Wednesday , 21 November 2018
Breaking News
You are here: Home » Editororial Page » ਲਾਸਾਨੀ ਕੁਰਬਾਨੀ ਦੇ ਮੁਜਸਮੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ

ਲਾਸਾਨੀ ਕੁਰਬਾਨੀ ਦੇ ਮੁਜਸਮੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਿੱਖ ਧਰਮ ਦੇ ਨੌਵੇਂ ਗੁਰੂ ਹੋਏ ਹਨ। ਗੁਰੂ ਜੀ ਦਾ ਜਨਮ ਅਪ੍ਰੈਲ 1621ਈ: ਵਿੱਚ ਮਾਤਾ ਨਾਨਕੀ ਜੀ ਦੀ ਕੁੱਖੋਂ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਸ੍ਰੀ ਅਮ੍ਰਿੰਤਸਰ ਸਾਹਿਬ ਵਿਖੇ ਹੋਇਆ। ਗੁਰੂ ਤੇਗ ਬਹਾਦਰ ਜੀ ਨੇ 1664 ਈ: ਵਿੱਚ ਸਿੱਖਾਂ ਦੇ ਨੌਵੇਂ ਗੁਰੂ ਦੀ ਗੁਰਗੱਦੀ ਦੀ ਸੇਵਾ ਸੰਭਾਲੀ। ਗੁਰੂ ਜੀ ਦਾ ਪਹਿਲਾ ਨਾਮ ਤਿਆਗ ਮੱਲ ਸੀ। ਗੁਰੂ ਜੀ ਦਾ ਬਚਪਨ ਸ਼੍ਰੀ ਅਮ੍ਰਿੰਤਸਰ ਸਾਹਿਬ ਵਿਖੇ ਬੀਤਿਆ। ਆਪਣੀ ਮੁੱਢਲੀ ਜਿੰਦਗੀ ਦੌਰਾਨ ਗੁਰੂ ਜੀ ਨੇ ਭਾਈ ਗੁਰਦਾਸ ਜੀ ਤੋਂ ਗੁਰਮੁੱਖੀ,ਹਿੰਦੀ, ਸੰਸਕ੍ਰਿਤ ਅਤੇ ਭਾਰਤੀ ਧਾਰਮਿਕ ਵਿਚਾਰ ਧਰਾਵਾਂ ਦਾ ਅਧਿਐਨ ਕੀਤਾ। ਗੁਰੂ ਜੀ ਨੇ ਬਾਬਾ ਬੁੱਢਾ ਜੀ ਤੋਂ ਤੀਰ-ਅੰਦਾਜ਼ੀ ਅਤੇ ਘੋੜ ਸਵਾਰੀ ਦੇ ਗੁਰ ਸਿੱਖੇ। ਆਪਣੇ ਪਿਤਾ ਸ਼੍ਰੀ ਗੁਰੂ ਹਰਗੋਬਿੰਦ ਜੀ ਤੋਂ ਤਲਵਾਰਵਾਜੀ ਸਿੱਖੀ,ਸਿਰਫ ਤੇਰਾਂ ਸਾਲਾਂ ਦੀ ਉਮਰ ਵਿੱਚ ਗੁਰੂ ਜੀ ਨੇ ਆਪਣੇ ਪਿਤਾ ਜੀ ਨੂੰ ਸ਼ਾਹਜਹਾਨ ਦੇ ਸੱਦੇ ਤੇ ਪੈਂਦੇ ਖਾਨ ਨਾਲ ਹੋ ਰਹੇ ਯੁੱਧ ਵਿੱਚ ਜਾਣ ਲਈ ਕਿਹਾ। ਯੁੱਧ ਦੇ ਦੌਰਾਨ ਉਨ੍ਹਾਂ ਨੇ ਆਪਣੀ ਤਲਵਾਰਵਾਜੀ ਦੇ ਕਰਤੱਵ ਦਿਖਾਉਂਦੇ ਹੋਏ ਦੁਸ਼ਮਣਾਂ ਦੇ ਮੂੰਹ ਮੋੜ ਦਿੱਤੇ। ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਨਾਮ ਉਸ ਸਮੇਂ ਤਿਆਗ ਮੱਲ ਸੀ ਅਤੇ ਯੁੱਧ ਫਤਹਿ ਕਰਨ ਤੋਂ ਬਾਅਦ ਤੇਗ ਬਹਾਦਰ ਨਾਮ ਨਾਲ ਜਾਣੇ ਜਾਣ ਲੱਗ ਪਏ। ਗੁਰੂ ਜੀ ਦਾ ਵਿਆਹ 1632 ਈ: ਵਿੱਚ ਕਰਤਾਪੁਰ ਵਿਖੇ ਮਾਤਾ ਗੁਜਰੀ ਜੀ ਨਾਲ ਹੋਇਆ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ 1664 ਈ: ਵਿੱਚ ਸਿੱਖਾਂ ਦੇ ਨੌਵੇਂ ਗੁਰੂ ਦੀ ਗੁਰਗੱਦੀ ਦੀ ਸੇਵਾ ਸੰਭਾਲਣ ਤੋਂ ਬਾਅਦ ਲੋਕਾਂ ਵਿੱਚ ਸੱਚ ਅਤੇ ਪ੍ਰੇਮ ਦਾ ਸੰਦੇਸ਼ ਪਹੁੰਚਾਉਣ ਲਈ ਵੱਖ-ਵੱਖ ਥਾਵਾਂ ਦੀਆਂ ਯਾਤਰਾਵਾਂ ਕਰਨ ਦਾ ਨਿਸਚਾ ਕਰ ਲਿਆ। ਗੁਰੂ ਜੀ ਨੇ ਪੰਜਾਬ ਤੋਂ ਇਲਾਵਾ ਬੰਗਾਲ ਅਤੇ ਅਸਾਮ ਤੱਕ ਤਕਰੀਬਨ ਸਾਰੇ ਉਤਰੀ ਭਾਰਤ ਦੀ ਧਰਮ ਪ੍ਰਚਾਰ ਯਾਤਰਾ ਕੀਤੀ। ਇਸ ਤੋਂ ਇਲਾਵਾ ਅਮ੍ਰਿੰਤਸਰ,ਵੱਲਾ,ਗੁਰੂ ਕਾ ਬਾਗ,ਬਕਾਲਾ,ਬਿਲਾਸਪੁਰ ਦੀ ਯਾਤਰਾ ਕਰਦਿਆਂ ਚੱਕ ਨਾਨਕੀ ਨਗਰ ਦੀ ਨੀਂਹ ਰੱਖੀ। ਇਤਿਹਾਸ ਅਨੁਸਾਰ ਗੁਰੂ ਤੇਗ ਬਹਾਦਰ ਜੀ ਜਦੋਂ ਬਿਲਾਸਪੁਰ ਵਿਖੇ ਸਨ ਤਾਂ ਉਨ੍ਹਾਂ ਨੇ ਰਾਣੀ ਜਲਾਲਦੇਵੀ ਨੂੰ ਕੀਰਤਪੁਰ ਛੱਡਣ ਬਾਰੇ ਅਤੇ ਕੀਰਤਪੁਰ ਨੇੜੇ ਇੱਕ ਨਵਾਂ ਪਿੰਡ ਵਸਾਉਣ ਦਾ ਵਿਚਾਰ ਦੱਸਿਆ। ਗੁਰੂ ਜੀ ਨੇ ਰਾਣੀ ਨੂੰ ਰਕਮ ਦੇ ਕੇ ਉਹ ਜਮੀਨ ਖਰੀਦ ