Friday , 19 April 2019
Breaking News
You are here: Home » Editororial Page » ਵਿਸ਼ਵ ਪੰਜਾਬੀ ਕਾਨਫਰੰਸਾਂ ਦੀ ਕੋਈ ਸਾਹਿਤਕ ਪ੍ਰਾਪਤੀ ਵੀ ਹੁੰਦੀ ਹੈ ਜਾਂ ਨਹੀਂ

ਵਿਸ਼ਵ ਪੰਜਾਬੀ ਕਾਨਫਰੰਸਾਂ ਦੀ ਕੋਈ ਸਾਹਿਤਕ ਪ੍ਰਾਪਤੀ ਵੀ ਹੁੰਦੀ ਹੈ ਜਾਂ ਨਹੀਂ

ਮਈ 1980 ਵਿੱਚ ਲੰਡਨ ਵਿਖੇ ਹੋਈ ਵਿਸ਼ਵ ਪੰਜਾਬੀ ਕਾਨਫਰੰਸ ਲਈ ‘ਪੰਜਾਬੀ ਲੇਖਕ ਪ੍ਰਗਤੀਸ਼ੀਲ ਲਿਖਾਰੀ ਸਭਾ (ਗ੍ਰੇਟ ਬ੍ਰਿਟੇਨ)’ ਵੱਲੋਂ ਮੈਨੂੰ ਕਿਸੇ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਮਿਲਿਆ ਪਹਿਲਾ ਸੱਦਾ ਪੱਤਰ ਸੀ। ਉਸ ਸੱਦੇ ਪੱਤਰ ਦੀ ਪ੍ਰਤੀਕਿਰਿਆ ਵਜੋਂ ਮੈਂ ‘ਮੰਚ’ ਮਾਸਿਕ ਅਗਸਤ 1979 ਦੇ ਅੰਕ ਵਿੱਚ ਇੱਕ ਪੱਤਰ ਕਾਨਫਰੰਸ ਦੇ ਆਯੋਜਕ ਰਣਜੀਤ ਧੀਰ ਨੂੰ ਲਿਖਿਆ ਸੀ ਅਤੇ ਤਰਕ ਦਿੱਤਾ ਸੀ ਕਿ ਪੰਜਾਬੀ ਦੇ ਪ੍ਰਗਤੀਸ਼ੀਲ ਲਿਖਾਰੀ ਅਜਿਹੀ ਕਾਨਫਰੰਸ ਲਈ 30-30 ਹਜ਼ਾਰ ਰੁਪਿਆ ਕਿਵੇਂ ਖਰਚਨਗੇ। ਉਸ ਸਮੇਂ ਮੈਂ ‘ਮੰਚ’ ਮਾਸਿਕ ਦਾ ਸੰਪਾਦਕ ਸਾਂ ਅਤੇ ਘਰ ਫੂਕ ਕੇ ਤਮਾਸ਼ਾ ਵੇਖ ਰਿਹਾ ਸੀ। ਮੇਰੇ ਕੋਲ ਇੰਗਲੈਂਡ ਜਾਣ ਜੋਗੀ ਮਾਇਆ ਵੀ ਨਹੀਂ ਸੀ। ਖ਼ੈਰ ਹੋਰ ਬਹੁਤ ਸਾਰੇ ਲੇਖਕਾਂ ਨਾਲ ਡਾ. ਰਣਧੀਰ ਸਿੰਘ ਚੰਦ ਵੀ ਗਿਆ ਸੀ ਅਤੇ ਆ ਕੇ ਉਸ ਨੇ ਕਾਨਫਰੰਸ ’ਤੇ ਇੱਕ ਲੇਖ ਲਿਖਿਆ ਸੀ ਜਿਸ ਦਾ ਸਿਰਲੇਖ ਸੀ ‘ਵਿਸ਼ਵ ਸੰਮੇਲਨ- ਇਕ ਸਫਲ ਪਾਖੰਡ।’ ਇਹ ਲੇਖ ਸਤੰਬਰ 1980 ਦੇ ‘ਮੰਚ’ ਵਿੱਚ ਛਪਿਆ ਸੀ। ਇਸ ਲੇਖ ’ਚ ਡਾ. ਚੰਦ ਨੇ ਕੁੱਝ ਇਸ ਤਰ੍ਹਾਂ ਦੇ ਨਿਰਣੇ ਪੇਸ਼ ਕੀਤੇ ਸਨ, ‘‘ਇੰਗਲੈਂਡ ਵਿੱਚ ਹੋਈ ਕਾਨਫਰੰਸ ਅਸਲ ਵਿੱਚ ਸੈਰ-ਸਪਾਟੇ ਲਈ ਅਤੇ ਅਮੀਰ ਆਦਮੀਆਂ ਦੇ ਘਰੀਂ ਜਾ ਕੇ ਸ਼ੁਗਲ ਪਾਣੀ ਲਈ ਬਹੁਤ ਢੁੱਕਵੀਂ ਰਹੀ। ਵਿਚਾਰੇ ਪੰਜਾਬੀ ਲੇਖਕ ਆਪਣੇ ਖਰਚੇ ’ਤੇ ਇੰਨੀ ਸੈਰ ਕਦੇ ਵੀ ਨਹੀਂ ਸਨ ਕਰ ਸਕਦੇ ਤੇ ਇੰਨੀ ਵਧੀਆ ਦਾਰੂ ਸੁਪਨੇ ਵਿੱਚ ਵੀ ਨਹੀਂ ਸਨ ਪੀ ਸਕਦੇ। ਇਸ ਕਾਨਫਰੰਸ ਬਾਰੇ ਇੰਗਲੈਂਡ ਦੇ ਹਫਤਾਵਾਰੀ ਪੱਤਰ ‘ਦੇਸ-ਪ੍ਰਦੇਸ’ ਨੇ ਟਿੱਪਣੀ ਕਰਦਿਆਂ ਲਿਖਿਆ ਸੀ ਕਿ ‘‘ਟ੍ਰੈਜ਼ਿਡੀ ਤਾਂ ਇਹ ਹੈ ਕਿ ਸਿਰਫ਼ ਇਕ ਦੋ ਬੰਦਿਆਂ ਨੇ ਸਸਤੀ ਕਿਸਮ ਦੀ ਪਬਲੀਸਿਟੀ ਹਾਸਿਲ ਕਰਨ ਲਈ ਇੰਗਲੈਂਡ ਦੇ ਸਮੂਹ ਪੰਜਾਬੀਆਂ, ਇਥੋਂ ਦੇ ਕੁੱਝ ਗੁਰਦੁਆਰਿਆਂ ਤੇ ਮਹਾਨ ਸਾਹਿਤਕਾਰਾਂ ਨੂੰ ਵਰਤਿਆ।’ ਸਮਾਗਮ ਸਮੇਂ ਹਾਜ਼ਰੀ ਮਸਾਂ 40-50 ਆਦਮੀਆਂ ਦੀ ਸੀ। ਪੰਜਾਬ ਵਿੱਚ ਕੋਈ ਮਾੜੀ ਤੋਂ ਮਾੜੀ ਸਾਹਿਤ ਸਭਾ ਵੀ ਇਸ ਤੋਂ ਵਧੀਆ ਸਾਹਿਤ ਸਮਾਗਮ ਕਰ ਲੈਂਦੀ ਹੈ। ਜਿਥੋਂ ਤੱਕ ਇਸ ਸੰਮੇਲਨ ਦੀ ਸਾਹਿਤਕ ਪ੍ਰਾਪਤੀ ਦਾ ਸਬੰਧ ਹੈ ਉਹ ਤਾਂ ਨਾ ਹੋਣ ਦੇ ਬਰਾਬਰ ਹੈ। ਸੈਰ-ਸਪਾਟਾ, ਮੌਜ-ਮੇਲਾ, ਪ੍ਰਬੰਧਕਾਂ ਦੀ ਪਬਲੀਸਿਟੀ ਤੇ ਆਰਥਿਕ ਲਾਭ ਕੁਝ ਕੁ ਪ੍ਰਾਪਤੀਆਂ ਅਵੱਸ਼ ਹਨ।’’
ਸਾਡੀਆਂ ਬਹੁਤ ਸਾਰੀਆਂ ਵਿਸ਼ਵ ਕਾਨਫਰੰਸਾਂ ਬਾਰੇ ਡਾ. ਰਣਧੀਰ ਸਿੰਘ ਚੰਦ ਦੀ ਅੱਜ ਤੋਂ 37 ਵਰ੍ਹੇ ਪਹਿਲਾਂ ਕੀਤੀ ਟਿੱਪਣੀ ਪੂਰੀ ਸਾਰਥਕ ਜਾਪਦੀ ਹੈ। ਮੈਂ 1980 ਤੋਂ ਲੈ ਕੇ ਹਰ ਪੰਜਾਬੀ ਵਿਸ਼ਵ ਕਾਨਫਰੰਸ ਨਾਲ ਕਿਸੇ ਨਾ ਕਿਸੇ ਤਰ੍ਹਾਂ ਜੁੜਿਆ ਰਿਹਾ ਹਾਂ। ਜੇ ਮੈਂ ਕਿਤੇ ਹਾਜ਼ਰ ਨਹੀਂ ਹੋ ਸਕਿਆ ਤਾਂ ਹੋਰ ਸਰੋਤਾਂ ਤੋਂ ਜਾਣਕਾਰੀ ਇਕੱਠੀ ਕਰਕੇ ਕਿਸੇ ਨਾ ਕਿਸੇ ਨਿਰਣੇ ’ਤੇ ਜ਼ਰੂਰ ਪਹੁੰਚਿਆ। 1983 ਵਿੱਚ ਬੈਂਕਾਕ ਵਿੱਚ ਹੋਈ ਕਾਨਫਰੰਸ ਅਤੇ ਉਸ ਤੋਂ ਬਾਅਦ ਦਿੱਲੀ ਵਿੱਚ ਡਾ. ਵਿਸ਼ਵਾਨਾਥ ਤਿਵਾੜੀ ਦੀ ਅਗਵਾਈ ਵਿੱਚ ਹੋਈ ਕਾਨਫਰੰਸ, ਦਰਸ਼ਨ ਸਿੰਘ ਧਾਲੀਵਾਲ ਵੱਲੋਂ ਅਮਰੀਕਾ ਦੇ ਮਿਲਵਾਕੀ ਸ਼ਹਿਰ ਵਿੱਚ ਕਰਵਾਈ ਕਾਨਫਰੰਸ ਅਤੇ ਜਗਦੇਵ ਨਿੱਝਰ ਵਲੋਂ ਟਰਾਂਟੋ ਵਿੱਚ ਆਯੋਜਿਤ ਕੀਤੀ ਕਾਨਫਰੰਸ, ਇਸੇ ਤਰ੍ਹਾਂ ਮੁੱਖ ਪ੍ਰਬੰਧਕ ਅਮੀਨ ਮਲਿਨ ਵੱਲੋਂ ਜੂਨ 2002 ਵਿੱਚ ਇੰਗਲੈਂਡ ਵਿੱਚ ਕਰਵਾਈ ਗਈ ਪੰਜਾਬੀ ਕਾਨਫਰੰਸ ਬਾਰੇ ਵੀ ਮੈਂ ਲਿਖਿਆ ਸੀ। ਇਨ੍ਹਾਂ ਵਿੱਚ ਕਾਨਫਰੰਸਾਂ ਵਿੱਚੋਂ ਹੋਈਆਂ ਸਾਹਿਤਕ ਪ੍ਰਾਪਤੀਆਂ ਦਾ ਲੇਖਾ -ਜੋਖਾ ਨਿਰਪੱਖ ਹੋ ਕੇ ਕਰਨਾ ਬਣਦਾ ਸੀ, ਜੋ ਨਹੀਂ ਹੋ ਸਕਿਆ। ਫਿਰ 24-26 ਜੁਲਾਈ 2009 ਨੂੰ ਟਰਾਂਟੋ ਵਿਖੇ ‘ਅਜੀਤ ਵੀਕਲੀ’ ਦੇ ਸੰਪਾਦਕ ਡਾ. ਦਰਸ਼ਨ ਸਿੰਘ ਬੈਂਸ ਵੱਲੋਂ ਕਰਵਾਈ ਗਈ ਕਾਨਫਰੰਸ ਵਿੱਚ ਮੈਂ ਪੂਰੀ ਸਰਗਰਮੀ ਨਾਲ ਸ਼ਾਮਲ ਹੋਇਆ ਸੀ ਅਤੇ ਉਸ ਤੋਂ ਬਾਅਦ 