Sunday , 26 May 2019
Breaking News
You are here: Home » Editororial Page » ਸਮਾਜ ਸੇਵਾ ਦੇ ਪੁੰਜ ਟਕਸਾਲੀ ਪਟਿਆਲਵੀ ਸਲੀਕੇ ਵਾਲੇ ਸੇਠ ਚਿਰੰਜੀ ਲਾਲ

ਸਮਾਜ ਸੇਵਾ ਦੇ ਪੁੰਜ ਟਕਸਾਲੀ ਪਟਿਆਲਵੀ ਸਲੀਕੇ ਵਾਲੇ ਸੇਠ ਚਿਰੰਜੀ ਲਾਲ

ਪਟਿਆਲਵੀ ਸਲੀਕਾ ਅਤੇ ਸ਼ਿਸ਼ਟਾਚਾਰ ਦੀ ਵਿਲੱਖਣ ਪਹਿਚਾਣ ਹੈ। ਇਥੋਂ ਦੇ ਵਸਿੰਦਿਆਂ ਦੀ ਪਹਿਚਾਣ ਉਨ੍ਹਾਂ ਦੀ ਬੋਲੀ ਅਤੇ ਪਹਿਰਾਵੇ ਕਰਕੇ ਹੈ। ਸਮਾਜ ਸੇਵਾ ਵੀ ਪਟਿਆਲਵੀਆਂ ਦੇ ਖ਼ੂਨ ਵਿਚ ਸ਼ਾਮਲ ਹੈ ਕਿਉਂਕਿ ਉਨ੍ਹਾਂ ਪੈਪਸੂ ਦੇ ਰਾਜਿਆਂ ਮਹਾਰਾਜਿਆਂ ਤੋਂ ਵਿਰਾਸਤ ਵਿਚ ਪ੍ਰਾਪਤ ਕੀਤੀ ਹੈ। ਇਸ ਲਈ ਉਹ ਆਪਣੇ ਪੁਰਖਿਆਂ ਵੱਲੋਂ ਸ਼ੁਰੂ ਕੀਤੀ ਪਰੰਪਰਾ ਉਪਰ ਪਹਿਰਾ ਦੇ ਰਹੇ ਹਨ। ਅਜਿਹੇ ਸ਼ਾਹੀ ਸਮਾਜ ਸੇਵਕਾਂ ਵਿਚ ਟਕਸਾਲੀ ਪਟਿਆਲਵੀ ਸੇਠ ਚਿਰੰਜੀ ਲਾਲ ਦਾ ਨਾਮ ਵਿਸ਼ੇਸ਼ ਤੌਰ ਤੇ ਲਿਆ ਜਾਂਦਾ ਹੈ। ਸੇਠ ਚਿਰੰਜੀ ਲਾਲ ਦਾ ਜਨਮ ਪਟਿਆਲਾ ਜਿਲ੍ਹੇ ਦੇ ਪਿੰਡ ਧਾਮੋ ਮਾਜਰਾ ਵਿਖੇ ਸੇਠ ਚੂਹੀਆ ਮੱਲ ਅਤੇ ਮਾਤਾ ਧਨ ਦੇਵੀ ਦੇ ਘਰ 1907 ਵਿਚ ਹੋਇਆ। ਇਹ ਪਿੰਡ ਪਟਿਆਲਾ ਸ਼ਹਿਰ ਦੇ ਬਾਹਰਵਾਰ ਰੇਲਵੇ ਦੇ 24 ਨੰਬਰ ਫਾਟਕ ਦੇ ਕੋਲ ਹੀ ਸਥਿਤ ਹੈ। ਅੱਜ ਕਲ੍ਹ ਇਹ ਪਟਿਆਲਾ ਸ਼ਹਿਰ ਵਿਚ ਹੀ ਆ ਗਿਆ ਹੈ। ਆਪ ਦੇ ਜਨਮ ਦੀ ਸਹੀ ਮਿਤੀ ਅਤੇ ਮਹੀਨੇ ਬਾਰੇ ਜਾਣਕਾਰੀ ਉਨ੍ਹਾਂ ਦੇ ਪਰਵਾਰ ਕੋਲ ਵੀ ਉਪਲਭਦ ਨਹੀਂ ਹੈ। ਆਪ ਦਾ ਵਿਆਹ ਸ਼੍ਰੀਮਤੀ ਯਸ਼ੋਦਾ ਦੇਵੀ ਨਾਲ ਹੋਇਆ। ਆਪ ਦੇ ਦੋ ਲੜਕੇ ਮਦਨ ਮੋਹਨ ਅਤੇ ਸੇਠ ਸ਼ਾਮ ਲਾਲ ਅਤੇ ਦੋ ਲੜਕੀਆਂ ਹਨ। ਮਦਨ ਮੋਹਨ ਅਮਰੀਕਾ ਵਿਚ ਵਸ ਗਏ ਹਨ ਅਤੇ ਸ਼ਾਮ ਲਾਲ ਪਟਿਆਲਾ ਵਿਖੇ ਹੀ ਆਪਣਾ ਕਾਰੋਬਾਰ ਕਰ ਰਹੇ ਹਨ। ਸੇਠ ਸ਼ਾਮ ਲਾਲ ਆਪਣੇ ਪਿਤਾ ਦੇ ਪਦ ਚਿੰਨਾ ਤੇ ਚਲਦੇ ਹੋਏ ਸਮਾਜ ਸੇਵਾ ਵਿਚ ਜੁਟੇ ਹੋਏ ਹਨ ਅਤੇ ਬਹੁਤ ਸਾਰੀਆਂ ਸਵੈ-ਸੇਵੀ ਸੰਸਥਾਵਾਂ ਨਾਲ ਜੁੜੇ ਹੋਏ ਦਾਨੀ ਸੱਜਣ ਹਨ। ਸੇਠ ਚਿਰੰਜੀ ਲਾਲ ਵਿਚ ਵੀ ਸਮਾਜ ਸੇਵਾ ਦੀ ਚੇਟਕ ਬਚਪਨ ਵਿਚ ਹੀ ਲਗ ਗਈ ਸੀ । ਪਟਿਆਲਾ ਕਿਉਂਕਿ ਸਮਾਜ ਸੇਵਕਾਂ ਦਾ ਮੁਖ ਕੇਂਦਰ ਹੋਣ ਕਰਕੇ ਉਨ੍ਹਾਂ ਵੀਰ ਦਸੌਂਧੀ ਰਾਮ ਨਾਲ ਮਿਲਕੇ ਸਮਾਜ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਸੀ। ਅਸਲ ਵਿਚ ਸਮਾਜ ਸੇਵਾ ਦੀ ਗੁੜ੍ਹਤੀ ਉਨ੍ਹਾਂ ਨੂੰ ਆਪਣੇ ਪਿਤਾ ਸੇਠ ਚੂਹੀਆ ਮੱਲ ਤੋਂ ਵਿਰਾਸਤ ਵਿਚ ਹੀ ਮਿਲੀ ਸੀ। ਸੇਠ ਚੂਹੀਆ ਮੱਲ ਵੀ ਪਟਿਆਲਾ ਦੇ ਮੰਨੇ ਪ੍ਰਮੰਨੇ ਸਮਾਜ ਸੇਵਕ ਸਨ। ਸੇਠ ਚਿਰੰਜੀ ਲਾਲ ਭਾਵੇਂ ਕਪੜੇ ਦੇ ਵਿਓਪਾਰੀ ਸਨ ਪ੍ਰੰਤੂ ਸਮਾਜ ਸੇਵਾ ਉਨ੍ਹਾਂ ਦੇ ਸ਼ੌਕ ਵਿਚ ਸ਼ਾਮਲ ਸੀ, ਇਸ ਲਈ ਉਨ੍ਹਾਂ ਪਟਿਆਲਾ ਵਿਚ 12 ਸਮਾਜ ਸੇਵਾ ਦੀਆਂ ਸੰਸਥਾਵਾਂ ਸਥਾਪਤ ਕੀਤੀਆਂ ਅਤੇ ਉਨ੍ਹਾਂ ਨੂੰ ਪੂਰੀ ਦਿਲਚਸਪੀ ਲੈ ਕੇ ਚਲਾਇਆ। ਉਨ੍ਹਾਂ ਸੰਸਥਾਵਾਂ ਵਿਚੋਂ ਮੁਖ ਤੌਰ ਤੇ ਸਨਾਤਨ ਧਰਮ ਕੁਮਾਰ ਸਭਾ ਦੇ ਬੈਨਰ ਹੇਠ ਸਾਰੀਆਂ ਸੰਸਥਾਵਾਂ ਸਥਾਪਤ ਕਰਕੇ ਵੱਖ ਵੱਖ ਖੇਤਰਾਂ ਵਿਚ ਕੰਮ ਕੀਤਾ। ਇਹ ਸਵੈ-ਸੇਵੀ ਸੰਸਥਾਵਾਂ ਅਜੇ ਵੀ ਕੰਮ ਕਰ ਰਹੀਆਂ ਹਨ। ਆਪ 33 ਸਾਲ ਇਸ ਸੰਸਥਾ ਦੇ ਪ੍ਰਧਾਨ ਰਹੇ। ਵਿਦਿਅਕ ਖੇਤਰ ਵਿਚ ਸ਼ਕੁੰਤਲਾ ਗਰਲਜ਼ ਸਕੂਲ ਲਾਹੌਰੀ ਗੇਟ ਅਤੇ ਆਤਮਾ ਰਾਮ ਕੁਮਾਰ ਸਭਾ ਸਕੂਲ, ਇਸ ਤੋਂ ਇਲਾਵਾ ਗ਼ਰੀਬ ਲੋਕਾਂ ਨੂੰ ਸਸਤਾ ਇਲਾਜ ਦੇਣ ਲਈ ਅਗਰਸੈਨ ਚੈਰੀਟੇਬਲ ਹਸਪਤਾਲ ਸਥਾਪਤ ਕੀਤੇ। ਇਸ ਹਸਪਤਾਲ ਦਾ ਉਦਘਾਟਨ 6 ਮਾਰਚ 1977 ਨੂੰ ਕੀਤਾ ਗਿਆ। ਵਿਦਿਅਕ ਸੰਸਥਾਵਾਂ ਪਟਿਆਲਾ ਵਿਚ ਗ਼ਰੀਬ ਵਰਗ ਦੇ ਬੱਚਿਆਂ ਨੂੰ ਵਿਸ਼ੇਸ਼ ਸਹੂਲਤਾਂ ਦੇ ਰਹੀਆਂ ਹਨ। ਸੇਠ ਚਿਰੰਜੀ ਲਾਲ ਨੇ 1955 ਵਿਚ ਜਦੋਂ ਆਤਮਾ ਰਾਮ ਕੁਮਾਰ ਸਭਾ ਸਕੂਲ ਸਥਾਪਤ ਕੀਤਾ ਤਾਂ 1 ਲੱਖ ਰੁਪਏ ਦੀ ਰਾਸ਼ੀ ਦਾਨ ਵਜੋਂ ਦਿੱਤੀ ਸੀ। ਇੱਕ ਲੱਖ ਰੁਪਿਆ ਉਨ੍ਹਾਂ ਦਿਨਾਂ ਵਿਚ ਬਹੁਤ ਵੱਡੀ ਰਕਮ ਹੁੰਦੀ ਸੀ। ਉਦੋਂ ਉਨ੍ਹਾਂ 20 ਵਿਦਿਆਰਥੀਆਂ ਨਾਲ ਇੱਕ ਕਮਰੇ ਵਿਚ ਇਹ ਸਕੂਲ ਸ਼ੁਰੂ ਕੀਤਾ ਤੇ ਇਸ ਸਮੇ ਇਸ ਵਿਚ 1500 ਦੇ ਲਗਪਗ ਵਿਦਿਆਰਥੀ ਸਿਖਿਆ ਲੈ ਰਹੇ ਹਨ। ਇਸ ਸਕੂਲ ਦੀਆਂ ਦੋ ਪ੍ਰਾਇਮਰੀ ਬਰਾਂਚਾਂ ਇੱਕ ਜੌੜੀਆਂ ਭੱਠੀਆਂ ਅਤੇ ਦੂਜੀ ਮਾਈ ਕੀ ਸਰਾਂ ਕੋਲ ਹਨ। ਇਹ ਸਕੂਲ ਇਸ ਸਮੇਂ ਪਟਿਆਲਾ ਦੇ ਬਿਹਤਰੀਨ ਸਕੂਲਾਂ ਵਿਚੋਂ ਇੱਕ ਹੈ, ਜਿਥੇ ਸਾਰੀਆਂ ਆਧੁਨਿਕ ਵਿਦਿਅਕ ਸਹੂਲਤਾਂ ਉਪਲਭਦ ਹਨ। ਇਸੇ ਤਰ੍ਹਾਂ ਉਨ੍ਹਾਂ ਸਮਾਜ ਦੇ ਗ਼ਰੀਬ ਵਰਗਾਂ ਦੇ ਲੋਕਾਂ ਦੀ ਮਦਦ ਕਰਨ ਲਈ, ਉਨ੍ਹਾਂ ਦੇ ਰਹਿਣ ਲਈ ਧਰਮਸ਼ਾਲਾਵਾਂ ਵੀ ਸਥਾਪਤ ਕੀਤੀਆਂ, ਜਿਨ੍ਹਾਂ ਵਿਚ ਜਗਦੀਸ਼ ਆਸ਼ਰਮ ਅਤੇ ਚਿਰੰਜੀਵ ਆਸ਼ਰਮ ਸ਼ਾਮਲ ਹਨ। ਜਗਦੀਸ਼ ਆਸ਼ਰਮ ਵਿਚ ਰਾਜਿੰਦਰਾ ਹਸਪਤਾਲ ਵਿਚ ਇਲਾਜ ਕਰਵਾਉਣ ਲਈ ਆਏ ਮਰੀਜਾਂ ਦੇ ਸੰਬੰਧੀਆਂ ਦੇ ਠਹਿਰਨ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਚਿਰੰਜੀਵ ਆਸ਼ਰਮ ਵਿਚ ਵੀ 30 ਕਮਰੇ ਅਤੇ ਵੱਡਾ ਹਾਲ ਕਮਰਾ ਹੈ, ਜਿਸ ਵਿਚ ਵਿਆਹ ਸ਼ਾਦੀਆਂ ਅਤੇ ਹੋਰ ਸਮਾਜਕ ਸਮਾਗਮ ਸਸਤੀਆਂ ਦਰਾਂ ਤੇ ਕੀਤੇ ਜਾ ਸਕਦੇ ਹਨ। ਸ਼ੇਰਾਂ ਵਾਲਾ ਗੇਟ ਵਿਖੇ ਵੀ ਇੱਕ ਧਰਮਸ਼ਾਲਾ 20 ਕਮਰਿਆਂ ਦੀ ਬਣਾਈ ਹੋਈ ਹੈ, ਜਿਸ ਵਿਚ ਗ਼ਰੀਬ ਲੋਕਾਂ ਨੂੰ ਠਹਿਰਨ ਲਈ ਕਮਰੇ ਦਿੱਤੇ ਜਾਂਦੇ ਹਨ। ਇਸ ਧਰਮਸ਼ਾਲਾ ਵਿਚ ਇਨ੍ਹਾਂ 12 ਸੰਸਥਾਵਾਂ ਦਾ ਮੁਖ ਦਫ਼ਤਰ ਵੀ ਹੈ। ਇਨ੍ਹਾਂ ਸਾਰੀਆਂ ਸੰਸਥਾਵਾਂ ਦੇ ਸੇਠ ਚਿਰੰਜੀ ਲਾਲ ਪ੍ਰਧਾਨ ਰਹੇ ਸਨ। ਉਨ੍ਹਾਂ ਕੁਸ਼ਟ ਰੋਗੀਆਂ ਲਈ ਡਾ.ਖ਼ੁਸ਼ਦੇਵਾ ਸਿੰਘ ਕੁਸ਼ਟ ਆਸ਼ਰਮ ਅਤੇ ਅਪਾਹਜ ਆਸ਼ਰਮ ਵੀ ਸਥਾਪਤ ਕੀਤਾ, ਜਿਸ ਵਿਚ ਸਮਾਜ ਵਲੋਂ ਅਣਡਿਠ ਅਤੇ ਅਣਗੌਲੇ ਕੀਤੇ ਮਰੀਜ ਰਹਿੰਦੇ ਹਨ। ਉਨ੍ਹਾਂ ਦੇ ਰਹਿਣ ਦਾ ਸਾਰਾ ਪ੍ਰਬੰਧ ਮੁਫ਼ਤ ਕੀਤਾ ਜਾਂਦਾ ਹੈ। ਲਾਹੌਰੀ ਗੇਟ ਵਿਖੇ ਹੀ ਇੱਕ ਬਾਲ ਨਿਕੇਤਨ ਉਸਾਰਿਆ ਹੋਇਆ ਸੀ, ਜਿਸ ਵਿਚ ਯਤੀਮ ਬੱਚੇ ਰੱਖੇ ਜਾਂਦੇ ਹਨ। ਇਨ੍ਹਾਂ ਬੱਚਿਆਂ ਦੀ ਪੜ੍ਹਾਈ ਅਤੇ ਰਹਿਣ ਸਹਿਣ ਦਾ ਸਾਰਾ ਪ੍ਰਬੰਧ ਵੀ ਕੀਤਾ ਜਾਂਦਾ ਹੈ। ਮਾਤਾ ਧਨਦੇਵੀ ਦੇ ਨਾਂ ਤੇ ਇੱਕ ਸਿਲਾਈ ਕਢਾਈ ਸੈਂਟਰ ਵੀ ਖੋਲ੍ਹਿਆ ਹੋਇਆ ਹੈ, ਜਿਸ ਵਿਚ ਲੜਕੀਆਂ ਨੂੰ ਮੁਫ਼ਤ ਸਿਖਿਆ ਦਿੱਤੀ ਜਾਂਦੀ ਹੈ। ਉਨ੍ਹਾਂ 1981 ਵਿਚ ਵੀਰ ਦਸੌਂਧੀ ਰਾਮ ਫ਼ਾਊਂਡੇਸ਼ਨ ਸਥਾਪਤ ਕੀਤੀ ਤੇ ਆਪ ਉਸ ਦੇ 1995 ਤੱਕ ਪ੍ਰਧਾਨ ਰਹੇ। ਨਹਿਰੂ ਗਾਰਡਨ ਵਿਚ ਵੀਰ ਦਸੌਂਧੀ ਰਾਮ ਦੀ ਯਾਦ ਵਿਚ ਇੱਕ ਲਾਇਬਰੇਰੀ ਵੀ ਸਥਾਪਤ ਕੀਤੀ ਸੀ। ਸੇਠ ਚਿਰੰਜੀ ਲਾਲ ਵੀਰ ਦਸੌਂਧੀ ਰਾਮ ਤੋਂ ਬਾਅਦ ਪਟਿਆਲਾ ਦੇ ਉਘੇ ਸਮਾਜ ਸੇਵਕ ਅਤੇ ਸ਼ਰਾਫ਼ਤ ਦੇ ਪ੍ਰਤੀਕ ਸਨ। ਟਕਸਾਲੀ ਪਟਿਆਲਵੀਆਂ ਦੀ ਤਰ੍ਹਾਂ ਸੇਠ ਚਿਰੰਜੀ ਲਾਲ ਸਿਰ ਤੇ ਪਗੜੀ ਬੰਨ੍ਹਦੇ ਸਨ। ਉਨ੍ਹਾਂ ਨੇ ਸਮਾਜ ਸੇਵਾ ਦਾ ਇਹ ਵੱਖਰਾ ਹੀ ਢੰਗ ਲੱਭਿਆ ਸੀ। ਜੇਕਰ ਉਨ੍ਹਾਂ ਕੋਲ ਕੋਈ ਦਾਨ ਮੰਗਣ ਲਈ ਆਉਂਦਾ ਸੀ ਤਾਂ ਉਸਨੂੰ ਨਕਦ ਕੁਝ ਵੀ ਨਹੀਂ ਦਿੰਦੇ ਸਨ ਪ੍ਰੰਤੂ ਜਿਹੜੀ ਚੀਜ਼ ਬਣਾਉਣੀ ਹੁੰਦੀ ਸੀ ਆਪ ਬਣਾਕੇ ਦਿੰਦੇ ਸਨ ਤਾਂ ਜੋ ਦਾਨ ਕੀਤੀ ਰਕਮ ਦਾ ਦੁਰਉਪਯੋਗ ਨਾ ਹੋ ਸਕੇ। ਉਨ੍ਹਾਂ ਦੀ ਅਦਾਲਤ ਬਾਜ਼ਾਰ ਵਿਚ ਕਪੜੇ ਦੀ ਇਕ ਵੱਡੀ ਦੁਕਾਨ ਸੀ, ਉਸ ਦੁਕਾਨ ਦੀ ਕਮਾਈ ਵਿਚੋਂ ਦਸਾਉਂਧ ਕੱਢਦੇ ਸਨ ਪ੍ਰੰਤੂ ਇਹ ਰਾਸ਼ੀ ਉਹ ਇਨ੍ਹਾਂ ਸੰਸਥਾਵਾਂ ਨੂੰ ਦਾਨ ਦਿੰਦੇ ਸਨ। ਉਹ ਬੜੇ ਕੋਰੇ ਕਰਾਰੇ ਸਨ ਪ੍ਰੰਤੂ ਵੇਖਣ ਅਤੇ ਬੋਲਣ ਵਿਚ ਬੜੇ ਨਮਰ ਸੁਭਾਅ ਅਤੇ ਪਟਿਆਲਵੀ ਸਲੀਕੇ ਵਾਲੇ ਸਨ। ਜਿਹੜੀਆਂ ਸੰਸਥਾਵਾਂ ਉਨ੍ਹਾਂ ਖੋਲ੍ਹੀਆਂ ਹੋਈਆਂ ਸਨ ਉਨ੍ਹਾਂ ਲਈ ਦਾਨ ਵੀ ਸ਼ਹਿਰ ਦੇ ਸਰਦੇ ਪੁਜਦੇ ਪਟਿਆਲਵੀਆਂ ਤੋਂ ਮੰਗਣ ਲਈ ਮੋਹਰੀ ਦੀ ਭੂਮਿਕਾ ਨਿਭਾਉਂਦੇ ਸਨ। ਪਟਿਆਲਵੀਆਂ ਲਈ ਉਨ੍ਹਾਂ ਦੀ ਯਾਦ ਹਮੇਸ਼ਾ ਉਨ੍ਹਾਂ ਵੱਲੋਂ ਸ਼ੁਰੂ ਕੀਤੀਆਂ ਸੰਸਥਾਵਾਂ ਦੀ ਖ਼ੁਸ਼ਬੋ ਵਿਚੋਂ ਤਰੋਤਾਜਾ ਕਰਦੀ ਰਹੇਗੀ।

Comments are closed.

COMING SOON .....


Scroll To Top
11