Monday , 23 September 2019
Breaking News
You are here: Home » NATIONAL NEWS » ਸਬੂਤਾਂ ਦੀ ਘਾਟ ਕਾਰਨ ਸੁਪਰੀਮ ਕੋਰਟ ਵੱਲੋਂ 15 ਦੋਸ਼ੀ ਬਰੀ

ਸਬੂਤਾਂ ਦੀ ਘਾਟ ਕਾਰਨ ਸੁਪਰੀਮ ਕੋਰਟ ਵੱਲੋਂ 15 ਦੋਸ਼ੀ ਬਰੀ

ਹਾਈ ਕੋਰਟ ਦੇ ਫ਼ੈਸਲੇ ਨੂੰ ਪਲਟਿਆ

ਨਵੀਂ ਦਿੱਲੀ, 30 ਅਪ੍ਰੈਲ- ਸੁਪਰੀਮ ਕੋਰਟ ਨੇ 1984 ’ਚ ਪੂਰਬੀ ਦਿਲੀ ਦੇ ਤ੍ਰਿਲੋਕਪੁਰੀ ’ਚ ਹੋਏ ਸਿਖ ਵਿਰੋਧੀ ਦੰਗਿਆਂ ’ਚ ਅਗਜ਼ਨੀ ਅਤੇ ਦੰਗਾ ਭੜਕਾਉਣ ਦੇ ਮਾਮਲਿਆਂ ਵਿਚ ਦੋਸ਼ੀ 15 ਲੋਕਾਂ ਨੂੰ ਬਰੀ ਕਰ ਦਿਤਾ ਹੈ। ਦਿਲੀ ਹਾਈਕੋਰਟ ਨੇ ਕਰੀਬ 2 ਦਹਾਕਿਆਂ ਬਾਅਦ ਪਿਛਲੇ ਸਾਲ ਨਵੰਬਰ ’ਚ ਇਨ੍ਹਾਂ ਸਾਰਿਆਂ ਨੂੰ ਦੋਸ਼ੀ ਕਰਾਰਦਿਆਂ ਹੇਠਲੀ ਅਦਾਲਤ ਵਲੋਂ ਮਿਲੀ 5 ਸਾਲ ਦੀ ਸਜ਼ਾ ਨੂੰ ਬਰਕਰਾਰ ਰਖਿਆ ਸੀ। ਸਰਬਉਚ ਅਦਾਲਤ ਨੇ ਅਜ ਹਾਈਕੋਰਟ ਅਤੇ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਪਲਟਦਿਆਂ 15 ਵਿਅਕਤੀਆਂ ਨੂੰ ਬਰੀ ਕਰ ਦਿਤਾ। ਅਦਾਲਤ ਨੇ ‘ਸਬੂਤਾਂ ਦੀ ਘਾਟ’ ਦਾ ਹਵਾਲਾ ਦਿੰਦਿਆਂ ਆਪਣੇ ਫ਼ੈਸਲੇ ’ਚ ਕਿਹਾ ਕਿ ਪੁਲਿਸ ਖ਼ੁਦ ਮੰਨਦੀ ਹੈ ਕਿ ਦੰਗਿਆਂ ’ਚ ਇਨ੍ਹਾਂ ਲੋਕਾਂ ਨੂੰ ਕਿਸੇ ਨੇ ਨਹੀਂ ਦੇਖਿਆ ਅਤੇ ਨਾ ਹੀ ਕਿਸੇ ਦੀ ਪਹਿਚਾਣ ਹੋ ਸਕੀ ਹੈ। ਚੀਫ਼ ਜਸਟਿਸ ਰੰਜਨ ਗੋਗੋਈ ਦੇ ਬੈਂਚ ਨੇ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ਸਿਧੇ ਸਬੂਤ ਨਾ ਮਿਲਣ ਅਤੇ ਗਵਾਹਾਂ ਵਲੋਂ ਪਛਾਣ ਨਾ ਕੀਤੇ ਜਾਣ ਕਾਰਨ ਇਨ੍ਹਾਂ ਨੂੰ ਬਰੀ ਕੀਤਾ ਜਾਂਦਾ ਹੈ। ਜ਼ਿਕਰਯੋਗ ਹੈ ਕਿ ਦਿਲੀ ਹਾਈਕੋਰਟ ਨੇ 28 ਨਵੰਬਰ, 2018 ਨੂੰ ਤ੍ਰਿਲੋਕਪੁਰੀ ’ਚ ਹੋਏ ਦੰਗਿਆਂ ਦੇ ਸਬੰਧ ’ਚ ਦਾਇਰ 88 ਦੋਸ਼ੀਆਂ ਦੀ ਸਜ਼ਾ ’ਤੇ ਵਡਾ ਫ਼ੈਸਲਾ ਸੁਣਾਉਂਦਿਆਂ ਸਾਰੇ ਦੋਸ਼ੀਆਂ ਦੀ ਸਜ਼ਾ ਨੂੰ ਬਰਕਰਾਰ ਰਖਿਆ ਸੀ। ਇਸ ਤੋਂ ਪਹਿਲਾਂ ਦਿਲੀ ਦੀ ਕੜਕੜਡੂਮਾ ਅਦਾਲਤ ਨੇ ਦੰਗਾ ਭੜਕਾਉਣ, ਘਰ ਸਾੜਨ ਅਤੇ ਧਾਰਾ 144 ਦੀ ਉਲੰਘਣਾ ਕਰਨ ਦੇ ਇਲਜ਼ਾਮ ’ਚ ਸਾਲ 1996 ਵਿਚ 107 ਲੋਕਾਂ ਨੂੰ 5 ਸਾਲ ਦੀ ਸਜ਼ਾ ਸੁਣਾਈ ਸੀ, ਜਿਸ ਤੋਂ ਬਾਅਦ 88 ਮੁਲਜ਼ਮਾਂ ਨੇ ਸਜ਼ਾ ਦੇ ਵਿਰੁਧ ਹਾਈਕੋਰਟ ’ਚ ਅਪੀਲ ਕੀਤੀ ਸੀ। ਹਾਈਕੋਰਟ ਨੇ ਇਸ ਮਾਮਲੇ ਵਿਚ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਬਰਕਰਾਰ ਰਖਿਆ ਸੀ। ਦਸਣਯੋਗ ਹੈ ਕਿ 1984 ਦੇ ਦੰਗਿਆਂ ਦੌਰਾਨ ਤ੍ਰਿਲੋਕਪੁਰੀ ’ਚ ਹੋਈ ਹਿੰਸਾ ਵਿਚ ਕਰੀਬ 95 ਲੋਕਾਂ ਦਾ ਕਤਲ ਕੀਤਾ ਗਿਆ ਸੀ ਅਤੇ ਤਕਰੀਬਨ 100 ਘਰ ਸਾੜ ਦਿਤੇ ਗਏ ਸਨ। ਇਸ ਮਾਮਲੇ ਵਿਚ ਕਿਸੇ ਵੀ ਦੋਸ਼ੀ ਵਿਰੁਧ ਹਤਿਆ ਦਾ ਮਾਮਲਾ ਦਰਜ ਨਹੀਂ ਹੋਇਆ ਸੀ। ਸੁਪਰੀਮ ਕੋਰਟ ਤੋਂ ਰਾਹਤ ਪਾਉਣ ਵਾਲੇ ਵਿਅਕਤੀਆਂ ਵਿਚ ਗਨੇਸ਼ਨ, ਵੇਦ ਪ੍ਰਕਾਸ਼, ਤਾਰਾ ਚੰਦ, ਸੁਰੇਂਦਰ ਸਿੰਘ (ਕਲਿਆਣਪੁਰੀ), ਹਬੀਬ, ਰਾਮ ਸ਼੍ਰੋਮਣੀ, ਬਰ੍ਹੰਮ ਸਿੰਘ, ਸੁਬਾਰ ਸਿੰਘ, ਸੁਰੇਂਦਰ ਮੂਰਤੀ ਦਾ ਨਾਂਅ ਸ਼ਾਮਿਲ ਹਨ।

Comments are closed.

COMING SOON .....


Scroll To Top
11