Friday , 20 April 2018
Breaking News
You are here: Home » PUNJAB NEWS » ਵਿਜੀਲੈਂਸ ਵੱਲੋਂ ਪੀ.ਟੀ.ਯੂ ਦਾ ਸਾਬਕਾ ਉਪ ਕੁਲਪਤੀ ਰਜਨੀਸ਼ ਅਰੋੜਾ ਗ੍ਰਿਫਤਾਰ

ਵਿਜੀਲੈਂਸ ਵੱਲੋਂ ਪੀ.ਟੀ.ਯੂ ਦਾ ਸਾਬਕਾ ਉਪ ਕੁਲਪਤੀ ਰਜਨੀਸ਼ ਅਰੋੜਾ ਗ੍ਰਿਫਤਾਰ

ਤਫ਼ਤੀਸ਼ ਦੌਰਾਨ ਮਿਲੀਆਂ ਯੂਨੀਵਰਸਿਟੀ ’ਚ ਵੱਡੀਆਂ ਵਿੱਤੀ ਅਤੇ ਪ੍ਰਬੰਧਕੀ ਬੇਨਿਯਮੀਆਂ

ਚੰਡੀਗੜ੍ਹ, 8 ਜਨਵਰੀ- ਪੰਜਾਬ ਵਿਜੀਲੈਂਸ ਬਿਓਰੋ ਨੇ ਅੱਜ ਆਈ.ਕੇ ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ (ਪੀ.ਟੀ.ਯੂ.) ਕਪੂਰਥਲਾ ਦੇ ਸਾਬਕਾ ਉਪ ਕੁਲਪਤੀ ਡਾ. ਰਜਨੀਸ਼ ਅਰੋੜਾ ਨੂੰ ਉਸਦੇ ਕਾਰਜਕਾਲ ਦੌਰਾਨ ਯੂਨੀਵਰਸਿਟੀ ਵਿਚ ਵਿੱਤੀ ਅਤੇ ਪ੍ਰਬੰਧਕੀ ਬੇਨਿਯਮੀਆਂ ਦੇ ਦੋਸ਼ਾਂ ਹੇਠ ਗ੍ਰਿਫਤਾਰ ਕਰ ਲਿਆ ਗਿਆ। ਵਿਜੀਲੈਂਸ ਵੱਲੋਂ ਉਸ ਨੂੰ ਅੱਜ ਜਲੰਧਰ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਸ ਨੂੰ ਚਾਰ ਦਿਨਾਂ ਲਈ ਵਿਜੀਲੈਂਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਸਾਲ 2012-2013 ਦੌਰਾਨ ਪੀ.ਟੀ.ਯੂ. ਵਿੱਚ ਵਿੱਤੀ ਅਤੇ ਪ੍ਰਬੰਧਕੀ ਬੇਨਿਯਮੀਆਂ ਸਬੰਧੀ ਵਿਸਥਾਰਤ ਪੜਤਾਲ ਸ੍ਰੀ ਐਸ.ਐਸ. ਢਿੱਲੋਂ ਸੇਵਾ ਮੁਕਤ ਆਈ.ਏ.ਐਸ. ਵੱਲੋਂ ਕੀਤੀ ਗਈ ਜਿਸ ਉਪਰੰਤ ਪੰਜਾਬ ਤਕਨੀਕੀ ਸਿੱਖਿਆ ਵਿਭਾਗ ਵੱਲੋਂ ਅਗਲੇਰੀ ਕਾਰਵਾਈ ਹਿੱਤ ਵਿਜੀਲੈਂਸ ਬਿਓਰੋ ਨੂੰ ਭੇਜੀ ਗਈ। ਉਕਤ ਪੜਤਾਲੀਆ ਰਿਪੋਰਟ ਬਾਰੇ ਕਾਨੂੰਨੀ ਰਾਇ ਦੇ ਅਧਾਰ ‘ਤੇ ਇਸ ਕੇਸ ਵਿਚ ਦੋਸ਼ੀ ਪਾਏ ਗਏ ਡਾ. ਰਜਨੀਸ਼ ਅਰੋੜਾ ਅਤੇ ਹੋਰਨਾਂ ਖਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 409, 