Tuesday , 18 June 2019
Breaking News
You are here: Home » PUNJAB NEWS » ਵਿਜੈ ਪ੍ਰਤਾਪ ਸਿੰਘ ਦੇ ਤਬਾਦਲੇ ਨਾਲ ਸਿਆਸੀ ਭੂਚਾਲ

ਵਿਜੈ ਪ੍ਰਤਾਪ ਸਿੰਘ ਦੇ ਤਬਾਦਲੇ ਨਾਲ ਸਿਆਸੀ ਭੂਚਾਲ

ਕੈਪਟਨ ਵੱਲੋਂ ਕਮਿਸ਼ਨ ਦੀ ਕਾਰਵਾਈ ਪੱਖਪਾਤੀ ਕਰਾਰ

ਚੰਡੀਗੜ੍ਹ, 9 ਅਪ੍ਰੈਲ- ਚੋਣ ਕਮਿਸ਼ਨ ਵਲੋਂ ਆਈ.ਜੀ. ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ਤਬਾਦਲੇ ਨੇ ਪੰਜਾਬ ਦੀ ਸਿਆਸਤ ਵਿਚ ਭੂਚਾਲ ਲਿਆ ਦਿਤਾ ਹੈ। ਇਕ ਪਾਸੇ ਕਾਂਗਰਸ ਇਸ ਨੂੰ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦੀ ਚੋਣ ਕਮਿਸ਼ਨ ਨਾਲ ਮਿਲੀਭੁਗਤ ਕਰਾਰ ਦੇ ਰਹੀ ਹੈ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਤੇ ਹੋਰ ਵਿਰੋਧੀ ਧਿਰਾਂ ਇਸ ਨੂੰ ਕਾਂਗਰਸ-ਅਕਾਲੀ ਦਲ ਦੀ ਸਾਂਝੀ ਖੇਡ ਕਰਾਰ ਦੇ ਰਹੀਆਂ ਹਨ। ਉਧਰ ਕਾਂਗਰਸ ਨੇ ਅਜ ਇਸ ਫੈਸਲੇ ਨੂੰ ਬਦਲਣ ਲਈ ਚੋਣ ਕਮਿਸ਼ਨ ਕੋਲ ਪਹੁੰਚ ਕਰਨ ਦਾ ਫੈਸਲਾ ਕੀਤਾ ਹੈ। ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਚੋਣ ਕਮਿਸ਼ਨ ਨੂੰ ਪਤਰ ਲਿਖਿਆ ਜਾਏਗਾ। ਆਈ.ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਤਬਾਦਲੇ ਦੇ ਹੁਕਮ ਨੂੰ ਪਖਪਾਤੀ ਕਰਾਰ ਦਿੰਦਿਆਂ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਹ ਇਸ ਫ਼ੈਸਲੇ ਦੀ ਸਮੀਖਿਆ ਕਰਵਾਉਣ ਦੀ ਮੰਗ ਨੂੰ ਲੈ ਕੇ ਭਾਰਤੀ ਚੋਣ ਕਮਿਸ਼ਨ ਤਕ ਪਹੁੰਚ ਕਰਨਗੇ। ਮੁਖ ਮੰਤਰੀ ਨੇ ਕਿਹਾ ਕਿ ਵਿਸ਼ੇਸ਼ ਜਾਂਚ ਟੀਮ ਸਾਲ 2015 ਦੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਹੈ ਤੇ ਇਕ ਅਕਾਲੀ ਆਗੂ ਦੀ ਸ਼ਿਕਾਇਤ ਉਤੇ ਇਸ ਟੀਮ ਦੇ ਮੋਹਰੀ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਸਿਟ ਤੋਂ ਲਾਂਭੇ ਕਰ ਦਿਤਾ। ਮੁਖ ਮੰਤਰੀ ਨੇ ਕਿਹਾ ਕਿ ਅਕਾਲੀ ਤਾਂ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਵਿਚ ਅੜਿਕਾ ਪਾਉਣ ਦੇ ਯਤਨ ਪਹਿਲਾਂ ਤੋਂ ਹੀ ਕਰਦੇ ਰਹੇ ਹਨ ਪਰ ਕਦੇ ਕਾਮਯਾਬ ਨਹੀਂ ਹੋ ਸਕੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਸਦਾ ਇਹੋ ਲਗਦਾ ਰਹਿੰਦਾ ਹੈ ਕਿ ਇਸ ਸਿਟ ਦੀ ਜਾਂਚ ਉਨ੍ਹਾਂ ਨੂੰ ਬੇਨਕਾਬ ਕਰ ਕੇ ਰਖ ਦੇਵੇਗੀ। ਇਸੇ ਲਈ ਉਹ ਇਸ ਜਾਂਚ ਦਾ ਵਿਰੋਧ ਕਰ ਰਹੇ ਹਨ। ਇਕ ਸਰਕਾਰੀ ਬੁਲਾਰੇ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਦਾ ਇਹ ਵੀ ਵਿਚਾਰ ਸੀ ਕਿ ਚੋਣ ਕਮਿਸ਼ਨ ਨੇ ਇਹ ਬੇਹਦ ਪਖਪਾਤੀ ਕਾਰਵਾਈ ਸਤਾਧਾਰੀ ਭਾਜਪਾ ਦੇ ਕਹਿਣ ਉਤੇ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਹਰ ਤਰ੍ਹਾਂ ਦੇ ਘਟੀਆ ਦਾਅ–ਪੇਚ ਵਰਤ ਰਹੀ ਹੈ, ਚੁਣ–ਚੁਣ ਕੇ ਬਦਲੇ ਲਏ ਜਾ ਰਹੇ ਹਨ, ਸੂਬੇ ਦੇ ਮਾਮਲਿਆਂ ਵਿਚ ਦਖ਼ਲ ਦਿਤਾ ਜਾ ਰਿਹਾ ਹੈ। ਅਜਿਹਾ ਸਭ ਖ਼ੁਦ ਨੂੰ ਤੇ ਆਪਣੇ ਭਾਈਵਾਲਾਂ ਨੂੰ ਬਚਾਉਣ ਲਈ ਕੀਤਾ ਜਾ ਰਿਹਾ ਹੈ। ਇਸ ਦਾ ਵਿਰੋਧ ਕਰਦਿਆਂ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਆਈ.ਜੀ. ਕੁੰਵਰ ਵਿਜੈ ਪ੍ਰਤਾਪ ਨੂੰ ਲਾਂਭੇ ਕਰਨਾ ਸਹੀ ਫੈਸਲਾ ਹੈ। ਉਨ੍ਹਾਂ ਕਿਹਾ ਕਿ ਆਈ.ਜੀ. ਦੀ ਕਾਰਗੁਜ਼ਾਰੀ ਦਾ ਸਭ ਨੂੰ ਪਤਾ ਹੈ। ਉਹ ਕਾਂਗਰਸ ਦੇ ਵਰਕਰ ਵਾਂਗ ਕੰਮ ਕਰ ਰਹੇ ਸਨ। ਇਸ ਸਿਆਸੀ ਅਖਾੜੇ ਵਿਚ ਨਿਤਰਦਿਆਂ ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਕਾਂਗਰਸ ਤੇ ਅਕਾਲੀ ਦਲ ਮਿਲੇ ਹੋਏ ਹਨ।। ‘ਆਪ’ ਲੀਡਰ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਸਾਜਿਸ਼ ਤਹਿਤ ਆਈ.