Tuesday , 20 November 2018
Breaking News
You are here: Home » EDITORIALS » ਸਰਕਾਰ ਪਹਿਲਾਂ ਜੇਲ੍ਹਾਂ ’ਚੋਂ ਨਸ਼ਾ ਖਤਮ ਕਰੇ

ਸਰਕਾਰ ਪਹਿਲਾਂ ਜੇਲ੍ਹਾਂ ’ਚੋਂ ਨਸ਼ਾ ਖਤਮ ਕਰੇ

ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਹੈ। ਸਾਰੀ ਸਰਕਾਰੀ ਮਸ਼ੀਨਰੀ ਨਸ਼ਾ ਮੁਕਤੀ ਦੀਆਂ ਗੱਲਾਂ ਕਰ ਰਹੀ ਹੈ ਪ੍ਰੰਤੂ ਇਹ ਹੈਰਾਨੀ ਦੀ ਗੱਲ ਹੈ ਕਿ ਸਰਕਾਰ ਦੇ ਪੂਰੀ ਤਰ੍ਹਾਂ ਅਧੀਨ ਕੰਧਾਂ ਵਿੱਚ ਘਿਰੀਆਂ ਜੇਲ੍ਹਾਂ ਅੰਦਰ ਸਭ ਤੋਂ ਵੱਧ ਨਸ਼ਾ ਵਿਕ ਰਿਹਾ ਹੈ ਅਤੇ ਇਸਤੇਮਾਲ ਹੋ ਰਿਹਾ ਹੈ। ਇਕ ਅਨੁਮਾਨ ਮੁਤਾਬਿਕ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ 80 ਫੀਸਦੀ ਕੈਦੀ ਅਤੇ ਹਵਾਲਾਤੀ ਨਸ਼ਾ ਕਰ ਰਹੇ ਹਨ। ਇਹ ਨਸ਼ਾ ਜੇਲ੍ਹਾਂ ਵਿੱਚ ਕਿਵੇਂ ਪਹੁੰਚਦਾ ਹੈ ਅਤੇ ਇਸ ਕਾਰੋਬਾਰ ਉਪਰ ਕਿਸ ਦਾ ਕੰਟਰੋਲ ਹੈ। ਇਹ ਸੋਚਣ ਵਾਲੀ ਗੱਲ ਹੈ। ਅਸਲ ਵਿੱਚ ਜੇਲ੍ਹਾਂ ਦੇ ਅਧਿਕਾਰੀ ਨਸ਼ੇ ਦੇ ਇਸ ਵੱਡੇ ਕਾਰੋਬਾਰ ਵਿੱਚੋਂ ਕਰੋੜਾਂ ਰੁਪਏ ਕਮਾਉਂਦੇ ਹਨ। ਭ੍ਰਿਸ਼ਟਾਚਾਰ ਦੇ ਚਲਦਿਆਂ ਹੀ ਪੰਜਾਬ ਅੰਦਰਲੇ ਕੇਂਦਰੀ ਸੁਧਾਰ ਘਰ ਅਤੇ ਸਬ ਜੇਲ੍ਹਾਂ ਨਸ਼ੇੜੀਆਂ ਦਾ ਅਡਾ ਬਣ ਗਏ ਹਨ। ਕਥਿਤ ਸਖਤ ਕਦਮਾਂ ਦੇ ਬਾਵਜੂਦ ਲਗਭਗ ਸਾਰੀਆਂ ਜੇਲ੍ਹਾਂ ਅਤੇ ਸਬ ਜੇਲ੍ਹਾਂ ’ਚ ਸਮੈਕ, ਹੈਰੋਇਨ, ਟੀਕੇ, ਗੋਲੀਆਂ ਆਦਿ ਨਸ਼ੀਲੇ ਪਦਾਰਥ ਦੀ ਬੇਰੋਕ ਸਪਲਾਈ ਹੋ ਰਹੀ ਹੈ। ਵੱਖ-ਵੱਖ ਕੇਸਾਂ ਵਿਚ ਜੇਲ੍ਹ ਅੰਦਰਲੇ ਕੈਦੀਆਂ ਅਤੇ ਹਵਾਲਾਤੀਆਂ ’ਚੋਂ 50 ਫ਼ੀਸਦੀ ਤੋਂ ਵਧੇਰੇ ਐਨ. ਡੀ. ਪੀ. ਐਸ. ਦੇ ਕੇਸਾਂ ’ਚ ਹੀ ਜੇਲ੍ਹ ਕੱਟ ਰਹੇ ਹਨ।ਜ਼ਿਆਦਾਤਰ ਹਵਾਲਾਤੀ ਅਤੇ ਕੈਦੀ ਜੇਲ੍ਹਾਂ ਅੰਦਰ ਜਾ ਕੇ ਨਸ਼ਿਆਂ ਦੀ ਦਲਦਲ ’ਚ ਆ ਜਾਂਦੇ ਹਨ। ਜੇਲ੍ਹਾਂ ਵਿੱਚ ਸਮੈਕ, ਚਿੱਟਾ, ਟੀਕੇ ਅਤੇ ਗੋਲੀਆਂ ਆਦਿ ਖੁੱਲ੍ਹੇਆਮ ਮਿਲ ਜਾਂਦੇ ਹਨ। ਇਸ ਦੇ ਬਦਲੇ ਵਿੱਚ ਕੈਦੀਆਂ ਅਤੇ ਹਵਾਲਾਤੀਆਂ ਤੋਂ ਦੁੱਗਣੀ ਕੀਮਤ ਵਸੂਲੀ ਜਾਂਦੀ ਹੈ। ਵਸੂਲੀ ਦੀ ਇਹ ਰਕਮ ਤਸਕਰਾਂ ਅਤੇ ਜੇਲ੍ਹ ਅਧਿਕਾਰੀਆਂ ਦਰਮਿਆਨ ਵੰਡੀ ਜਾਂਦੀ ਹੈ। ਭਾਵੇਂ ਜੇਲ੍ਹ ਵਿਭਾਗ ਨੇ ਜੇਲ੍ਹਾਂ ਦੇ ਮੁੱਖ ਰਸਤਿਆਂ ਅਤੇ ਦਫ਼ਤਰਾਂ ਵਿੱਚ ਸੀਸੀਟੀਵੀ ਕੈਮਰੇ ਲਗਾਏ ਹਨ। ਪ੍ਰੰਤੂ ਉਸ ਦੇ ਬਾਵਜੂਦ ਚੋਰ ਮੋਰੀਆਂ ਰਾਹੀਂ ਨਸ਼ੇ ਜੇਲ੍ਹਾਂ ਵਿੱਚ ਪਹੁੰਚ ਰਹੇ ਹਨ। ਮਿਲੀਭੁਗਤ ਨਾਲ ਚਲਦਾ ਇਹ ਕਾਰੋਬਾਰ ਦਿਨੋ-ਦਿਨ ਫੈਲ ਰਿਹਾ ਹੈ। ਚਿਟਾ, ਸਮੈਕ, ਟੀਕੇ, ਗੋਲੀਆਂ ਜਿਹਾ ਨਸ਼ਾ, ਜਿਹੜਾ ਬਾਹਰ ਔਖ ਨਾਲ ਮਿਲਦਾ ਹੈ ਉਹ ਜੇਲ੍ਹ ਦੀ ਚਾਰ ਦਿਵਾਰੀ ਵਿੱਚ ਸੌਖਿਆਂ ਦੀ ਪ੍ਰਾਪਤ ਹੋ ਜਾਂਦਾ ਹੈ। ਜੇਲ੍ਹਾਂ ਅੰਦਰ ਬੈਠੇ ਕਈ ਕੈਦੀ ਅੰਦਰੋਂ ਹੀ ਨਸ਼ਿਆਂ ਦੀ ਤਸਕਰੀ ਦਾ ਕੰਮ ਕਰ ਰਹੇ ਹਨ। ਉਨ੍ਹਾਂ ਵੱਲੋਂ ਹੀ ਜੇਲ੍ਹ ਅੰਦਰ ਰਿਸ਼ਵਤ ਦੇ ਕੇ ਨਸ਼ੇ ਮੰਗਵਾਏ ਜਾਂਦੇ ਹਨ ਅਤੇ ਫਿਰ ਮਹਿੰਗੇ ਮੁਲ ਵੇਚ ਕੇ ਮੋਟੀ ਕਮਾਈ ਕੀਤੀ ਜਾਂਦੀ ਹੈ। ਸਰਕਾਰ ਦੇ ਧਿਆਨ ਵਿੱਚ ਵੀ ਇਹ ਮਾਮਲਾ ਹੈ ਪ੍ਰੰਤੂ ਇਸ ਸਬੰਧੀ ਹਾਲੇ ਤੱਕ ਕੋਈ ਪੁਖਤਾ ਕਾਰਵਾਈ ਨਹੀਂ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਤੋਂ ਪਹਿਲਾਂ ਆਪਣੇ ਅਧਿਕਾਰ ਹੇਠਲੀਆਂ ਜੇਲ੍ਹਾਂ ਅਤੇ ਸਬ ਜੇਲ੍ਹਾਂ ਵਿੱਚੋਂ ਨਸ਼ਿਆਂ ਦਾ ਖਾਤਮਾ ਕਰੇ ਇਸ ਸਬੰਧੀ ਦੋਸ਼ੀ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
11 ਜੁਲਾਈ 2018 – ਬਲਜੀਤ ਸਿੰਘ ਬਰਾੜ

Comments are closed.

COMING SOON .....


Scroll To Top
11