Monday , 17 June 2019
Breaking News
You are here: Home » EDITORIALS » ਲੋਕ ਸਭਾ ਚੋਣਾਂ ਲਈ ਮਸ਼ਕਾਂ ਸ਼ੁਰੂ

ਲੋਕ ਸਭਾ ਚੋਣਾਂ ਲਈ ਮਸ਼ਕਾਂ ਸ਼ੁਰੂ

ਲੋਕ ਸਭਾ ਦੀਆਂ ਆਮ ਚੋਣਾਂ ਅਪ੍ਰੈਲ ਜਾਂ ਮਈ 2019 ’ਚ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਲਈ ਕੌਮੀ ਪੱਧਰ ’ਤੇ ਅਜੇ ਟੀਮ ਬੰਦੀ ਨਹੀਂ ਬਣੀ। ਮੁੱਖ ਤੌਰ ’ਤੇ ਤਿੰਨ ਧਿਰਾਂ ਤਾਂ ਬਣ ਗਈਆਂ ਪਰ ਦੋ ਦੇ ਮੌਕੇ ਘੱਟ ਹਨ। ਕਿਉਂਕਿ ਲੋਕ ਤੀਜਾ ਬਦਲ ਚਾਹੁੰਦੇ ਨੇ, ਉਸੇ ਕਰਨ ਪੰਜਾਬ ’ਚ ਵੀ ਨਵੀਂ ਸਿਆਸੀ ਸਫ਼ਬੰਦੀ ਹੋ ਰਹੀ ਹੈ।2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਗਈ ਨਤੀਜੇ ਹੈਰਾਨੀਜਨਕ ਰਹੇ।ਜਿਵੇਂ 2012 ’ਚ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਕੁਝ ਹੋਰ ਕਾਰਕੁਨਾਂ ਦੇ ਘਰ ਨਤੀਜੇ ਨਿਕਲਣ ਤੋਂ ਪਹਿਲਾਂ ਸਾਰਾ ਮੰਤਰੀ ਮੰਡਲ, ਸਿਵਲ ਪ੍ਰਸਾਸਨ ਤੇ ਪੁਲਿਸ ਦੀਆਂ ਬਦਲੀਆਂ ਦੀਆਂ ਸੂਚੀਆਂ ਤੇ ਜਸ਼ਨਾਂ ਦੀਆਂ ਤਿਆਰੀਆ ਹੋ ਰਹੀਆ ਸਨ, ਉਹੋ ਜਿਹੀ ਹੀ ਆਮ ਆਦਮੀ ਪਾਰਟੀ ਦੇ ਮੁਖ ਮੰਤਰੀ ਅਤੇ ਵਿਦੇਸ਼ਾ ਚ ਬੈਠੇ ਆਪ ਦੇ ਹਮਦਰਦ ਆਗੂਆਂ ਹੋਈ। ਕਈ ‘ਤੱਤੇ ਆਪ ਆਗੂਆਂ’ ਨੇ ਬੈਂਕੁਇਟ ਹਾਲ ਬੁੱਕ ਕਰਾ ਰਖੇ ਸਨ, ਕਈ ਅਫ਼ਸਰ ਲੁੱਟਮਾਰ ਵਾਲੀ ਥਾਂ ਲਗਣ ਲਈ ਕੁਝ ਸੰਭਾਵੀ ਲੀਡਰਾਂ ਅਤੇ ਮੰਤਰੀਆਂ ਦੇ ਘਰ ਨਕਦ ਨਰਾਇਣ ਵੀ ਦੇ ਗਏ ਸਨ।ਅਜਿਹਾ ਬਹੁਤ ਵਾਰੀ ਅੰਦਾਜੇ ਦੀ ਗਲਤੀ ਜਾਂ ਸਿਆਸੀ ਸੂਝ ਦੀ ਕਮੀ ਕਾਰਨ ਹੋ ਜਾਂਦਾ ਹੈ।ਪਾਰਟੀ ਕੋਈ ਵੀ ਮਾੜੀ ਨਹੀ ਹੁੰਦੀ ਸਿਰਫ ਬੰਦੇ ਮਾੜੇ ਹੁੰਦੇ ਹਨ। ਰਾਜਨੀਤੀ ਵਿਚ ਲੀਡਰ ਸਿਆਣੇ ਬੁਧੀਮਾਨ, ਤਜ਼ਰਬੇਕਾਰ ਕਾਰਕੁੰਨ ਰੱਖਣ ਦੀ ਬਜਾਇ ਅੰਨੇ ਭਗਤ, ਚਮਚੇ ਨਿੱਜੀ ਵਦਾਦਰ ਰਖਦੇ ਹਨ। ਇਨ੍ਹਾਂ ਨੂੰ ਹੀ ਅਹੁਦੇ ਵੰਡਦੇ ਹਨ। ਇਕ ਨਹੀਂ ਸਾਰੀਆਂ ਪਾਰਟੀਆਂ ਦੀ ਹੀ ਅੰਦਰੂਨੀ ਸਿਆਸਤ ਇਹੋ ਜਿਹੀ ਹੀ ਹੈ।ਰਾਜਨੀਤੀ ਵਿਚ ਕਿਸੇ ਨੂੰ ਇਮਾਨਦਾਰ ਕਹਿਣਾ ਵੀ ਉਤਨਾ ਹੀ ਔਖਾ ਐ ਜਿੰਨਾ ਬੇਈਮਾਨ ਕਹਿਣਾ।ਸਬੂਤ ਬਿਨਾਂ ਬੇਈਮਾਨ ਕਹਿਣ ’ਤੇ ਇਜ਼ਤ ਹੱਤਕ ਅਤੇ ਮਾਣਹਾਨੀ ਦਾ ਮੁਕਦਮਾ ਹੋ ਜਾਂਦਾ ਹੈ।ਇਮਾਨਦਾਰ ਇਸ ਲਈ ਨਹੀਂ ਆਖ ਸਕਦੇ ਕਿਉਂਕਿ ਪਾਰਟੀ ਫੰਡ ਦਾ ਕੋਈ ਹਿਸਾਬ ਨਹੀਂ ਹੁੰਦਾ। ਇਸ ਲਈ ਇਸ ਹਮਾਮ ’ਚ ਸਾਰੇ ਹੀ ਨੰਗੇ ਹੁੰਦੇ ਹਨ।ਹੁਣ ਮਸਲਾ ਇਹ ਹੈ ਕਿ ਪੰਜਾਬ ’ਚ ਆਉਣ ਵਾਲੀ ਲੋਕ ਸਭਾ ਚੋਣਾਂ ਦੇ ਕੀ ਨਤੀਜੇ ਹੋਣਗੇ।ਅਕਸਰ ਦੇਸ਼-ਵਿਦੇਸ਼ ’ਚ ਬੈਠੇ ਜਗਿਆਸੂ ਇਹ ਸੁਵਾਲ ਪੁੱਛਦੇ ਹਨ।ਪਰ ਸਵਾਲ ਇਹ ਹੈ ਕਿ ਜਦੋਂ ਮੈਚ ਖੇਡਣ ਲਈ ਟੀਮਾਂ ਹੀ ਨਹੀਂ ਬਣੀਆਂ ਉਸ ਤੋਂ ਪਹਿਲਾ ਕਿਵੇਂ ਅੰਦਾਜਾ ਲਾ ਸਕਦੇ ਹਾਂ। ਅਜੇ ਇਹ ਨਹੀਂ ਪਤਾ ਕਿਹੜਾ ਖਿਡਾਰੀ ਕਿਹੜੀ ਟੀਮ ’ਚ ਖੇਡੂ।ਕਿਹੜੀ ਟੀਮ ਸਿਆਸੀ ਲੀਗ ਵਿਚ ਕੀਹਦੇ ਨਾਲ ਗਠਜੋੜ ਕਰੇਗੀ। ਅਜੇ ਇਹ ਕੰਮ ਹੋਣਾ ਬਾਕੀ ਹੈ। ਐਨ ਆਖਰੀ ਦਮ ਤਕ ਜੋੜ ਤੋੜ ਹੋਣਗੇ। ਕਈ ਬਿਨਾ ਸ਼ਾਦੀ ਲਿਵ-ਇਨ-ਰੀਲੇਸ਼ਨ ’ਚ ਗੁਜ਼ਰ ਰਹੇ ਹਨ।