Sunday , 21 April 2019
Breaking News
You are here: Home » Editororial Page » ਲੋਕਾਂ ਵਿੱਚ ਦਿਲਚਸਪੀ ਲਵੋ ਅਤੇ ਉਨ੍ਹਾਂ ਦਾ ਦਿਲ ਜਿੱਤੋ

ਲੋਕਾਂ ਵਿੱਚ ਦਿਲਚਸਪੀ ਲਵੋ ਅਤੇ ਉਨ੍ਹਾਂ ਦਾ ਦਿਲ ਜਿੱਤੋ

ਪੈਸੰਜਰ ਗੱਡੀ ਲੁਧਿਆਣੇ ਤੋਂ ਚੱਲ ਕੇ ਜੱਸੋਵਾਲ ਰੁਕੀ। ਜੱਸੋਵਾਲ ਤੋਂ ਗੱਡੀ ਨੇ ਕਿਲ੍ਹਾ ਰਾਏਪੁਰ, ਮੰਡੀ ਅਹਿਮਦਗੜ੍ਹ ਅਤੇ ਮਾਲੇਰਕੋਟਲਾ ਹੁੰਦੇ ਹੋਏ ਧੂਰੀ ਪਹੁੰਚਣਾ ਸੀ। ਇਸ ਗੱਡੀ ਵਿੱਚ ਰੋਜ਼ਾਨਾ ਸਫਰ ਕਰਨ ਵਾਲੀਆਂ ਸਵਾਰੀਆਂ ਦੀ ਭਰਮਾਰ ਹੁੰਦੀ ਸੀ। ਭਾਵੇਂ ਮੈਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਪੱਤਰਕਾਰੀ ਦਾ ਵਿਦਿਆਰਥੀ ਹੋਣ ਨਾਤੇ ਹੋਸਟਲ ਵਿੱਚ ਕਮਰਾ ਲਿਆ ਲਿਆ ਹੋਇਆ ਸੀ ਪਰ ਅਕਸਰ ਮੈਂ ਆਪਣੇ ਸ਼ਹਿਰ ਅਹਿਮਦਗੜ੍ਹ ਚਲਿਆ ਜਾਂਦਾ ਸੀ। ਮੈਂ ਗੱਡੀ ਦਾ ਪਾਸ ਬਣਾਇਆ ਹੋਇਆ ਅਤੇ ਕਈ ਵਾਰ ਤਾਂ ਆਪਣੇ ਮਾਸਿਕ ਪੱਤਰ ‘ਮੰਚ’ ਦੀ ਛਪਾਈ ਦੇ ਸਬੰਧ ਵਿੱਚ ਮੈਨੂੰ ਦਿਨ ਵਿੱਚ ਇਕ ਤੋਂ ਵੱਧ ਚੱਕਰ ਵੀ ਮਾਰਨੇ ਪੈਂਦੇ ਸਨ। ਅਜਿਹੇ ਸੰਘਰਸ਼ ਦੇ ਦਿਨ ਹਰ ਵਿਅਕਤੀ ਦੀ ਜ਼ਿੰਦਗੀ ਵਿੱਚ ਆਉਂਦੇ ਹਨ। ਖ਼ੈਰ, ਮੈਂ ਦੱਸ ਰਿਹਾ ਸੀ ਕਿ ਗੱਡੀ ਲੁਧਿਆਣੇ ਤੋਂ ਚੱਲ ਕੇ ਜੱਸੋਵਾਲ ਰੁਕੀ ਅਤੇ ਉਥੋਂ ਕੁਝ ਸਵਾਰੀਆਂ ਚੜ੍ਹੀਆਂ। ਉਨ੍ਹਾਂ ਵਿੱਚ ਇਕ 40 ਕੁ ਵਰ੍ਹਿਆਂ ਦਾ ਸਰਦਾਰ ਵੀ ਸੀ, ਜਿਸ ਦੇ ਹੱਥ ਵਿੱਚ ਇਕ ਚਮੜੇ ਦਾ ਬੈਗ ਸੀ। ਗੱਡੀ ਵਿੱਚ ਕਾਫੀ ਭੀੜ ਹੋਣ ਕਾਰਨ ਉਹ ਇਕ ਪਾਸੇ ਖੜ੍ਹ ਗਿਆ। ਕੁਝ ਸਵਾਰੀਆਂ ਬੈਠ ਗਈਆਂ ਅਤੇ ਉਸ ਸਰਦਾਰ ਵਾਂਗ ਹੀ ਕੁਝ ਖੜ੍ਹੀਆਂ ਸਨ। ਗੱਡੀ ਹੌਲੀ-ਹੌਲੀ ਆਪਣੀ ਰਫਤਾਰ ਦੌੜਨ ਲੱਗੀ।
