਾਸ ਦੱਸਦਾ ਹੈ ਕਿ ਪੱਤਰਕਾਰਤਾ ਦੇ ਪ੍ਰਵੇਸ਼ ਪਿਛੋਂ ਮਨੁੱਖੀ ਸਭਿਅਤਾ ਨੇ ਵਧੇਰੇ ਤਰੱਕੀ ਕੀਤੀ ਹੈ। ਸੰਚਾਰ, ਵਿਕਾਸ ਨੂੰ ਜਿਥੇ ਤੇਜ਼ੀ ਬਖ਼ਸ਼ਦਾ ਹੈ ਉਥੇ ਉਸ ਨਾਲ ਮਨੁੱਖਾਂ ’ਚ ਨੇੜਤਾ ਵੀ ਵੱਧਦੀ ਹੈ। ਪੱਤਰਕਾਰੀ ਨਾਲ ਮਨੁੱਖੀ ਸਮਾਜ ਇਕ-ਦੂਜੇ ਦੇ ਨੇੜੇ ਜ਼ਰੂਰ ਹੋ ਗਿਆ ਹੈ ਪਰ ਵਿਚਾਰਧਾਰਾ ਤੇ ਨੈਤਿਕਤਾ ਦੇ ਪਛੜੇਵੇਂ ਨੂੰ ਠੱਲ੍ਹ ਨਹੀਂ ਪਈ। ਮਨੁੱਖ ਦੀਆਂ ਬੁਨਿਆਦੀ ਸਮੱਸਿਆਵਾਂ ਪਹਿਲਾਂ ਤੋਂ ਵਧ ਗਈਆਂ ਹਨ। ਧਰਤੀ ਦੀ ਹੋਂਦ ਨੂੰ ਵੱਡਾ ਖ਼ਤਰਾ ਬਣਿਆ ਹੋਇਆ ਹੈ। ਪ੍ਰਮਾਣੂ ਬੰਬ ਕਿਸੇ ਵੇਲੇ ਵੀ ਇਸ ਪਲੇਨਟ ਤੋਂ ਮਨੁੱਖੀ ਜੀਵਨ ਦਾ ਨਾਸ਼ ਕਰ ਸਕਦੇ ਹਨ। ਮਨੁੱਖੀ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਤੇ ਨਿਵਾਣਾ ਜ਼ਿਕਰ ਤੋਂ ਬਾਹਰੀਆਂ ਹਨ। ਇਨ੍ਹਾਂ ਹਾਲਾਤਾਂ ਲਈ ਹੋਰਨਾਂ ਦੇ ਨਾਲ-ਨਾਲ ਪੱਤਰਕਾਰਤਾ ਵੀ ਜ਼ਿੰਮੇਵਾਰ ਹੈ। ਜੇਕਰ ਪੱਤਰਕਾਰਤਾ ਮਨੁੱਖੀ ਭਲਾਈ, ਮਨੁੱਖੀ ਭਾਈਚਾਰੇ ਤੇ ਖੁਸ਼ਹਾਲੀ ਲਈ ਜੀ-ਜਾਨ ਨਾਲ ਯੋਗਦਾਨ ਪਾਉਂਦੀ ਤਾਂ ਇਸ ਧਰਤੀ ਦਾ ਜੀਵਨ ਹੋਰ ਤਰ੍ਹਾਂ ਹੋਣਾ ਸੀ। ਹਾਕਮ ਧਿਰ ਦੇ ਅਧੀਨ ਵਾਲੇ ‘ਮੀਡੀਆ ਦੀਆਂ ਆਪਣੀਆਂ ਸੀਮਾਵਾਂ ਹਨ, ਨਿੱਜੀ ਖੇਤਰ ਦੇ ਮੀਡੀਆ ਦੇ ਆਪਣੇ ਵਪਾਰਕ ਹਿੱਤ ਹਨ। ਆਖਰ ਅਜਿਹੇ ਹਾਲਤਾਂ ’ਚ ਮਨੁੱਖ ਦੀ, ਕੁਦਰਤ ਦੀ, ਧਰਤੀ ਦੀ ਤੇ ਸਰਬੱਤ ਦੇ ਭਲੇ ਦੀ ਕਿਸਨੂੰ ਚਿੰਤਾ ਹੈ ? ਮਨੁੱਖੀ ਵਿਕਾਸ ’ਚ ਮੀਡੀਆ ਦਾ ਰੋਲ ਬਹੁਤ ਮਹੱਤਵਪੂਰਨ ਤੇ ਵਿਆਪਕ ਹੈ। ਸਿਰਫ ਸੰਚਾਰ ਕਾਰਨ ਹੀ ਮਨੁੱਖ ਪਸ਼ੂਆਂ ਤੋਂ ਵਖਰਾ ਸੰਸਾਰ ਸਿਰਜਣ ’ਚ ਸਫਲ ਹੋ ਸਕਿਆ ਹੈ। ਅਖ਼ਬਾਰਾਂ ਦੀ ਪ੍ਰਕਾਸ਼ਨਾਂ ਦੇ 400 ਸਾਲਾਂ ਦੌਰਾਨ ਜਿਨਾਂ ਵਿਕਾਸ ਹੋਇਆ ਹੈ ਉਨ੍ਹਾਂ ਪਹਿਲੇ 4000 ਸਾਲ ’ਚ ਵੀ ਨਹੀਂ ਹੋਇਆ ਸੀ। ਪਰ ਇਲੈਕਟ੍ਰਾਨਿਕ ਮੀਡੀਆ ਦੇ ਪ੍ਰਵੇਸ਼ ਪਿਛੋਂ ਹਾਲਾਤ ਤੇਜ਼ੀ ਨਾਲ ਬਦਲੇ ਹਨ। ਪ੍ਰਿੰਟ ਮੀਡੀਆ ਦਾ ਆਦਰਸ਼ਵਾਦੀ ਰੁਝਾਨ ਖੰਬ ਲਾ ਕੇ ਉਡ ਗਿਆ ਹੈ। ਇਸ਼ਤਿਹਾਰਾਂ ਤੇ ਪੱਤਰਕਾਰਤਾ ਦੇ ਦਰਮਿਆਨ ਦੀ ਦੀਵਾਰ ਢਹਿ ਚੁੱਕੀ ਹੈ। ਅਖ਼ਬਾਰਾਂ ਦੇ ਹਰ ਪੰਨੇ ਤੇ ਭੋਜਨ, ਕੱਪੜੇ, ਜੁੱਤੇ, ਮਾਡਲ ਤੇ ਮਸ਼ਹੂਰ ਲੋਕਾਂ ਬਾਰੇ ਹੀ ਪੜ੍ਹਨ ਨੂੰ ਮਿਲੇਗਾ। ਮੀਡੀਆ ਦਾ ਯਥਾਰਥ ਨਾਲ ਰਿਸ਼ਤਾ ਪਤਲਾ ਪੈ ਚੁੱਕਾ ਹੈ। ਇਸ ਵੇਲੇ ਆਦਰਸ਼ਵਾਦੀ ਤੇ ਕਲਿਆਣਕਾਰੀ ਪੱਤਰਕਾਰੀ ਅਲੋਪ ਹੋ ਚੁੱਕੀ ਹੈ। ਜ਼ਿਆਦਾਤਰ ਹਿੱਸਾ ਬਾਜ਼ਾਰ ਦਾ ਅੰਗ ਬਣ ਚੁੱਕਾ ਹੈ। ਕਾਰਪੋਰੇਟ ਸੈਕਟਰ ਨੇ ਮੀਡੀਆ ਨੂੰ ਉਦਯੋਗ ’ਚ ਬਦਲ ਦਿੱਤਾ ਹੈ। ਇਸਦਾ ਅਸਰ ਸਰਕਾਰੀ ਮੀਡੀਆ ’ਤੇ ਵੀ ਪਿਆ ਹੈ। ਸ਼ੋਸ਼ਲ ਮੀਡੀਆ ਦੀ ਸੰਸਾਰ ’ਚ ਹੋਂਦ ਕਿਸੇ ਵੀ ਗਿਣਤੀ ’ਚ ਨਹੀਂ ਆਉਂਦੀ। ਟੀ.ਵੀ. ਨਾਲ ਮੁਕਾਬਲੇ ’ਚ ਪ੍ਰਿੰਟ ਮੀਡੀਆ ਨੇ ਆਪਣੀ ਨੈਤਿਕ ਜ਼ਿੰਮੇਵਾਰੀ ਤਿਆਗ ਦਿੱਤੀ ਹੈ। ਟੀ.ਵੀ. ਨੇ ਜੋ ਵਿਖਾ ਦਿੱਤਾ ਉਸਨੂੰ ਨਵਾਂ ਮਸਾਲਾ ਲਾ ਕੇ ਅਖ਼ਬਾਰਾਂ ’ਚ ਛਾਪਿਆ ਜਾਂਦਾ ਹੈ। ਟੀ.ਵੀ. ਨਾਲ ਹੀ ਨਹੀਂ ਅਖ਼ਬਾਰਾਂ ਦਾ ਅਖ਼ਬਾਰਾਂ ਨਾਲ ਵੀ ਮੁਕਾਬਲਾ ਚਲ ਰਿਹਾ ਹੈ। ਹੁਣ ਖ਼ਬਰ ਦਾ ਅਰਥ ਅਜਿਹੀ ਸੂਚਨਾ ਤੋਂ ਨਹੀਂ ਜਿਸ ਤੋਂ ਤੁਸੀਂ ਬੇਖਬਰ ਹੋਵੇ ਸਗੋਂ ਕੋਈ ਉਲਟੀ-ਸਿੱਧੀ ਗੱਲ ਜਾਂ ਅਪਰਾਧ ਦਾ ਜ਼ਿਕਰ ਵਾਲੀ ਰਿਪੋਰਟ ਹੀ ਸੁਰਖੀ ਸਮਝੀ ਜਾਂਦੀ ਹੈ। ਸਰੱਬਤ ਦੇ ਭਲੇ ਨਾਲ ਸੰਬੰਧਤ ਸਮੱਗਰੀ ਫੌਕਸ ’ਚੋਂ ਆਊਟ ਹੋ ਚੁੱਕੀ ਹੈ। ਵੱਡੇ ਅਖ਼ਬਾਰਾਂ ਦੇ ਸੰਪਾਦਕਾਂ ਨੂੰ ਮਾਲਕਾਂ ਵਲੋਂ ਹਦਾਇਤਾਂ ਹਨ ਕਿ ਸਿਰਫ ਹਲਕੀ-ਫੁਲਕੀ ਸਮੱਗਰੀ ਹੀ ਪਰੋਸੀ ਜਾਵੇ ਤਾਂਕਿ ਉਨ੍ਹਾਂ ਸਫਿਆਂ ’ਤੇ ਛਪੇ ਇਸ਼ਤਿਹਾਰ ਵਧੇਰੇ ਪੜੇ ਜਾਣ। ਅਜਿਹੇ ਮਾਹੌਲ ’ਚ ਸਰੱਬਤ ਦੀ ਭਲਾਈ ਲਈ ਪੱਤਰਕਾਰਤਾ ਬਾਰੇ ਕਿਵੇਂ ਸੋਚਿਆ ਜਾਵੇ। ਮੀਡੀਆ ਦੇ ਰੋਲ ਬਾਰੇ ਪੁੱਛੇ ਸੁਆਲ ਦਾ ਰਵਾਇਤੀ ਜੁਆਬ ਹੋਵੇਗਾ, ਸੂਚਤ ਕਰਨਾ, ਮਨੋਰੰਜਨ ਕਰਨਾ, ਸਿੱਖਿਅਤ ਕਰਨਾ। ਪਰ ਕੋਈ ਨਹੀਂ ਦੱਸ ਸਕਦਾ ਕਿ ਇਸਨੂੰ ਕਿਸ ਮਿਕਦਾਰ ’ਚ ਪਰੋਸਿਆ ਜਾਵੇ, ਹਾਂ ਇੰਨ੍ਹਾਂ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਇਹ ਸਮੱਗਰੀ ਸਰੱਬਤ ਦੇ ਭਲੇ ਦੇ ਉਦੇਸ਼ ਲਈ ਵਚਨਬੱਧ ਹੋਣੀ ਚਾਹੀਦੀ ਹੈ। ਮੀਡੀਆ ਦੇ ਸਹੀ ਰੋਲ ਬਾਰੇ ਫੈਸਲਾ, ਐਡੀਟਰ ਦੇ ਹੱਥ ’ਚ ਹੁੰਦਾ ਹੈ। ਉਹੀ ਫੈਸਲਾ ਕਰਦਾ ਹੈ ਕਿ ਕੱਲ ਦੇ ਅਖ਼ਬਾਰ ’ਚ ਬੌਧਿਕਤਾ, ਭਾਵੁਕਤਾ, ਸਿੱਖਿਆ, ਸੂਚਨਾ ਤੇ ਮਨੋਰੰਜਨ ਦੀ ਕਿੰਨੀ ਮਿਕਦਾਰ ਹੋਣੀ ਚਾਹੀਦੀ ਹੈ। ਵਿਕਸਤ ਦੇਸ਼ਾਂ ਦੇ ਲੋਕਾਂ ਨੂੰ ਸਾਡੇ ਮੁਕਾਬਲੇ ਵਧੇਰੇ ਸੂਚਨਾ ਮਿਲਦੀ ਹੈ। ਉਥੇ ਵਿਚਾਰਾਂ ਦਾ ਤਿੱਖਾ ਤੇ ਵਧੇਰੇ ਵਹਾਅ ਹੈ, ਜਿਸ ਕਾਰਨ ਅਸੀਂ ਬੌਧਿਕ ਪਛੜੇਵੇਂ ਵੱਲ ਜਾ ਰਹੇ ਹਾਂ ਜਾਂ ਫਿਰ ਦੂਜੇ-ਤੀਜੇ ਦਰਜੇ ਦੀ ਸੂਚਨਾ ਨਾਲ ਗੁਜਾਰਾ ਕਰ ਰਹੇ ਹਾਂ। ਮੀਡੀਆ ਦੀ ਪਹੁੰਚ ਦੀ ਇਹ ਨਾਬਰਾਬਰੀ ਸਰੱਬਤ ਦੇ ਭਲੇ ਦੇ ਰਾਹ ’ਚ ਵੱਡੀ ਰੁਕਾਵਟ ਹੈ। ਸਰਬੱਤ ਦੇ ਭਲੇ ਨੂੰ ਸਮਰਪਿਤ ਪੱਤਰਕਾਰਤਾ ਕਿਸੇ ਵੀ ਖਿੱਤੇ ਜਾਂ ਭਾਂਤ ਦੇ ਮਨੁੱਖ ਨਾਲ ਕੋਈ ਵਿਤਕਰਾ ਨਹੀਂ ਕਰ ਸਕਦੀ। ਸਾਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਸੂਚਨਾ ਤੇ ਵਿਚਾਰ ਹਰ ਭਾਂਤ ਦੇ ਮਨੁੱਖ ਤੱਕ ਇਕਸਾਰ ਤੇ ਇਕੋ ਸਮੇਂ ਪਹੁੰਚੇ। ਇਸ ਲਈ ਮਨੁੱਖੀ ਭਲਾਈ ’ਚ ਲੱਗੀਆਂ ਸੰਸਥਾਵਾਂ, ਸਮਾਜਿਕ ਤੇ ਰਾਜਸੀ ਜਥੇਬੰਦੀਆਂ, ਗਲੋਬਲ ਨਜ਼ਰੀਆ ਰੱਖਣ ਵਾਲੇ ਚੇਤੰਨ ਮਨੁੱਖਾਂ ਨੂੰ ਅੱਗੇ ਆਉਣਾ ਪਵੇਗਾ। ਆਓ ਕਲਿਆਣਕਾਰੀ ਪੱਤਰਕਾਰਤਾ ਲਈ ਮਾਹੌਲ ਸਿਰਜੀਏ ਤੇ ਧਰਤੀ ਦੀ ਚਿਰੰਜੀਵਤਾ ਤੇ ਮਨੁੱਖੀ ਖੁਸ਼ਹਾਲੀ ਲਈ ਤੱਤਪਰ ਹੋਈਏ। ਇਹੋ ਅੱਜ ਦਾ ਮਨੁੱਖੀ ਏਜੰਡਾ ਹੈ।
-ਬਲਜੀਤ ਸਿੰਘ ਬਰਾੜ

Comments are closed.

COMING SOON .....


Scroll To Top
11