ਕਈਆਂ ਨੇ ਇਕ ਪਾਸੇ ਰਿਸ਼ਤਾ ਤੋੜਿਆ ਨਹੀਂ ਦੂਜਾ ਵਿਆਹ ਰਚਾ ਲਿਆ।ਕਈ ਪਹਿਲੀ ਘਰਵਾਲੀ ਨੂੰ ਤਲਾਕ ਦੇਣ ਦੀ ਬਜਾਇ ਅਜੇ ਹਿਚਕਚਾ ਰਹੇ ਹਨ।ਜਿੰਨੀ ਦੇਰ ਤਕ ਖਿਡਾਰੀਆਂ ਦਾ ਫੈਸਲਾ ਨਹੀਂ ਹੁੰਦਾ ਅਤੇ ਟੀਮਾਂ ਨਹੀਂ ਬਣਦੀਆਂ ਤਦ ਤੱਕ ਕੁਝ ਵੀ ਕਹਿਣਾ ਮੁਸ਼ਕਿਲ ਹੈ।ਪੰਜਾਬ ਦੀ ਰਾਜਨੀਤੀ ’ਚ ਦੋ ਨਵੀਆਂ ਦੇਹਲੀਆ ਹੋਰ ਵਸ ਗਈਆਂ।ਟਕਸਾਲੀ ਅਕਾਲੀ ਦਲ ਅਤੇ ਪੰਜਾਬੀ ਏਕਤਾ ਪਾਰਟੀ । ਦੋਵਾਂ ਦੇ ਆਗੂਆਂ ਨੇ ਪਹਿਲੀਆਂ ਪਾਰਟੀਆਂ ਤੋਂ ਤਲਾਕ ਦੀ ਅਰਜ਼ੀ ਤਾਂ ਦੇ ਦਿੱਤੀ ਹੈ ਪਰ ਮਨਜ਼ੂਰ ਹੋਏ ਬਗੈਰ ਹੀ ਨਵੀਂ ਸ਼ਾਦੀ ਕਰ ਲਈ।ਅਜੇ ਤਕ ਆਪਣੀ ਨਵੀਂ ਸ਼ਾਦੀ ਅਤੇ ਜ਼ਿੰਦਗੀ ਬਾਰੇ ਕੁਝ ਕਹਿਣ ਦੀ ਬਜਾਏ ਪੁਰਾਣੇ ਘਰਵਾਲੇ ਨੂੰ ਹੀ ਗਾਲਾਂ ਕਢਣ ’ਤੇ ਜ਼ੋਰ ਦਿੱਤਾ ਜਾ ਰਿਹ ਹੈ। ਚੰਗਾ ਇਹ ਹੈ ਕਿ ਹੁਣ ਤਾਂ ਆਪਣੇ ਨਵੇਂ ਘਰ ਦੀ ਸੁਖ ਸੱਖਣ ਅਤੇ ਘਰ ਬੰਨਣ।ਜਿਹੋ ਜਿਹੀਆਂ ਪਾਰਟੀਆਂ ਹੋਗੀਆ ਓਹੋ ਜਿਹੇ ਲੋਕ ਹੋ ਗਏ। ਉਹ ਕਹਿੰਦੇ ਅਜੇ ਤਕ ਤਾਂ ਪਿੰਡ ਹੀ ਨਹੀਂ ਬੰਨ੍ਹਿਆ, ਮੰਗਤੇ ਪਹਿਲਾਂ ਹੀ ਆਗੇ।ਲੋਕ ਆਪਣੇ ਢਿਡ ਦੀ ਗਲ ਹਿਕ ਨਾਲ ਲਾਈ ਬੈਠੇ ਹਨ ਭਾਵੇਂ ਬਹੁ ਗਿਣਤੀ ਸਿਖ ਤੇ ਪੇਂਡੂ ਲੋਕਾਂ ਦੀ ਹੈ ਪਰ ਉਹ ਬਿਖਰੇ ਹੋਏ ਹਨ। ਹਿੰਦੂ ਵੋਟ ਵਪਾਰੀ ਵੋਟ ਹੈ, ਹਰ ਵਾਰ ਤਰਾਜ਼ੂ ਦਾ ਪਾਸਕੂ ਆਪਣੇ ਕੋਲ ਰੱਖਦੀ ਹੈ।ਤੇਲ ਦੇਖੋ-ਤੇਲ ਦੀ ਧਾਰ ਦੇਖੋ ਦੀ ਨੀਤੀ ਤਹਿਤ ਪਹਿਲਾ ਛੈਹ ਕੇ ਵੇਖਦੇ ਹਨ ਜਦੋਂ ਲੋਹਾ ਗਰਮ ਹੋਵੇ ਫੇਰ ਨਾਲੇ ਫੰਡ ਦਿੰਦੇ ਹਨ ਨਾਲੇ ਵੋਟਾਂ।ਅਜੇ ਤਾਂ ਉਹ ਸਿਆਸੀ ਲੋਕਾਂ ਦਾ ਰੁਖ ਦੇਖ ਰਹੇ ਹਨ।ਇਹ ਚੋਣ ਲੋਕ ਸਭਾ ਦੀ ਹੈ ਕੇਂਦਰ ’ਚ ਕਿਸ ਦਾ ਪਲੜਾ ਭਾਰੀ ਹੁੰਦਾ ਹੈ, ਕਾਂਗਰਸ ਜਾਂ ਭਾਜਪਾ ਦਾ।ਉਹ ਫੇਰ ਵਕਤ ਦੀ ਨਜ਼ਾਕਤ ਨਾਲ਼ ਜਾਂਦੇ ਹਨ।ਉਂਝ ਵੀ ਪੰਜਾਬ ਦੇ ਲੋਕ ਖੇਤਰੀ ਰਾਜਨੀਤੀ ’ਚ ਜ਼ਿਆਦਾ ਗਭੀਰ ਹੁੰਦੇ ਹਨ। ਲੋਕ ਸਭਾ ਦੀਆਂ ਸੀਟਾਂ ਘਟ ਹਨ, ਘੱਟ ਗਿਣਤੀ ਸੂਬਾ ਹੋਣ ਕਰਕੇ ਕੇਂਦਰ ਸਰਕਾਰ ਨਾਲ ਟਕਰਾਅ ਹੀ ਰਹਿੰਦਾ ਹੈ।ਪੰਜਾਬ ’ਚ ਬਹੁਜਨ ਸਮਾਜ ਪਾਰਟੀ ਪਿਛਲੇ ਕਾਫੀ ਅਰਸੇ ਤੋਂ ਦੂਹਰੀ ਰਾਜਨੀਤੀ ਕਰਦੇ ਹੋਏ ਅਕਾਲੀਆਂ ਨਾਲ ਗੈਰ ਰਸਮੀ ਮੇਲਜੋਲ ਕਰਕੇ ਉਮੀਦਵਾਰ ਖੜ੍ਹੇ ਕਰਦੀ ਹੈ, ਫੇਰ ਕਾਂਗਰਸ ਨਾਲ ਮੇਲਜੋਲ ਤੋਂ ਬਾਅਦ ਉਨ੍ਹਾਂ ਨੂੰ ਨਿਊਟਲ ਗੇਅਰ ’ਚ ਪਾ ਦਿੰਦੇ ਹੈ। ਇਸ ਨੀਤੀ ਕਾਰਨ ਹੁਣ ਦਲਿਤ ਵੋਟਰ ਉਨ੍ਹਾਂ ਦੇ ਦਾਇਰੇ ’ਚੋ ਬਾਹਰ ਹਨ। ਕੁਮਾਰੀ ਮਾਇਆਵਤੀ ਜੀ ਦਾ ਫੋਕਸ ਹੁਣ ਯੂ ਪੀ ਦੀ ਸਿਆਸਤ ’ਤੇ ਹੈ। ਪੰਜਾਬ ’ਚ ਦਲਿਤ ਵੋਟਰ ਦੁਆਬੇ ’ਚ ਮਹਤਵ ਰਖਦੇ ਹਨ।ਨਵੀਂ ਸਫਬੰਦੀ ’ਚ ਦੇਖੋ ਉਹ ਕਿਧਰ ਜਾਂਦੇ ਹਨ।ਭਾਵੇਂ ਅਜੇ ਦਿਲੀ ਦੂਰ ਹੈ ਪਰ ਮੁਸਾਫਰਾਂ ਦੇ ਕਾਫਲੇ ਦਿਲੀ ਵਲ ਚਲਦੇ ਰਹਿੰਦੇ ਹਨ।