Tuesday , 23 April 2019
Breaking News
You are here: Home » EDITORIALS » ਲੋਕਤੰਤਰੀ ਰਵਾਇਤਾਂ ਦਾ ਸਤਿਕਾਰ ਜ਼ਰੂਰੀ

ਲੋਕਤੰਤਰੀ ਰਵਾਇਤਾਂ ਦਾ ਸਤਿਕਾਰ ਜ਼ਰੂਰੀ

ਦੇਸ਼ ਵਿੱਚ ਲੋਕਤੰਤਰ ਦੀਆਂ ਉੱਚੀਆਂ ਰਵਾਇਤਾਂ ਨੂੰ ਹਰ ਹਾਲ ਕਾਇਮ ਰੱਖਿਆ ਜਾਣਾ ਚਾਹੀਦਾ ਹੈ। ਸੰਵਿਧਾਨ ਤੋਂ ਉੱਪਰ ਕਿਸੇ ਤਰ੍ਹਾਂ ਦੀ ਵੀ ਸਿਆਸੀ ਸਰਗਰਮੀ ਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਇਹ ਦੁੱਖ ਦੀ ਗੱਲ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਇਸ ਗੱਲ ਨੂੰ ਨਹੀਂ ਸਮਝ ਰਹੀ। ਉਸ ਵੱਲੋਂ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਕਬਜ਼ੇ ਲਈ ਕਾਹਲੀ ਨਾਲ ਯਤਨ ਹੋ ਰਹੇ ਹਨ। ਲੋਕਾਂ ਨੇ 2014 ਵਿੱਚ ਲੋਕ ਸਭਾ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਉੱਪਰ ਇਸ ਲਈ ਵਿਸ਼ਵਾਸ ਕੀਤਾ ਸੀ ਕਿ ਉਹ ਦੇਸ਼ ਵਿੱਚ ਕਾਨੂੰਨ ਦੇ ਰਾਜ ਨੂੰ ਹੋਰ ਮਜ਼ਬੂਤ ਕਰੇਗੀ। ਪੰਜ ਰਾਜਾਂ ਦੀਆਂ ਚੋਣਾਂ ਤੋਂ ਬਾਅਦ ਪਾਰਟੀ ਵੱਲੋਂ ਗੋਆ ਅਤੇ ਮਨੀਪੁਰ ਵਿੱਚ ਸਰਕਾਰ ਬਣਾਉਣ ਦੀਆਂ ਕੋਸ਼ਿਸ਼ਾਂ ਕਿਸ ਭਾਵਨਾ ਨੂੰ ਸੱਟ ਮਾਰ ਰਹੀਆਂ ਹਨ। ਗੋਆ ਵਿੱਚ ਭਾਜਪਾ ਦੂਸਰੇ ਨੰਬਰ ’ਤੇ ਆਈ ਹੈ। ਕਾਂਗਰਸ ਨੂੰ ਸਭ ਤੋਂ ਵੱਧ 17 ਸੀਟਾਂ ਮਿਲੀਆਂ ਹਨ। ਆਮ ਰਵਾਇਤ ਮੁਤਾਬਿਕ ਕਿਸੇ ਵੀ ਸੂਬੇ ਵਿੱਚ ਚੋਣਾਂ ਦੌਰਾਨ ਸਭ ਤੋਂ ਵੱਧ ਸੀਟਾਂ ਜਿੱਤਣ ਵਾਲੀ ਪਾਰਟੀ ਨੂੰ ਹੀ ਰਾਜਪਾਲ ਵੱਲੋਂ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਜਾਂਦਾ ਹੈ। ਭਾਜਪਾ ਸਰਕਾਰ ਦੇ ਦਬਾਅ ਹੇਠ ਗੋਆ ਇਸ ਰਵਾਇਤ ਨੂੰ ਤੋੜਿਆ ਜਾ ਰਿਹਾ ਹੈ। ਕਾਂਗਰਸ ਨੇ ਇਸ ਸਬੰਧੀ ਸੁਪਰੀਮ ਕੋਰਟ ਵਿੱਚ ਪਹੁੰਚ ਕੀਤੀ। ਕੋਰਟ ਨੇ ਬੇਸ਼ਕ ਭਾਜਪਾ ਵੱਲੋਂ ਨਾਮਜ਼ਦ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਪਾਰੀਕਰ ਦੇ ਸਹੂੰ ਚੁੱਕ ਸਮਾਗਮ ’ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤੀ ਪਰ ਅਦਾਲਤ ਨੇ ਵਿਵਾਦ ਦਾ ਹੱਲ ਕੱਢਣ ਲਈ 16 ਮਾਰਚ ਨੂੰ ਵਿਧਾਨ ਸਭਾ ਵਿੱਚ ਬਹੁਮਤ ਸਾਬਿਤ ਕਰਨ ਲਈ ਆਖਿਆ ਹੈ। ਸੁਭਾਵਕ ਤੌਰ ’ਤੇ ਇਹ ਕਾਫੀ ਚਿੰਤਾਜਨਕ ਸਥਿਤੀ ਹੈ। ਭਾਜਪਾ ਨੂੰ ਇਸ ਤਰ੍ਹਾਂ ਦੀ ਕਾਹਲੀ ਨਹੀਂ ਕਰਨੀ ਚਾਹੀਦੀ। ਇਸੇ ਤਰ੍ਹਾਂ ਦੇ ਹਾਲਾਤ ਹੀ ਮਨੀਪੁਰ ਵਿੱਚ ਬਣਦੇ ਜਾ ਰਹੇ ਹਨ। ਭਾਜਪਾ ਦੇ ਪੱਖ ਵਿੱਚ ਇਹ ਹੈ ਕਿ ਉਹ ਸੂਬਿਆਂ ਵਿੱਚ ਕਬਜ਼ੇ ਲਈ ਇਸ ਤਰ੍ਹਾਂ ਦੀ ਕਾਹਲ ਨਾ ਦਿਖਾਵੇ। ਉਸ ਨੂੰ ਲੋਕਤੰਤਰੀ ਪ੍ਰਪਰਾ ਮੁਤਾਬਿਕ ਹੀ ਕੰਮ ਕਰਨਾ ਚਾਹੀਦਾ ਹੈ। ਜੇਕਰ ਭਾਜਪਾ ਦੀਆਂ ਮੌਜੂਦਾ ਕਾਰਵਾਈਆਂ ਜਾਰੀ ਰਹਿੰਦੀਆਂ ਹਨ ਤਾਂ ਇਸ ਨਾਲ ਲੋਕਤੰਤਰ ਨੂੰ ਭਾਰੀ ਨੁਕਸਾਨ ਪਹੁੰਚੇਗਾ। ਖੁਦ ਭਾਜਪਾ ਵੀ 2019 ’ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋ ਸਕਦੀ ਹੈ। ਪਾਰਟੀ ਦੀ ਲੀਡਰਸ਼ਿਪ ਨੂੰ ਇਸ ਪੱਖੋਂ ਸੁਚੇਤ ਹੋਣ ਦੀ ਲੋੜ ਹੈ। ਉੱਚੀਆਂ ਲੋਕਤੰਤਰੀ ਰਵਾਇਤਾਂ ਨੂੰ ਬਚਾਉਣਾ ਅਤੇ ਲੋਕਤੰਤਰ ਨੂੰ ਮਜ਼ਬੂਤ ਕਰਨਾ, ਪਹਿਲੀ ਤਰਜੀਹ ਹੋਣੀ ਚਾਹੀਦੀ ਹੈ।
– ਬਲਜੀਤ ਸਿੰਘ ਬਰਾੜ

Comments are closed.

COMING SOON .....


Scroll To Top
11