Saturday , 22 September 2018
Breaking News
You are here: Home » EDITORIALS » ਸਮਾਜਿਕ ਸੁਰੱਖਿਆ ਫੰਡ ਲਈ ਯੋਗਦਾਨ

ਸਮਾਜਿਕ ਸੁਰੱਖਿਆ ਫੰਡ ਲਈ ਯੋਗਦਾਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਉਦਯੋਗਪਤੀਆਂ ਨੂੰ ਸਮਾਜ ਭਲਾਈ ਦਾ ਏਜੰਡਾ ਲਾਗੂ ਕਰਨ ਲਈ ਸੂਬਾ ਸਰਕਾਰ ਨਾਲ ਮੋਢੇ ਨਾਲ ਮੋਢਾ ਮਿਲਾਉਣ ਦਾ ਸੱਦਾ ਦਿੰਦਿਆਂ ਹਾਲ ਹੀ ਵਿੱਚ ਸਥਾਪਤ ਕੀਤੇ ਸਮਾਜਿਕ ਸੁਰੱਖਿਆ ਫੰਡ ਲਈ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਤਹਿਤ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਵੱਲੋਂ ਸ਼ਨਿਚਰਵਾਰ ਦੀ ਸ਼ਾਮ ਸੂਬੇ ਦੇ ਕੁਝ ਵੱਡੇ ਸਨਅਤਕਾਰਾਂ ਨਾਲ ਇਸ ਵਿਸ਼ੇ ’ਤੇ ਗੈਰ-ਰਸਮੀ ਗੱਲਬਾਤ ਵੀ ਕੀਤੀ ਗਈ ਹੈ। ਮੁੱਖ ਮੰਤਰੀ ਨੇ ਸਮਾਜ ਦੇ ਕਮਜ਼ੋਰ ਤਬਕਿਆਂ ਖਾਸ ਕਰਕੇ ਦਲਿਤਾਂ ਲਈ ਸਮਾਜਿਕ ਸੁਰੱਖਿਆ ਦੇ ਢਾਂਚੇ ਦੇ ਨਿਰਮਾਣ ਲਈ ਸਨਅਤਕਾਰਾਂ ਨੂੰ ਸੂਬਾ ਸਰਕਾਰ ਨਾਲ ਹੱਥ ਮਿਲਾਉਣ ਦਾ ਵਿਚਾਰ ਪੇਸ਼ ਕੀਤਾ। ਮੀਟਿੰਗ ਵਿੱਚ ਸ਼ਾਮਿਲ ਬਹੁਤੇ ਉਦਯੋਗਪਤੀ ਇਸ ਮਾਮਲੇ ਵਿੱਚ ਸਰਕਾਰ ਨਾਲ ਸਹਿਯੋਗ ਕਰਨ ਲਈ ਰਾਜ਼ੀ ਹਨ। ਇਹ ਫੰਡ ਖੁਦ ਉਦਯੋਗ ਲਈ ਵੀ ਬੇਹੱਦ ਸਹਾਈ ਹੋਵੇਗਾ। ਸੂਬਾ ਸਰਕਾਰ ਇਸ ਬੱਚਤ ਦਾ ਮੁੜ ਨਿਵੇਸ਼ ਕਰ ਸਕੇਗੀ ਜੋ ਸਨਅਤੀ ਹੁਲਾਰੇ ਲਈ ਬੁਨਿਆਦੀ ਢਾਂਚੇ ਦੇ ਵਿਕਾਸ ’ਤੇ ਖਰਚਿਆ ਜਾ ਸਕੇਗਾ। ਸੂਬਾ ਭਰ ਦੇ ਫੋਕਲ ਪੁਆਇੰਟਾਂ ਵਿੱਚ ਸੜਕਾਂ ਦੇ ਬੁਨਿਆਦੀ ਢਾਂਚੇ ਦੀ ਹਾਲਤ ਸੁਧਾਰਨ ’ਤੇ ਸਨਅਤਕਾਰ ਇਕਮਤ ਹਨ। ਮੁੱਖ ਮੰਤਰੀ ਨੇ ਸਨਅਤਕਾਰਾਂ ਨੂੰ ਆਪਣੇ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਦੇ ਹਿੱਸੇ ਵਜੋਂ ਇਕੱਠਿਆਂ ਮਿਲ ਕੇ ਸੂਬੇ ਵਿੱਚ ਇਕ ਆਈ.