Friday , 19 April 2019
Breaking News
You are here: Home » EDITORIALS » ਵਿਦੇਸ਼ਾਂ ’ਚ ਭਾਰਤੀ ਕਾਮਿਆਂ ਦੀ ਹਾਲਤ

ਵਿਦੇਸ਼ਾਂ ’ਚ ਭਾਰਤੀ ਕਾਮਿਆਂ ਦੀ ਹਾਲਤ

ਵੱਖ-ਵੱਖ ਦੇਸ਼ਾਂ ਵਿੱਚ ਕੰਮ ਕਰ ਰਹੇ ਭਾਰਤੀ ਕਾਮੇ ਔਖੀਆਂ ਸਥਿਤੀਆਂ ਦਾ ਸਾਹਮਣਾ ਕਰ ਰਹੇ ਹਨ। ਦੇਸ਼ ਵਿੱਚ ਰੁਜ਼ਗਾਰ ਨਹੀਂ ਮਿਲਦਾ ਇਸ ਲਈ ਭਾਰਤੀਆਂ ਨੂੰ ਨੌਕਰੀ ਅਤੇ ਦਿਹਾੜੀ ਲਈ ਦੂਸਰੇ ਦੇਸ਼ਾਂ ਵਿੱਚ ਜਾਣਾ ਪੈਂਦਾ ਹੈ। ਜਾਣ ਦਾ ਤਰੀਕਾ ਵੀ ਲਗਭਗ ਗੈਰ ਕਾਨੂੰਨੀ ਹੁੰਦਾ ਹੈ। ਫਿਰ ਉਥੇ ਜਾ ਕੇ ਹੋਰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਆਪਣੇ ਪਰਿਵਾਰਾਂ ਨੂੰ ਪਾਲਣ ਲਈ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਔਖਿਆਂ ਹਾਲਾਤਾਂ ਵਿੱਚ ਗੁਜ਼ਾਰਾ ਕਰਨ ਲਈ ਮਜ਼ਬੂਰ ਹੋਣਾ ਪੈਂਦਾ ਹੈ। ਦੁੱਖ ਦੀ ਗੱਲ ਤਾਂ ਇਹ ਹੈ ਕਿ ਭਾਰਤ ਸਰਕਾਰ ਅਤੇ ਵੱਖ-ਵੱਖ ਦੇਸ਼ਾਂ ਵਿੱਚ ਸਥਿਤ ਭਾਰਤੀ ਸਫਾਰਤਖਾਨੇ ਇਨ੍ਹਾਂ ਮਜ਼ਦੂਰਾਂ ਦੀ ਬਾਂਹ ਨਹੀਂ ਫੜਦੇ। ਜ਼ਿਆਦਾਤਰ ਮਾਮਲਿਆਂ ਵਿੱਚ ਅਜਿਹੇ ਕਾਮਿਆਂ ਨੂੰ ਖੁਦ ਹੀ ਆਪਣੇ ਲਈ ਲੜਾਈ ਲੜਨੀ ਪੈਂਦੀ ਹੈ। ਸਾਊਦੀ ਅਰਬ ਵਿੱਚ 10 ਹਜ਼ਾਰ ਤੋਂ ਵਧੇਰੇ ਭਾਰਤੀ ਕਾਮਿਆਂ ਬੇਰੁਜ਼ਗਾਰੀ ਅਤੇ ਭੁਖਮਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੀ ਬੁਰੀ ਹਾਲਤ ਦੀਆਂ ਖਬਰਾਂ ਮੀਡੀਆ ਵਿੱਚ ਆਉਣ ਤੋਂ ਬਾਅਦ ਹੀ ਭਾਰਤ ਸਰਕਾਰ ਨੇ ਕੁਝ ਸਰਗਰਮੀ ਦਿਖਾਈ ਹੈ। ਇਹ ਸਰਗਰਮੀ ਵੀ ਸਿਰਫ ਭੋਜਨ ਮੁਹੱਈਆ ਕਰਵਾਉਣ ਤੱਕ ਸੀਮਿਤ ਹੈ। ਜੇਕਰ 10 ਹਜ਼ਾਰ ਭਾਰਤੀ ਕਾਮੇ ਦੇਸ਼ ਵਾਪਸ ਆਉਂਦੇ ਹਨ ਤਾਂ ਉਨ੍ਹਾਂ ਲਈ ਹੋਰ ਵੱਡੀ ਮੁਸ਼ਕਿਲ ਹੋਵੇਗੀ। ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਇਹ ਮਾਮਲਾ ਬੇਸ਼ਕ ਉਥੇ ਦੀ ਸਰਕਾਰ ਨਾਲ ਉਠਾਇਆ ਗਿਆ ਹੈ, ਪ੍ਰੰਤੂ ਹਾਲੇ ਤੱਕ ਇਸ ਮਸਲੇ ਦਾ ਕੋਈ ਪੱਕਾ ਹੱਲ ਨਹੀਂ ਨਿਕਲਿਆ। ਇਸ ਕਾਰਨ ਹੀ ਵਿਦੇਸ਼ ਮਾਮਲਿਆਂ ਬਾਰੇ ਰਾਜ ਮੰਤਰੀ ਵੀ ਕੇ ਸਿੰਘ ਛੇਤੀ ਹੀ ਸਾਊਦੀ ਅਰਬ ਜਾ ਰਹੇ ਹਨ। ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਭਾਰਤੀ ਕਾਮਿਆਂ ਦੇ ਮੁੜ ਵਸੇਬੇ ਅਤੇ ਮੁੜ ਨੌਕਰੀਆਂ ਹਾਸਿਲ ਕਰਨ ਵਿੱਚ ਮਦਦ ਕਰੇ। ਇਹ ਸ਼ਲਾਘਾਯੋਗ ਹੈ ਕਿ ਭਾਰਤੀ ਕੌਂਸਲਖਾਨੇ ਵੱਲੋਂ ਬੇਰੁਜ਼ਗਾਰ ਹੋਏ 10,000 ਭਾਰਤੀਆਂ ਦੇ ਖਾਣ ਪੀਣ ਤੇ ਰਹਿਣ ਦੇ ਇਤਜ਼ਾਮ ਕੀਤੇ ਗਏ ਹਨ। ਸਾਊਦੀ ਅਰਬ ਦੇ ਅਧਿਕਾਰੀਆਂ ਨੇ ਭਰੋਸਾ ਦਿਵਾਇਆ ਹੈ ਕਿ ਪੀੜਤ ਭਾਰਤੀ ਕਾਮਿਆਂ ਦੇ ਨਿਕਾਸੀ ਵੀਜ਼ੇ ਪ੍ਰਾਸੈਸ ਕੀਤੇ ਜਾਣਗੇ ਅਤੇ ਉਨ੍ਹਾਂ ਦੀਆਂ ਤਨਖ਼ਾਹਾਂ ਬਾਰੇ ਕਲੇਮਾਂ ‘ਤੇ ਗੌਰ ਕੀਤੀ ਜਾਵੇਗੀ।ਤੇਲ ਦੀਆਂ ਕੌਮਾਂਤਰੀ ਕੀਮਤਾਂ ਡਿਗਣ ਕਾਰਨ ਸਾਊਦੀ ਅਰਥਚਾਰੇ ’ਤੇ ਮੰਦੀ ਦੀ ਮਾਰ ਪੈ ਰਹੀ ਹੈ ਤੇ ਕੰਪਨੀਆਂ ਬੰਦ ਹੋਣ ਕਾਰਨ ਹਜ਼ਾਰਾਂ ਲੋਕਾਂ ਦਾ ਰੁਜ਼ਗਾਰ ਖੁਸ ਗਿਆ ਹੈ।ਕਚੇ ਤੇਲ ਦੀਆਂ ਕੀਮਤਾਂ ਵਿਚ ਗਿਰਾਵਟ ਜਾਰੀ ਰਹਿਣ ਕਾਰਨ ਸਾਊਦੀ ਅਰਬ ਤੇ ਮਧ ਪੂਰਬ ਦੇ ਕਈ ਹੋਰ ਮੁਲਕਾਂ ਵਿਚ ਉਸਾਰੀ ਸਨਅਤ ਮੰਦੇ ਦੀ ਜਕੜ ਵਿਚ ਚਲ ਰਹੀ ਹੈ।ਉਮੀਦ ਕਰਨੀ ਚਾਹੀਦੀ ਹੈ ਕਿ ਇਹ ਸੰਕਟ ਛੇਤੀ ਹੀ ਹੱਲ ਹੋ ਜਾਵੇਗਾ ਅਤੇ ਭਾਰਤੀ ਕਾਮਿਆਂ ਨੂੰ ਵਾਪਸ ਨਹੀਂ ਪਰਤਣਾ ਪਵੇਗਾ।
– ਬਲਜੀਤ ਸਿੰਘ ਬਰਾੜ

Comments are closed.

COMING SOON .....


Scroll To Top
11