Sunday , 21 April 2019
Breaking News
You are here: Home » Editororial Page » ਲੋਕ ਸਭਾ ਚੋਣ ਲਈ ਹਲਕਾ ਸੰਗਰੂਰ ਅੰਦਰ ਦਿਲਚਸਪ ਤੇ ਸਖਤ ਮੁਕਾਬਲਾ ਵੇਖਣ ਨੂੰ ਮਿਲੇਗਾ

ਲੋਕ ਸਭਾ ਚੋਣ ਲਈ ਹਲਕਾ ਸੰਗਰੂਰ ਅੰਦਰ ਦਿਲਚਸਪ ਤੇ ਸਖਤ ਮੁਕਾਬਲਾ ਵੇਖਣ ਨੂੰ ਮਿਲੇਗਾ

ਲੋਕ ਸਭਾ ਚੋਣਾਂ ਲਈ ਹਲਕਾ ਸੰਗਰੂਰ ਅੰਦਰ ਚੱਲ ਰਹੀਆਂ ਸਰਗਰਮੀਆਂ ’ਤੇ ਪੰਛੀ ਝਾਤ

ਲਹਿਰਾਗਾਗਾ- 17 ਵੀਆਂ ਲੋਕ ਸਭਾ ਦੀਆਂ ਚੋਣਾਂ ਦਾ ਬਿਗੁਲ ਵਜ ਚੁਕਾ ਹੈ। ਹਰ ਇਕ ਸਿਆਸੀ ਪਾਰਟੀ ਨੇ ਆਪਣੀ ਕਮਰ ਕਸ ਲਈ ਹੈ। ਕੁਝ ਪਾਰਟੀਆਂ ਦੁਆਰਾ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿਤਾ ਗਿਆ ਹੈ ਅਤੇ ਕੁਝ ਦੁਆਰਾ ਆਪਣੇ ਉਮੀਦਵਾਰਾਂ ਦਾ ਐਲਾਨ ਕਰਨਾ ਅਜੇ ਬਾਕੀ ਹੈ । ਜੇਕਰ ਲੋਕ ਸਭਾ ਹਲਕਾ ਸੰਗਰੂਰ ਦੀ ਗਲ ਕਰੀਏ ਤਾਂ ਇਥੋਂ ਆਮ ਆਦਮੀ ਪਾਰਟੀ ਨੇ ਪਹਿਲ ਕਰਦਿਆਂ ਭਗਵੰਤ ਮਾਨ ਨੂੰ ਦੁਬਾਰਾ ਉਮੀਦਵਾਰ ਐਲਾਨ ਦਿਤਾ ਹੈ ਅਤੇ ਭਗਵੰਤ ਮਾਨ ਨੇ ਲੰਮੇਂ ਸਮੇਂ ਬਾਅਦ ਹਲਕੇ ਅੰਦਰ ਹੇਠਲੇ ਪਧਰ ਤਕ ਪਹੁੰਚ ਬਣਾਉਣ ਲਈ ਸਰਗਰਮੀਆਂ ਸ਼ੁਰੂ ਕਰ ਦਿਤੀਆਂ ਗਈਆਂ ਹਨ । ਉਨ੍ਹਾਂ ਵਲੋਂ ਪੰਜ ਸਾਲਾਂ ਦੌਰਾਨ ਹਲਕੇ ਦੇ ਵਿਕਾਸ ਲਈ ਐਮ ਪੀ ਕੋਟੇ ਤਹਿਤ ਮਿਲੀ ਗਰਾਂਟ ਦਾ ਇਕ ਇਕ ਪੈਸਾ ਇਮਾਨਦਾਰੀ ਅਤੇ ਪਾਰਦਰਸ਼ਿਤਾ ਨਾਲ ਵਰਤਣ ਦਾ ਦਾਅਵਾ ਕਰਦਿਆਂ ਅਤੇ ਵਿਰੋਧੀਆਂ ਉਪਰ ਤਰਾਂ ਤਰਾਂ ਦੇ ਦੋਸ਼ ਲਾਉਂਦਿਆਂ ਵੋਟਰਾਂ ਨਾਲ ਸੰਪਰਕ ਬਣਾਉਣਾ ਸ਼ੁਰੂ ਕਰ ਦਿਤਾ ਗਿਆ ਹੈ , ਦੇਖਿਆ ਜਾਵੇ ਪਿਛਲੇ ਸਮੇਂ ਹੋਈਆਂ ਬਲਾਕ ਸੰਮਤੀ ਅਤੇ ਜਿਲਾ ਪ੍ਰੀਸ਼ਦ ਚੋਣਾਂ ਸਮੇਂ ਸੰਗਰੂਰ ਅਤੇ ਬਰਨਾਲਾ ਦੋਵੇਂ ਜਿਲਿਆਂ ਅੰਦਰ ਪਾਰਟੀ ਦੀ ਕਾਰਗੁਜ਼ਾਰੀ ਬਹੁਤੀ ਵਧੀਆ ਨਹੀਂ ਰਹੀ । ਅਜਿਹੇ ਵਿਚ ਭਗਵੰਤ ਮਾਨ ਦੀ ਸੰਗਰੂਰ ਦੀ ਲੜਾਈ ਇੰਨੀ ਆਸਾਨ ਨਹੀਂ ਹੋਵੇਗੀ। ਹੁਣ ਜਦੋਂ ਆਮ ਆਦਮੀ ਪਾਰਟੀ ਵੀ ਦੋ ਧੜਿਆਂ ਵਿਚ ਵੰਡੀ ਗਈ ਹੈ ਅਤੇ ਖਹਿਰਾ ਧੜਾ ਵੀ ਖੁਲ੍ਹ ਕੇ ਪਾਰਟੀ ਦੀ ਮੁਖਾਲਫਤ ਕਰ ਰਿਹਾ ਹੈ ਤਾਂ ਲਿਹਾਜ਼ਾ ਭਗਵੰਤ ਮਾਨ ਦੀਆਂ ਮੁਸ਼ਕਲਾਂ ਵਧਣੀਆਂ ਸੁਭਾਵਕ ਹਨ । ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਵੀ ਸੰਗਰੂਰ ਤੋਂ ਚੋਣ ਲੜਨ ਦਾ ਐਲਾਨ ਕਰ ਕੇ ਸਰਗਰਮੀਆਂ ਸ਼ੁਰੂ ਕਰ ਦਿਤੀਆਂ ਹਨ ਅਤੇ ਬੀਤੇ ਦਿਨੀਂ ਬਰਗਾੜੀ ਮੋਰਚੇ ਦੇ ਆਗੂਆਂ ਨੇ ਵੀ ਸ. ਮਾਨ ਨੂੰ ਆਪਣਾ ਉਮੀਦਵਾਰ ਐਲਾਨ ਦਿਤਾ ਗਿਆ ਹੈ । ਪੰਜਾਬ ਦੀਆਂ ਦੋ ਪ੍ਰਮੁਖ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਵਲੋਂ ਅਜੇ ਆਪਣੇ ਉਮੀਦਵਾਰ ਦਾ ਐਲਾਨ ਕਰਨਾ ਬਾਕੀ ਹੈ । ਕਾਂਗਰਸ ਪਾਰਟੀ ਦੀ ਟਿਕਟ ਲੈਣ ਲਈ ਪੰਜਾਬ ਦੀ ਸਾਬਕਾ ਮੁਖ ਮੰਤਰੀ ਅਤੇ ਪੰਜਾਬ ਰਾਜ ਯੋਜਨਾ ਬੋਰਡ ਦੀ ਉਪ ਚੇਅਰਪਰਸਨ ਬੀਬੀ ਰਜਿੰਦਰ ਕੌਰ ਭਠਲ ਪ੍ਰਮੁਖ ਦਾਅਵੇਦਾਰ ਹਨ । ਉਹ ਲੋਕ ਸਭਾ ਹਲਕਾ ਸੰਗਰੂਰ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਧਨੌਲਾ ਤੋਂ ਅਤੇ 5 ਵਾਰ ਹਲਕਾ ਲਹਿਰਾਗਾਗਾ ਤੋਂ ਕਾਂਗਰਸ ਪਾਰਟੀ ਵਲੋਂ ਨੁਮਾਇੰਦਗੀ ਕਰ ਚੁਕੇ ਹਨ । ਆਪਣੇ ਲੰਮੇ ਸਿਆਸੀ ਜੀਵਨ ਦੌਰਾਨ ਪੰਜਾਬ ਦੇ ਮੁਖ ਮੰਤਰੀ, ਉਪ ਮੁਖ ਮੰਤਰੀ ਅਤੇ ਵਖ ਵਖ ਮਹਿਕਮਿਆਂ ਦੇ ਮੰਤਰੀ ਰਹਿ ਚੁਕੇ ਹਨ ਅਤੇ ਉਨ੍ਹਾਂ ਦਾ ਲੋਕ ਸਭਾ ਹਲਕਾ ਸੰਗਰੂਰ ਅੰਦਰ ਵਡਾ ਅਸਰ ਰਸੂਖ ਹੈ । ਬੀਬੀ ਭਠਲ ਦਾ ਕਹਿਣਾ ਹੈ ਕਿ ਜੇਕਰ ਪਾਰਟੀ ਉਨ੍ਹਾਂ ਨੂੰ ਚੋਣ ਲੜਨ ਲਈ ਕਹੇਗੀ ਤਾਂ ਉਹ ਜ਼ਰੂਰ ਲੜਨਗੇ। ਭਠਲ ਮੁਤਾਬਕ ਸੰਗਰੂਰ ਦੇ ਲੋਕਾਂ ਨੂੰ ਉਨ੍ਹਾਂ ਤੋਂ ਬਹੁਤ ਉਮੀਦਾਂ ਹਨ ਅਤੇ ਇਸ ਦੇ ਨਾਲ ਹੀ ਕਾਗਰਸ ਪਾਰਟੀ ਦੀ ਟਿਕਟ ਲੈਣ ਲਈ ਸ. ਸੁਰਜੀਤ ਸਿੰਘ ਧੀਮਾਨ ਐਮ ਐਲ ਏ ਅਮਰਗੜ੍ਹ ਦੇ ਸਪੁਤਰ ਅਤੇ ਲੋਕ ਸਭਾ ਹਲਕਾ ਸੰਗਰੂਰ ਦੇ ਯੂਥ ਵਿੰਗ ਦੇ ਮੀਤ ਪ੍ਰਧਾਨ ਅਤੇ ਸਮਾਜ ਸੇਵਾ ਨੂੰ ਸਮਰਪਿਤ ਸੰਸਥਾ ਵਿਸ਼ਵਕਰਮਾ ਫਾਊਂਡੇਸ਼ਨ ਦੇ ਚੇਅਰਮੈਨ ਸ. ਜਸਵਿੰਦਰ ਸਿੰਘ ਧੀਮਾਨ ਵੀ ਬੀ.ਸੀ. ਕੈਟਾਗਿਰੀ ਅਤੇ ਯੂਥ ਵਿੰਗ ਦੇ ਕੋਟੇ ਵਿਚੋਂ ਟਿਕਟ ਲੈਣ ਲਈ ਪ੍ਰਮੁਖ ਦਾਅਵੇਦਾਰ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਪਿਤਾ ਸ. ਸੁਰਜੀਤ ਸਿੰਘ ਧੀਮਾਨ ਲੋਕ ਸਭਾ ਹਲਕਾ ਸੰਗਰੂਰ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਦਿੜਬਾ ਦੀ ਨੁਮਾਇੰਦਗੀ 2002 ਤੋਂ 2007 ਤਕ ਕਰ ਚੁਕੇ ਹਨ ਅਤੇ ਹੁਣ ਹਲਕਾ ਅਮਰਗੜ੍ਹ ਤੋਂ ਵਿਧਾਇਕ ਹਨ । ਉਨ੍ਹਾ ਦਾ ਕਹਿਣਾ ਹੈ ਕਿ ਪੰਜਾਬ ਅੰਦਰ 42% ਹਿਸਾ ਪਛੜੀਆਂ ਸ਼੍ਰੇਣੀਆਂ ਨਾਲ ਸੰਬੰਧਿਤ ਹੈ , ਪਰ ਪਾਰਟੀ ਵਲੋਂ ਪੰਜਾਬ ਵਜਾਰਤ ਵਾਧੇ ਸਮੇਂ ਵੀ ਬੀ. ਸੀ. ਵਰਗ ਨੂੰ ਕੋਈ ਪ੍ਰਤੀਨਿਧਤਾ ਨਹੀਂ ਦਿਤੀ ਗਈ, ਜਿਸ ਕਰਕੇ ਹੁਣ ਲੋਕ ਸਭਾ ਟਿਕਟਾਂ ਦੀ ਵੰਡ ਮੌਕੇ ਬੀ .ਸੀ ਵਰਗ ਨੂੰ ਮਾਣ ਸਨਮਾਨ ਦੇਣਾ ਪਾਰਟੀ ਲਈ ਬੇਹਦ ਜਰੂਰੀ ਹੈ । ਹਲਕੇ ਅੰਦਰ ਰਾਮਗੜ੍ਹੀਆ ਭਾਈਚਾਰੇ ਨਾਲ ਸੰਬੰਧਿਤ 1.5 ਲਖ ਦੇ ਕਰੀਬ ਵੋਟਰ ਹਨ । ਜਸਵਿੰਦਰ ਧੀਮਾਨ ਤਾਂ ਇਥੋਂ ਤਕ ਕਹਿ ਚੁਕੇ ਹਨ ਕਿ ਜੇਕਰ ਪਾਰਟੀ ਵਲੋਂ ਟਿਕਟ ਨਾ ਦਿਤੀ ਗਈ ਤਾਂ ਉਹ ਆਪਣੇ ਸਪੋਟਰਾਂ ਨਾਲ ਵਿਚਾਰ ਕਰਕੇ ਅਗਲਾ ਕਦਮ ਉਠਾਉਣਗੇ । ਇਸ ਤੋਂ ਇਲਾਵਾ ਸਾਬਕਾ ਵਿਧਾਇਕ ਕੇਵਲ ਸਿੰਘ ਢਿਲੋ ਅਤੇ ਹਲਕਾ ਧੂਰੀ ਦੇ ਵਿਧਾਇਕ ਦਲਵੀਰ ਸਿੰਘ ਗੋਲਡੀ ਦੀ ਧਰਮ ਪਤਨੀ ਸਿਮਰਤ ਖੰਗੂੜਾ ਅਤੇ ਕੈਬਨਿਟ ਮੰਤਰੀ ਸ੍ਰੀ ਵਿਜੇਇੰਦਰ ਸਿੰਗਲਾ ਦੀ ਧਰਮ ਪਤਨੀ ਦੀਪਾ ਸਿੰਗਲਾ ਨੇ ਵੀ ਟਿਕਟ ਲੈਣ ਲਈ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ । ਜੇਕਰ ਅਕਾਲੀ ਦਲ ਬਾਦਲ ਦੀ ਗਲ ਕੀਤੀ ਜਾਵੇ ਤਾਂ ਸ੍ਰੋਮਣੀ ਅਕਾਲੀ ਦਲ ਵਲੋਂ ਪਿਛਲੀਆਂ ਲੋਕ ਸਭਾ ਚੋਣਾਂ ਲੜ ਚੁਕੇ ਸ. ਸੁਖਦੇਵ ਸਿੰਘ ਢੀਂਡਸਾ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਕੇ ਸਿਆਸਤ ਤੋਂ ਕਿਨਾਰਾ ਕਰ ਚੁਕੇ ਹਨ , ਜਿਸ ਕਰਕੇ ਅਕਾਲੀ ਦਲ ਦੇ ਖੇਮੇ ਵਿਚ ਉਮੀਦਵਾਰ ਨੂੰ ਲੈ ਕੇ ਸਸਪੈਂਸ਼ ਪਾਇਆ ਜਾ ਰਿਹਾ ਹੈ ।
ਲੋਕਾਂ ਵਿਚ ਚਰਚਾ ਹੈ ਕਿ ਸ. ਢੀਂਡਸਾ ਦੀ ਅਕਾਲੀ ਲੀਡਰਸ਼ਿਪ ਨਾਲ ਨਰਾਜ਼ਗੀ ਦਾ ਕਾਰਨ ਢੀਂਡਸਾ ਪਰਿਵਾਰ ਨੂੰ ਲੋਕ ਸਭਾ ਦੀ ਟਿਕਟ ਤੋਂ ਜਵਾਬ ਮਿਲਣਾ ਹੈ । ਭਾਵੇਂ ਸੁਖਦੇਵ ਸਿੰਘ ਢੀਂਡਸਾ ਕਈ ਵਾਰ ਕਹਿ ਚੁਕੇ ਹਨ ਕਿ ਉਨਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਲੋਕ ਸਭਾ ਦੀ ਚੋਣ ਨਹੀਂ ਲੜੇਗਾ , ਪਰ ਜੇਕਰ ਵੇਖਿਆ ਜਾਵੇ ਢੀਂਡਸਾ ਪਰਿਵਾਰ ਚੋਣ ਨਾ ਲੜ ਕੇ ਲੰਮੇਂ ਸਮੇਂ ਤੋਂ ਦੋਵੇਂ ਜਿਲਿਆਂ ਅੰਦਰ ਆਪਣੀ ਕਾਇਮ ਸਰਦਾਰੀ ਨਹੀਂ ਖੋਹਣਾ ਚਾਹੇਗਾ ਅਤੇ ਅਕਾਲੀ ਦਲ ਵਲੋਂ ਨੌਜਵਾਨ ਆਗੂ ਵਿਨਰਜੀਤ ਸਿੰਘ ਗੋਲਡੀ, ਸਾਬਕਾ ਮੰਤਰੀ ਬਲਦੇਵ ਸਿੰਘ ਮਾਨ, ਗਗਨਦੀਪ ਸਿੰਘ ਬਰਨਾਲਾ ਅਤੇ ਅਰਵਿੰਦ ਖੰਨਾ ਵਿਚੋਂ ਕਿਸੇ ਨੂੰ ਚੋਣ ਲੜਾਉਣ ਦੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ । ਇਸ ਤੋਂ ਇਲਾਵਾ ਹਲਕੇ ਅੰਦਰ ਆਮ ਆਦਮੀ ਪਾਰਟੀ ਤੋਂ ਵਖ ਹੋਏ ਸੁਖਪਾਲ ਸਿੰਘ ਖਹਿਰਾ ਦੀ ਪੰਜਾਬੀ ਏਕਤਾ ਪਾਰਟੀ ਦੇ ਧੜੇ ਦੀ ਵੀ ਅਹਿਮ ਭੂਮਿਕਾ ਰਹਿਣ ਦੀ ਸੰਭਾਵਨਾ ਹੈ। ਕੁਲ ਮਿਲਾ ਕੇ ਲੋਕ ਸਭਾ ਹਲਕਾ ਸੰਗਰੂਰ ਅੰਦਰ ਦਿਲਚਸਪ ਤੇ ਸਖਤ ਮੁਕਾਬਲਾ ਵੇਖਣ ਨੂੰ ਮਿਲੇਗਾ ।
1962 ਤੋਂ ਹੁਣ ਤਕ ਲੋਕ ਸਭਾ ਹਲਕਾ ਸੰਗਰੂਰ ਤੋਂ ਚੁਣੇ ਗਏ ਮੈਂਬਰ ਪਾਰਲੀਮੈਂਟ, 1962 ਰਣਜੀਤ ਸਿੰਘ ਕਾਂਗਰਸ, 1967 ਐਨ. ਕੌਰ ਅਕਾਲੀ ਦਲ, 1971 ਤੇਜਾ ਸਿੰਘ ਸੀ. ਪੀ. ਆਈ., 1977 ਸੁਰਜੀਤ ਸਿੰਘ ਅਕਾਲੀ ਦਲ, 1980 ਗੁਰਚਰਨ ਸਿੰਘ ਕਾਂਗਰਸ, 1985 ਬਲਵੰਤ ਸਿੰਘ ਰਾਮੂਵਾਲੀਆ ਅਕਾਲੀ ਦਲ 1989 ਰਾਜਦੇਵ ਸਿੰਘ ਅਕਾਲੀ ਦਲ ਮਾਨ, 1992 ਗੁਰਚਰਨ ਸਿੰਘ ਕਾਂਗਰਸ, 1996 ਸੁਰਜੀਤ ਸਿੰਘ ਬਰਨਾਲਾ ਅਕਾਲੀ ਦਲ, 1998 ਸੁਰਜੀਤ ਸਿੰਘ ਬਰਨਾਲਾ ਅਕਾਲੀ ਦਲ, 1999 ਸਿਮਰਨਜੀਤ ਸਿੰਘ ਮਾਨ ਅਕਾਲੀ ਦਲ ਮਾਨ, 2004 ਸੁਖਦੇਵ ਸਿੰਘ ਢੀਂਡਸਾ ਅਕਾਲੀ ਦਲ, 2009 ਵਿਜੇਇੰਦਰ ਸਿੰਗਲਾ ਕਾਂਗਰਸ, 2014 ਭਗਵੰਤ ਮਾਨ।
– ਜਤਿੰਦਰ ਜਲੂਰ
ਪੱਤਰਕਾਰ, ‘ਪੰਜਾਬ ਟਾਇਮਜ਼’ ਲਹਿਰਾਗਾਗਾ

Comments are closed.

COMING SOON .....


Scroll To Top
11