2011 ਅਤੇ 2015 ਵਾਲੀ ਕਾਨਫਰੰਸ ਵਿੱਚ ਵੀ ਹਾਜ਼ਰੀ ਭਰੀ ਸੀ। ਜੁਲਾਈ 2009 ਵਾਲੀ ਕਾਨਫਰੰਸ ਵਿੱਚ ਜੋ 7 ਮਤੇ ਪਾਸ ਕੀਤੇ ਸਨ ਉਨ੍ਹਾਂ ਵਿੱਚੋਂ ਅਜੇ ਤੱਕ ਵੀ ਕੋਈ ਪੂਰਾ ਨਹੀਂ ਹੋਇਆ। ਉਂਜ ਇਹ ਕਨਫਰੰਸ ਹੋਰ ਕਾਨਫਰੰਸਾਂ ਦੇ ਮੁਕਾਬਲੇ ਇਸ ਕਰਕੇ ਸਫ਼ਲ ਕਹੀ ਜਾ ਸਕਦੀ ਹੈ ਕਿ ਇਸ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਲੇਖਕ ਅਤੇ ਸਾਹਿਤਕਾਰ ਆਪਣੇ-ਆਪਣੇ ਖੇਤਰ ਦੇ ਗੰਭੀਰ ਲੇਖਕ ਅਤੇ ਸਾਹਿਤਕਾਰ ਆਪਣੇ-ਆਪਣੇ ਖੇਤਰ ਦੇ ਗੰਭੀਰ ਚਿੰਤਕ ਅਤੇ ਬੁੱਧੀਜੀਵੀ ਪ੍ਰਵਾਨ ਕੀਤੇ ਜਾਂਦੇ ਹਨ।
ਟਰਾਂਟੋ 2009 ਵਾਲੀ ਕਾਨਫਰੰਸ ਤੋਂ ਬਾਅਦ ਪੰਜਾਬੀ ਵਿਸ਼ਵ ਕਾਨਫਰੰਸਾਂ ਦਾ ਅਜਿਹਾ ਸਿਲਸਿਲਾ ਸ਼ੁਰੂ ਹੋਇਆ ਕਿ ਪੰਜਾਬੀ ਵਿਸ਼ਵ ਕਾਨਫਰੰਸਾਂ ਦਾ ਜਿਵੇਂ ਹੜ੍ਹ ਹੀ ਆ ਗਿਆ ਹੋਵੇ। ਪੰਜਾਬ ਵਿੱਚ ਜਦੋਂ ਸਰਦੀ ਦੇ ਮੌਸਮ ਵਿੱਚ ਕੈਨੇਡੀਅਨ ਅਤੇ ਅਮਰੀਕਨ ਪੰਜਾਬੀ ਪੰਜਾਬ ਆਉਂਦੇ ਹਨ ਤਾਂ ਉਨ੍ਹਾਂ ਦੀ ਹਾਜ਼ਰੀ ਸਦਕਾ ਸਾਡੀ ਹਰ ਛੋਟੀ-ਵੱਡੀ ਸਾਹਿਤਕ ਇਕੱਤਰਤਾ ਵਿਸ਼ਵ ਕਾਨਫਰੰਸ ਵਿੱਚ ਬਦਲ ਜਾਂਦੀ ਹੈ। ਕਈ ਵਾਰ ਤਾਂ ਵਿਸ਼ਵ ਕਾਨਫਰੰਸ ਦਾ ਇਕੋ ਹੀ ਸੈਸ਼ਨ ਹੁੰਦਾ ਹੈ ਜਿਸ ਨੂੰ ਉਦਘਾਟਨੀ ਸੈਸ਼ਨ ਆਖਦੇ ਹਾਂ। ਕਿਸੇ ਪ੍ਰਭਾਵਸ਼ਾਲੀ ਸਿਆਸੀ ਸਖਸ਼ੀਅਤ ਨੂੰ ਮੁੱਖ ਮਹਿਮਾਨ ਦੇ ਤੌਰ ’ਤੇ ਬੁਲਾਕੇ ਬਾਹਰੋਂ ਆਏ ਮਹਿਮਾਨਾਂ ਦੇ ਗੱਲ ਵਿੱਚ ਲੋਈਆਂ ਦਾ ਸਨਮਾਨ ਪਾ ਦਿੱਤਾ ਜਾਂਦਾ ਹੈ। ਪ੍ਰਬੰਧਕ, ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਭਾਸ਼ਨ ਦਿੰਦੇ ਹਨ, ਮੀਡੀਆ ਕਵਰੇਜ਼ ਹੁੰਦੀ ਹੈ ਅਤੇ ਵਿਸ਼ਵ ਕਾਨਫਰੰਸ ਹੋ ਜਾਂਦੀ ਹੈ। ਕਾਲਜ ਪੱਧਰ ਦੇ ਸੈਮੀਨਾਰ ਵੀ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸਾਂ ਦਾ ਰੂਪ ਧਾਰ ਗਏ ਹਨ। ਰੋਜ਼ ਅਜਿਹੀਆਂ ਕਾਨਫਰੰਸਾਂ ਦੀ ਗਿਣਤੀ ਵੱਧ ਰਹੀ ਹੈ। ਯੂਨੀਵਰਸਿਟੀ ਅਤੇ ਕਾਲਜਾਂ ਤੋਂ ਇਲਾਵਾ ਹੋਰ ਅਦਾਰੇ ਵੀ ਇਸ ਪਾਸੇ ਧਿਆਨ ਦੇਣ ਲੱਗੇ ਹਨ। ਇਕ ਗਲੋਂ ਤਾਂ ਇਹ ਤਸੱਲੀ ਵਾਲੀ ਗੱਲ ਹੈ ਕਿ ਅਸੀਂ ਆਪਣੀ ਮਾਂ-ਬੋਲੀ ਦੇ ਭਵਿੱਖ ਬਾਰੇ ਸੁਚੇਤ ਹੋ ਰਹੇ ਹਾਂ। ਸਵਾਲ ਇਹ ਉਠਦਾ ਹੈ ਕਿ ਸੱਚਮੁੱਚ ਹੀ ਇਨ੍ਹਾਂ ਕਾਨਫਰੰਸਾਂ ਦਾ ਪੰਜਾਬੀ ਸਾਹਿਤ ਨੂੰ ਪ੍ਰਫੁਲਤ ਕਰਨ ਵਿੱਚ ਕੋਈ ਯੋਗਦਾਨ ਹੈ ਵੀ? ਦੂਜੇ ਪਾਸੇ ਇਹ ਵੀ ਸੋਚਿਆ ਜਾ ਸਕਦਾ ਹੈ ਕਿ ਅਸੀਂ ਕਾਨਫਰੰਸਾਂ ਦੀ ਗਿਣਤੀ ਵਧਾਉਣ ਦੀ ਬਜਾਏ ਗੁਣਾਤਮਕ ਪੱਧਰ ’ਤੇ ਗੰਭੀਰ ਹੋਈਏ। ਜੋ ਖਰਚਾ ਅਤੇ ਸਾਧਨ ਅਸੀਂ ਕਾਨਫਰੰਸਾਂ ’ਤੇ ਖਰਚਦੇ ਹਾਂ, ਉਸ ਦੀ ਥਾਂ ’ਤੇ ਪੰਜਾਬੀ ਸਾਹਿਤਕਾਰਾਂ ਨੂੰ ਵੱਡੀ ਰਾਸ਼ੀ ਵਾਲੇ ਕੁਝ ਸਨਮਾਨ ਦੇਣ ਦੇ ਸਮਰੱਥ ਬਣੀਏ ਤਾਂ ਜੋ ਚੰਗਾ ਸਾਹਿਤ ਰਚਣ ਦੀ ਪ੍ਰੇਰਨਾ ਮਿਲੇ।

Comments are closed.

COMING SOON .....


Scroll To Top
11