‘ਹੈਂ ਤੂੰ ਮਰਜੇਂ, ਜੇ ਫਿਰ ਹੱਥ ਬਾਹਰ ਕੱਢਿਆ ਤਾਂ ਇੱਕ ਥੱਪੜ ਲਗਾਉ’’ ਇਕ ਮਾਂ ਆਪਣੇ 10 ਕੁ ਵਰ੍ਹਿਆਂ ਦੇ ਬੇਟੇ ਨੂੰ ਘੂਰ ਰਹੀ ਸੀ ਜੋ ਖਿੜਕੀ ਵਿੱਚੋਂ ਵਾਰ-ਵਾਰ ਹੱਥ ਬਾਹਰ ਕੱਢ ਰਿਹਾ ਸੀ।
ਵੇਖੋ ਭਾਈ, ਕੋਈ ਮਾਂ ਆਪਣੇ ਪੁੱਤ ਨੂੰ ਮਰ ਜਾਣ ਵਾਲੀ ਦੁਰਅਸੀਸ ਦੇ ਸਕਦੀ ਹੈ। ਪੁੱਤ ਤਾਂ ਲੱਖੀਂ ਕਰੋੜੀ ਵੀ ਨਹੀਂ ਮਿਲਦੇ। ਇਹ ਬੀਬੀ ਜਦੋਂ ਆਪਣੇ ਲਾਲ ਨੂੰ ਕਹਿ ਰਹੀ ਐ ਕਿ ‘ਤੂੰ ਮਰੇ’ ਤਾਂ ਮੋਹ ਵਿੱਚੋਂ ਬੋਲ ਰਹੀ ਐ। ਨਹੀਂ ਤਾਂ ਇਹ ਆਪਣੇ ਇਸ ਮਾਸੂਮ ਪੁੱਤਰ ’ਤੇ ਕਿੰਨੀਆਂ ਹੀ ਜ਼ਿੰਦਗੀਆਂ ਵਾਰਨ ਨੂੰ ਤਿਆਰ ਬੈਠੀ ਐ। ਇਹਦੀਆਂ ਝਿੜਕਾਂ ਅਤੇ ਗਾਲ੍ਹਾਂ ਵਿਚੋਂ ਵੀ ਪਿਆਰ ਹੀ ਝਲਕਦੈ। ਮਾਵਾਂ ਤਾਂ ਹਮੇਸ਼ਾਂ ਪੁੱਤਾਂ ਦਾ ਭਲਾ ਹੀ ਚਾਹੁੰਦੀਆਂ ਹੁੰਦੀਆਂ ਹਨ। ਉਸ ਸਰਦਾਰ ਦੇ ਮੂੰਹੋਂ ਅਜਿਹੇ ਬੋਲ ਸੁਣ ਕੇ ਜਿੰਨੀਆਂ ਵੀ ਮਾਵਾਂ ਬੈਠੀਆਂ ਸਨ, ਉਹ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕੀਆਂ। ਹੁਣ ਉਸ ਦੇ ਬੋਲ ਉਸ ਡੱਬੇ ਬੈਠੀਆਂ ਸਭ ਸਵਾਰੀਆਂ ਨੂੰ ਪ੍ਰਭਾਵਿਤ ਕਰ ਰਹੇ ਸਨ। ਮਾਵਾਂ ਤੋਂ ਹੱਟਕੇ ਹੁਣ ਉਹ ਕਿਸਾਨਾਂ ਦੀ ਗੱਲ ਕਰ ਰਿਹਾ ਸੀ।
