Thursday , 27 February 2020
Breaking News
You are here: Home » Editororial Page » ਸਮਾਜਿਕ ਸਰੋਕਾਰਾਂ ਨਾਲ ਲਬਰੇਜ਼ ਕਵਿਤਾਵਾਂ ਲਿਖਣ ਵਾਲਾ ਅਣਗੌਲਿਆ ਕਵੀ ਫ਼ਤਿਹਜੀਤ

ਸਮਾਜਿਕ ਸਰੋਕਾਰਾਂ ਨਾਲ ਲਬਰੇਜ਼ ਕਵਿਤਾਵਾਂ ਲਿਖਣ ਵਾਲਾ ਅਣਗੌਲਿਆ ਕਵੀ ਫ਼ਤਿਹਜੀਤ

ਜ਼ਮੀਨੀ ਹਕੀਕਤਾਂ ਨਾਲ ਜੁੜੀ ਹੋਈ ਕਵਿਤਾ ਲਿਖਣ ਵਾਲਾ ਕਵੀ ਫ਼ਤਿਹਜੀਤ ਸਮਾਜਿਕ ਸਰੋਕਾਰਾਂ ਨਾਲ ਲਬਰੇਜ ਕਵਿਤਾ ਲਿਖਕੇ ਪਿਛਲੇ 67 ਸਾਲਾਂ ਤੋਂ ਲਗਾਤਾਰ ਸਮਾਜ ਨੂੰ ਸੇਧ ਦੇਣ ਦੀ ਕੋਸਿਸ਼ ਵਿਚ ਜੁਟਿਆ ਰਿਹਾ ਹੈ। ਉਹ ਦੁਆਬੇ ਦੀ ਸਾਰਥਿਕ ਸਾਹਿਤਕ ਲਹਿਰ ਦਾ ਮੋਹਰੀ ਕਵੀ ਰਿਹਾ ਹੈ। ਹਰ ਸਾਹਿਤਕ ਮਹਿਫਲ ਦਾ ਉਹ ਸ਼ਿੰਗਾਰ ਹੁੰਦਾ ਸੀ। ਅੱਜ ਦੇ ਬਹੁਤ ਸਾਰੇ ਪੰਜਾਬੀ ਦੇ ਸਥਾਪਿਤ ਕਵੀਆਂ ਦਾ ਉਹ ਪ੍ਰੇਰਨਾ ਸਰੋਤ ਰਿਹਾ ਹੈ। ਗੁਰਭਜਨ ਗਿੱਲ ਅਤੇ ਪਾਸ਼ ਖਾਸ ਤੌਰ ਤੇ ਉਸਦੀ ਅਗਵਾਈ ਨੂੰ ਪ੍ਰਮਾਣਿਤ ਕਰਦੇ ਰਹੇ ਹਨ। ਉਸਨੇ 15 ਸਾਲ ਦੀ ਉਮਰ ਵਿਚ ਬੈਂਤ ਵਿਚ ਕਵਿਤਾ ਲਿਖਣੀ ਸ਼ੁਰੂ ਕੀਤੀ ਸੀ। ਇਹ ਕਵਿਤਾ 1953 ਵਿਚ ਗੋਆ ਦੇ ਸ਼ਹੀਦ ਕਰਨੈਲ ਸਿੰਘ ਬਾਰੇ ਲਿਖੀ ਸੀ ਪ੍ਰੰਤੂ ਉਸਨੂੰ ਮਾਣ ਹੈ ਕਿ ਪ੍ਰੋ ਮੋਹਨ ਸਿੰਘ ਨੇ ਉਸਦੀ ਪਹਿਲੀ ਕਵਿਤਾ 1960 ਵਿਚ ਪੰਜ ਦਰਿਆ ਮੈਗਜ਼ੀਨ ਵਿਚ ਪ੍ਰਕਾਸ਼ਤ ਕੀਤੀ ਸੀ। ਪ੍ਰੋ ਮੋਹਨ ਸਿੰਘ ਦੀ ਪ੍ਰੇਰਨਾ ਸਦਕਾ ਫਤਿਹਜੀਤ ਨੇ 1960 ਤੋਂ1975 ਤੱਕ ਦੱਬ ਕੇ ਸਮਾਜ ਦੀ ਬਿਹਤਰੀ ਲਈ ਦਲੀਲ ਨਾਲ ਲਿਖਿਆ। ਉਸਦੀ ਹਰ ਕਵਿਤਾ ਤਰਕ ‘ਤੇ ਅਧਾਰਤ ਹੁੰਦੀ ਹੈ। ਉਸਨੇ ਜ਼ਜਬਾਤਾਂ ਨੂੰ ਆਪਣੀਆਂ ਕਵਿਤਾਵਾਂ ਵਿਚ ਭਾਰੂ ਨਹੀਂ ਹੋਣ ਦਿੱਤਾ।ਆਮ ਤੌਰ ਤੇ ਮਿਥ ਬਣੀ ਹੋਈ ਹੈ ਕਿ ਭਾਵਨਾਵਾਂ ਤੋਂ ਬਿਨਾ ਕਵਿਤਾ ਨਹੀਂ ਹੋ ਸਕਦੀ ਪ੍ਰੰਤੂ ਫਤਿਹਜੀਤ ਨੇ ਇਸ ਮਿਥ ਨੂੰ ਤੋੜਕੇ ਤਰਕਸ਼ੀਲ ਕਵਿਤਾਵਾਂ ਲਿਖਕੇ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ। ਉਹ ਅਜਿਹਾ ਸਮਾਂ ਸੀ ਜਦੋਂ ਪ੍ਰਯੋਗਵਾਦੀ, ਪ੍ਰਗਤੀਵਾਦੀ ਅਤੇ ਜੁਝਾਰੂ ਲਹਿਰਾਂ ਦਾ ਜ਼ੋਰ ਰਿਹਾ ਪ੍ਰੰਤੂ ਫਤਿਹਜੀਤ ਦੀ ਖ਼ੂਬੀ ਇਹ ਰਹੀ ਕਿ ਉਸਨੇ ਕਿਸੇ ਵੀ ਲਹਿਰ ਅਧੀਨ ਅਜਿਹੀ ਕਵਿਤਾ ਨਹੀਂ ਲਿਖੀ ਜਿਹੜੀ ਸਮਾਜ ਦੀ ਅਗਵਾਈ ਨਾ ਕਰਦੀ ਹੋਵੇ। ਲਿਖਣ ਤੋਂ ਭਾਵ ਹੈ ਕਿ ਉਸਨੇ ਪ੍ਰਚਾਰ ਲਈ ਸਾਹਿਤ ਨਹੀਂ ਲਿਖਿਆ। ਪ੍ਰੰਤੂ ਇਨ੍ਹਾਂ ਲਹਿਰਾਂ ਦਾ ਸੇਕ ਜ਼ਰੂਰ ਫਤਿਹਜੀਤ ਨੂੰ ਝੱਲਣਾ ਪਿਆ।ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਉਸਦੀਆਂ ਕਵਿਤਾਵਾਂ ਸਮਾਜ ਨੂੰ ਸੇਧ ਨਾ ਦਿੰਦੀਆਂ ਹੋਣ। ਉਸਨੇ ਕਵਿਤਾ ਪੁਰਾਤਨ ਪਰੰਪਰਾਵਾਂ ਅਨੁਸਾਰ ਨਹੀਂ ਲਿਖੀ ਸਗੋਂ ਨਵੀਂਆਂ ਪਗਡੰਡੀਆਂ ਪਾਈਆਂ ਹਨ ਕਿਉਂਕਿ ਉਹ ਪੁਰਾਣੀਆਂ ਲੀਹਾਂ ਤੇ ਚਲਣ ਵਾਲਾ ਕਵੀ ਨਹੀਂ ਹੈ। ਉਸਦੀ ਦੀਆਂ ਕਵਿਤਾਵਾਂ ਦੀ ਕਮਾਲ ਇਹ ਹੈ ਕਿ ਉਹ ਚਿੰਤਨ ਵਾਲੀ ਖੁਲ੍ਹੀ ਕਵਿਤਾ ਰਾਹੀਂ ਸਰਲ ਸ਼ਬਦਾਵਲੀ ਵਿਚ ਡੂੰਘੀ ਗੱਲ ਕਹਿ ਦਿੰਦਾ ਹੈ,ਜਿਸਨੂੰ ਆਮ ਪਾਠਕ ਸਹਿਜੇ ਹੀ ਸਮਝ ਸਕਦਾ ਹੈ। ਆਮ ਤੌਰ ਤੇ ਅਜਿਹੀ ਕਵਿਤਾ ਨੂੰ ਸਾਹਿਤਕ ਪ੍ਰਚਾਰ ਕਿਹਾ ਜਾਂਦਾ ਹੈ ਪ੍ਰੰਤੂ ਫ਼ਤਿਹਜੀਤ ਦੀ ਕਵਿਤਾ ਪ੍ਰਚਾਰ ਨਹੀਂ ਸਗੋਂ ਦਿਲ ਨੂੰ ਟੁੰਬਦੀ ਹੋਈ ਸਾਰਥਿਕਤਾ ਤੇ ਪਹਿਰਾ ਦੇਣ ਲਈ ਪ੍ਰੇਰਦੀ ਹੈ। ਉਸਦੀ ਕਵਿਤਾ ਪਾਠਕਾਂ ਨੂੰ ਸਮਾਜਿਕ ਸਥਿਤੀਆਂ ਬਾਰੇ ਸੋਚਣ ਲਈ ਮਜ਼ਬੂਰ ਕਰਦੀ ਹੈ। ਉਹ ਕਵਿਤਾ ਨੂੰ ਮਨੋਰੰਜਨ ਦਾ ਸਾਧਨ ਨਹੀਂ ਮੰਨਦਾ। ਉਸਦੀ ਕਵਿਤਾ ਇਨਸਾਨ ਦੀ ਮਾਨਸਿਕਤਾ ਨੂੰ ਹਲੂਣਾ ਦਿੰਦੀ ਹੋਈ ਸਮਾਜ ਦੇ ਹਿਤਾਂ ਤੇ ਪਹਿਰਾ ਦੇਣਲਈ ਉਤਸ਼ਾਹਤ ਕਰਦੀ ਹੈ।ਭਾਵੇਂ ਵੱਖ-ਵੱਖ ਸਮੇਂ ਵਿਚ ਪੰਜਾਬ ਵਿਚ ਉਠੀਆਂ ਲਹਿਰਾਂ ਨੇ ਉਸਦੀ ਕਵਿਤਾ ਨੂੰ ਪ੍ਰਭਾਵਤ ਕੀਤਾ ਹੈ ਪ੍ਰੰਤੂ ਉਸਦੀਆਂ ਉਹ ਕਵਿਤਾਵਾਂ ਵਕਤੀ ਨਹੀਂ ਸਗੋਂ ਸਥਾਈ ਪ੍ਰਭਾਵ ਦਿੰਦੀਆਂ ਹਨ। ਉਸਦੀ ਇਕ ਕਵਿਤਾ ‘ਜ਼ਿੰਦਗੀ ਇਕ ਗੀਤ ਹੈ’ ਇਸ ਵਿਚ ਕਵੀ ਲਿਖਦਾ ਹੈ- ਜ਼ਿੰਦਗੀ ਇਕ ਗੀਤ ਹੈ।
ਜਿਸਨੇ ਗਾਏ ਜਾਣਾ ਹੈ।
ਤੂੰ ਨਾ ਗਾਏਂਗੀ
ਮੈਂ ਵੀ ਨਾ ਗਾਵਾਂਗਾ
ਤਾਂ ਕੋਈ ਹੋਰ ਗਾਏਗਾ।
ਇਸ ਕਵਿਤਾ ਵਿਚ ਕਵੀ ਨੇ ਕਿਤਨੀ ਡੂੰਘੀ ਤੇ ਦਾਰਸ਼ਨਿਕ ਗੱਲ ਕੀਤੀ ਹੈ। ਭਾਵ ਇਸ ਜ਼ਿੰਦਗ ਨੂੰ ਤੂੰ ਮਾਣ ਲੈ ਕੋਈ ਸਾਰਥਿਕ ਕੰਮ ਕਰਕੇ ਜੇਕਰ ਤੂੰ ਨਹੀਂ ਕਰੇਂਗਾ ਤਾਂ ਕੋਈ ਹੋਰ ਇਸ ਜ਼ਿੰਦਗੀ ਦਾ ਲਾਹਾ ਲੈ ਜਾਵੇਗਾ।ਇਨਸਾਨ ਨੂੰ ਆਪਣਾ ਮੂਲ ਪਛਾਨਣ ਲਈ ਪ੍ਰੇਰਿਆ ਹੈ। ਕਵੀ ਦੀਆਂ ਅਜਿਹੀਆਂ ਅਨੇਕਾਂ ਕਵਿਤਾਵਾਂ ਹਨ Îਜਿਹੜੀਆਂ ਸਮਾਜ ਨੂੰ ਸੇਧ ਦੇਣ ਲਈ ਉਤਸ਼ਾਹਤ ਕਰਦੀਆਂ ਹਨ। ਫਤਿਹਜੀਤ ਨੇ ਹੁਣ ਤੱਕ ਚਾਰ ਕਵਿਤਾ ਦੀਆਂ ਪੁਸਤਕਾਂ ਪ੍ਰਕਾਸ਼ਤ ਕੀਤੀਆਂ ਹਨ। ਉਸਦੀ ਪਹਿਲੀ ਪੁਸਤਕ ਏਕਮ 1967 ਦੂਜੀ ਕੱਚੀ ਮਿੱਟੀ ਦੇ ਬੌਣੇ 1973 ਤੀਜੀ ਪੁਸਤਕ ਨਿੱਕੀ ਜਹੀ ਚਾਨਣੀ 1982 ਅਤੇ ਚੌਥੀ ਰੇਸ਼ਮੀ ਧਾਗੇ 2017 ਵਿਚ ਪ੍ਰਕਾਸ਼ਤ ਹੋਈ ਹੈ। ਉਸਤੋਂ ਬਾਅਦ ਉਹ ਬਿਮਾਰੀਆਂ ਨੇ ਘੇਰ ਲਿਆ ਜਿਸ ਕਰਕੇ ਉਹ ਲਿਖ ਨਹੀਂ ਸਕਿਆ ਪ੍ਰੰਤੂ ਦੁੱਖ ਦੀ ਗੱਲ ਹੈ ਕਿ ਉਸਦੀਆਂ ਪੁਸਤਕਾਂ ਨੂੰ ਜਿਹੜਾ ਮਾਨ ਸਨਮਾਨ ਮਿਲਣਾ ਚਾਹੀਦਾ ਸੀ ਉਹ ਨਹੀਂ ਮਿਲਿਆ। ਜ਼ਿੰਦਗੀ ਦੇ ਅਖ਼ੀਰਲੇ ਪੜਾਅ ਉਪਰ 21 ਜਨਵਰੀ 2020 ਨੂੰ ਕੌਮਾਂਤਰੀ ਲੇਖਕ ਮੰਚ ਨੇ ਫਤਿਹਜੀਤ ਸਿੰਘ ਨੂੰ ‘ਬਾਪੂ ਜਾਗੀਰ ਸਿੱਘ ਕੰਬੋਜ ਕਲਮ ਪੁਰਸਕਾਰ’ ਦੇਣ ਦਾ ਸਮਾਗਮ ਜਲੰਧਰ ਵਿਚ ਆਯੋਜਤ ਕੀਤਾ ਹੈ। ਇਹ ਪੁਰਸਕਾਰ ਅਮਰੀਕਾ ਦੇ ਨਿਵਾਸੀ ਸੁਖਵਿੰਦਰ ਸਿੰਘ ਕੰਬੋਜ ਨੇ ਆਪਣੇ ਪਿਤਾ ਦੀ ਯਾਦ ਵਿਚ ਸਥਾਪਤ ਕੀਤਾ ਹੈ। ਉਹ ਇਹ ਪੁਰਸਕਾਰ ਦੇਣ ਲਈਅਮਰੀਕਾ ਤੋਂ ਜਲੰਧਰ ਪਹੁੰਚ ਰਹੇ ਹਨ। ਅੱਜ ਕਲ੍ਹ ਬਿਮਾਰੀ ਦੀ ਹਾਲਤ ਵਿਚ ਫਤਿਹਜੀਤ ਆਪਣੀ ਲੜਕੀ ਬਲਜੀਤ ਕੋਲ ਜਲੰਧਰ ਵਿਖੇ ਆਪਣੀ ਪਤਨੀ ਰਣਧੀਰ ਦੇ ਨਾਲ ਰਹਿ ਰਹੇ ਹਨ।

Comments are closed.

COMING SOON .....


Scroll To Top
11