Saturday , 20 April 2019
Breaking News
You are here: Home » Editororial Page » ਸ਼ਹੀਦ ਭਾਈ ਮਨੀ ਸਿੰਘ ਜੀ

ਸ਼ਹੀਦ ਭਾਈ ਮਨੀ ਸਿੰਘ ਜੀ

ਭਾਈ ਮਨੀ ਸਿੰਘ ਜੀ ਇੱਕ ਬਹੁਤ ਹੀ ਆਦਰਯੋਗ ਤੇ ਵਿਦਵਾਨ ਸਿੱਖ ਸਨ। ਭਾਈ ਸਾਹਬ ਦਾ ਜਨਮ 10 ਮਾਰਚ 1644 ਈ: ਨੂੰ ਪਿਤਾ ਮਾਈਦਾਸ ਤੇ ਮਾਤਾ ਮੱਧਰੀ ਬਾਈ ਦੇ ਘਰ ਪਿੰਡ ਅਲੀਪੁਰ ਜਿਲ੍ਹਾ ਮੁਜ਼ੱਫਰਗੜ੍ਹ ਪਾਕਿਸਤਾਨ ਵਿੱਚ ਹੋਇਆ। ਭਾਈ ਸਾਹਬ ਦਾ ਗੁਰੂ ਘਰ ਨਾਲ ਨਾਤਾ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਸਮੇਂ ਤੋਂ ਹੈ। ਆਪ ਦੀ ਸ਼ਾਦੀ ਪੰਦਰਵੇਂ ਵਰੇ ਵਿੱਚ ਲੱਖੀ ਰਾਇ ਜੀ ਦੀ ਲੜਕੀ ਸੀਤੋ ਜੀ ਨਾਲ ਹੋਈ। ਜਦ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵਿਸਾਖੀ ਤੇ ਖਾਲਸਾ ਸਾਜਿਆ ਤਾਂ ਭਾਈ ਮਨੀ ਸਿੰਘ ਜੀ ਨੇ ਆਪਣੇ ਭਰਾਵਾਂ ਤੇ ਪੰਜ ਪੁੱਤਰਾਂ ਨਾਲ ਅੰਮ੍ਰਿਤ ਦੀ ਪਵਿੱਤਰ ਦਾਤ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਪ੍ਰਾਪਤ ਕੀਤੀ। ਗੁਰੂ ਸਾਹਿਬ ਜੀ ਦੇ ਸਾਰੇ ਯੁੱਧਾਂ ਵਿੱਚ ਭਾਈ ਮਨੀ ਸਿੰਘ ਨੇ ਆਪਣੇ ਕਰਤੱਵ ਦਿਖਾਏ। ਭਾਈ ਮਨੀ ਸਿੰਘ ਜੀ ਗੁਰੂ ਸਾਹਿਬ ਦਾ ਹੁਕਮ ਪਾ ਕੇ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਵਜੋਂ ਸੇਵਾ ਨਿਭਾਉਣ ਲੱਗੇ। ਆਪ ਦਰਬਾਰ ਸਾਹਿਬ ਦੇ ਤੀਜੇ ਹੈਡ ਗ੍ਰੰਥੀ ਸਨ। ਪਹਿਲੇ ਬਾਬਾ ਬੁੱਢਾ ਜੀ, ਦੂਜੇ ਭਾਈ ਗੁਰਦਾਸ ਜੀ ਤੇ ਤੀਜੇ ਭਾਈ ਮਨੀ ਸਿੰਘ ਜੀ ਸਨ। ਜੰਗਾਂ ਯੁੱਧਾਂ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਾਲਵਾ ਦੇਸ਼ ਵੱਲ ਚਲੇ ਗਏ। ਵੱਡੇ ਸਾਹਿਬਜ਼ਾਦੇ, ਛੋਟੇ ਸਾਹਿਬਜ਼ਾਦੇ, ਮਾਤਾ ਗੁਜਰੀ ਜੀ ਤੇ ਭਾਈ ਮਨੀ ਸਿੰਘ ਜੀ ਦੇ ਪੰਜ ਪੁੱਤਰਾਂ ਦੇ ਸ਼ਹੀਦ ਹੋਣ ਦੀ ਖਬਰ ਭਾਈ ਮਨੀ ਸਿੰਘ ਜੀ ਨੂੰ ਅੰਮ੍ਰਿਤਸਰ ਸਾਹਿਬ ਵਿੱਚ ਮਿਲੀ। ਆਪ ਨੇ ਫਿਰ ਵੀ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਸਿੱਖਾਂ ਤੇ ਹਰ ਪਾਸਿਉਂ ਦੁੱਖਾਂ ਦੇ ਪਹਾੜ ਟੁੱਟਣ ਲੱਗੇ। ਭਾਈ ਮਨੀ ਸਿੰਘ ਜੀ ਦੀ ਉਮਰ ਉਸ ਵਕਤ 90 ਸਾਲ ਦੇ ਕਰੀਬ ਹੋ ਚੁੱਕੀ ਸੀ। ਸੰਮਤ 1790 ਬਿ: ਸੰਨ 1733 ਈ: ਦਾ ਦੀਵਾਲੀ ਪੁਰਬ ਨਜ਼ਦੀਕ ਆ ਰਿਹਾ ਸੀ। ਪਿਛਲੇ ਕਾਫੀ ਸਮੇਂ ਤੋਂ ਦੀਵਾਲੀ ਪੁਰਬ ਤੇ ਸਰਕਾਰ ਵੱਲੋਂ ਪਾਬੰਦੀ ਲਗਾਈ ਹੋਈ ਸੀ। ਭਾਈ ਮਨੀ ਸਿੰਘ ਜੀ ਇਸ ਵਾਰ ਦੀਵਾਲੀ ਪੁਰਬ ਮਨਾਉਣ ਦੀ ਇਜ਼ਾਜਤ ਲੈਣ ਲਈ ਲਾਹੌਰ ਜ਼ਕਰੀਆ ਖਾਨ ਕੋਲ ਲਾਹੌਰ ਨਿਵਾਸੀ ਸਿੱਖਾਂ ਦੀ ਮਦਦ ਨਾਲ ਗਏ। ਜ਼ਕਰੀਆ ਖਾਨ ਨੇ ਦੀਵਾਲੀ ਪੁਰਬ ਮਨਾਉਣ ਲਈ ਜ਼ਜੀਆ (ਟੈਕਸ) ਮੰਗਿਆ। ਕਈਆਂ ਵਿਦਵਾਨਾਂ ਨੇ ਇਹ ਰਕਮ ਪੰਜ ਹਜ਼ਾਰ ਤੇ ਕਈ ਵਿਦਵਾਨਾਂ ਨੇ ਦਸ ਹਜ਼ਾਰ ਵੀ ਲਿਖੀ ਹੈ। ਰਕਮ ਦੀਵਾਲੀ ਪੁਰਬ ਤੋਂ ਬਾਅਦ ਦੇਣੀ ਤੈਅ ਹੋ ਗਈ। ਭਾਈ ਮਨੀ ਸਿੰਘ ਜੀ ਨੇ ਸਭ ਸਿੱਖਾਂ ਨੂੰ ਦੀਵਾਲੀ ਪੁਰਬ ਤੇ ਗੁਰੂ ਘਰ ਵਿੱਚ ਦੀਵਾਲੀ ਤੇ ਸ਼ਾਮਿਲ ਹੋਣ ਲਈ ਸੱਦਾ ਭੇਜਿਆ। ਦੂਜੇ ਪਾਸੇ ਗੁਰੂ ਘਰ ਦੇ ਦੋਖੀਆਂ ਨੇ ਸੂਬੇ ਨੂੰ ਉਕਸਾਇਆ ਕਿ ਦੀਵਾਲੀ ਤੇ ਕਈ ਨਾਮੀ ਸਿੱਖ ਵੀ ਅੰਮ੍ਰਿਤਸਰ ਸਾਹਿਬ ਆਉਣਗੇ ਤੇ ਕਿਉਂ ਨਾ ਉਹਨਾਂ ਨੂੰ ਫੜ੍ਹ ਕੇ ਖਤਮ ਕਰ ਦਿੱਤਾ ਜਾਵੇ। ਲਾਹੌਰ ਦੇ ਸਿੱਖਾਂ ਨੇ ਇਹ ਖਬਰ ਭਾਈ ਮਨੀ ਸਿੰਘ ਜੀ ਨੂੰ ਕਿਸੇ ਤਰ੍ਹਾਂ ਭੇਜੀ ਤਾਂ ਭਾਈ ਮਨੀ ਸਿੰਘ ਜੀ ਨੇ ਦੁਬਾਰਾ ਚਿੱਠੀਆਂ ਲਿੱਖ ਕੇ ਸਭ ਸਿੱਖਾਂ ਨੂੰ ਅੰਮ੍ਰਿਤਸਰ ਸਾਹਿਬ ਆਉਣ ਤੋਂ ਵਰਜ ਦਿੱਤਾ। ਦੀਵਾਲੀ ਪੁਰਬ ’ਤੇ ਸੰਗਤ ਪਹੁੰਚੀ ਨਹੀ ਤੇ ਮਾਇਆ ਇੱਕਠੀ ਨਹੀ ਹੋਈ। ਜਿਸ ਕਰਕੇ ਟੈਕਸ ਦੀ ਰਕਮ ਅਦਾ ਨਾ ਹੋਈ ਤੇ ਸੂਬੇ ਨੇ ਟੈਕਸ ਦੀ ਰਕਮ ਵਸੂਲਣ ਲਈ ਭਾਈ ਸਾਹਬ ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਆਂਦਾ ਗਿਆ। ਸੂਬੇ ਨੇ ਭਾਈ ਸਾਹਬ ਨੂੰ ਕਿਹਾ ਕਿ ‘ਜਾ ਤੇ ਪੰਜ ਹਜ਼ਾਰ ਰੁਪਿਆ ਅਦਾ ਕਰ ਜਾਂ ਮੋਮਨ ਹੋ ਜਾ’। ਭਾਈ ਮਨੀ ਸਿੰਘ ਜੀ ਨੇ ਮੁਸਲਮਾਨ ਹੋਣ ਤੋਂ ਇਨਕਾਰ ਕਰ ਦਿੱਤਾ। ਸੂਬੇ ਨੇ ਮੁਫਤੀ ਨਾਂ ਦੇ ਕਾਜ਼ੀ ਨੂੰ ਸਜ਼ਾ ਸਨਾਉਣ ਲਈ ਕਿਹਾ ਤਾਂ ਉਸਨੇ ਭਾਈ ਸਾਹਬ ਜੀ ਦਾ ਬੰਦ-ਬੰਦ ਕੱਟਣ ਦੀ ਸਜ਼ਾ ਦਾ ਹੁਕਮ ਸੁਣਾਇਆ।
ਭਾਈ ਮਨੀ ਸਿੰਘ ਜੀ ਨੂੰ ਹੋਰ ਸਿੱਖਾਂ ਸਮੇਤ ਕਈ ਤਸੀਹੇ ਦਿੱਤੇ ਗਏ ਤੇ ਅੰਤ ਸੰਮਤ 1791 ਸੰਨ 1734 ਈ: ਨੂੰ ਹੋਰ ਸਿੰਘਾਂ ਸਮੇਤ ਲਾਹੌਰ ਦੇ ਨਿਖਾਸ ਚੌਂਕ ਵਿੱਚ ਬੰਦ-ਬੰਦ ਕੱਟ ਕੇ ਸ਼ਹੀਦ ਕੀਤਾ ਗਿਆ। ਇਸ ਤਰ੍ਹਾਂ ਭਾਈ ਮਨੀ ਸਿੰਘ ਜੀ ਨੇ 90 ਵਰਿਆਂ ਦੀ ਵੱਡੀ ਉਮਰ ਵਿੱਚ ਬੰਦ-ਬੰਦ ਕਟਵਾ ਕੇ ਸਿੱਖੀ ਸਿਧਾਤਾਂ ਤੇ ਪਹਿਰਾ ਦਿੱਤਾ।

Comments are closed.

COMING SOON .....


Scroll To Top
11