‘ਵੇਖੋ ਮੇਰੇ ਕਿਸਾਨ ਵੀਰ ਬੈਠੇ ਐ। ਇਹ ਵੀ ਅਕਸਰ ਆਪਣੇ ਬਲਦਾਂ ਨੂੰ ਕਹਿੰਦੇ ਐ, ਏ ਤੇਰੇ ਸੱਪ ਲੜ ਜੇ।’ ਭਲਾ ਪੁੱਤਾਂ ਵਾਂਗ ਪਾਲੇ ਬਲਦਾਂ ਨੂੰ ਕੋਈ ਸੱਪ ਲੜਾ ਸਕਦੈ। ਇਨ੍ਹਾਂ ਬੋਲਾਂ ਵਿੱਚੋਂ ਵੀ ਪਿਆਰ ਹੀ ਝਲਕਦਾ ਹੁੰਦੈ।
ਬਲਦਾਂ ਦੀ ਗੱਲ ਸੁਣ ਕੇ ਡੱਬੇ ਵਿੱਚ ਬੈਠੇ ਕਿਸਾਨਾਂ ਦੇ ਕੰਨ ਵੀ ਉਸ ਦੀਆਂ ਗੱਲਾਂ ਸੁਣਨ ਲਈ ਖਿੱਚੇ ਗਏ। ਹੁਣ ਉਹ ਕਿਸਾਨਾਂ ਤੋਂ ਹੱਟ ਕੇ ਗੱਡੀ ਵਿੱਚ ਬੈਠੇ ਨੌਜਵਾਨਾਂ ਨੂੰ ਮੁਖਾਤਬ ਹੋਣ ਲੱਗਾ।
‘ਆਹ, ਮੇਰੇ ਨੌਜਵਾਨ ਵੀਰ ਬੈਠੇ ਐ। ਬਿਨਾਂ ਖੰਘ ਤੋਂ ਖੰਘਣ ਵਾਲੇ।
ਹੁਸਨ ਜਵਾਨੀ ਤੇ ਮਾਪੇ
ਤਿੰਨੇ ਰੰਗ ਨਹੀਂ ਲੱਭਣੇ।
ਗੱਲ ਕੀ ਉਸ ਸਰਦਾਰ ਨੇ ਗੱਡੀ ਦੇ ਡੱਬੇ ਵਿੱਚ ਬੈਠੀਆਂ ਸਭ ਸਵਾਰੀਆਂ ਨੂੰ ਜਿਵੇਂ ਕੀਲ ਲਿਆ ਹੋਵੇ। ਸਾਰਿਆਂ ਦੇ ਧਿਆਨ ਦਾ ਕੇਂਦਰ ਉਹ ਸਰਦਾਰ ਬਣ ਚੁੱਕਿਆ ਸੀ। ਹੁਣ ਉਸ ਦੇ ਮੁਖ ਵਿੱਚੋਂ ਮਾਲਵੇ ਦੇ ਲੋਕ ਟੱਪੇ, ਸੰਤਾਂ ਦੇ ਦੀਵਾਨਾਂ, ਲੋਕ ਸਭਾਵਾਂ ਵਿੱਚ ਹੋ ਰਹੇ ਕੀਰਤਨ ਵਾਂਗ ਨਿਕਲ ਰਹੇ ਸਨ।
ਨਿੱਤ-ਨਿੱਤ ਨੀ ਜਗਤ ’ਤੇ ਆਉਣਾ
ਬਾਨ ਵਿੱਚ ਪਾ ਲੈ ਮਿਸ਼ਰੀ।
ਮਾਣਸ ਦੇਹੀ ਤਾਂ ਸਬੱਬ ਨਾਲ ਪਾਲੀ ਐ
ਐਮੇਂ ਨਾ ਗੁਆ ਲੀਂ ਮਿੱਤਰਾ
ਹੀਰਾ ਜਨਮ ਅਮੋਲਕ ਥਿਆਇਆ
ਭੰਗ ਭਾੜੇ ਖੋ ਨਾ ਦੇਈ
ਇਉਂ ਉਹ ਅਨੇਕਾਂ ਟੱਪੇ ਗਾਉਂਦਾ ਗਾਉਂਦਾ ਕਹਿਣ ਲੱਗਾ। ਸੱਚਮੁੱਚ ਹੀ ਇਹ ਜਨਮ ਅਨਮੋਲ ਹੈ। ਇਸ ਨੂੰ ਸਵਾਦ ਨਾਲ ਜਿਊਣਾ ਚਾਹੀਦਾ ਹੈ। ਆਨੰਦ ਮਾਨਣਾ ਚਾਹੀਦਾ ਹੈ। ਇਸ ਜੀਵਨ ਦਾ। ਅਨੰਦ ਮਾਨਣ ਲਈ ਸਾਡਾ ਸਰੀਰ ਤੰਦਰੁਸਤ ਹੋਣਾ ਬਹੁਤ ਜ਼ਰੂਰੀ ਹੈ। ਸਰੀਰ ਤੰਦਰੁਸਤ ਤਦ ਰਹੇਗਾ ਜੇ ਅਸੀਂ ਚੰਗੀ ਖੁਰਾਕ ਖਾਵਾਂਗੇ। ਚੰਗੀ ਖੁਰਾਕ ਖਾਣ ਲਈ ਸਾਡੇ ਦੰਦਾਂ ਦਾ ਤੰਦਰੁਸਤ ਹੋਣਾ ਜ਼ਰੂਰੀ ਹੈ ਅਤੇ ਦੰਦਾਂ ਦੀ ਮਜ਼ਬੂਤੀ ਲਈ ਇਹ ਮੇਰੇ ਕੋਲ ਇਕ ਦੰਤ ਮੰਜਨ ਹੈ, ਜੋ ਸਿਰਫ ਮੈਂ ਦੋ ਦੋ ਰੁਪਏ ਵਿੱਚ ਕੰਪਨੀ ਦੀ ਮਸ਼ਹੂਰੀ ਲਈ ਵੇਚ ਰਿਹਾ ਹਾਂ।’
ਮੇਰੇ ਵੇਖਦੇ-ਵੇਖਦੇ ਉਸ ਨੇ ਅਨੇਕਾਂ ਸ਼ੀਸ਼ੀਆਂ ਆਪਣੇ ਮੰਜਨ ਦੀਆਂ ਵੇਚ ਦਿੱਤੀਆਂ। ਇਹ ਕਿਵੇਂ ਸੰਭਵ ਹੋਇਆ। ਇਹ ਸੰਭਵ ਹੋਇਆ ਉਸ ਦੀ ਲੋਕਾਂ ਦੀਆਂ ਗੱਲਾਂ ਵਿੱਚ ਦਿਲਚਸਪੀ ਲੈਣ ਕਾਰਨ। ਭਾਵੇਂ ਉਹ ਕਿਸੇ ਯੂਨੀਵਰਸਿਟੀ ਜਾਂ ਕਾਲਜ ਵਿੱਚੋਂ ਲੋਕ ਸੰਪਰਕ ਅਤੇ ਮਾਰਕੀਟਿੰਗ ਪੜ੍ਹ ਕੇ ਨਹੀਂ ਆਇਆ ਸੀ। ਪਰ ਜ਼ਿੰਦਗੀ ਦੇ ਸਕੂਲ ਵਿੱਚੋਂ ਉਸ ਨੇ ਇਕ ਸਬਕ ਸਿੱਖ ਲਿਆ ਕਿ ਜੇ ਲੋਕਾਂ ਵਿੱਚ ਦਿਲਚਸਪੀ ਜਗਾਉਣੀ ਹੈ ਤਾਂ ਲੋਕਾਂ ਦੀ ਦਿਲਚਸਪੀ ਵਾਲੀਆਂ ਗੱਲਾਂ ਕਰੋ। ਹਰੇਕ ਬੰਦਾ ਆਪਣੇ ਆਪ ਵਿੱਚ ਦਿਲਚਸਪੀ ਲੈਣ ਦੀ ਕੁਦਰਤੀ ਧਾਰਨਾ ਰੱਖਦਾ ਹੁੰਦਾ ਹੈ। ਇਸ ਦਵਾਈ ਵੇਚਣ ਵਾਲੇ ਸਰਦਾਰ ਨੇ ਰੇਲ ਗੱਡੀ ਦੇ ਡੱਬੇ ਵਿਚ ਬੈਠੀਆਂ ਸਵਾਰੀਆਂ ਦਾ ਧਿਆਨ ਉਨ੍ਹਾਂ ਦੀ ਜ਼ਿੰਦਗੀ ਨਾਲ ਸਬੰਧਤ ਗੱਲਾਂ ਕਰਕੇ ਖਿੱਚਿਆ ਅਤੇ ਫਿਰ ਕੁਝ ਜ਼ਿੰਦਗੀ ਦੀਆਂ ਸਚਾਈਆਂ ਨੂੰ ਬਿਆਨਦੇ ਹੋਏ ਭਾਵੁਕ ਸੁਨੇਹੇ ਦੇਣ ਵਿੱਚ ਕਾਮਯਾਬ ਹੋਇਆ। ਬੱਸ ਇਹੀ ਜ਼ਿੰਦਗੀ ਦੀ ਕਲਾ ਉਸ ਨੇ ਆਮ ਜ਼ਿੰਦਗੀ ਵਿੱਚ ਸਿੱਖੀ ਅਤੇ ਉਸ ਨੂੰ ਜ਼ਿੰਦਗੀ ਵਿੱਚ ਵਰਤਣ ਲੱਗਾ।