ਜੀ. ਦਾ ਤਬਾਦਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਨੇ ਬਾਦਲਾਂ ਨੂੰ ਬਚਾਉਣ ਲਈ ਚਾਲ ਚਲੀ ਹੈ। ਇਸ ਦੇ ਨਾਲ ਹੀ ਕੁੰਵਰ ਵਿਜੈ ਪ੍ਰਤਾਪ ਦੇ ਤਬਾਦਲੇ ਨੂੰ ਲੈ ਕੇ ਸਿਖ ਜਥੇਬੰਦੀਆਂ ਵਿਚ ਰੋਸ ਹੈ। ਅਜ ਬਰਗਾੜੀ ਦੇ ਗੁਰਦੁਆਰਾ ਪਾਤਸ਼ਾਹੀ 10ਵੀਂ ਤੋਂ ਰੋਸ ਮਾਰਚ ਕਢਿਆ ਗਿਆ ਜਿਸ ਵਿਚ ਪੰਜਾਬ ਸਰਕਾਰ, ਸ਼੍ਰੋਮਣੀ ਅਕਾਲੀ ਦਲ ਤੇ ਚੋਣ ਕਮਿਸ਼ਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਸਿਖ ਆਗੂਆਂ ਨੇ ਮੰਗ ਕੀਤੀ ਕਿ ਕੁੰਵਰ ਵਿਜੈ ਪ੍ਰਤਾਪ ਨੂੰ ਮੁੜ ਸਿਟ ਮੈਂਬਰ ਵਜੋਂ ਤਾਇਨਾਤ ਕੀਤਾ ਜਾਵੇ। ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿਤੀ ਕਿ ਜੇਕਰ 11 ਅਪ੍ਰੈਲ ਤਕ ਕੁੰਵਰ ਵਿਜੈ ਪ੍ਰਤਾਪ ਦੀ ਤਾਇਨਾਤੀ ਮੁੜ ਨਾ ਹੋਈ ਤਾਂ ਸਿਖ ਜਥੇਬੰਦੀਆਂ ਵਲੋਂ ਭਾਰਤੀ ਚੋਣ ਕਮਿਸ਼ਨ ਦੇ ਦਫਤਰ ਬਾਹਰ ਦਿਲੀ ਵਿਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਬਰਗਾੜੀ ਮੋਰਚੇ ਦੇ ਪੰਥਕ ਆਗੂ ਧਿਆਨ ਸਿੰਘ ਮੰਡ ਨੇ ਆਈ.ਜੀ.ਪੀ. ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਤਬਾਦਲੇ ਦਾ ਜ਼ੋਰਦਾਰ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇ ਇਕ ਹਫ਼ਤੇ ਦੇ ਅੰਦਰ ਇਹ ਤਬਾਦਲਾ ਰਦ ਨਾ ਕੀਤਾ ਗਿਆ, ਤਾਂ ਉਹ ਇਸ ਵਿਰੁਧ ਰੋਸ ਪ੍ਰਦਰਸ਼ਨ ਸ਼ੁਰੂ ਕਰ ਦੇਣਗੇ। ਉਨ੍ਹਾਂ ਦਸਿਆ ਕਿ ਉਹ ਆਉਂਦੀ 12 ਅਪ੍ਰੈਲ ਨੂੰ ਦਿਲੀ ਸਥਿਤ ਭਾਰਤੀ ਚੋਣ ਕਮਿਸ਼ਨ ਦੇ ਦਫ਼ਤਰ ਨੂੰ ਇਸ ਸਬੰਧੀ ਇਕ ਯਾਦ–ਪਤਰ (ਮੈਮੋਰੈਂਡਮ) ਵੀ ਦੇਣ ਜਾ ਰਹੇ ਹਨ। ਉਧਰ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਮੋਹਕਮ ਸਿੰਘ ਨੇ ਵੀ 12 ਅਪ੍ਰੈਲ ਨੂੰ ਦਿਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਮੁਖ ਚੋਣ ਕਮਿਸ਼ਨ ਦੇ ਦਫ਼ਤਰ ਤਕ ਰੋਸ ਮਾਰਚ ਕਰਨ ਦਾ ਐਲਾਨ ਕੀਤਾ ਹੈ।

Comments are closed.

COMING SOON .....


Scroll To Top
11