ਟੀ.ਆਈ. ਸਥਾਪਤ ਕਰਨ ਦੀ ਸਲਾਹ ਵੀ ਦਿੱਤੀ। ਸਨਅਤ ਨੌਜਵਾਨਾਂ ਦੇ ਹੁਨਰ ਵਿਕਾਸ ਲਈ ਸਹਿਯੋਗ ਕਰ ਸਕਦੀ ਹੈ ਜਿਸ ਨਾਲ ਸੂਬੇ ਵਿੱਚ ਨੌਕਰੀ ਦੇ ਮੌਕੇ ਪੈਦਾ ਕਰਨ ਨੂੰ ਵੱਡਾ ਹੁਲਾਰਾ ਮਿਲੇਗਾ। ਲਾਜ਼ਮੀ ਤੌਰ ’ਤੇ ਇਸ ਨਾਲ ਸੂਬੇ ਦੀ ਆਰਥਿਕਤਾ ਨੂੰ ਮੁੜ ਲੀਹ ’ਤੇ ਲਿਆਂਦਾ ਜਾ ਸਕੇਗਾ। ਪੰਜਾਬ ਸਰਕਾਰ ਛੇਤੀ ਹੀ ਸਨਅਤਕਾਰਾਂ ਲਈ ਨਵੀਂ ਸਨਅਤੀ ਨੀਤੀ ਲਿਆ ਰਹੀ ਹੈ। ਇਸ ਨੀਤੀ ਨੂੰ ਬਣਾਉਣ ਲਈ ਵੀ ਉਦਯੋਗਪਤੀਆਂ ਤੋਂ ਸਲਾਹ ਲਈ ਗਈ ਹੈ। ਇਹ ਉਮੀਦ ਕਰਨੀ ਚਾਹੀਦੀ ਹੈ ਕਿ ਉਦਯੋਗਪਤੀਆਂ ਦੇ ਸਹਿਯੋਗ ਨਾਲ ਸੂਬੇ ਵਿੱਚ ਆਰਥਿਕ ਸਰਗਰਮੀਆਂ ਨੂੰ ਹੋਰ ਤੇਜ਼ੀ ਲਿਆਂਦੀ ਜਾਵੇਗੀ। ਜਿੱਥੋਂ ਤੱਕ ਸਮਾਜਿਕ ਸੁਰੱਖਿਆ ਫੰਡ ਲਈ ਕਾਰਪੋਰੇਟ ਦੇ ਯੋਗਦਾਨ ਦੀ ਗੱਲ ਹੈ ਇਹ ਕਦਮ ਤਦ ਹੀ ਸਾਰਥਕ ਹੋ ਸਕਦਾ ਹੈ ਜੇਕਰ ਇਸ ਫੰਡ ਦੀ ਦੇਖ-ਰੇਖ ਲਈ ਇੱਕ ਸਾਂਝੀ ਨਿਗਰਾਨ ਕਮੇਟੀ ਬਣਾਈ ਜਾਵੇ। ਇਸ ਫੰਡ ਦੀ ਵਰਤੋਂ ਲਈ ਵੀ ਬਕਾਇਦਾ ਪਾਰਦਰਸ਼ੀ ਨਿਯਮ ਹੋਣੇ ਚਾਹੀਦੇ ਹਨ। ਉਦਯੋਗ ਵੱਲੋਂ ਸਰਕਾਰ ਨੂੰ ਦਿੱਤੇ ਜਾ ਰਹੇ ਸੁਝਾਵਾਂ ਉਪਰ ਵੀ ਹੂਬਹੂ ਅਮਲ ਹੋਣ ਚਾਹੀਦਾ ਹੈ। ਉਦਯੋਗ ਅਤੇ ਸਰਕਾਰ ਦਰਮਿਆਨ ਇਸ ਤਰ੍ਹਾਂ ਦਾ ਸੰਪਰਕ ਲਗਾਤਾਰ ਜਾਰੀ ਰੱਖਿਆ ਜਾਣਾ ਚਾਹੀਦਾ ਹੈ। ਇਸ ਸੰਪਰਕ ਦੇ ਕਮਜ਼ੋਰ ਪੈ ਜਾਣ ਕਾਰਨ ਹੀ ਪੰਜਾਬ ਉਦਯੋਗ ਦੇ ਖੇਤਰ ਵਿੱਚ ਪੱਛੜ ਗਿਆ ਹੈ। ਉਮੀਦ ਕਰਨੀ ਚਾਹੀਦੀ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਨਅਤ ਅਤੇ ਕਾਰੋਬਾਰ ਦੇ ਵਾਧੇ ਲਈ ਇਸੇ ਤਰ੍ਹਾਂ ਆਪਣੇ ਯਤਨ ਜਾਰੀ ਰੱਖਣਗੇ।
-ਬਲਜੀਤ ਸਿੰਘ ਬਰਾੜ

Comments are closed.

COMING SOON .....
Scroll To Top
11