ਇਸੇ ਕਿਸਮ ਦੀ ਇਕ ਹੋਰ ਘਟਨਾ ਮੈਂ ਪਾਠਕਾਂ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ। ਗੱਲ ਸ਼ਾਇਦ 1989-90 ਦੀ ਹੈ। ਮੈਂ ਪੱਤਰਕਾਰੀ ਵਿਸ਼ੇ ’ਤੇ ਕਿਤਾਬ ਲਿਖ ਰਿਹਾ ਸੀ। ਇਸ ਕਿਤਾਬ ਵਿੱਚ ਪੰਜਾਬ ਦੇ ਸਾਡੇ ਵੱਡੇ ਰੋਜ਼ਾਨਾ ਅਖ਼ਬਾਰਾਂ ਦੇ ਸੰਪਾਦਕ ਦੀਆਂ ਮੁਲਾਕਾਤਾਂ ਛਾਪਣ ਦਾ ਪ੍ਰੋਗਰਾਮ ਬਣਾਇਆ। ਜੋ ਪਿੱਛੇ ਕਿਤਾਬ ਦਾ ਹਿੱਸਾ ਵੀ ਬਣੀਆਂ। ਉਸ ਸਮੇਂ ਮੈਂ ਇਕ ਸੰਪਾਦਕ ਨਾਲ ਮੁਲਾਕਾਤ ਦਾ ਸਮਾਂ ਮੰਗਿਆ ਜੋ ਉਸ ਨੇ ਦੇ ਦਿੱਤਾ। ਨਿਰਧਾਰਤ ਸਮੇਂ ਤੇ ਮੈਂ ਅਤੇ ਮੇਰੇ ਵਿਭਾਗ ਦਾ ਇਕ ਤਕਨੀਕੀ ਸਹਾਇਕ ਵੱਡੀ ਟੇਪ ਰਿਕਾਰਡ ਲੈ ਕੇ ਅਖ਼ਬਾਰ ਦੇ ਦਫਤਰ ਪਹੁੰਚ ਗਏ। ਮੈਨੂੰ ਹੈਰਾਨੀ ਹੋਈ ਕਿ ਜਦੋਂ ਮੈਂ ਸੰਪਾਦਕ ਦੇ ਮੂੰਹੋਂ ਸੁਣਿਆ।
‘ਯਾਰ, ਅੱਜ ਤਾਂ ਮੈਂ ਬਹੁਤ ਬਿਜ਼ੀ ਹਾਂ। ਫਿਰ ਕਿਸੇ ਦਿਨ ਆਉਣਾ।
ਇਸ ਸਮੇਂ ਮੈਂ ਇਹ ਕਹਿ ਸਕਦਾ ਸੀ ਕਿ ਬਿਜ਼ੀ ਸੀ ਤਾਂ ਸਮਾਂ ਹੀ ਕਿਉਂ ਦਿੱਤਾ। ਅਸੀਂ ਏਡੀ ਦੂਰੋਂ ਚੱਲ ਕੇ ਆਏ ਹਾਂ। ਪਰ ਮੈਂ ਅਜਿਹਾ ਕੁਝ ਨਹੀਂ ਕਿਹਾ ਬਲਕਿ ਇਹ ਕਹਿੰਦੇ ਹੋਏ ਕੋਈ ਗੱਲ ਨਹੀਂ, ਜਿਸ ਦਿਨ ਸਮਾਂ ਹੋਇਆ ਫਿਰ ਆ ਜਾਵਾਂਗੇ। ਇਸ ਦੇ ਨਾਲ ਹੀ ਮੈਂ ਉਸ ਸੰਪਾਦਕ ਤੋਂ ਵਿਦਾ ਲੈਣ ਤੋਂ ਪਹਿਲਾਂ ਕਿਹਾ ਕਿ ‘ਆਹ, ਸ਼ੇਅਰ ਯਾਦ ਹੈ ਇਹ ਤੁਹਾਡਾ ਹੀ ਹੈ, ਜਿਹੜਾ 1955 ਵਿੱਚ ਲਿਖਿਆ ਸੀ ਅਤੇ ਪ੍ਰੀਤਲੜੀ ਵਿੱਚ ਛਪਿਆ ਸੀ।’ ਆਪਣਾ ਇੰਨਾ ਪੁਰਾਣਾ ਸ਼ੇਅਰ ਸੁਣ ਕੇ ਸੰਪਾਦਕ ਸਾਹਿਬ ਬਹੁਤ ਖੁਸ਼ ਹੋਏ। ਇਸ ਤੋਂ ਪਹਿਲਾਂ ਕਿ ਉਹ ਕੁਝ ਬੋਲਦੇ ਮੈਂ ਉਨ੍ਹਾਂ ਦੀ 1956 ਵਿੱਚ ਛਪੀ ਗਜ਼ਲ ਦਾ ਇਕ ਹੋਰ ਸ਼ੇਅਰ ਵੀ ਸੁਣਾ ਦਿੱਤਾ।
‘ਕਮਾਲ ਐ ਯਾਰ। ਇਹ ਦੋਵੇਂ ਗਜ਼ਲਾਂ ਤਾਂ ਹੁਣ ਮੇਰੇ ਕੋਲ ਵੀ ਨਹੀਂ। ਤੈਨੂੰ ਕਿਵੇਂ ਮਿਲ ਗਈਆਂ। ਇਹ ਮੇਰੇ ਸਾਹਿਤਕ ਜੀਵਨ ਦੇ ਮੁੱਢਲੇ ਦੌਰ ਦੀਆਂ ਹਨ। ਪਹਿਲੀ ਗਜ਼ਲ ਤਾਂ ਮੇਰੇ ਸਕੂਲ ਦੇ ਗਿਆਨੀ ਅਧਿਆਪਕ ਨੇ ਆਪ ਪ੍ਰੀਤਲੜੀ ਨੂੰ ਭੇਜੀ ਸੀ। ਉਸ ਸਮੇਂ ਮੈਂ ਦਸਵੀਂ ਦਾ ਵਿਦਿਆਰਥੀ ਸੀ। ਸ਼ੁਰੂ ਵਿੱਚ ਤਾਂ ਸ਼ਾਇਰੀ ਹੀ ਮੇਰਾ ਸ਼ੌਂਕ ਸੀ। ਆਹ ਪੱਤਰਕਾਰੀ ਵਿੱਚ ਆ ਕੇ ਸਾਰੇ ਸ਼ੌਂਕ ਮਰ ਗਏ। ਹੁਣ ਉਹ ਸੰਪਾਦਕ ਨੇ ਮੈਨੂੰ ਬਿਠਾ ਕੇ ਆਪਣੀ ਜ਼ਿੰਦਗੀ ਦੇ ਮੁੱਢਲੇ ਦੌਰ ਦੀ ਕਹਾਣੀ ਸੁਣਾਉਣੀ ਸ਼ੁਰੂ ਕੀਤੀ, ਜਿਸ ਨੂੰ ਮੈਂ ਬੜੇ ਧਿਆਨ ਨਾਲ ਸੁਣਿਆ। ਗੱਲਾਂ-ਗੱਲਾਂ ਵਿੱਚ ਚਾਹ ਵੀ ਪੀਤੀ ਗਈ। ਕਾਫੀ ਸਮਾਂ ਬੀਤਣ ਤੋਂ ਬਾਅਦ ਮੈਂ ਕਿਹਾ
‘ਚੰਗਾ ਜੀ, ਮੈਂ ਚਲਦਾ, ਫਿਰ ਕਦੇ ਜਦੋਂ ਤੁਹਾਡੇ ਕੋਲ ਸਮਾਂ ਹੋਇਆ ਤਾਂ ਆ ਜਾਵਾਂਗਾ’’ ਮੈਂ ਆਗਿਆ ਮੰਗੀ।
‘ਫਿਰ ਕਿੱਥੇ ਆਉਂਦਾ ਫਿਰੇਂਗਾ। ਅੱਜ ਹੀ ਲਾ ਲੈਨੇ ਆਂ ਘੰਟਾ ਕੁ।’ ਹੁਣ ਉਹ ਸੰਪਾਦਕ ਸਾਹਿਬ ਮੈਨੂੰ ਬਿਠਾਉਣ ਦੇ ਮੂਡ ਵਿੱਚ ਸਨ।
‘ਇਕ ਹੋਰ ਸਮੱਸਿਆ ਹੈ’ ਮੈਂ ਕਿਹਾ
‘ਕੀ’ ਉਸ ਨੇ ਪੁੱਛਿਆ
