Tuesday , 31 March 2020
Breaking News
You are here: Home » EDITORIALS » ਸ਼੍ਰੋਮਣੀ ਕਮੇਟੀ ਨੇ ਦਿਲ ਜਿੱਤੇ

ਸ਼੍ਰੋਮਣੀ ਕਮੇਟੀ ਨੇ ਦਿਲ ਜਿੱਤੇ

ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕੀਤੇ ਗਏ ਸ਼ਾਨਦਾਰ ਪ੍ਰਬੰਧਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਰ ਪਾਸੇ ਤੋਂ ਪ੍ਰਸ਼ੰਸਾ ਹੋ ਰਹੀ ਹੈ। ਕਮੇਟੀ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ, ਡੇਰਾ ਬਾਬਾ ਨਾਨਕ, ਸੁਲਤਾਨਪੁਰ ਲੋਧੀ ਅਤੇ ਹੋਰ ਸਾਰੇ ਗੁਰਦੁਆਰਾ ਸਾਹਿਬਾਨ ‘ਚ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਬਹੁਤ ਹੀ ਸ਼ਾਨਦਾਰ ਪ੍ਰਬੰਧ ਕੀਤੇ ਗਏ। ਸੰਗਤ ਦੀ ਕਿਧਰੇ ਵੀ ਕੋਈ ਸ਼ਿਕਾਇਤ ਨਹੀਂ ਹੈ। ਸੁਲਤਾਨਪੁਰ ਲੋਧੀ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਬੰਧਾਂ ਲਈ ਬਹੁਤ ਪਹਿਲਾਂ ਹੀ ਸਰਗਰਮੀ ਸ਼ੁਰੂ ਕਰ ਦਿੱਤੀ ਸੀ। ਗੁਰਦੁਆਰਾ ਬੇਰ ਸਾਹਿਬ ਨੂੰ ਨਵਾਂ ਅਤੇ ਸ਼ਾਨਦਾਰ ਰੂਪ ਦਿੱਤਾ ਗਿਆ। ਦੂਸਰੇ ਸਾਰੇ ਗੁਰਦੁਆਰਿਆਂ ਦੇ ਨਵੀਨੀਕਰਨ ਅਤੇ ਵਿਸਥਾਰ ਵੱਲ ਵੀ ਵਿਸ਼ੇਸ਼ ਤਵੱਜੋਂ ਦਿੱਤੀ ਗਈ। ਸੰਗਤ ਦੀ ਰਿਹਾਇਸ਼, ਲੰਗਰ ਅਤੇ ਇਸ਼ਨਾਨ ਪਾਣੀ ਲਈ ਵਿਸ਼ਾਲ ਪ੍ਰਬੰਧ ਕੀਤੇ ਗਏ। ਪੂਰੇ ਸੁਲਤਾਨਪੁਰ ਲੋਧੀ ਨੂੰ ਬਹੁਤ ਸੁਚੱਜੇ ਤਰੀਕੇ ਨਾਲ ਸਜਾਇਆ ਗਿਆ। ਲਗਭਗ 2 ਹਫਤੇ ਚੱਲੇ ਪ੍ਰਮੁੱਖ ਪ੍ਰੋਗਰਾਮਾਂ ਦੌਰਾਨ ਸੰਗਤ ਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ ਗਈ। ਕਰੋੜਾਂ ਰੁਪਏ ਦੀ ਲਾਗਤ ਨਾਲ ਪ੍ਰੋਗਰਾਮ ਲਈ ਸ਼ਾਨਦਾਰ ਮੁੱਖ ਪੰਡਾਲ ਬਣਾਇਆ ਅਤੇ ਸਜਾਇਆ ਗਿਆ। ਦੁਨੀਆ ਭਰ ਵਿੱਚੋਂ ਸ਼ਰਧਾਲੂਆਂ ਅਤੇ ਵੱਡੀਆਂ ਸਖਸ਼ੀਅਤਾਂ ਨੇ ਇਸ ਮੌਕੇ ‘ਤੇ ਸ਼੍ਰੋਮਣੀ ਕਮੇਟੀ ਦੇ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕੀਤੀ। ਇਹ ਸ਼ਾਇਦ ਪਹਿਲਾ ਮੌਕਾ ਹੈ ਜਦੋਂ 550 ਸਾਲਾ ਸ਼ਤਾਬਦੀ ਮੌਕੇ ਕਿਸੇ ਤਰ੍ਹਾਂ ਦਾ ਵਿਵਾਦ ਪੈਦਾ ਨਹੀਂ ਹੋਇਆ। ਸ਼੍ਰੋਮਣੀ ਕਮੇਟੀ ਦੀ ਤਰਫੋਂ ਸਿਆਸੀ ਧੜੇਬੰਦੀ ਅਤੇ ਹੋਰ ਸਭ ਤਰ੍ਹਾਂ ਦੇ ਵਖਰੇਵਿਆਂ ਤੋਂ ਉੱਪਰ ਉੱਠ ਕੇ ਸਭ ਨੂੰ ਬਰਾਬਰ ਮਾਣ ਸਨਮਾਨ ਦਿੱਤਾ ਗਿਆ। ਕਿਸੇ ਵੀ ਮੌਕੇ ‘ਤੇ ਕੋਈ ਭੜਕਾਊ ਜਾਂ ਦੂਸ਼ਣਬਾਜ਼ੀ ਵਾਲੀ ਭਾਸ਼ਣਬਾਜ਼ੀ ਨਹੀਂ ਕੀਤੀ ਗਈ। ਪਹਿਲਾਂ ਇਹ ਖਦਸ਼ਾ ਸੀ ਕਿ 550 ਸਾਲਾ ਪ੍ਰਕਾਸ਼ ਪੁਰਬ ਸਮਾਗਮ ਕਿਧਰੇ ਆਪਸੀ ਦੂਸ਼ਣਬਾਜ਼ੀ ਅਤੇ ਕਿੜਾਂ ਕੱਢਣ ਦਾ ਸਬੱਬ ਨਾ ਬਣ ਜਾਣ। ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਮੌਕੇ ‘ਤੇ ਨਿਭਾਈ ਗਈ ਹਾਂ ਪੱਖੀ ਭੂਮਿਕਾ ਦੀ ਰੱਜ ਕੇ ਸ਼ਲਾਘਾ ਹੋਣੀ ਚਾਹੀਦੀ ਹੈ। ਦੋਹਾਂ ਵੱਲੋਂ ਬਹੁਤ ਹੀ ਖੁੱਲ੍ਹੇ ਦਿਲ ਨਾਲ ਆਪਣੇ ਸਿਆਸੀ ਵਿਰੋਧੀਆਂ ਨੂੰ ਜੀ ਆਈਆਂ ਆਖਿਆ ਗਿਆ ਅਤੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ ਗਿਆ। ਸਭ ਤੋਂ ਵੱਡੀ ਗੱਲ ਇਹ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਗਏ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਕਿਤੇ ਬੇਹਤਰ ਅਤੇ ਵਾਧੂ ਸਨ। ਸ਼੍ਰੋਮਣੀ ਕਮੇਟੀ ਵੱਲੋਂ ਇਸ ਮੌਕੇ ‘ਤੇ ਨਿਭਾਈ ਗਈ ਸ਼ਲਾਘਾਯੋਗ ਭੂਮਿਕਾ ਲਈ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੀ ਪ੍ਰਸੰਸਾ ਕਰਨੀ ਬਣਦੀ ਹੈ। ਏਡੇ ਵੱਡੇ ਪ੍ਰਬੰਧਾਂ ਨੂੰ ਸਫਲਤਾ ਨਾਲ ਨੇਪਰੇ ਚਾੜ੍ਹਨਾ ਅਤੇ ਭਾਂਤ-ਸੁਭਾਤੀ ਆਲੋਚਨਾ ਤੋਂ ਬਚਣਾ ਕੋਈ ਸੌਖਾ ਕਾਰਜ ਨਹੀਂ ਹੈ। ਸ਼੍ਰੋਮਣੀ ਕਮੇਟੀ ਨੇ ਆਪਣੀ ਕਾਰਜ ਸਮਰੱਥਾ ਦਾ ਵੱਡਾ ਸਬੂਤ ਦੇ ਦਿੱਤਾ ਹੈ। ਬੇਸ਼ਕ ਕਮੇਟੀ ਕੋਲ ਸਾਧਨਾਂ ਦੀ ਭਾਰੀ ਕਮੀ ਹੈ। ਸਿੱਖਾਂ ਦੀ ਇਹ ਸਿਰਮੌਰ ਧਾਰਮਿਕ ਸੰਸਥਾ ਭਾਰੀ ਆਰਥਿਕ ਦਬਾਅ ਵਿੱਚੋਂ ਗੁਜ਼ਰ ਰਹੀ ਹੈ। ਇਸ ਸਭ ਕੁੱਝ ਦੇ ਬਾਵਜੂਦ ਸੰਗਤ ਦੇ ਸਹਿਯੋਗ ਨਾਲ ਸ਼੍ਰੋਮਣੀ ਕਮੇਟੀ ਨੇ ਆਪਣੀ ਸਮਰੱਥਾ ਤੋਂ ਵੱਧ ਕੇ ਪ੍ਰਬੰਧਾਂ ਨੂੰ ਅੰਜਾਮ ਦਿੱਤਾ। ਸੁਲਤਾਨਪੁਰ ਲੋਧੀ ਵਿਖੇ 10 ਲੱਖ ਤੋਂ ਵੱਧ ਸ਼ਰਧਾਲੂ ਨਤਮਸਤਕ ਹੋਏ ਹਨ। ਇਹ ਅੰਕੜਾ ਇਸ ਕਰਕੇ ਵੱਡਾ ਹੈ ਕਿਉਂਕਿ ਕਮੇਟੀ ਵੱਲੋਂ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਬਹੁਤ ਹੀ ਸੂਝਬੂਝ ਨਾਲ ਉਲੀਕਿਆ ਅਤੇ ਸੰਗਤ ਤੱਕ ਇਸ ਦਾ ਸਹੀ ਸੰਦੇਸ਼ ਪਹੁੰਚਾਇਆ ਗਿਆ। ਪਹਿਲੀ ਪਾਤਸ਼ਾਹੀ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਕੱਢੇ ਗਏ ਵਿਸ਼ਾਲ ਨਗਰ ਕੀਰਤਨ ਵੀ ਆਪਣੇ-ਆਪ ਵਿੱਚ ਮਿਸਾਲ ਹਨ। ਕੁਲ ਮਿਲਾ ਕੇ ਸ਼੍ਰੋਮਣੀ ਕਮੇਟੀ ਨੇ ਪ੍ਰਕਾਸ਼ ਪੁਰਬ ਦੇ ਪ੍ਰਬੰਧਾਂ ਸਬੰਧੀ ਸਮੁੱਚੇ ਸਿੱਖ ਜਗਤ ਅਤੇ ਦੂਸਰੇ ਸ਼ਰਧਾਲੂਆਂ ਦਾ ਮਨ ਜਿੱਤ ਲਿਆ ਹੈ।
– ਬਲਜੀਤ ਸਿੰਘ ਬਰਾੜ

Comments are closed.

COMING SOON .....


Scroll To Top
11