Monday , 20 January 2020
Breaking News
You are here: Home » Editororial Page » ਸਫਰਨਾਮਾ: ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਖੁੱਲ੍ਹੇ ਦਰਸ਼ਨ ਦੀਦਾਰੇ

ਸਫਰਨਾਮਾ: ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਖੁੱਲ੍ਹੇ ਦਰਸ਼ਨ ਦੀਦਾਰੇ

ਕਰਤਾਰਪੁਰ ਗੁਰੂਆਂ ਦੀ ਵਰੋਸਾਈ ਧਰਤੀ ਹੈ। ਇਹ ਭਾਵੇਂ ਗੁਰੂ ਨਾਨਕ ਦੇਵ ਜੀ ਵਲੋਂ ਪਾਕਿਸਤਾਨ ‘ਚ ਰਾਵੀ ਦਰਿਆ ਦੇ ਸੱਜੇ ਕੰਢੇ ਵਸਾਇਆ ਨਗਰ ਹੋਵੇ ਤੇ ਭਾਵੇਂ ਗੁਰੂ ਅਰਜਨ ਦੇਵ ਜੀ ਵਲੋਂ ਜਲੰਧਰ-ਅੰਮ੍ਰਿਤਸਰ ਜਰਨੈਲੀ ਸੜਕ ‘ਤੇ ਵਸਾਇਆ ਨਗਰ ਕਰਤਾਰਪੁਰ ਹੋਵੇ। ਇਹ ਦੋਵੇਂ ਨਗਰ ਹੀ ਸਿੱਖ ਸੰਗਤਾਂ ਲਈ ਸ਼ਰਧਾ ਅਤੇ ਅਕੀਦਤ ਦੇ ਅਸਥਾਨ ਹਨ। ਦੇਸ਼-ਦੇਸ਼ਾਂਤਰ ‘ਚ ਸਿੱਖ ਧਰਮ ਦਾ ਉਪਦੇਸ਼ ਦੇਣ ਪਿੱਛੋਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਮੂਲ ਸਿਧਾਂਤ ‘ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ’ ਨੂੰ ਜ਼ਿੰਦਗੀ ‘ਚ ਹਕੀਕੀ ਰੂਪ ਦੇਣ ਲਈ ਜਿਸ ਅਸਥਾਨ ਦੀ ਚੋਣ ਕੀਤੀ ਉਹ ਸਿੱਖ ਇਤਿਹਾਸ ‘ਚ ਕਰਤਾਰਪੁਰ ਸਾਹਿਬ ਦੇ ਨਾਂ ਨਾਲ ਪ੍ਰਸਿੱਧ ਹੈ। ਜਗਤ ਗੁਰੂ ਨੇ ਉਦਾਸੀਆਂ ਤੋਂ ਬਾਅਦ ਕਰਤਾਰਪੁਰ ਆ ਕੇ ਆਪਣੇ ਹੱਥੀਂ ਕਿਰਤ ਕਰ ਕੇ ਲੋਕਾਈ ਨੂੰ ਧਰਮ ਦੇ ਅਸਲ ਅਰਥਾਂ ਨਾਲ ਜੋੜ ਕੇ ਸਾਦਗੀ, ਨਿਮਰਤਾ, ਸੱਚੀ ਸੁੱਚੀ ਕਿਰਤ ਤੇ ਭਾਈਚਾਰੇ ਦਾ ਪਾਠ ਪੜ੍ਹਾਇਆ।
ਇਤਿਹਾਸਕ ਪਿਛੋਕੜ- ਕਰਤਾਰਪੁਰ ਨਗਰ ਨੂੰ ਗੁਰੂ ਨਾਨਕ ਦੇਵ ਜੀ ਨੇ 1504 ਵਿਚ ਵਸਾਇਆ। ਕਰਤਾਰਪੁਰ ਦਾ ਅਰਥ ਹੈ ‘ਕਰਤਾਰ ਦਾ ਘਰ’। ਇਹ ਨਗਰ ਪਾਕਿਸਤਾਨੀ ਪੰਜਾਬ ਦੇ ਜ਼ਿਲ੍ਹਾ ਨਾਰੋਵਾਲ ਦੀ ਤਹਿਸੀਲ ਸ਼ਕਰਗੜ੍ਹ ਵਿਚ ਸਥਿਤ ਹੈ। ਇਸ ਨਗਰ ਦੀ ਸਮੁੰਦਰ ਤਲ ਤੋਂ ਉਚਾਈ 511 ਫੁੱਟ ਹੈ। ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਉਦਾਸੀ ਦੌਰਾਨ ਲਾਹੌਰ ਮੁੜਦੇ ਹੋਏ ਰਾਵੀ ਦਰਿਆ ਦੇ ਕਿਨਾਰੇ ਪੱਖੋਕੇ ਰੰਧਾਵੇ ਪਿੰਡ ਪਹੁੰਚੇ ਤਾਂ ਚੌਧਰੀ ਅਜਿੱਤਾ ਰੰਧਾਵਾ ਉਨ੍ਹਾਂ ਦੇ ਦਰਸ਼ਨਾਂ ਲਈ ਆਇਆ। ਉਸ ਨੇ ਗੁਰੂ ਜੀ ਨੂੰ ਰਾਵੀ ਦੇ ਪਾਰ ਸੱਜੇ ਪਾਸੇ ਦਰਸ਼ਨ ਦੇਣ ਦੇ ਬੇਨਤੀ ਕੀਤੀ। ਗੁਰੂ ਜੀ ਨੇ ਜਿੱਥੇ ਡੇਰਾ ਜਮਾਇਆ ਉੱਥੇ ਅਜਿੱਤਾ ਰੰਧਾਵਾ ਨੇ ਗੁਰੂ ਜੀ ਅਤੇ ਸਿੱਖ ਸੰਗਤਾਂ ਵਾਸਤੇ ਧਰਮਸ਼ਾਲਾ ਅਤੇ ਹੋਰ ਰਿਹਾਇਸ਼ ਦਾ ਬੰਦੋਬਸਤ ਕਰ ਦਿੱਤਾ। ਗੁਰੂ ਜੀ ਆਪਣੇ ਮਾਤਾ ਪਿਤਾ ਨੂੰ ਤਲਵੰਡੀ ਤੋਂ ਅਤੇ ਆਪਣੀ ਪਤਨੀ ਸੁਲੱਖਣੀ ਅਤੇ ਦੋਹਾਂ ਬੱਚਿਆਂ ਨੂੰ ਸੁਲਤਾਨਪੁਰ ਲੋਧੀ ਤੋਂ ਇੱਥੇ ਲੈ ਆਏ। ਇਸ ਤਰ੍ਹਾਂ ਇਸ ਨਗਰ ਦੀ ਮੋੜ੍ਹੀ ਗੱਡੀ ਗਈ।
ਅਖੀਰ 9 ਜਨਵਰੀ 1516 ਈ. ਨੂੰ ਇਸ ਅਸਥਾਨ ਉੱਪਰ ਕਰਤਾਰਪੁਰ ਨਾਂ ਦੇ ਨਗਰ ਦੀ ਸਥਾਪਨਾ ਕੀਤੀ ਗਈ। ਰਾਵੀ ਦਰਿਆ ਦੇ ਕੰਢੇ ਵਸੇ ਸ਼ਹਿਰ ਵਿਚ ਰੌਣਕ ਵਧਣ ਲੱਗ ਪਈ। ਗੁਰੂ ਜੀ ਦੇ ਅਨੇਕਾਂ ਪ੍ਰੇਮੀ ਇਥੇ ਇਸ ਤਰ੍ਹਾਂ ਆਉਂਦੇ ਜਿਵੇਂ ਇਹ ਕੋਈ ਤੀਰਥ ਸਥਾਨ ਹੋਵੇ। ਸ੍ਰੀ ਕਰਤਾਰਪੁਰ ਸਾਹਿਬ ਇੱਕ ਅਜਿਸਾ ਅਸਥਾਨ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਆਪਣੀ ਜੀਵਨ ਦੇ 17 ਸਾਲ 5 ਮਹੀਨੇ ਅਤੇ 9 ਦਿਨ ਬਿਤਾਏ ਤੇ ਗੁਰੂ ਸਾਹਿਬ ਦਾ ਪੂਰਾ ਪਰਿਵਾਰ ਵੀ ਕਰਤਾਰਪੁਰ ਸਾਹਿਬ ਆ ਕੇ ਵਸ ਗਿਆ ਸੀ। ਗੁਰੂ ਸਾਹਿਬ ਦੇ ਮਾਤਾ-ਪਿਤਾ ਦਾ ਦੇਹਾਂਤ ਵੀ ਇਥੇ ਹੋਇਆ ਸੀ। ਕਰਤਾਰਪੁਰ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਭਾਰਤ ਦੀ ਸਰਹੱਦ ਤੋਂ ਚਾਰ ਕਿੱਲੋਮੀਟਰ ਦੂਰ ਹੈ। ਇਹ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਵਿੱਚ ਹੈ, ਜੋ ਲਾਹੌਰ ਤੋਂ 130 ਕਿਲੋਮੀਟਰ ਦੂਰ ਹੈ। ਨਾਰੋਵਾਲ ਦੀ ਤਹਿਸੀਲ ਸ਼ਕਰਗੜ੍ਹ ਵਿੱਚ ਸਥਿਤ ਸਿੱਖਾਂ ਦਾ ਇਹ ਧਾਰਮਿਕ ਸਥਾਨ ਅੱਜ ਭਾਰਤ ਅਤੇ ਪਾਕਿਸਤਾਨ ਦੀਆਂ ਖ਼ਬਰਾਂ ਦਾ ਕੇਂਦਰ ਬਣ ਗਿਆ ਹੈ। ਹਾਲਾਂਕਿ ਪੁਰਾਤਨ ਇਮਾਰਤ ਨੂੰ ਰਾਵੀ ਦਰਿਆ ਵਿੱਚ ਆਏ ਹੜ੍ਹ ਦੌਰਾਨ ਨੁਕਸਾਨ ਪਹੁੰਚਿਆ ਸੀ। 1920 ਤੋਂ ਲੈ ਕੇ 1929 ਤੱਕ ਮਹਾਰਾਜਾ ਪਟਿਆਲਾ ਵੱਲੋਂ ਇਸ ਨੂੰ ਮੁੜ ਬਣਵਾਇਆ ਗਿਆ ਜਿਸ ‘ਤੇ 1,35,600 ਦਾ ਖਰਚਾ ਆਇਆ ਸੀ।1995 ਵਿੱਚ ਪਾਕਿਸਤਾਨ ਸਰਕਾਰ ਨੇ ਵੀ ਇਸ ਦੀ ਉਸਾਰੀ ਦਾ ਕੰਮ ਕਰਵਾਇਆ ਸੀ।
ਸਫਰਨਾਮਾ- ਆਖਰਕਾਰ 2018 ਵਿੱਚ ਦੋਨੋਂ ਪਾਸੇ ਦੀਆਂ ਸਰਕਾਰਾਂ ਦੀ ਦੋਸਤਾਨਾ ਸੋਚ ਕਰਕੇ 9 ਨਵੰਬਰ 2019 ਨੂੰ ਇਹ ਲਾਂਘਾ ਖੁੱਲ੍ਹਿਆ ਅਤੇ ਵਿਸ਼ਵ ਭਰ ਦੇ ਸਿੱਖਾਂ ਦੀ 72 ਸਾਲ ਤੋਂ ਹੋ ਰਹੀ ਅਰਦਾਸ ਨੂੰ ਬੂਰ ਪਿਆ, 15 ਨਵੰਬਰ 2019 ਨੂੰ ਮੈਨੂੰ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ, ਮੇਰੇ ਨਾਲ ਮੇਰਾ ਦੋਸਤ ਸੁੱਖਵਿੰਦਰ ਸਿੰਘ ਨੰਗਲ ਸੀ, ਸਾਡੇ ਮਨ ਵਿੱਚ ਕਿਤੇ ਨਾ ਕਿਤੇ ਡਰ ਸੀ ਕਿ ਦੂਸਰੇ ਪਾਸੇ ਜਾ ਰਹੇ ਹਾ, ਕੁਝ ਗਲਤ ਨਾ ਵਾਪਰੇ ਪਰ ਯਕੀਨ ਜਾਣਿਓ ਜਦੋਂ ਭਾਰਤ ਵਾਲੇ ਪਾਸਿਓਂ ਪਾਕਿਸਤਾਨ ਵੱਲ ਗਏ ਤਾਂ ਉਨ੍ਹਾਂ ਵੱਲੋਂ ਬੜੇ ਹੀ ਦੋਸਤਾਂਨਾ ਢੰਗ ਨਾਲ ਨਿੱਘਾ ਸਵਾਗਤ ਕੀਤਾ ਗਿਆ। ਭਾਰਤ ਕੋਰੀਡੋਰ ਵਿੱਚੋ ਪ੍ਰਕ੍ਰਿਆ ਪੂਰੀ ਹੋਣ ਉਪਰੰਤ ਅਸੀਂ ਈ-ਰਿਕਸ਼ਾ ਤੇ ਬੈਠ ਕੇ ਪਾਕਿਸਤਾਨ ਅੰਬੈਸੀ ਵੱਲੋਂ ਰਵਾਨਾ ਹੋਏ। ਉਸ ਤੋਂ ਬਾਅਦ ਅਸੀਂ ਆਪਣੇ 20 ਅਮਰੀਕਨ ਡਾਲਰ ਬਦਲਵਾਕੇ ਅੰਬੈਸੀ ਅੰਦਰ ਗਏ ਆਪਣਾ ਪਹਿਚਾਣ ਪੱਤਰ ਵਿਖਾਇਆ ਤੇ ਸਾਰੀ ਪ੍ਰਕ੍ਰਿਆ ਪੂਰੀ ਹੋਣ ਤੋਂ ਬਾਅਦ ਸਾਨੂੰ ਬੱਸ ਵਿੱਚ ਬਿਠਾ ਲਿਆ ਗਿਆ ਅਤੇ ਰਾਵੀ ਦਰਿਆ ਦੇ ਪੁਲ ਨੂੰ ਪਾਰ ਕਰਦੇ ਹੋਏ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਕਰਤਾਰਪੁਰ ਵਿਖੇ ਪਹੁੰਚੇ, ਉੱਥੇ ਪਹੁੰਚ ਕੇ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਕਿ ਜਿਵੇ ਕੀ ਇੱਕ ਸੁਪਨਾ ਪੂਰਾ ਹੋ ਗਿਆ ਹੋਵੇ ਬਿਲਡਿੰਗ ਵੇਖਦਿਆ ਹੀ ਬਣਦੀ ਸੀ,ਸਾਰੀ ਬਿਲਡਿੰਗ ਨੂੰ ਚਾਰੇ ਪਾਸਿਓਂ ਚਿੱਟੇ ਮਾਰਬਲ ਨਾਲ ਬਣਾਇਆ ਗਿਆ ਹੈ ਜਿਵੇਂ ਕਿ ਇੱਕ ਕਿਲੇ ਨੂੰ ਚਾਰੇ ਪਾਸਿਓਂ ਵੱਡੀਆਂ ਇਮਾਰਤਾਂ ਨਾਲ ਬਣਾਇਆ ਹੋਵੇ, ਉਪਰੰਤ ਪਹਿਲਾਂ ਅਸੀਂ ਡਿਓੜੀ ਸਾਹਿਬ ਵਿੱਚੋਂ ਗੁਜ਼ਰੇ ਬਾਅਦ ਅੰਦਰ ਜੋੜਾ ਘਰ ਵਿਖੇ ਜੋੜੇ ਜਮ੍ਹਾਂ ਕਰਵਾ ਕੇ ਆਪਣਾ ਸਾਮਾਨ ਗੱਠੜੀ ਘਰ ਵਿੱਚ ਰੱਖ ਕੇ ਤੇ ਦਰਬਾਰ ਸਾਹਬ ਵੱਲ ਨੂੰ ਵਧੇ ਸਭ ਤੋਂ ਪਹਿਲਾਂ ਜੇ ਸਰੋਵਰ ਦੀ ਗੱਲ ਕਰੀਏ ਤਾਂ ਬਾਕਮਾਲ ਸਰੋਵਰ ਦੀ ਜਿਸ ਉਸਾਰੀ ਪਾਕਿਸਤਾਨ ਵੱਲੋਂ ਕਾਰਵਾਈ ਗਈ ਹੈ ਉਸ ਤੋਂ ਬਾਅਦ ਅਸੀਂ ਦਰਬਾਰ ਸਾਹਬ ਵੱਲ ਨੂੰ ਵਧੇ ਸਭ ਤੋਂ ਪਹਿਲਾਂ ਖੂਹ ਸਾਹਿਬ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਖੇਤਾਂ ਨੂੰ ਪਾਣੀ ਦਿਆ ਕਰਦੇ ਸੀ ਤੇ ਸਮਾਧ ਜਿੱਥੇ ਗੁਰੂ ਨਾਨਕ ਦੇਵ ਜੀ ਦੀ ਚਾਦਰ ਨੂੰ ਮੁਸਲਮਾਨਾ ਦੁਆਰਾ ਦਫਨ ਕੀਤਾ ਗਿਆ ਅਤੇ ਮੇਨ ਇਮਾਰਤ ਦੀ ਦੂਸਰੀ ਮੰਜ਼ਿਲ ਉੱਪਰ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ। ਉੱਥੇ ਤਕਰੀਬਨ ਅੱਧਾ ਘੰਟਾ ਗੁਜ਼ਾਰਿਆ, ਗੁਰੂ ਜੀ ਦੇ ਦਰਸ਼ਨਾ ਉਪਰੰਤ ਬਾਹਰ ਆਏ ਤਾਂ ਖੁਸ਼ੀ ਦੀ ਗੱਲ ਇਹ ਹੈ ਕਿ ਉਸ ਪਾਸੇ ਵਾਲੇ ਪਾਕਿਸਤਾਨ ਵੀਰਾ, ਭੈਣਾਂ ਨੂੰ ਬਹੁਤ ਖ਼ੁਸ਼ੀ ਸੀ ਉਨ੍ਹਾਂ ਨੇ ਸਾਡੇ ਆਉਣ ਦੀ ਖੁਸ਼ੀ ਵਿੱਚ ਕੇਕ ਕੱਟਿਆ ਸਾਡੇ ਨਾਲ ਫੋਟੋਆਂ ਲਈਆਂ ਸੈਲਫੀਆਂ ਲਈਆਂ, ਮਨ ਨੂੰ ਬਹੁਤ ਹੀ ਸਕੂਨ ਮਿਲਿਆ ਇੱਦਾਂ ਲੱਗਿਆ ਕਿ ਸਾਡੇ ਤੇ ਉਨ੍ਹਾਂ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ ਅੰਤਰ ਨਹੀ.ਉਸ ਤੋਂ ਬਾਅਦ ਦੀਵਾਨ ਹਾਲ ਦੇ ਦਰਸ਼ਨ ਕਰੇ ਲੰਗਰ ਹਾਲ ਵਿੱਚ ਗਏ ਲੰਗਰ ਛਕਿਆ.ਉਸ ਤੋਂ ਬਾਅਦ ਮੈਨੂੰ ਮੇਰੇ ਦੋਸਤ “ਰਾਣਾ ਰਾਸ਼ਿਦ“ ਜੋ ਕਿ ਬਹੁਤ ਸਾਲਾ ਬਾਅਦ ਮੈਨੂੰ ਮਿਲ ਰਹੇ ਸੀ। ਇਸ ਪਿੱਛੇ ਵੀ ਇੱਕ ਕਹਾਣੀ ਹੈ.ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹਵਾਂਗਾ ਸਾਡਾ ਪਰਿਵਾਰ ਮੇਰੇ ਬਜ਼ੁਰਗ ਭਾਰਤ ਦੀ ਵੰਡ ਵੇਲੇ ਪਾਕਿਸਤਾਨ ਤੋਂ ਪੰਜਾਬ ਵਾਲੇ ਪਾਸੇ ਭਾਰਤ ਵਾਲੇ ਪਾਸੇ ਆ ਗਏ ਅਤੇ ਮੇਰੇ ਦੋਸਤ ਦੇ ਬਜ਼ੁਰਗ ਸਾਡੇ ਭਾਰਤ ਵਿਚਲੇ ਪਿੰਡ ਵਿੱਚ ਜੋ ਕਿ ਪਟਿਆਲਾ ਨਜ਼ਦੀਕ ਹੈ ਉੱਥੇ ਰਿਹਾ ਕਰਦੇ ਸੀ ਇਹ ਉਧਰ ਚਲੇ ਗਏ ਸੀ ਤੇ ਕਾਫ਼ੀ ਲੰਮੇ ਸਮੇਂ ਤੋਂ ਕੋਈ ਵੀ ਰਾਬਤਾ ਨਾ ਹੋਣ ਕਰਕੇ ਇਹ ਦੂਰੀਆਂ ਵਧਦੀਆਂ ਗਈਆਂ ਆਖਰਕਾਰ 2013 ਦੇ ਵਿੱਚ ਰਾਣਾ ਰਾਸ਼ਿਦ ਆਪਣੇ ਬਜ਼ੁਰਗਾਂ ਦੇ ਪਿੰਡ ਵੇਖਣ ਲਈ ਸਾਡੇ ਪਿੰਡ ਆਏ ਉਸ ਤੋਂ ਬਾਅਦ ਸਾਡਾ ਪਿਆਰ ਬਣ ਗਿਆ ਅਤੇ ਇਹ ਪਹਿਲੀ ਵਾਰ ਸੀ ਜਦੋਂ ਮੈਂ ਪਾਕਿਸਤਾਨ ਦੀ ਧਰਤੀ ਤੇ ਗਿਆ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਦੀ ਵੱਡੀ ਕ੍ਰਿਪਾ ਕਰਕੇ ਕਰਤਾਰਪੁਰ ਸਾਹਿਬ ਵਿਖੇ ਮੈਨੂੰ ਇੱਕ ਵਾਰ ਫੇਰ ਮਿਲੇ ਦੋਸਤ ਨਾਲ ਮਿਲਣ ਦਾ ਮੌਕਾ ਮਿਲਿਆ ਬਹੁਤ ਸਾਰਾ ਪਿਆਰ ਮਿਲਿਆ ਤੇ ਉਨ੍ਹਾਂ ਨੇ ਮੈਨੂੰ ਲਾਹੌਰ ਵਾਲੇ ਪਾਸਿਉਂ ਲਿਆਂਦੇ ਕੱਪੜੇ ਵੀ ਦਿੱਤੇ, ਇੱਕ ਸਾਲ ਵੀ ਦਿੱਤਾ ਇਸ ਤਰ੍ਹਾਂ ਜਾਪ ਰਿਹਾ ਸੀ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਫ਼ਰਕ ਨਹੀਂ ਸਾਡੇ ਤੇ ਉਨ੍ਹਾਂ ਵਿਚਾਲੇ ਬਸ ਇੱਕ ਕੰਡੇਦਾਰ ਦਾ ਫ਼ਰਕ ਹੈ। ਸਾਰਾ ਦਿਨ ਗੱਲਾਂ-ਬਾਤਾਂ ਵਿੱਚ ਬਿਤਾਇਆ ਤੇ ਆਖਰਕਾਰ 3 ਵਜੇ ਅਸੀਂ ਉੱਥੋਂ ਦਰਬਾਰ ਸਾਹਿਬ ਤੋਂ ਨਿਕਲਣ ਤੋਂ ਬਾਅਦ ਉਹੀ ਉਹੀ ਪ੍ਰਕਿਰਿਆ ਸ਼ੁਰੂ ਹੋਈ ਪਹਿਲਾਂ ਪਾਕਿਸਤਾਨ ਵਾਲੀ ਅੰਬੈਂਸੀ ਵਿਚ ਐਂਟਰ ਕਰਨ ਸਮੇਂ ਹੋਈ ਸੀ, ਉੱਥੇ ਚੈਕਿੰਗ ਤੋਂ ਬਾਅਦ ਸਾਨੂੰ ਈ-ਰਿਕਸ਼ਾ ਵਿੱਚ ਬਿਠਾਕੇ ਭਾਰਤ ਵਾਲੇ ਪਾਸੇ ਆ ਗਏ ਤੇ ਉਸ ਤੋਂ ਬਾਅਦ ਭਾਰਤ ਵਾਲੇ ਚੈਕਿੰਗ ਕਰਨ ਤੋਂ ਬਾਅਦ ਅਸੀਂ ਡੇਰਾ ਬਾਬਾ ਨਾਨਕ ਵੱਲ ਨੂੰ ਰਵਾਨਾ ਹੋਏ। ਕੁਝ ਕੁ ਗੱਲਾਂ ਮੈਂ ਹੋਰ ਦੱਸਣਾ ਚਾਹਵਾਂਗਾ ਕੁਝ ਭਾਰਤੀਆਂ ਦੇ ਮਨ ਵਿੱਚ ਡਰ ਹੈ ਕਿ ਪਾਕਿਸਤਾਨ ਵਾਲੇ ਪਾਸੇ ਜਾਣ ਕਾਰਨ ਉਨ੍ਹਾਂ ਦੇ ਪਾਸਪੋਰਟ ਉੱਤੇ ਪਾਕਿਸਤਾਨ ਦੀ ਮੋਹਰ ਲੱਗ ਜਾਵੇਗੀ ਜਾਂ ਕੋਈ ਹੋਰ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ ਪਰ ਮੈਂ ਦੱਸਣਾ ਚਾਹਾਂਗਾ ਕਿ ਉਨ੍ਹਾਂ ਵੱਲੋਂ ਵੀ ਬਹੁਤ ਸਾਰਾ ਪਿਆਰ ਮਿਲਦਾ ਸਾਡੇ ਉੱਥੇ ਪਹੁੰਚਣ ਤੇ ਸਵਾਗਤ ਕੀਤਾ ਜਾਂਦਾ ਅਤੇ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਮੋਹਰ ਅਤੇ ਦਖਸਤ ਸਾਡੇ ਪਾਸਪੋਰਟ ਉੱਤੇ ਨਹੀਂ ਕੀਤੇ ਜਾਂਦੇ ਹਾਲਾਂਕਿ ਉਨ੍ਹਾਂ ਵੱਲੋਂ ਕੋਈ ਵੀ ਸ਼ਰਤ ਨਹੀਂ ਪਾਸਪੋਰਟ ਦੀ ਉਨ੍ਹਾਂ ਦਾ ਕਹਿਣਾ ਹੈ ਕਿ ਕੋਈ ਵੀ ਪਹਿਚਾਣ-ਪੱਤਰ ਲੈ ਕੇ ਤੁਸੀਂ ਸਾਡੇ ਵੱਲ ਆ ਸਕਦੇ ਹੋ, ਪਰ ਪਾਸਪੋਰਟ ਦੀ ਸ਼ਰਤ ਭਾਰਤ ਸਰਕਾਰ ਵੱਲੋਂ ਲਾਜ਼ਮੀ ਹੈ ਪਰ ਆਸ ਕਰਦੇ ਕਿ ਆਉਣ ਵਾਲੇ ਸਮੇਂ ਵਿੱਚ ਸਰਕਾਰ ਇਸ ਸ਼ਰਤ ਨੂੰ ਹਟਾਵੇਗੀ ਤੇ ਕਿਸੇ ਵੀ ਪਹਿਚਾਣ ਪੱਤਰ ਤੇ ਅਸੀਂ ਉਧਰ ਜਾ ਸਕਦੇ ਹਾਂ ਅਤੇ ਇੱਕ ਦੋ ਹੋਰ ਗੱਲਾ ਮੈ ਦਸਣਾ ਚੁਹੀਦਾ ਹਾਂ ਜਿਵੇ ਕਿ ਕੋਈ ਵੀ ਸ਼ਰਧਾਲੂ ਭਾਰਤ ਵਾਲੇ ਪਾਸਿਓਂ ਉਧਰ ਜਾਵੇਗਾ ਉਹ ਸਿਰਫ਼ ਸਾਲ ਵਿੱਚ ਇੱਕ ਵਾਰ ਜਾ ਸਕਦਾ ਹੈ ਭਾਵ ਜੇ ਤੁਸੀਂ ਨਵੰਬਰ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਗਏ ਤਾ ਅਗਲੇ ਸਾਲ ਨਵੰਬਰ ਵੀ ਵਿੱਚ ਹੀ ਜਾ ਸਕਦੇ ਹੋ,ਬਾਕੀ 13 ਸਾਲ ਤੋਂ ਘੱਟ ਤੋ ਉਮਰ ਦੇ ਬੱਚੇ ਉਸ ਵਾਲੇ ਪਾਸੇ ਨਹੀਂ ਜਾ ਸਕਦੇ ਇਕ ਕੁਝ ਜ਼ਰੂਰੀ ਗੱਲਾਂ ਹਨ ਜਿਹੜੀਆਂ ਕਿ ਸ਼ਰਧਾਲੂਆਂ ਨੂੰ ਪਤਾ ਹੋਣੀਆਂ ਚਾਹੀਦੀਆਂ ਹਨ, ਬਾਕੀ ਸਾਰੀ ਜਾਣਕਾਰੀ ਭਾਰਤ ਸਰਕਾਰ ਦੀ ਆਫੀਸ਼ੀਅਲ ਸਾਈਟ ਉੱਪਰ ਦਰਜ ਹੈ ਸਰੋਤੇ ਉਥੋਂ ਜਾ ਕੇ ਵਾਧੂ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

Comments are closed.

COMING SOON .....


Scroll To Top
11