120-ਬੀ, ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 (1) (ਡੀ) ਅਤੇ 13 (2) ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਜਲੰਧਰ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਉਨਾਂ ਦੱਸਿਆ ਕਿ ਪੀ.ਟੀ.ਯੂ. ਵਿੱਚ ਵੱਖ-ਵੱਖ ਤਰਾਂ ਦੀਆਂ ਬੇਨਿਯਮੀਆਂ ਦੀ ਪੜਤਾਲ ਤੋਂ ਪਾਇਆ ਗਿਆ ਕਿ ਡਾ. ਅਰੋੜਾ ਵੱਲੋਂ ਪਹਿਲਾਂ 6 ਕੋਆਰਡੀਨੇਟਰ ਅਤੇ ਫੇਸਿਲਿਟੇਟਰ ਦੀ ਨਿਯੁਕਤੀ ਬਗੈਰ ਕਿਸੇ ਇਸ਼ਤਿਹਾਰ ਦੇ ਮਨਮਾਨੇ ਢੰਗ ਨਾਲ ਕੀਤੀ ਗਈ ਅਤੇ ਇਨ੍ਹਾਂ 6 ਸੀ.ਐਂਡ. ਐਫਜ਼ ਨੂੰ ਸਾਲ 2012-13 ਵਿੱਚ 2,73,20,000/- ਰੁਪਏ ਅਤੇ ਸਾਲ 2013-14 ਵਿੱਚ 6,53,50,000/- ਰੁਪਏ ਦੀਆਂ ਅਦਾਇਗੀਆਂ ਕੀਤੀਆਂ ਗਈਆਂ। ਇਸ ਮਾਮਲੇ ’ਤੇ ਬੋਰਡ ਆਫ ਗਵਰਨਰਜ਼ ਵੱਲੋਂ ਨੋਟਿਸ ਲੈਣ ਪਿੱਛੋਂ ਉਪ ਕੁਲਪਤੀ ਨੂੰ ਪੂਰਾ ਜਾਬਤਾ ਅਪਨਾਉਣ ਉਪਰੰਤ ਹੀ ਸਾਰੀਆਂ ਨਿਯੁਕਤੀਆਂ ਕਰਨ ਦੀ ਹਦਾਇਤ ਕੀਤੀ ਗਈ ਪਰ ਯੂਨੀਵਰਸਿਟੀ ਵੱਲੋਂ 12 ਸੀ.ਐਂਡ. ਐਫਜ਼ ਰੱਖਣ ਲਈ ਇਸ਼ਤਿਹਾਰ ਦੇਣ ਉਪਰੰਤ ਨਿਯੁਕਤੀਆਂ ਕਰਨ ਸਮੇ ਯੂਨੀਵਰਸਿਟੀ ਵੱਲੋ ਗਠਿਤ ਚੋਣ ਕਮੇਟੀ ਦੀਆਂ ਸਿਫਾਰਸਾਂ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਮੈਸਰਜ਼ ਐਨਈਟੀਆਈਆਈਟੀ ਵੱਲੋਂ ਉਸ ਸਮੇ ਦੇ ਡਾਇਰੈਕਟਰ (ਡੀ.ਡੀ.ਈ) ਦੀ ਈ-ਮੇਲ ਆਈ.ਡੀ ’ਤੇ ਪ੍ਰਾਪਤ ਹੋਈ ਈਮੇਲ ਦੇ ਅਧਾਰ ’ਤੇ ਹੀ ਇਹ ਨਿਯੁਕਤੀਆਂ ਕਰ ਦਿੱਤੀਆਂ। ਡਾ. ਅਰੋੜਾ ਨੇ ਇਹ ਨਿਯੁਕਤੀਆਂ ਕਰਕੇ ਨਾ ਕੇਵਲ ਯੂਨੀਵਰਸਿਟੀ ਦੇ ਨਿਯਮਾਂ ਦੀ ਉਲੰਘਣਾ ਕੀਤੀ ਬਲਕਿ ਜਿਹੜੀਆਂ ਫਰਮਾਂ ਦੀ ਯੂਨੀਵਰਸਿਟੀ ਵੱਲੋਂ ਦਿੱਤੇ ਇਸ਼ਤਿਹਾਰ ਅਨੁਸਾਰ ਸ਼ਰਤਾਂ ਪੂਰੀਆਂ ਕਰਦੇ ਹੋਣ ਕਰਕੇ ਚੋਣ ਕਮੇਟੀ ਵੱਲੋਂ ਬਣਾਈ ਗਈ ਮੈਰਿਟ ਦੇ ਅਧਾਰ ’ਤੇ ਸਿਫਾਰਸ਼ ਕੀਤੀ ਗਈ ਸੀ ਉਹਨਾਂ ਦੀ ਨਿਯੁਕਤੀ ਨਹੀਂ ਕੀਤੀ। ਉਨਾਂ ਦੱਸਿਆ ਕਿ ਇਹਨਾਂ ਵਿੱਚੋਂ 4 ਕੇਸਾਂ ਵਿੱਚ ਚੋਣ ਕਮੇਟੀ ਦੀ ਸਿਫਾਰਸ਼ ਤੋਂ ਬਾਹਰੀ ਫਰਮਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਅਤੇ ਇੱਕ ਫਰਮ ਦੀ ਨਿਯੁਕਤੀ ਉਡੀਕ ਸੂਚੀ ਵਿੱਚੋਂ ਕੀਤੀ ਗਈ। ਬੁਲਾਰੇ ਨੇ ਭਰਤੀ ਸਬੰਧੀ ਹੋਈਆਂ ਧਾਂਧਲੀਆਂ ਬਾਰੇ ਦੱਸਿਆ ਕਿ ਪੀ.ਟੀ.ਯੂ. ਵਿੱਚ ਡਾ. ਨਛੱਤਰ ਸਿੰਘ ਸਲਾਹਕਾਰ (ਡੈਪੂਟੇਸ਼ਨ) ਅਤੇ ਡਾ. ਆਰ.ਪੀ ਭਾਰਦਵਾਜ ਡਾਇਰੈਕਟਰ (ਕੰਟਰੈਕਟ) ਨੂੰ ਨਿਯੁਕਤ ਕਰਨ ਤੋਂ ਪਹਿਲਾਂ ਯੂਨੀਵਰਸਿਟੀ ਵੱਲੋਂ ਕੋਈ ਇਸ਼ਤਿਹਾਰ ਨਹੀਂ ਦਿੱਤਾ ਗਿਆ ਅਤੇ ਨਾਂ ਹੀ ਕਿਸੇ ਹੋਰ ਯੂਨੀਵਰਸਿਟੀ/ਅਦਾਰਿਆਂ ਵਿੱਚ ਇਸ ਅਸਾਮੀ ਦੀ ਭਰਤੀ ਬਾਰੇ ਕੋਈ ਸਰਕੂਲਰ ਭੇਜਿਆ ਗਿਆ ਪਰ ਇਹਨਾਂ ਵਿਅਕਤੀਆਂ ਨੂੰ ਸਿੱਧੇ ਤੌਰ ’ਤੇ ਹੀ ਭਰਤੀ ਕਰ ਲਿਆ। ਇਸ ਤੋਂ ਇਲਾਵਾ ਵਿਸ਼ਵਦੀਪ ਸਹਾਇਕ ਰਜਿਸਟਰਾਰ (ਐਡਹਾਕ), ਮਰਗਿੰਦਰ ਸਿੰਘ ਬੇਦੀ ਸਹਾਇਕ ਟ੍ਰੇਨਿੰਗ ਤੇ ਪਲੇਸਮੈਂਟ ਅਫਸਰ ਅਤੇ ਸੁਮੀਰ ਸ਼ਰਮਾ ਸਹਾਇਕ ਨਿਰਦੇਸ਼ਕ ਸੱਭਿਆਚਾਰਕ ਗਤੀਵਿਧੀਆਂ ਨੂੰ ਠੇਕੇ ’ਤੇ ਨਿਯੁਕਤ ਕਰਨ ਸਮੇ ਨਿਯਮਾਂ ਅੁਨਸਾਰ ਕਾਰਵਾਈ ਨਹੀਂ ਕੀਤੀ ਗਈ। ਇਨ੍ਹਾਂ ਨੂੰ ਭਰਤੀ ਕਰਨ ਅਤੇ ਇਨ੍ਹਾਂ ਦੇ ਸੇਵਾਕਾਲ ਵਿੱਚ ਸਮੇਂ-ਸਮੇਂ ’ਤੇ ਵਾਧਾ ਕਰਨ ਮੌਕੇ ਨਿਯਮਾਂ/ਬੋਰਡ ਆਫ ਗਵਰਨਰਜ਼ ਦੀ ਮਿਤੀ 10-04-2013 ਨੂੰ 49ਵੀਂ ਬੋਰਡ ਮੀਟਿੰਗ ਵਿੱਚ ਲਏ ਫੈਸਲੇ ਦੀ ਉਲੰਘਣਾ ਵੀ ਕੀਤੀ ਗਈ।

Comments are closed.

COMING SOON .....
Scroll To Top
11