ਲੋਕ ਅਕਾਲੀ ਦਲ ਬਾਦਲ ਨਾਲ ਪੂਰੇ ਨਰਾਜ਼ ਹਨ। ਕਾਂਗਰਸ ਦੇ ਫੋਕੇ ਵਾਅਦਿਆਂ, ਰਿਸ਼ਵਤਖੋਰੀ, ਨਸ਼ਾਖੋਰੀ, ਬਦ-ਅਮਨੀ, ਬੇਰੁਜ਼ਗਾਰੀ, ਲੋਕਾਂ ਨਾਲ ਤਾਲਮੇਲ ਦੀ ਘਾਟ, ਰੇਤਾ ਬਜਰੀ ਤੇ ਸਿਹਤ-ਸਿੱਖਿਆ ਦੇ ਮਸਲਿਆਂ ਕਾਰਨ ਲੋਕ ਗੁੱਸੇ ’ਚ ਹਨ ।‘ਆਪ’ ਦੀ ਫੁਟ ਤੇ ਜਥੇਬੰਦਕ ਢਾਂਚੇ ਦੀ ਘਾਟ, ਅਛੇ ਅਕਸ, ਤਜਰਬੇ ਤੇ ਲੋਕਾਂ ’ਚ ਸ਼ਾਖ ਵਾਲੇ ਲੀਡਰਾਂ ਅਤੇ ਉਮੀਦਵਾਰਾਂ ਦੀ ਘਾਟ, ਯੋਗ ਆਗੂਆਂ ਨੂੰ ਨੁੱਕਰੇ ਲਾਉਣ ਦੀ ਨੀਤੀ, ਭਗਵੰਤ ਮਾਨ ਵੱਲੋਂ ਦਲਿਤ ਪੱਤਾ ਖੇਡ ਕੇ ਪਾਰਟੀ ਦਾ ਅਗਵਾ ਕਰਨਾ ਸ਼ੈਤਾਨੀ ਨਾਲ ਪਿਛੇ ਰਹਿ ਕੇ ਪਾਰਟੀ ਦੀ ਪ੍ਰਧਾਨਗੀ ਕਰਨੀ, ਮੁਖ ਮੰਤਰੀ ਦੀ ਕੁਰਸੀ ’ਤੇ ਜਨਮ ਸਿਧ ਅਧਿਕਾਰ ਸਮਝਣਾ ਪਾਰਟੀ ਲਈ ਕਾਫੀ ਨੁਕਸਾਨਦੇਹ ਸਾਬਿਤ ਹੋਇਆ ਹੈ। ਅਜੇ ਵੀ ਟੇਢੇ ਢੰਗ ਨਾਲ ਦਿਲੀ ਦੀ ਦਖਲ-ਅੰਦਾਜੀ ਤੇ ਜਥੇਬੰਦਕ ਢਾਂਚੇ ਦੀ ਬੇਭਰੋਸਗੀ ਵਰਗੇ ਮਸਲੇ ਪਾਰਟੀ ਲਈ ਨੁਕਸਾਨਦੇਹ ਬਣੇ ਹੋਏ ਹਨ।ਕਾਂਗਰਸ ‘ਆਪ’ ਨਾਲ ਸਮਝੌਤਾ ਪੰਜਾਬ ’ਚ ਕਾਂਗਰਸ ਲਈ ਅਤੇ ਦਿਲੀ ’ਚ ‘ਆਪ’ ਲਈ ਨੁਕਸਾਨਦੇਹ ਸਾਬਤ ਹੋਵੇਗਾ।ਇਸ ਵਿਚ 84 ਦਾ ਘੱਲੂਘਾਰਾ, ਹੁਣ ਸੱਜਣ ਕੁਮਾਰ ਨੂੰ ਕੈਦ ਹੋਣ ਦਾ ਸਿੱਖ ਵੋਟਰਾਂ ’ਤੇ ਕਾਫੀ ਪ੍ਰਭਾਵ ਪਾਵੇਗਾ। ਇਸ ਦਾ ਲਾਹਾ ਕੌਣ ਲੈਂਦਾ ਹੈ ਇਹ ਦੇਖਣਾ ਹੋਵੇਗਾ। ਸਮਾਂ ਦਸੇਗਾ ਕਿ ਐਡਵੋਕੇਟ ਸ਼੍ਰੀ ਐਚ.ਐਸ. ਫੂਲਕਾ ਨੇ ਅਹੁਦੇ ਛਡ ਕੇ ਰਾਜਨੀਤੀ ਛਡ ਕੇ ਜੋ ਵਾਹ ਵਾਹ ਖਟੀ ਪਰ ਉਹ ਹੁਣ ਸਿੱਖ ਸੇਵਕ ਸੰਸਥਾ ਰਾਹੀ ਛੁਪ ਕੇ ਸਿਖ ਸਿਆਸਤ ਖੇਡਣਗੇ ਜਾਂ ਨਹੀਂ।