Tuesday , 17 July 2018
Breaking News
You are here: Home » Editororial Page » ਵਿਸ਼ਵ ਦੀਆਂ ਪ੍ਰਸਿੱਧ ਯੂਨੀਵਰਸਿਟੀਆਂ ਵਿੱਚ ਮੁਫਤ ਆਨਲਾਈਨ ਕੋਰਸ

ਵਿਸ਼ਵ ਦੀਆਂ ਪ੍ਰਸਿੱਧ ਯੂਨੀਵਰਸਿਟੀਆਂ ਵਿੱਚ ਮੁਫਤ ਆਨਲਾਈਨ ਕੋਰਸ

ਸਿੱਖਿਆ ਅਤੇ ਸਿਹਤ ਸਰਕਾਰਾਂ ਦੇ ਤਰਜੀਹੀ ਖੇਤਰ ਹੋਣੇ ਚਾਹੀਦੇ ਹਨ। ਅਫਸੋਸ ਇਸ ਗੱਲ ਦਾ ਹੈ ਸਾਡੇ ਦੇਸ਼ ਵਿੱਚ ਇਹ ਦੋਵੇਂ ਖੇਤਰ ਆਮ ਆਦਮੀ ਦੀ ਪਹੁੰਚ ਤੋਂ ਦੂਰ ਹਨ ਜਾਂ ਦੂਰ ਹੁੰਦੇ ਜਾ ਰਹੇ ਹਨ। ਉਚ ਸਿੱਖਿਆ ਦੀ ਗੱਲ ਛੱਡੋ ਸਾਡੇ ਦੇਸ਼ ਵਿੱਚ ਤਾਂ ਚੰਗੀ ਮੁੱਢਲੀ ਸਿੱਖਿਆ ਵੀ ਬਹੁਤ ਮਹਿੰਗੀ ਹੋ ਚੁੱਕੀ ਹੈ। ਸਰਕਾਰੀ ਸਕੂਲਾਂ ਵਿੱਚ ਤਾਂ ਸਿਰਫ ਗਰੀਬਾਂ ਦੇ ਬੱਚੇ ਪੜ੍ਹਦੇ ਹਨ ਅਤੇ ਜਿਨ੍ਹਾਂ ਨੂੰ ਬੜੀ ਮੁਸ਼ਕਿਲ ਨਾਲ ਪ੍ਰੇਰਕੇ ਅਤੇ ਮਿਡ-ਡੇ-ਮੀਲ ਦੇ ਲਾਲਚ ਵੱਸ ਸਕੂਲਾਂ ਵਿੱਚ ਲਿਜਾਇਆ ਜਾਂਦਾ ਹੈ। ਸਕੂਲੀ ਸਿਖਿਆ ਦੀ ਵਰਗ ਵੰਡ ਵੀ ਸਾਡੇ ਦੇਸ਼ ਦੀ ਹਕੀਕਤ ਹੈ। ਬਹੁਤ ਅਮੀਰਾਂ ਦੇ ਬੱਚੇ ਹੋਰ ਸਕੂਲਾਂ ਵਿੱਚ ਪੜ੍ਹਦੇ ਹਨ, ਉਚ ਮੱਧ ਵਰਗ ਦੇ ਬੱਚਿਆਂ ਲਈ ਕਈ ਕਿਸਮ ਦੇ ਪਬਲਿਕ ਅਤੇ ਕਾਨਵੈਂਟ ਸਕੂਲ ਹਨ ਅਤੇ ਮੱਧ ਵਰਗ ਪਰਿਵਾਰਾਂ ਦੇ ਬੱਚੇ ਪਬਲਿਕ ਸਕੂਲਾਂ ਵਿੱਚ ਜਾਣ ਨੂੰ ਤਰਜੀਹ ਦਿੰਦੇ ਹਨ। ਨਿੱਚਲਾ ਮੱਧ ਵਰਗ ਅਤੇ ਗਰੀਬ ਪਰਿਵਾਰਾਂ ਦੇ ਬੱਚੇ ਸਹੂਲਤਹੀਣ ਸਕੂਲਾਂ ਵਿੱਚ ਜਾਣ ਲਈ ਮਜ਼ਬੂਰ ਹੁੰਦੇ ਹਨ। ਇਸ ਤਰ੍ਹਾਂ ਦਾ ਹਾਲ ਉਚ ਸਿੱਖਿਆ ਦਾ ਹੈ। ਮਹਿੰਗੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਪੜ੍ਹਨ ਦਾ ਸੁਪਨਾ ਵੇਖਣਾ ਆਮ ਵਿਦਿਆਰਥੀ ਦੇ ਵੱਸ ਤੋਂ ਬਾਹਰ ਦੀ ਗੱਲ ਹੈ।
ਭਾਰਤ ਵਰਗੇ ਦੇਸ਼ ਦੇ ਵਿਦਿਆਰਥੀਆਂ ਲਈ ਤਾਂ ਦੇਸ਼ ਦੀਆਂ ਚੰਗੀਆਂ ਯੂਨੀਵਰਸਿਟੀਆਂ ਵਿੱਚ ਪੜ੍ਹਨਾ ਮੁਸ਼ਕਿਲ ਹੁੰਦਾ ਹੈ ਅਤੇ ਦੁਨੀਆਂ ਦੀਆਂ ਪ੍ਰਸਿੱਧ ਯੂਨੀਵਰਸਿਟੀਆਂ ਵਿੱਚ ਪੈਰ ਧਰਨਾ ਤਾਂ ਉਨ੍ਹਾਂ ਲਈ ਸੁਪਨਾ ਹੀ ਹੁੰਦਾ ਹੈ। ਤਸੱਲੀ ਵਾਲੀ ਗੱਲ ਇਹ ਹੈ ਕਿ ਅੱਜ ਕੱਲ੍ਹ ਕੁਝ ਯੂਨੀਵਰਸਿਟੀਆਂ ਵੱਲੋਂ ਮੁਫਤ ਆਨਲਾਈਨ ਕੋਰਸ ਕਰਵਾਉਣ ਨਾਲ ਵਿਦਿਆਰਥੀਆਂ ਦੀ ਇਹ ਸਮੱਸਿਆ ਦੂਰ ਕਰਨ ਦੇ ਹੀਲੇ ਕੀਤੇ ਜਾ ਰਹੇ ਹਨ। ਜਿਸ ਤਰ੍ਹਾਂ ਦੇ ਆਨਲਾਈਨ ਕੋਰਸ ਅਜਿਹੀਆਂ ਯੂਨੀਵਰਸਿਟੀ ਵੱਲੋਂ ਤਜਵੀਜ਼ ਕੀਤੇ ਗਏ ਹਨ, ਉਹ ਸਿਰਫ ਮਹਿੰਗੇ ਹੀ ਨਹੀਂ ਸਗੋਂ ਉਨ੍ਹਾਂ ਵਿੱਚ ਦਾਖਲਾ ਲੈਣ ਲਈ ਕਸੌਟੀ ਵੀ ਬੜੀ ਔਖੀ ਹੁੰਦੀ ਹੈ। ਬਹੁਤ ਘੱਟ ਹੀ ਵਿਦਿਆਰਥੀ ਅਜਿਹੀ ਕਸੌਟੀ ’ਤੇ ਖ਼ਰੇ ਉਤਰਦੇ ਹਨ। ਇੰਟਰਨੈਟ ਦੀ ਆਮਦ ਤੋਂ ਬਾਅਦ ਹੋਰਨਾਂ ਖੇਤਰਾਂ ਵਾਂਗ ਸਿੱਖਿਆ ਦੇ ਖੇਤਰ ਵਿੱਚ ਵੀ ਤਰ੍ਹਾਂ-ਤਰ੍ਹਾਂ ਦੇ ਤਜ਼ਰਬੇ ਹੋ ਰਹੇ ਹਨ। ਹੁਣ ਕਈ ਪ੍ਰਸਿੱਧ ਯੂਨੀਵਰਸਿਟੀਆਂ ਆਨਲਾਈਨ ਕੋਰਸਾਂ ਨੂੰ ਲੈ ਕੇ ਮੈਦਾਨ ਵਿੱਚ ਨਿਤਰੀਆਂ ਹਨ। ਕਮਾਲ ਇਹ ਹੈ ਕਿ ਅਜਿਹੇ ਕੋਰਸ ਸਾਰਿਆਂ ਲਈ ਬਿਲਕੁਲ ਮੁਫਤ ਹਨ। ਦੁਨੀਆਂ ਦੀਆਂ 1000 ਯੂਨੀਵਰਸਿਟੀਆਂ ਦੀ ਸੂਚੀ ਵਿੱਚੋਂ ‘ਟਾਇਮਜ਼ ਹਾਇਰ ਐਜੂਕੇਸ਼ਨ’ ਬ੍ਰਿਟਿਸ਼ ਮੈਗਜ਼ੀਨ ਹਰ ਸਾਲ ਆਕਸਫੌਰਡ ਯੂਨੀਵਰਸਿਟੀ ਨੂੰ ਪਹਿਲੇ ਨੰਬਰ ’ਤੇ ਛਾਪਦੀ ਹੈ। ਇਸ ਸੂਚੀ ਵਿੱਚ ਬਰਤਾਨੀਆਂ ਅਤੇ ਅਮਰੀਕਾ ਸਿਖਰ ’ਤੇ ਹੁੰਦੇ ਹਨ। ਹੁਣ ਆਕਸਫੋਰਡ ਯੂਨੀਵਰਸਿਟੀ ਨੇ ਬਹੁਤ ਸਾਰੇ ਕੋਰਸ ਇੰਟਰਨੈਟ ਜ਼ਰੀਏ ਮੁਹੱਈਆ ਕਰਵਾਏ ਹਨ, ਜਿਨ੍ਹਾਂ ਨੂੰ ਪੋਡਕਾਸਟ, ਟੈਕਸਟ ਅਤੇ ਵੀਡੀਓ ਜਰੀਏ ਦੇਖਿਆ ਜਾ ਸਕਦਾ ਹੈ। ਸਾਹਿਤ ਵਿੱਚ ਇਸ ਯੂਨੀਵਰਸਿਟੀ ਨੇ ਸੈਕਸਪੀਅਰ ਬਾਰੇ ਕੋਰਸ ਸ਼ੁਰੂ ਕੀਤਾ ਹੈ। ਇਸ ਤਰ੍ਹਾਂ ਕਲਾ, ਦਰਸ਼ਨ ਸ਼ਾਸਤਰ, ਬਿਜਨਿਸ ਅਤੇ ਸ਼ੋਸਾਲੋਜੀ ਆਦਿ ਵਿੱਚ ਕਰੋਸ ਕਰਵਾਉਣ ਦੀ ਪੇਸ਼ਕਸ਼ ਕੀਤੀ ਗਈ ਹੈ। ਇਹ ਸਾਰੇ ਕੋਰਸ ਅੰਗਰੇਜ਼ੀ ਮਾਧਿਅਮ ਵਿੱਚ ਹਨ।
ਦੁਨੀਆਂ ਵਿੱਚ ਇਕ ਹੋਰ ਪ੍ਰਸਿੱਧ ਯੂਨੀਵਰਸਿਟੀ ‘ਯੂਨੀਵਰਸਿਟੀ ਆਫ ਕੈਂਬਰੇਜ’ ਇਸ ਮੈਦਾਨ ਵਿੱਚ ਨਿੱਤਰ ਆਈ ਹੈ। ਟਾਇਮਜ਼ ਹਾਇਰ ਐਜੂਕੇਸ਼ਨ ਦੇ 2017 ਐਡੀਸ਼ਨ ਵਿੱਚ ਇਹ ਯੂਨੀਵਰਸਿਟੀ ਦੁਨੀਆਂ ਦੀਆਂ ਬਿਹਤਰੀਨ ਯੂਨੀਵਰਸਿਟੀਆਂ ਵਿੱਚੋਂ ਦੂਜੇ ਨੰਬਰ ’ਤੇ ਹੈ। ਇਹ ਯੂਨੀਵਰਸਿਟੀ ਚੀਨੀ, ਜਰਮਨ ਅਤੇ ਅਰਬੀ ਆਦਿ ਭਸ਼ਾਵਾਂ ਦੇ ਕੋਰਸ ਕਰਵਾਉਂਦੀ ਹੈ। ਅਮਰੀਕਾ ਦੇ ਪਾਸਾਡੇਨਾ ਸ਼ਹਿਰ ਵਿੱਚ ਸਥਿਤ ਕੈਲੀਫੋਰਨੀਆ ਇੰਸਟੀਚਿਊਟ ਆਫ ਟੈਕਨਾਲੋਜੀ (ਕੈਲਟੈਕ) ਨੇ ਵਿਗਿਆਨ ਅਤੇ ਤਕਨਾਲੋਜੀ ਵਿੱਚ ਕੋਰਸ ਆਰੰਭ ਕੀਤੇ ਹਨ। ਕੈਲਟੈਕ ਨੇ ਆਪਣੀ ਵੈਬਸਾਈਟ ’ਤੇ ਲਿਖਿਆ ਹੈ। ‘‘ਇੰਟਰਨੈਟ ਜ਼ਰੀਏ ਸਾਡਾ ਮਕਸਦ ਉਨ੍ਹਾਂ ਨੂੰ ਪੜ੍ਹਾਉਣਾ ਹੈ ਜੋ ਭਵਿੱਖ ’ਚ ਵਿਗਿਆਨੀ ਅਤੇ ਇੰਜੀਨੀਅਰ ਬਣਨਾ ਚਾਹੁੰਦੇ ਹਨ। ਅਸੀਂ ਦਿਖਾਉਣਾ ਚਾਹੁੰਦੇ ਹਾਂ ਕਿ ਇਸ ਵਿੱਚ ਕਿਵੇਂ ਬਦਲਾਅ ਲਿਆਂਦਾ ਜਾ ਸਕਦਾ ਹੈ।’’ ਐਪਲ ਦੇ ਬਾਨੀ ਸਟੀਵ ਜ਼ੋਬਜ ਦੀ ਬਣਾਈ ‘ਯੂਨੀਵਰਸਿਟੀ ਆਫ ਸਟੈਨਫੋਰਡ’ ਵੱਲੋਂ ਕੰਪਿਊਟਰ ਸਾਇੰਸਜ਼ ਅਤੇ ਮੈਡੀਸਨ ਵਿੱਚ ਬਹੁਤ ਸਾਰੇ ਕੋਰਸ ਮੁਫਤ ਕਰਵਾਏ ਜਾ ਰਹੇ ਹਨ। ਇਸੇ ਤਰ੍ਹਾਂ ਅਮਰੀਕਾ ਦੀ ਮਾਸਚੂਸਟਸ ਇੰਸਟੀਚਿਊਟ ਆਫ ਟੈਕਾਨਲੋਜੀ ਵਲੋਂ ਵੀ ਕਈ ਮੁਫਤ ਕੋਰਸ ਇੰਟਰਨੈਟ ’ਤੇ ਮੁਹੱਈਆ ਕਰਵਾਏ ਗਏ ਹਨ। ਇਸੇ ਤਰ੍ਹਾਂ ਅਮਰੀਕਾ ਦੀ ਚੌਥੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਪ੍ਰਿੰਸਟਨ ਅਤੇ ਹਾਰਵਰਡ ਯੂਨੀਵਰਸਿਟੀ ਨੇ ਮੁਫਤ ਆਨਲਾਇਨ ਕੋਰਸਾਂ ਦੀ ਸੁਵਿੱਧਾ ਮੁਹੱਈਆ ਕਰਵਾਈ ਹੈ। ਇਸੇ ਸੂਚੀ ਵਿੱਚ ਯੂਨੀਵਰਸਿਟੀ ਆਫ ਸਿਕ੍ਯਾਂਗੋ ਅਤੇ ਯੂਨੀਵਰਸਿਟੀ ਆਫ ਪੈਨਸੀਲਵੇਨੀਆ ਨੂੰ ਵੀ ਰੱਖਿਆ ਜਾ ਸਕਦਾ ਹੈ।
ਉਕਤ ਚਰਚਾ ਤੋਂ ਸਪੱਸ਼ਟ ਹੈ ਕਿ ਇੰਟਰਨੈਟ ਦੀ ਆਮਦ ਤੋਂ ਬਾਅਦ ਸਿੱਖਿਆ ਖੇਤਰ ਵਿੱਚ ਵੱਡੀਆਂ ਤਬਦੀਲੀਆਂ ਵੇਖੀਆਂ ਜਾ ਸਕਦੀਆਂ ਹਨ। ਹੁਣ ਇਹ ਤਬਦੀਲੀਆਂ ਹੋਰ ਵੀ ਸਕਾਰਤਮਕ ਰੂਪ ਧਾਰਨ ਕਰ ਰਹੀਆਂ ਜਦੋਂ ਕਿ ਦੁਨੀਆਂ ਦੀਆਂ ਪ੍ਰਸਿੱਧ ਯੂਨੀਵਰਸਿਟੀਆਂ ਮੁਫਤ ਆਨਲਾਇਨ ਕੋਰਸ ਲੈ ਕੇ ਸਿੱਖਿਆ ਮੈਦਾਨ ਵਿੱਚ ਆ ਗਈਆਂ ਹਨ। ਨਿਸ਼ਚਿਤ ਤੌਰ ’ਤੇ ਇਹ ਵਿਕਾਸਸ਼ੀਲ ਅਤੇ ਗਰੀਬ ਦੇਸ਼ਾਂ ਦੇ ਵਿਦਿਆਰਥੀਆਂ ਲਈ ਸੁਨਹਿਰੀ ਮੌਕੇ ਪੈਦਾ ਕਰਨ ਵਿੱਚ ਸਹਾਈ ਹੋਣਗੀਆਂ। ਸਾਡੇ ਵਿਦਿਆਰਥੀਆਂ ਨੂੰ ਵੀ ਇਨ੍ਹਾਂ ਕੋਰਸਾਂ ਦਾ ਫਾਇਦਾ ਉਠਾਉਣਾ ਚਾਹੀਦਾ ਹੈ।

Comments are closed.

COMING SOON .....
Scroll To Top
11