Thursday , 20 September 2018
Breaking News
You are here: Home » EDITORIALS » ਸਰਕਾਰੀ ਛੁੱਟੀਆਂ ’ਚ ਕਟੌਤੀ

ਸਰਕਾਰੀ ਛੁੱਟੀਆਂ ’ਚ ਕਟੌਤੀ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸਰਕਾਰੀ ਛੁੱਟੀਆਂ ਵਿੱਚ ਕਟੌਤੀ ਕਰਨ ਸਬੰਧੀ ਕੀਤਾ ਜਾ ਰਿਹਾ ਵਿਚਾਰ ਮੌਜੂਦਾ ਹਾਲਾਤਾਂ ਵਿੱਚ ਬਹੁਤ ਹੀ ਸਹੀ ਦਿਸ਼ਾ ਵਿੱਚ ਕਦਮ ਹੈ। ਸਰਕਾਰੀ ਦਫਤਰਾਂ ਵਿੱਚ ਕੰਮਕਾਜ ਨੂੰ ਰਫਤਾਰ ਦੇਣ ਲਈ ਛੁੱਟੀਆਂ ਵਿੱਚ ਕਮੀ ਕਰਨਾ ਸਮੇਂ ਦੀ ਲੋੜ ਬਣ ਗਿਆ ਹੈ। ਵਧੇਰੇ ਸਰਕਾਰੀ ਛੁੱਟੀਆਂ ਕਾਰਨ ਸਰਕਾਰੀ ਕੰਮਕਾਜ ਪ੍ਰਭਾਵਿਤ ਹੋ ਰਹੇ ਹਨ। ਲੋਕਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਹੁੰਦੀ ਹੈ। ਵਧੇਰੇ ਛੁੱਟੀਆਂ ਦਾ ਰੁਝਾਨ ਪਿਛਲੇ 10-12 ਸਾਲਾਂ ਤੋਂ ਹੀ ਸ਼ੁਰੂ ਹੋਇਆ ਹੈ। ਇਹ ਚੰਗੀ ਗੱਲ ਹੋਵੇਗੀ ਜੇਕਰ ਪੰਜਾਬ ਸਰਕਾਰ ਨੇ ਮੁੜ 2004-05 ਦੀ ਨੀਤੀ ਮੁਤਾਬਿਕ ਛੁੱਟੀਆਂ ਵਿੱਚ ਕਟੌਤੀ ਬਾਰੇ ਇਹ ਹਾਂ ਪੱਖੀ ਫੈਸਲਾ ਲੈਂਦੀ ਹੈ। ਇਸ ਫੈਸਲੇ ਸਬੰਧੀ ਨੋਟੀਫਿਕੇਸ਼ਨ ਤੁਰੰਤ ਜਾਰੀ ਕੀਤਾ ਜਾਣਾ ਚਾਹੀਦਾ ਹੈ। ਇਸ ਸਮੇਂ ਪੰਜਾਬ ਸਰਕਾਰ ਦੇ ਕੰਮਕਾਜੀ ਕਲੰਡਰ ਵਿੱਚ 34 ਗਜ਼ਟਿਡ ਅਤੇ 18 ਆਪਸ਼ਨਲ ਛੁਟੀਆਂ ਹਨ। 18 ਆਪਸ਼ਨਲ ਛੁਟੀਆਂ ’ਚੋਂ ਮੁਲਾਜ਼ਮ 2 ਛੁਟੀਆਂ ਲੈ ਸਕਦੇ ਹਨ। ਸਰਕਾਰ ਨੇ ਗਜ਼ਟਿਡ ਛੁਟੀਆਂ ਦੀ ਗਿਣਤੀ ਨੂੰ 34 ਤੋਂ ਘਟਾ ਕੇ 17 ਕਰਨ ’ਤੇ ਵਿਚਾਰ ਕਰ ਰਹੀ ਹੈ। ਇਸ ਨਾਲ ਸਰਕਾਰੀ ਦਫਤਰਾਂ ਵਿੱਚ 17 ਹੋਰ ਦਿਨ ਕੰਮ ਹੋ ਸਕੇਗਾ। ਸਰਕਾਰ ਨੂੰ ਗਜ਼ਟਿਡ ਛੁਟੀਆਂ ਦੀ ਗਿਣਤੀ ਘਟਾ ਕੇ ਇਨ੍ਹਾਂ ਨੂੰ ਆਪਸ਼ਨਲ ਛੁਟੀਆ ’ਚ ਸ਼ਾਮਲ ਕਰਨ ਦੀ ਯੋਜਨਾ ਹੈ। ਆਪਸ਼ਨਲ ਛੁਟੀ ਲੈਣ ਦੀ ਗਿਣਤੀ ’ਚ ਵੀ ਕੁਝ ਵਾਧਾ ਕਰਨ ਬਾਰੇ ਵਿਚਾਰ ਹੋ ਸਕਦਾ ਹੈ। ਕੁਲ ਮਿਲਾ ਕੇ ਇਹ ਇਕ ਚੰਗਾ ਨਿਰਣਾ ਹੋਵੇਗਾ। ਸਰਕਾਰੀ ਦਫਤਰਾਂ ਵਿੱਚ ਮਾਹੌਲ ਨੂੰ ਬਦਲਣ ਲਈ ਛੁੱਟੀਆਂ ਵਿੱਚ ਕਟੌਤੀ ਇਕ ਢੁੱਕਵਾਂ ਫੈਸਲਾ ਆਖਿਆ ਜਾ ਸਕਦਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਹੈ ਕਿ ਉਹ ਪ੍ਰਸ਼ਾਸਨਿਕ ਸੁਧਾਰਾਂ ਦੀ ਦਿਸ਼ਾ ਵੱਲ ਅਜਿਹੇ ਹੋਰ ਨਿੱਗਰ ਕਦਮ ਵੀ ਚੁੱਕਣ ਤਾਂ ਜੋ ਸਰਕਾਰੀ ਦਫਤਰਾਂ ਵਿੱਚ ਕੰਮਕਾਜੀ ਮਾਹੌਲ ਬਣਾਇਆ ਜਾ ਸਕੇ। ਇਸ ਸਬੰਧ ਵਿੱਚ ਸਰਕਾਰੀ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਨੂੰ ਵੀ ਸਰਕਾਰ ਦਾ ਸਹਿਯੋਗ ਕਰਨਾ ਚਾਹੀਦਾ ਹੈ। ਹੁਣ ਜਦੋਂ ਸਰਕਾਰੀ ਮੁਲਾਜ਼ਮਾਂ ਨੂੰ ਮੋਟੀਆਂ ਤਨਖਾਹਾਂ ਮਿਲ ਰਹੀਆਂ ਹਨ ਤਾਂ ਉਨ੍ਹਾਂ ਨੂੰ ਸਰਕਾਰੀ ਕੰਮਕਾਜ ਵੱਲ ਵੀ ਹੋਰ ਵਧੇਰੇ ਧਿਆਨ ਦੇਣਾ ਚਾਹੀਦਾ ਹੈ। ਸਰਕਾਰੀ ਦਫਤਰਾਂ ਵਿੱਚ ਛੁੱਟੀਆਂ ਦਾ ਰੁਝਾਨ ਸਰਕਾਰ ਦੀ ਕਾਰਗੁਜਾਰੀ ਉਪਰ ਮਾੜਾ ਅਸਰ ਪਾ ਰਿਹਾ ਹੈ। ਆਮ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਨਾ ਸਰਕਾਰ ਅਤੇ ਸਰਕਾਰੀ ਮੁਲਾਜ਼ਮਾਂ ਦਾ ਪਹਿਲਾ ਫਰਜ਼ ਹੈ। ਵੱਖ-ਵੱਖ ਸਮਾਜਿਕ ਅਤੇ ਰਾਜਸੀ ਗਰੁੱਪਾਂ ਦੇ ਦਬਾਅ ਹੇਠ ਸਰਕਾਰ ਵੱਲੋਂ ਛੁੱਟੀਆਂ ਦੀ ਸੂਚੀ ਲਗਾਤਾਰ ਵਧਦੀ ਜਾ ਰਹੀ ਹੈ। ਇਸ ਉਪਰ ਹਰ ਹਾਲਤ ਰੋਕ ਲਗਾਈ ਜਾਣੀ ਚਾਹੀਦੀ ਹੈ।
– ਬਲਜੀਤ ਸਿੰਘ ਬਰਾੜ

Comments are closed.

COMING SOON .....
Scroll To Top
11