ਅਜੋਕੇ ਸਮੇਂ ਲਗਦਾ ਐ ਫੁਟ ਦਾ ਲਾਹਾ ਬਾਈ ਡਿਫਾਲਟ ਕਾਂਗਰਸ ਨਾ ਲੈ ਜਾਵੇ।ਜੇ ਨਵਾਂ ਟਕਸਾਲੀ ਅਕਾਲੀ ਦਲ, ਖਹਿਰਾ-ਗਾਂਧੀ-ਬੈਂਸ ਅਤੇ ਬਹੁਜਨ ਸਮਾਜ ਪਾਰਟੀ ਇਕਠੇ ਹੋ ਗਏ ਤਾਂ ਕਾਂਗਰਸ ਤੇ ਬਾਦਲ ਦਲ ਦੇ ਪੈਰ ਉਖਾੜ ਸਕਦੇ ਹਨ। ਅਜੇ ਬਰਗਾੜੀ ਮੋਰਚਾ, ਜਗਮੀਤ ਬਰਾੜ, ਛੋਟੇਪੁਰ ਤੇ ਕੁਝ ਹੋਰ ਪੰਜਾਬ ਦੇ ਲੀਡਰ ਅਜੇ ਆਪਣੇ ਆਪਣੇ ਪਰ ਤੋਲ ਰਹੇ ਹਨ। ਬਰਗਾੜੀ ਮੋਰਚਾ ਛੋਟੇ ਟ੍ਰਾਂਸਫਾਰਮਰ ’ਚ ਜ਼ਿਆਦਾ ਕਰੰਟ ਆਉਣ ਕਾਰਨ ਫਿਉਜ਼ ਹੋ ਗਿਆ।ਲੋਕ ਸਭਾ ਚੋਣਾਂ ਪੰਜਾਬ ਲਈ ਤਾਂ ਸੈਮੀ ਫਾਈਨਲ ਦਾ ਕੰਮ ਕਰਨਗੀਆਂ।ਇਨ੍ਹਾਂ ਚੋਣਾਂ ’ਚ ਕਾਂਗਰਸ ਦਾ 2022 ਦਾ ਬਦਲ ਉਭਰ ਕੇ ਨਿਕਲੇਗਾ। ਅਛੇ ਅਕਸ ਵਾਲੇ ਉਮਦਵਾਰ ਵੀ ਲੋਕਾਂ ਦਾ ਦਿੱਲ ਜਿੱਤਣ ਦੀ ਕੋਸ਼ਿਸ਼ ਕਰਨਗੇ।ਪਾਰਟੀਆਂ ਦੀ ਸਫਾਬੰਦੀ ਤੇ ਫੇਰ ਉਮੀਦਵਾਰਾਂ ਦੀ ਚੋਣ, ਅਗੇ ਕੀ ਕੀ ਮੁਦੇ ਉਠਦੇ ਨੇ ,ਇਹ ਸਾਰੇ ਫੈਕਟਰ ਭਾਰੂ ਹੋਣਗੇ। ਅਜੇ ਮੋਦੀ ਜੀ ਉਚ ਸ਼੍ਰੇਣੀ ਨੂੰ ਦਸ ਫੀਸਦੀ ਰਿਜਰਵੇਸ਼ਨ, ਕਿਸਾਨਾਂ ਦਾ ਕਰਜ਼ਾ, ਖੇਤੀ ਬੀਮਾ, ਡੀਜ਼ਲ ਦੇ ਭਾਅ, ਪਤਾ ਨਹੀਂ ਕੀ ਕੀ ਸੇਲ ’ਤੇ ਲਾਉਣਗੇ, ਇਹ ਵੀ ਦੇਖਣਾ ਹੋਵੇਗਾ। ਕੁਲ ਮਿਲਾ ਕੇ ਲੋਕ ਸਭਾ ਚੋਣਾਂ ਲਈ ਮਸ਼ਕਾਂ ਦਿਲਚਸਪ ਰੂਪ ਲੈ ਰਹੀਆਂ ਹਨ।
– ਏਕਮਜੀਤ ਸਿੰਘ ਬਰਾੜ

Comments are closed.

COMING SOON .....


Scroll To Top
11