Thursday , 25 April 2019
Breaking News
You are here: Home » EDITORIALS » ਵਰਤ ਰਹੀ ਹੈ ਗੁਰੂ ਦੀ ਕਲਾ

ਵਰਤ ਰਹੀ ਹੈ ਗੁਰੂ ਦੀ ਕਲਾ

ਪੰਜਾਬ ਵਿੱਚ ਸਿੱਖ ਪੰਥ ਅੱਗੇ ਬੇਸ਼ਕ ਅਨੇਕਾਂ ਸੰਕਟ ਹਨ। ਪੰਥ ਨੂੰ ਦੁਸ਼ਮਣ ਤਾਕਤਾਂ ਨੇ ਚੁਫੇਰੇ ਤੋਂ ਘੇਰ ਰੱਖਿਆ ਹੈ। ਇਸ ਸਭ ਕੁੱਝ ਦੇ ਬਾਵਜੂਦ ਗੁਰੂ ਦੀ ਕਲਾ ਵਰਤ ਰਹੀ ਹੈ। ਪੰਥ ਜਦੋਂ ਇਕਜੁੱਟ ਹੋ ਕੇ ਕਿਸੇ ਗੱਲ ਨੂੰ ਮਨਵਾਉਣ ਦੀ ਜਿੱਦ ਕਰਦਾ ਹੈ ਤਾਂ ਵੱਡੇ-ਵੱਡੇ ਝੁੱਕ ਜਾਂਦੇ ਹਨ। ਸਾਡੇ ਹੁਣ ਦੇ ਸਮਿਆਂ ਵਿੱਚ ਹੀ ਇਹ ਕੌਤਕ ਇਕ ਵਾਰ ਨਹੀਂ ਅਨੇਕਾਂ ਵਾਰ ਵਾਪਰਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਅਤੇ ਤਖਤਾਂ ਦੀ ਦੁਰਵਰਤੋਂ ਖਿਲਾਫ ਸਿੱਖ ਪੰਥ ਦਾ ਰੋਹ ਇਸ ਗੱਲ ਦੀ ਮਿਸਾਲ ਹੈ। ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਇਸ ਗੱਲ ਦਾ ਪ੍ਰਮੁੱਖ ਪ੍ਰਮਾਣ ਹਨ ਕਿ ਬਿਨਾਂ ਕਿਸੇ ਵੱਡੇ ਆਗੂ ਅਤੇ ਬਿਨਾਂ ਕਿਸੇ ਜਥੇਬੰਦੀ ਤੋਂ ਹੀ ਸਿੱਖ ਪੰਥ ਨੇ ਇਕ ਨਵਾਂ ਇਤਿਹਾਸ ਰਚਿਆ ਹੈ। ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ ਪੁਲਿਸ ਅਤੇ ਨੀਮ ਫੌਜੀ ਦਸਤਿਆਂ ਦੀ ਬੇਰਹਿਮ ਵਰਤੋਂ ਦੇ ਬਾਵਜੂਦ ਪੂਰੇ ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਗਰਾੜੀ ਕਾਂਡ ਖਿਲਾਫ ਬੇਮਿਸਾਲ ਰੋਸ ਪ੍ਰਦਰਸ਼ਨ ਕੀਤੇ ਗਏ। ਹਾਲਾਤ ਇਥੋਂ ਤੱਕ ਬਣ ਗਏ ਕਿ ਮੁੱਖ ਮੰਤਰੀ ਅਤੇ ਮੰਤਰੀਆਂ ਦਾ ਆਮ ਲੋਕਾਂ ਵਿੱਚ ਜਾਣਾ ਹੀ ਮੁਸ਼ਕਿਲ ਹੋ ਗਿਆ। ਫਿਰ ਸਰਬੱਤ ਖਾਲਸਾ ਨੇ ਸਿੱਖ ਵਿਰੋਧੀਆਂ ਦੇ ਸਾਰੇ ਭਰਮ ਤੋੜ ਦਿੱਤੇ। ਸਰਬੱਤ ਖਾਲਸਾ ਬੁਲਾਉਣ ਵਾਲੀਆਂ ਜਥੇਬੰਦੀਆਂ ਦਾ ਕੋਈ ਵੱਡਾ ਜਨਤਕ ਅਧਾਰ ਨਹੀਂ ਸੀ। ਇਸ ਦੇ ਬਾਵਜੂਦ ਲੱਖਾਂ ਦੀ ਗਿਣਤੀ ਵਿੱਚ ਲੋਕਾਂ ਨੇ ਸਭ ਰੋਕਾਂ ਲੰਘ ਕੇ ਸਰਬੱਤ ਖਾਲਸਾ ਵਿੱਚ ਭਾਗ ਲਿਆ ਅਤੇ ਪੰਥ ਦੇ ਜਜ਼ਬਾਤਾਂ ਦਾ ਖੁੱਲ੍ਹ ਕੇ ਪ੍ਰਗਟਾਵਾ ਕੀਤਾ। ਸਰਬੱਤ ਖਾਲਸਾ ਦਾ ਬੇਮਿਸਾਲ ਇਕੱਠ ਵੀ ਗੁਰੂ ਦੀ ਕਲਾ ਦਾ ਹੀ ਨਤੀਜਾ ਸੀ। ਪ੍ਰਬੰਧਕਾਂ ਕੋਲ ਕੋਈ ਸਾਧਨ ਨਹੀਂ ਸਨ, ਉਨ੍ਹਾਂ ਦੀ ਭਰੋਸੇਯੋਗਤਾ ਤੱਕ ਨਹੀਂ ਸੀ, ਫਿਰ ਵੀ ਪੰਥਕ ਸੰਸਥਾਵਾਂ ਦੀ ਦੁਰਵਰਤੋਂ ਕਰ ਰਹੀਆਂ ਤਾਕਤਾਂ ਨੂੰ ਸਬਕ ਸਿਖਾਉਣ ਲਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਵਡਿਆਉਣ ਲਈ ਸਮੁੱਚਾ ਸਿੱਖ ਪੰਥ ਘਰਾਂ ਵਿੱਚੋਂ ਬਾਹਰ ਆ ਨਿਕਲਿਆ। ਤਸੱਲੀ ਵਾਲੀ ਗੱਲ ਇਹ ਹੈ ਕਿ ਸਿੱਖ ਪੰਥ ਦਾ ਇਹ ਵਿਦਰੋਹ ਅਤੇ ਸੰਘਰਸ਼ ਪੂਰੀ ਤਰ੍ਹਾਂ ਸ਼ਾਂਤਮਈ ਅਤੇ ਸੰਜਮ ਵਾਲਾ ਸੀ। ਗੁਰੂ ਦੀ ਕਲਾ ਫਿਰ ਵਰਤੀ। ਪੰਜਾਬ ਦੀਆਂ ਸੜਕਾਂ ਉਪਰ ਪੰਜਾਬੀ ਨੂੰ ਨੀਵਾਂ ਦਿਖਾਉਣ ਲਈ ਲਗਾਏ ਗਏ ਮੀਲ ਪੱਥਰਾਂ ਨੂੰ ਆਮ ਲੋਕਾਂ ਨੇ ਉਖਾੜ ਸੁੱਟਿਆ। ਸਰਕਾਰ ਨੂੰ ਝੁਕਣਾ ਪਿਆ ਅਤੇ ਹੁਣ ਪੰਜਾਬੀ ਨੂੰ ਪਹਿਲੀ ਤਰਜੀਹ ਦਿੰਦੇ ਮੀਲ ਪੱਥਰ ਲਗਾਉਣੇ ਪੈ ਰਹੇ ਹਨ। ਗੁਰੂ ਦੀ ਕਲਾ ਹੁਣ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਵਰਤੀ ਹੈ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਸਬੰਧ ਵਿੱਚ ਇਥੇ ਹਰ ਸਾਲ ਲਗਦੇ ਜੋੜ ਮੇਲ ਦੌਰਾਨ ਸਿਆਸੀ ਕਾਨਫਰੰਸਾਂ ’ਤੇ ਰੋਕ ਲੱਗ ਗਈ ਹੈ। ਬਿਨਾਂ ਕਿਸੇ ਧਰਨੇ, ਭੁੱਖ ਹੜਤਾਲ ਜਾਂ ਸ਼ਹੀਦੀ ਤੋਂ ਬਿਨਾਂ ਹੀ ਪੰਜਾਬ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਆਪਣੀਆਂ ਕਾਨਫਰੰਸਾਂ ਰੱਦ ਕਰਨ ਲਈ ਮਜ਼ਬੂਰ ਹੋਣਾ ਪਿਆ ਹੈ। ਇਹ ਪੰਥ ਦੀ ਗੈਰ ਜਥੇਬੰਦ ਤਾਕਤ ਅਤੇ ਗੁਰੂ ਦੀ ਕਲਾ ਦਾ ਹੀ ਕ੍ਰਿਸ਼ਮਾ ਹੈ। ਜਦੋਂ ਪੰਥ ਨੇ ਸਿਆਸੀ ਕਾਨਫਰੰਸਾਂ ਖਿਲਾਫ ਆਵਾਜ਼ ਚੁੱਕੀ ਤਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਕਾਨਫਰੰਸਾਂ ’ਤੇ ਪਾਬੰਦੀ ਲਗਾਉਣ ਲਈ ਅੱਗੇ ਆਉਣਾ ਪਿਆ। ਅਰਦਾਸ ਕਰਨੀ ਚਾਹੀਦੀ ਹੈ ਕਿ ਪੰਥ ਦੀ ਇਹ ਤਾਕਤ ਇਸੇ ਤਰ੍ਹਾਂ ਬਣੀ ਰਹੇ ਅਤੇ ਗੁਰੂ ਦੀ ਕਲਾ ਵਰਤਦੀ ਰਹੇ। ਸਿੱਖ ਪੰਥ ਨੂੰ ਹੋਰ ਵੱਡੇ ਮਸਲਿਆਂ ਲਈ ਵੀ ਇਸੇ ਤਰ੍ਹਾਂ ਆਪਣੀ ਗੱਲ ਮਨਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਪੰਥ ਵਿਰੋਧੀਆਂ ਦੇ ਪੈਰ ਨਹੀਂ ਹਨ। ਜਦੋਂ ਪੰਥ ਸਾਹਮਣੇ ਆ ਜਾਂਦਾ ਹੈ ਤਾਂ ਉਹ ਭੱਜ ਨਿਕਲਦੇ ਹਨ। ਪੰਥ ਦੀ ਇਸ ਅਦਿਖ ਸ਼ਕਤੀ ਨੂੰ ਹੁਣ ਉਨ੍ਹਾਂ ਨੇ ਭਾਂਪ ਲਿਆ ਹੈ। ਹਰ ਸਿੱਖ ਨੂੰ ਅਰਦਾਸ ਕਰਨੀ ਚਾਹੀਦੀ ਹੈ ਕਿ ਦੂਸਰੇ ਮਸਲਿਆਂ ’ਤੇ ਵੀ ਗੁਰੂ ਦੀ ਕਲਾ ਇਸੇ ਵਰਤੇ। ਪੰਥ ਦੇ ਸਭ ਦੁਖੜੇ ਇਸੇ ਤਰ੍ਹਾਂ ਦੂਰ ਹੁੰਦੇ ਰਹਿਣ। ਇਹ ਉਮੀਦ ਕਰਨੀ ਚਾਹੀਦੀ ਹੈ ਕਿ ਪੰਥ ਦੀਆਂ ਸਾਰੀਆਂ ਜਥੇਬੰਦੀਆਂ ਅਤੇ ਤਾਕਤਾਂ ਇਕ ਮੰਚ ’ਤੇ ਇਕੱਠੀਆਂ ਹੋਣਗੀਆਂ ਅਤੇ ਪੰਥ ਹੋਰ ਵੀ ਧਿਰਾਂ ਨੂੰ ਮੈਦਾਨੋਂ ਬਾਹਰ ਕੱਢ ਦੇਣਗੀਆਂ। ਸਿੱਖ ਭਾਈਚਾਰੇ ਦੀ ਭਲਾਈ ਅਤੇ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ।
– ਬਲਜੀਤ ਸਿੰਘ ਬਰਾੜ

Comments are closed.

COMING SOON .....


Scroll To Top
11