Sunday , 5 April 2020
Breaking News
You are here: Home » Religion » ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਇਤਿਹਾਸ ਨਾਲ ਸਬੰਧਤ ਚੋਣਵੇਂ ਲੇਖਾਂ ਦੀਆਂ ਪੁਸਤਕਾਂ ਦੀ ਲੜੀ ਮੁਕੰਮਲ

ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਇਤਿਹਾਸ ਨਾਲ ਸਬੰਧਤ ਚੋਣਵੇਂ ਲੇਖਾਂ ਦੀਆਂ ਪੁਸਤਕਾਂ ਦੀ ਲੜੀ ਮੁਕੰਮਲ

ਪੁਸਤਕਾਂ ਦਾ ਸੈੱਟ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੂੰ ਭਲਕੇ 15 ਫ਼ਰਵਰੀ ਕੀਤਾ ਜਾਵੇਗਾ ਭੇਟ

ਅੰਮ੍ਰਿਤਸਰ, 14 ਫ਼ਰਵਰੀ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਇਤਿਹਾਸ ਦੇ ਜਗਿਆਸੂਆਂ ਲਈ ਸਿੱਖ ਧਰਮ ਦੇ ਸਭ ਤੋਂ ਵੱਧ ਪੜ੍ਹੇ ਜਾਣ ਵਾਲੇ ਮਾਸਿਕ ਪੱਤਰ ‘ਗੁਰਮਤਿ ਪ੍ਰਕਾਸ਼’ ਦੇ ਚੌਣਵੇਂ ਲੇਖਾਂ ਨੂੰ 8 ਵਿਸ਼ੇਸ਼ ਪੁਸਤਕਾਂ ਰਾਹੀਂ ਸੰਗ੍ਰਹਿਤ ਕਰਨ ਦਾ ਮਹੱਤਵਪੂਰਨ ਕਾਰਜ ਕੀਤਾ ਹੈ। ਇਨ੍ਹਾਂ ਪੁਸਤਕਾਂ ਦਾ ਸੰਪਾਦਨ ਕਰਨ ਦੀ ਜ਼ੁੰਮੇਵਾਰੀ ਸਿੱਖ ਚਿੰਤਕ ਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਨਿਭਾਈ ਹੈ, ਜਿਨ੍ਹਾਂ ਦਾ ਸਹਿਯੋਗ ਸਿੱਖ ਇਤਿਹਾਸ ਰੀਸਰਚ ਬੋਰਡ ਦੇ ਸਕਾਲਰਾਂ ਡਾ. ਅਮਰਜੀਤ ਕੌਰ, ਡਾ. ਰਣਜੀਤ ਕੌਰ, ਪ੍ਰਿੰਸੀਪਲ ਮਨਜੀਤ ਕੌਰ, ਸ. ਸਤਿੰਦਰ ਸਿੰਘ ਤੇ ਬੀਬੀ ਕਿਰਨਦੀਪ ਕੌਰ ਵੱਲੋਂ ਕੀਤਾ ਗਿਆ ਹੈ। ਲੰਘੇ ਬੁੱਧਵਾਰ ਨੂੰ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਦੌਰਾਨ ਇਸ ਲੜੀ ਦੀ ਅੱਠਵੀਂ ਪੁਸਤਕ ‘ਦਲਿ ਭੰਜਨ ਗੁਰੁ ਸੂਰਮਾ’ ਪਾਠਕਾਂ ਦੇ ਸਪੁਰਦ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਜਿਥੇ ਡਾ. ਰੂਪ ਸਿੰਘ ਅਤੇ ਉਨ੍ਹਾਂ ਦੇ ਸਹਿਯੋਗੀ ਸੰਪਾਦਕਾ ਦੇ ਉੱਦਮ ਦੀ ਪ੍ਰਸ਼ੰਸਾ ਕੀਤੀ, ਉਥੇ ਹੀ ਸ਼੍ਰੋਮਣੀ ਕਮੇਟੀ ਵੱਲੋਂ ਅਜਿਹੇ ਉਪਰਾਲੇ ਨਿਰੰਤਰ ਜਾਰੀ ਰੱਖਣ ਦੀ ਵਚਨਬੱਧਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਵਰਤਮਾਨ ਸਮੇਂ ਅੰਦਰ ਪ੍ਰਮਾਣਿਕ ਸਿੱਖ ਇਤਿਹਾਸ ਨੂੰ ਪਾਠਕਾਂ ਤੱਕ ਪਹੁੰਚਾਉਣਾ ਬੇਹੱਦ ਜ਼ਰੂਰੀ ਹੈ ਅਤੇ ਇਸ ਕਾਰਜ ਲਈ ਧਰਮ ਪ੍ਰਚਾਰ ਕਮੇਟੀ ਦਾ ਮਾਸਿਕ ਪੱਤਰ ‘ਗੁਰਮਤਿ ਪ੍ਰਕਾਸ਼’ ਦਾ ਅਹਿਮ ਰੋਲ ਨਿਭਾ ਰਿਹਾ ਹੈ। ਇਸ ਪਰਚੇ ਦੇ ਚੋਣਵੇਂ ਲੇਖਾਂ ਦੀ ਪੁਨਰ ਸੰਪਾਦਨਾ ਕਰਕੇ ਪ੍ਰਕਾਸ਼ਤ ਕਰਨ ਦਾ ਮਕਸਦ ਗੁਰ-ਇਤਿਹਾਸ ਤੇ ਸਿੱਖ ਇਤਿਹਾਸ ਦੀ ਜਾਣਕਾਰੀ ਵੱਧ ਤੋਂ ਵੱਧ ਸੰਗਤਾਂ ਤੱਕ ਪਹੁੰਚਾਉਣਾ ਹੈ।ਪੁਸਤਕਾਂ ਦੇ ਮੁੱਖ ਸੰਪਾਦਕ ਡਾ. ਰੂਪ ਸਿੰਘ ਨੇ ਕਿਹਾ ਕਿ ਪਿਛਲੇ 63 ਸਾਲਾਂ ਤੋਂ ਧਰਮ ਪ੍ਰਚਾਰ ਕਮੇਟੀ ਵੱਲੋਂ ਨਿਰੰਤਰ ਪ੍ਰਕਾਸ਼ਿਤ ਕੀਤੇ ਜਾ ਰਹੇ ਗੁਰਮਤਿ ਪ੍ਰਕਾਸ਼ ਮੈਗਜ਼ੀਨ ਨੇ ਸੰਗਤ ਨੂੰ ਗੁਰਮਤਿ ਸਿਧਾਂਤਾਂ, ਇਤਿਹਾਸ ਅਤੇ ਗੁਰਬਾਣੀ ਦੀ ਵਿਚਾਰਧਾਰਾ ਨਾਲ ਜੋੜਨ ਲਈ ਕੀਰਤੀਮਾਨ ਸਥਾਪਤ ਕੀਤਾ ਹੈ। ਇਹ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਦਾ ਧਾਰਮਿਕ ਪਰਚਾ ਹੈ। ਇਸ ਵਿਚ ਸਿੱਖ ਕੌਮ ਦੇ ਸਿਖਰਲੇ ਵਿਦਵਾਨ ਲੇਖਕਾਂ ਦੀਆਂ ਰਚਨਾਵਾਂ ਸੰਭਾਲੀਆਂ ਹੋਈਆਂ ਹਨ। ਮੌਜੂਦਾ ਸਮੇਂ ਇਨ੍ਹਾਂ ਲਿਖਤਾਂ ਦੀ ਮਹੱਤਤਾ ਅਤੇ ਲੋੜ ਹੋਰ ਵੀ ਵਧੇਰੇ ਉਜਾਗਰ ਹੁੰਦੀ ਹੈ। ਸਮੇਂ-ਸਮੇਂ ਪ੍ਰਕਾਸ਼ਿਤ ਹੋਏ ਚੋਣਵੇਂ ਲੇਖਾਂ ਨੂੰ ਪੁਨਰ ਸੰਪਾਦਤ ਕਰਦਿਆਂ ਗੁਰਮਤਿ ਦੀ ਪਰਖ ਕਸਵੱਟੀ ਨੂੰ ਪਹਿਲ ਦਿੱਤੀ ਗਈ ਹੈ। ਸੰਪਾਦਤ ਕੀਤੀਆਂ ਅੱਠ ਪੁਸਤਕਾਂ ਵਿੱਚੋਂ ਛੇ ਪੁਸਤਕਾਂ ਗੁਰੂ ਸਾਹਿਬਾਨ ਦੇ ਇਤਿਹਾਸ ਨਾਲ ਸਬੰਧਤ ਹਨ। ਇਸ ਤੋਂ ਇਲਾਵਾ ਦੋ ਕਿਤਾਬਾਂ ਸਿੱਖ ਸਿਧਾਂਤਾਂ, ਸੰਸਥਾਵਾਂ ਅਤੇ ਸਿੱਖ ਮੋਰਚਿਆਂ ਤੇ ਸਾਕਿਆਂ ਨਾਲ ਸਬੰਧਤ ਹਨ। ਇਤਿਹਾਸਕ ਪ੍ਰਸੰਗ ਵਿਚ ਵੱਖ-ਵੱਖ ਲੇਖਕਾਂ ਦੇ ਅਲੱਗ ਨਜ਼ਰੀਏ ਤੋਂ ਲਿਖੇ ਗਏ ਲੇਖ ਇਕ-ਇਕ ਵਿਸ਼ੇ ਨੂੰ ਵੱਖਰੇ ਵੱਖਰੇ ਪੱਖਾਂ ਤੋਂ ਸਮਝਣ ਵਿਚ ਸਹਾਈ ਹੁੰਦੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਪੁਸਤਕ ਲੜੀ ਤੋਂ ਸੰਗਤਾਂ ਦੇ ਨਾਲ-ਨਾਲ ਗੁਰਮਤਿ ਦੇ ਖੋਜਾਰਥੀ ਵੀ ਲਾਹਾ ਪ੍ਰਾਪਤ ਕਰਨਗੇ। ਇਹ ਇਤਿਹਾਸਕ ਕਾਰਜ ਕਰਨ ਦੀ ਪ੍ਰੇਰਣਾ ਪ੍ਰਸਿੱਧ ਵਿਚਾਰਵਾਨ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਵੱਲੋਂ ਮਿਲੀ। ਡਾ. ਰੂਪ ਸਿੰਘ ਨੇ ਦੱਸਿਆ ਕਿ ਦਸ ਗੁਰੂ ਸਾਹਿਬਾਨ ਨਾਲ ਸਬੰਧਤ ਛੇ ਪੁਸਤਕਾਂ ਦਾ ਇਕ ਸੈੱਟ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ 15 ਫ਼ਰਵਰੀ ਨੂੰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਭੇਟ ਕੀਤਾ ਜਾਵੇਗਾ।ਪੁਸਤਕਾਂ ਜਾਰੀ ਕਰਨ ਮੌਕੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ, ਜੂਨੀਅਰ ਮੀਤ ਪ੍ਰਧਾਨ ਸ. ਗੁਰਬਖ਼ਸ਼ ਸਿੰਘ ਖ਼ਾਲਸਾ, ਜਨਰਲ ਸਕੱਤਰ ਸ. ਹਰਜਿੰਦਰ ਸਿੰਘ ਧਾਮੀ, ਅੰਤ੍ਰਿੰਗ ਮੈਂਬਰ ਸ. ਭੁਪਿੰਦਰ ਸਿੰਘ ਅਸੰਧ, ਸ. ਜਗਸੀਰ ਸਿੰਘ ਮਾਂਗੇਆਣਾ, ਸ. ਗੁਰਪਾਲ ਸਿੰਘ ਗੋਰਾ, ਸ. ਸ਼ੇਰ ਸਿੰਘ ਮੰਡਵਾਲਾ, ਸ. ਮੰਗਵਿੰਦਰ ਸਿੰਘ ਖਾਪੜਖੇੜੀ, ਸ. ਅਮਰਜੀਤ ਸਿੰਘ ਭਲਾਈਪੁਰ, ਸ. ਸੁਰਜੀਤ ਸਿੰਘ ਕੰਗ, ਸ. ਇੰਦਰਮੋਹਨ ਸਿੰਘ ਲਖਮੀਰਵਾਲਾ, ਬੀਬੀ ਕੁਲਦੀਪ ਕੌਰ ਟੌਹੜਾ, ਬੀਬੀ ਪਰਮਜੀਤ ਕੌਰ ਲਹਿਰਾ, ਮੁੱਖ ਸਕੱਤਰ ਡਾ. ਰੂਪ ਸਿੰਘ, ਨਿੱਜੀ ਸਕੱਤਰ ਸ. ਮਹਿੰਦਰ ਸਿੰਘ ਆਹਲੀ, ਸ. ਸੁਖਦੇਵ ਸਿੰਘ ਭੂਰਾਕੋਹਨਾ, ਸ. ਪ੍ਰਤਾਪ ਸਿੰਘ ਤੇ ਸ. ਸੁਖਮਿੰਦਰ ਸਿੰਘ, ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਕੁਲਵਿੰਦਰ ਸਿੰਘ ਰਮਦਾਸ, ਮੀਤ ਸਕੱਤਰ ਸ. ਸੁਲੱਖਣ ਸਿੰਘ ਭੰਗਾਲੀ, ਸ. ਦਰਸ਼ਨ ਸਿੰਘ ਪੀ.ਏ., ਸੁਪ੍ਰਿੰਟੈਂਡੈਂਟ ਸ. ਸਤਨਾਮ ਸਿੰਘ ਤੇ ਸ. ਮਲਕੀਤ ਸਿੰਘ ਬਹਿੜਵਾਲ ਆਦਿ ਮੌਜੂਦ ਸਨ

Comments are closed.

COMING SOON .....


Scroll To Top
11