Monday , 20 January 2020
Breaking News
You are here: Home » Editororial Page » ਸਦਨ ਪਾਰਟੀ-ਮੁਕਤ ਹੋਕੇ ਮੰਤਰੀ ਮੰਡਲ ਦੀ ਚੋਣ ਕਰਿਆ ਕਰਨ

ਸਦਨ ਪਾਰਟੀ-ਮੁਕਤ ਹੋਕੇ ਮੰਤਰੀ ਮੰਡਲ ਦੀ ਚੋਣ ਕਰਿਆ ਕਰਨ

ਸਾਡੇ ਮੁਲਕ ਵਿੱਚ ਇਹ ਜਿਹੜਾ ਚੋਣਾਂ ਦਾ ਸਿਲਸਿਲਾ ਚਲਾਇਆ ਗਿਆ ਹੈ ਇਸ ਨਾਲ ਪਰਜਾਤੰਤਰ ਬਸ ਨਾਮ ਦਾ ਹੀ ਹੈ। ਇਹ ਚੋਣਾਂ ਵਿੱਚ ਭੇਜੇ ਗਏ ਉਮੀਦਵਾਰ ਕਿਸੇ ਨਾ ਕਿਸੇ ਪਾਰਟੀ ਨੇ ਨਾਮਜ਼ਦ ਕੀਤੇ ਹੁੰਦੇ ਹਨ ਅਤੇ ਅਜ ਤਕ ਲੋਕਾਂ ਨੂੰ ਕਿਸੇ ਵੀ ਰਾਜਸੀ ਪਾਰਟੀ ਨੇ ਇਹ ਨਹੀਂ ਦਸਿਆ ਹੁੰਦਾ ਕਿ ਇਹ ਆਦਮੀ ਪਾਸ ਕੀ ਯੋਗਤਾਵਾਂ ਸਨ, ਕੀ ਕੀ ਸਿਖਲਾਈ ਸੀ, ਕੀ ਕੀ ਤਜਰਬਾ ਸੀ, ਕੀ ਕੀ ਮੁਹਾਰਤ ਅਤੇ ਸਿਆਣਪ ਸੀ ਜਿਸ ਦੇ ਆਧਾਰ ਉਤੇ ਇਸ ਆਦਮੀ ਨੂੰ ਲੋਕਾਂ ਸਾਹਮਣੇ ਖੜਾ ਕਰ ਦਿਤਾ ਗਿਆ ਸੀ ਅਤੇ ਇਹ ਵੀ ਨਹੀਂ ਦਸਿਆ ਜਾਂਦਾ ਰਿਹਾ ਕਿ ਇਹ ਆਦਮੀ ਅਗਰ ਚੁਣਿਆ ਜਾਂਦਾ ਹੈ ਤਾਂ ਲੋਕਾਂ ਲਈ ਕੀ ਕੀ ਕਰ ਸਕਦਾ ਹੈ। ਅਰਥਾਤ ਹਰ ਪਾਰਟੀ ਦਾ ਵਿਅਕਤੀ ਵਿਸ਼ੇਸ਼ ਇਹ ਆਖਣ ਜਾ ਰਿਹਾ ਹੁੰਦਾ ਹੈ ਕਿ ਸਾਰਾ ਕੰਮ ਉਸਨੇ ਆਪ ਕਰਨਾ ਹੈ ਅਤੇ ਇਹ ਆਦਮੀ ਤਾਂ ਬਸ ਸਦਨ ਦੀ ਗਿਣਤੀ ਪੂਰੀ ਕਰਨ ਲਈ ਹੀ ਲੋਕਾਂ ਸਾਹਮਣੇ ਕੀਤਾ ਜਾ ਰਿਹਾ ਹੈ। ਇਥੇ ਆਕੇ ਇਹ ਗਲ ਸਮਝ ਵਿੱਚ ਆ ਜਾਂਦੀ ਹੈ ਕਿ ਅਸੀਂ ਵੋਟਾਂ ਪਾਕੇ ਲੋਕਾਂ ਦਾ ਨੁਮਾਇੰਦਾ ਨਹੀਂ ਚੁਣ ਰਹੇ ਬਲਕਿ ਅਸੀਂ ਕਿਸੇ ਰਾਜਸੀ ਪਾਰਟੀ ਦੇ ਮੁਖੀ ਵਿਅਕਤੀ ਵਿਸ਼ੇਸ਼ ਦਾ ਸਪੋਰਟਰ ਚੁਣ ਰਹੇ ਹਾਂ ਅਤੇ ਸਮਝ ਰਹੇ ਹਾਂ ਕਿ ਇਹ ਵਾਲਾ ਪਰਜਾਤੰਤਰ ਵੀ ਅਸਲ ਪਰਜਾਤੰਤਰ ਬਣ ਗਿਆ ਹੈ।
ਚੋਣਾ ਬਾਅਦ ਜਿਸ ਵੀ ਪਾਰਟੀ ਪਾਸ ਜ਼ਿਆਦਾ ਮੈਂਬਰ ਆ ਜਾਂਦੇ ਹਨ ਉਹ ਪਾਰਟੀ ਦਾ ਪ੍ਰਧਾਨ ਜਾਂ ਵਿਅਕਤੀ ਵਿਸ਼ੇਸ਼ ਮੁਖ ਮੰਤਰੀ ਜਾਂ ਪ੍ਰਧਾਨ ਮੰਤਰੀ ਬਣ ਜਾਂਦਾ ਹੈ ਅਤੇ ਇਸ ਤਰ੍ਹਾਂ ਇਸ ਮੁਲਕ ਦਾ ਇਹ ਜਿਹੜਾ ਵੀ ਪਰਜਾਤੰਤਰ ਹੈ ਇਕ ਤਰ੍ਹਾਂ ਦੀ ਪਾਰਟੀ ਤਾਨਾਸ਼ਾਹੀ ਹੀ ਹੈ ਜਾਂ ਇਹ ਵੀ ਆਖਿਆ ਜਾ ਸਕਦਾ ਹੈ ਕਿ ਪਾਰਟੀ ਦੇ ਮੁਖੀਆ ਅਰਥਾਤ ਵਿਅਕਤੀਵਿਸ਼ੇਸ਼ ਦੀ ਤਾਨਾਸ਼ਾਹੀ ਹੈ। ਸਾਡਾ ਪਿਛਲੇ ਸਤ ਦਹਾਕਿਆਂ ਦਾ ਇਤਿਹਾਸ ਚਾਹੇ ਉਹ ਕਾਂਗਰਸ ਦਾ ਰਾਜ ਸੀ ਅਤੇ ਚਾਹੇ ਉਹ ਭਾਜਪਾ ਦਾ ਰਾਜ ਸੀ, ਪਾਰਟੀ ਤਾਨਾਸ਼ਾਹੀ ਜਾਂ ਵਿਅਕਤੀਵਿਸ਼ੇਸ਼ ਤਾਨਾਸ਼ਾਹੀ ਹੀ ਸੀ ਅਤੇ ਅਸੀਂ ਅਗਰ ਇਸ ਰਾਜ ਨੂੰ ਵੀ ਪਰਜਾਤੰਤਰ ਆਖੀ ਜਾਈਏ ਤਾਂ ਸਾਡੀ ਮਰਜ਼ੀ ਹੈ।ਅਸੀਂ ਤਾਂ ਸਦੀਆਂ ਤਕ ਗੁਲਾਮ ਹੀ ਰਹੇ ਹਾਂ ਅਤੇ ਇਹ ਪਰਜਾਤੰਤਰ ਸਾਡੇ ਮੁਲਕ ਵਿੱਚ ਕਦੀ ਪਹਿਲਾ ਆਇਆ ਹੀ ਨਹੀਂ ਹੈ ਅਤੇ ਇਸ ਲਈ ਅਸੀਂ ਇਸ ਵਾਲੇ ਵਕਤ ਨੂੰ ਪਰਜਾਤੰਤਰ ਮਨ ਹੀ ਲੈਂਦੇ ਹਾਂ, ਹੋਰ ਸਾਡੇ ਪਾਸਚਾਰਾ ਕੋਈ ਨਹੀਂ ਹੈ।
ਅਸੀਂ ਵਿਅਕਤੀ ਵਿਸੇਸ਼ਾਂ ਤੋਂ ਇਲਾਵਾ ਵੀ ਹਜ਼ਾਰਾਂ ਮੈਂਬਰਾਂ ਦੀ ਚੋਣ ਕਰਦੇ ਰਹੇ ਹਾਂ ਅਤੇ ਕਿਸੇ ਇਕ ਵੀ ਮੈਂਬਰ ਦਾ ਨਾਮ ਨਹੀਂ ਬੋਲ ਰਿਹਾ ਜਿਸਨੇ ਸਦਨ ਵਿੱਚ ਜਾਕੇ ਕੋਈ ਕੰਮ ਕੀਤਾ ਹੋਵੇ। ਅਜ ਤਕ ਵਿਅਕਤੀ ਵਿਸ਼ੇਸ਼ ਦਾ ਨਾਮ ਹੀ ਬੋਲਦਾ ਆ ਰਿਹਾ ਹੈ ਅਤੇ ਅਸੀਂ ਇਹ ਸੋਚਣ ਉਤੇ ਮਜਬੂਰ ਹੋ ਰਹੇ ਹਾਂ ਕਿ ਇਤਨੀ ਵਡੀ ਗਿਣਤੀ ਇਹ ਬਾਕੀ ਦੇ ਵਿਧਾਇਕਾਂ ਦੀ ਕਾਸ ਲਈ ਚੁਣੀ ਜਾਂਦੀ ਰਹੀ ਹੈ ਅਤੇ ਇਤਨਾ ਖਰਚਾ ਕਾਸ ਲਈ ਕੀਤਾ ਜਾਂਦਾ ਰਿਹਾ ਹੈ। ਇਹ ਵਿਅਕਤੀ ਵਿਸ਼ੇਸ਼ ਹੀ ਚੁਣ ਲਿਆ ਕਰੀਏ ਅਤੇ ਬਾਕੀ ਦੇ ਸਹਾਇਕ ਇਹ ਆਪ ਹੀ ਰਖ ਲਿਆ ਕਰੇ, ਇਸ ਨਾਲ ਵੀ ਕੰਮ ਚਲ ਸਕਦਾ ਹੈ।
ਅੱਜ ਤਕ ਸਤ ਦਹਾਕਿਆਂ ਵਿੱਚ ਜੋ ਵੀ ਸਾਡੇ ਨਾਲ ਹੋਇਆ ਹੈ ਸਾਡੇ ਸਾਹਮਣੇ ਹੈ ਅਤੇ ਅਜ ਅਸੀਂ ਇਹ ਸੋਚਣ ਉਤੇ ਮਜਬੂਰ ਹਾਂ ਕਿ ਇਹ ਵਾਲਾ ਸਿਲਸਿਲਾ ਜਿਹੜਾ ਪਿਛਲੇ ਸਤ ਦਹਾਕਿਆਂ ਵਿੱਚ ਚਲਦਾ ਆ ਰਿਹਾ ਹੈ ਇਸ ਵਿੱਚ ਤਬਦੀਲੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਸਭ ਤੋਂ ਪਹਿਲਾਂ ਅਗਰ ਅਸੀਂ ਇਹੀ ਸਿਲਸਿਲਾ ਅਪਨਾ ਲਈਏ ਕਿ ਚੋਣਾਂ ਬਾਅਦ ਜਦ ਇਹ ਵਿਧਾਇਕ ਸੰਵਿਧਾਨ ਦੀ ਕਸਮ ਖਾਕੇ ਲੋਕ ਸੇਵਕ ਬਣ ਜਾਂਦੇ ਹਨ ਤਾਂ ਇਹ ਪਾਰਟੀ ਮੁਕਤ ਵੀ ਹੋ ਜਾਣੇ ਚਾਹੀਦੇ ਹਨ। ਇਥੇ ਕੋਈ ਵੀ ਵਿਅਕਤੀ ਵਿਸ਼ੇਸ਼ ਜਾਂ ਪਾਰਟੀ ਦਾ ਮੁਖੀਆ ਨਹੀਂ ਰਹਿਣਾ ਚਾਹੀਦਾ ਅਤੇ ਪਾਰਟੀ ਦੇ ਨਾਮ ਉਤੇ ਸਰਕਾਰ ਵੀ ਨਹੀਂ ਬਣਨੀ ਚਾਹੀਦੀ। ਇਥੇ ਇਕ ਵਾਰੀਂ ਫਿਰ ਮੁਖ ਮੰਤਰੀ ਅਤੇ ਪ੍ਰਧਾਨ ਮੰਤਰੀ ਦੀ ਚੋਣ ਹੋਣੀ ਚਾਹੀਦੀ ਹੈ ਅਤੇ ਹਰ ਵਿਧਾਇਕ ਆਜ਼ਾਦ ਹੋਣਾ ਚਾਹੀਦਾ ਹੈ ਉਹ ਆਪਣੀ ਮਰਜ਼ੀ ਨਾਲ ਵੋਟ ਪਾਵੇ ਅਤੇ ਇਉਂ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਦੀ ਚੋਣ ਕੀਤੀ ਜਾਵੇ। ਅਗਰ ਠੀਕ ਸਮਝਿਆ ਜਾਵੇ ਤਾਂ ਮੰਤਰੀਮੰਡਲ ਦੀ ਚੋਣ ਵੀ ਕਰਵਾਈ ਜਾ ਸਕਦੀ ਹੈ।
ਅਗਰ ਇਹ ਵਾਲਾ ਸਿਲਸਿਲਾ ਅਪਨਾ ਲਿਤਾ ਜਾਂਦਾ ਹੈ ਤਾਂ ਹਰ ਵਿਧਾਇਕ ਆਜ਼ਾਦੀ ਨਾਲ ਕੰਮ ਕਰੇਗਾ ਅਤੇ ਹਰ ਵਕਤ ਵਿਅਕਤੀ ਵਿਸ਼ੇਸ਼ ਦੇ ਹੁਕਮਾਂ ਦੀ ਉਡੀਕ ਨਹੀਂ ਕਰੇਗਾ। ਇਹ ਵਿਧਾਇਕ ਸਦਨ ਵਿੱਚ ਬੋਲ ਵੀ ਸਕਿਆ ਕਰਨਗੇ, ਬਿਲ ਵੀ ਪੇਸ਼ ਕਰ ਸਕਣਗੇ। ਹਰ ਵਿਧਾਇਕ ਨੂੰ ਆਪਣੀ ਯੋਗਤਾ, ਲਿਆਕਤ, ਸਿਆਣਪ ਘਰ ਰਖਕੇ ਜਾਣੀ ਪੈਂਦੀ ਹੈ ਅਤੇ ਵਿਅਕਤੀ ਵਿਸ਼ੇਸ਼ ਦ ਤਾਬਿਆਦਾਰ ਬਣਕੇ ਦਿਨ ਕਟਣੇ ਪੈਂਦੇ ਹਨ। ਅਤੇ ਵੋਟ ਵੀ ਆਪਣੀ ਮਰਜ਼ੀ ਨਾਲ ਪਾ ਸਕਣਗੇ। ਅਸੀਂ ਮੁਲਕ ਦੇ ਲੋਕੀਂ ਵਿਧਾਇਕਾਂ ਉਤੇ ਕਰੋੜਾਂ ਅਰਬਾਂ ਰੁਪਿਆ ਖਰਚ ਕਰ ਰਹੇ ਹਾਂ ਅਤੇ ਉਹ ਵਿਚਾਰੇ ਪਾਰਟੀਆਂ ਦੀ ਗੁਲਾਮੀ ਕਾਰਨ ਸਾਡੇ ਲਈ ਕੋਈ ਵੀ ਕੰਮ ਨਹੀਂ ਕਰ ਪਾ ਰਹੇ ਕਿਉਂਕਿ ਅਗਰ ਉਹ ਆਪਣੀ ਮਰਜ਼ੀ ਨਾਲ ਕੰਮ ਕਰਦੇ ਹਨ ਤਾਂ ਵਿਅਕਤੀ ਵਿਸ਼ੇਸ਼ ਨਾਰਾਜ਼ ਹੋ ਜਾਂਦਾ ਹੈ ਅਤੇ ਪਾਰਟੀ ‘ਚੋਂ ਕੱਢ ਵੀ ਸਕਦਾ ਹੈ।
ਅਸੀਂ ਸਦਨ ਦੇ ਹਰ ਮੈਂਬਰ ਉਤੇ ਪੈਸਾ ਖਰਚ ਕਰਦੇ ਹਾਂ ਅਤੇ ਉਹ ਲੋਕ ਸੇਵਕ ਵੀ ਅਖਵਾਉਂਦਾ ਹੈ, ਇਸ ਲਈ ਹਰ ਮੈਂਬਰ ਨੂੰ ਆਜ਼ਾਦੀ ਨਾਲ ਕੰਮ ਵੀ ਕਰਨਾ ਚਾਹੀਦਾ ਹੈ। ਇਹ ਤਾਂ ਹੀ ਸੰਭਵ ਹੈ ਜੇਕਰ ਇਹ ਅਜ ਵਾਲੀ ਪਾਰਟੀਆਂ ਵਾਲਾ ਸਿਸਟਮ ਬਦੰ ਕਰਨਾ ਪਵੇਗਾ। ਇਸ ਸਿਸਟਮ ਵਿੱਚ ਪਾਰਟੀਆਂ ਅਤੇ ਪਾਰਟੀਆਂ ਦੇ ਵਿਅਕਤੀ ਵਿਸ਼ੇਸ਼ ਹੀ ਆਪਣੀਆਂ ਤਾਨਾਸ਼ਾਹੀਆਂ ਚਲਾਈ ਜਾਂਦੇ ਹਨ ਅਤੇ ਬਾਕੀ ਦੇ ਮੈਂਬਰ ਬਸ ਗੁਲਾਮੀ ਹੀ ਕਰਦੇ ਹਨ ਅਤੇ ਕੁਝ ਵੀ ਬੋਲ ਨਹੀਂ ਸਕਦੇ। ਇਹ ਮਸਲਾ ਸਾਰੇ ਰਾਸ਼ਟਰ ਦੀ ਸਮਸਿਆ ਹੈ ਅਤੇ ਸਾਰੇ ਰਾਸ਼ਟਰ ਨੇ ਇਸ ਮਸਲੇ ਉਤੇ ਵਿਚਾਰ ਕਰਨੀ ਹੈ। ਪਿਛਲੇ ਸਤ ਦਹਾਕਿਆਂ ਦਾ ਤਜਰਬਾ ਕੋਈ ਬਿਹਤਰ ਕੰਮ ਨਹੀਂ ਕਰ ਸਕਿਆ ਅਤੇ ਇਹ ਵਡੀ ਤਬਦੀਲੀ ਸਿਰਫ ਇਕ ਹੀ ਕਾਨੂੰਨ ਬਨਾਉਣ ਨਾਲ ਆ ਸਕਦੀ ਹੈ। ਅਸੀਂ ਬਸ ਇਹ ਕਰਨਾ ਹੈ ਕਿ ਸਦਨ ਵਿੱਚ ਕਸਮ ਖਾਣ ਬਾਅਦ ਸਦਨ ਪਾਰਟੀਮੁਕਤ ਕਰ ਦਿਤੀ ਜਾਵੇ। ਹਰ ਮੈਂਬਰ ਬਸ ਲੋਕ ਸੇਵਕ ਹੈ ਅਤੇ ਕਿਸੇ ਵੀ ਪਾਰਟੀ ਨਾਲ ਸਬੰਧ ਨਹੀਂ ਹੈ ਅਤੇ ਕੋਈ ਵੀ ਪ੍ਰਧਾਨ ਜਾਂ ਵਿਅਕਤੀ ਵਿਸ਼ੇਸ਼ ਸਿਧਾ ਹੀ ਮੁਖ ਮੰਤਰੀ ਜਾਂ ਪ੍ਰਛਘਾਨ ਮੰਤਰੀ ਨਹੀਂ ਬਣ ਸਕਦਾ, ਬਲਕਿ ਇਥੇ ਵੀ ਚੋਣਾ ਹੋਣਗੀਆਂ ਅਤੇ ਸਾਰੇ ਮੈਂਬਰ ਜਿਸ ਨੂੰ ਪਸੰਦ ਕਰਨਗੇ ਉਹੀ ਮੁਖ ਮੰਤਰੀ ਅਤੇ ਪ੍ਰਧਨ ਮੰਤਰੀ ਬਣੇਗਾ ਅਤੇ ਫਿਰ ਇਹ ਵਿਧਾਇਕ ਵੀ ਆਜ਼ਾਦੀ ਨਾਲ ਕੰਮ ਕਰ ਸਕਣਗੇ। ਇੰਨ੍ਹਾਂ ਦੀ ਲਿਆਕਤ ਵੀ ਸਾਡੇ ਸਾਹਮਣੇ ਆ ਜਾਵੇਗੀ ਅਤੇ ਅਗਲੀ ਵਾਰੀਂ ਜਦ ਵੋਟਾ ਲਈ ਲੋਕਾਂ ਸਾਹਮਣੇ ਆਉਣਗੇ ਤਾਂ ਦਸ ਵੀ ਸਕਣਗੇ ਕਿ ਉਹ ਇਹ ਇਹ ਕੰਮ ਕਰਕੇ ਆਏ ਹਨ ਅਤੇ ਹੁਣ ਇਹ ਇਹ ਕੰਮ ਕਰਨ ਲਈ ਜਾਣਾ ਚਾਹੁੰਦੇ ਹਨ।

Comments are closed.

COMING SOON .....


Scroll To Top
11