‘ਅਸੀਂ ਜਲਦੀ ਜਲਦੀ ਵਿੱਚ ਟੇਪ ਰਿਕਾਰਡ ਦੇ ਸੈਲ ਲਿਆਉਣਾ ਭੁੱਲ ਗਏ।’ ਮੈਂ ਕਿਹਾ। ਉਸ ਨੇ ਆਪਣਾ ਚਪੜਾਸੀ ਭੇਜ ਕੇ ਸੈਲ ਵੀ ਮੰਗਾ ਲਏ ਤੇ ਖੁਸ਼ੀ-ਖੁਸ਼ੀ ਸਾਡੇ ਸਵਾਲਾਂ ਦੇ ਜਵਾਬ ਵੀ ਦਿੱਤੇ। ਉਹ ਬੰਦੇ ਜੋ ਬਹੁਤ ਬਿਜ਼ੀ ਸੀ, ਜਿਸ ਕੋਲ ਵਕਤ ਨਹੀਂ ਸੀ, ਉਹ ਇੰਨਾ ਮਿਹਰਬਾਨ ਕਿਉਂ ਹੋ ਗਿਆ। ਬੱਸ ਇਕੋ ਸਿਧਾਂਤ ਉਥੇ ਕੰਮ ਕਰ ਗਿਆ ਸੀ ਕਿ ਮੈਂ ਉਸ ਦੀ ਦਿਲਜਸਪੀ ਦੀਆਂ ਗੱਲਾਂ ਕੀਤੀਆਂ ਸਨ ਅਤੇ ਉਸ ਨੂੰ ਦਿਲਚਸਪੀ ਨਾਲ ਸੁਣਿਆ ਸੀ। ਇਹ ਫਾਰਮੂਲਾ ਅਨੌਖਾ ਹੈ ਕਿਸੇ ਦਾ ਦਿਲ ਜਿੱਤਣ ਲਈ।
ਜੇ ਤੁਸੀਂ ਜ਼ਿੰਦਗੀ ਵਿੱਚ ਲੋਕਾਂ ਦਾ ਦਿਲ ਜਿੱਤਣਾ ਹੈ ਤਾਂ ਉਨ੍ਹਾਂ ਵਿੱਚ ਦਿਲਚਸਪੀ ਲਵੋ। ਉਨ੍ਹਾਂ ਦੀਆਂ ਗੱਲਾਂ ਦਿਲਚਸਪੀ ਨਾਲ ਸੁਣੋ। ਜੋ ਸਿਰਫ ਆਪਣੇ-ਆਪਣੇ ਵਿਚ ਦਿਲਚਸਪੀ ਲੈਂਦੇ ਹਨ, ਉਹ ਜਲਦੀ ਹੀ ਇਕੱਲੇ ਹੋ ਜਾਂਦੇ ਹਨ। ਜਿੰਨਾ ਮੈਂ ਸ਼ਬਦ ਦਾ ਤੁਸੀਂ ਪ੍ਰਯੋਗ ਕਰੋਗੇ, ਉਨ੍ਹਾਂ ਹੀ ਤੁਸੀਂ ਦੋਸਤਾਂ ਤੋਂ ਦੂਰ ਹੁੰਦੇ ਜਾਵੋਗੇ। ਜਿੰਨਾ ਤੁਸੀਂ ‘ਤੁਸੀਂ’ ਸ਼ਬਦ ਪ੍ਰਯੋਗ ਕਰੋਗੇ ਉਨੇ ਹੀ ਵੱਧ ਤੁਹਾਡੇ ਦੋਸਤ ਬਣਨਗੇ ਅਤੇ ਤੁਸੀਂ ਲੋਕਾਂ ਵਿੱਚ ਹਰਮਨ ਪਿਆਰੇ ਹੁੰਦੇ ਜਾਵੋਗੇ। ਜ਼ਿੰਦਗੀ ਦੇ ਇਮਤਿਹਾਨ ਵਿੱਚ ਸਫਲਤਾ ਨਾਲ ਅੱਗੇ ਵੱਧ ਰਹੇ ਲੋਕ ਇਸ ਸਿਧਾਂਤ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ।

 

Comments are closed.

COMING SOON .....


Scroll To Top
11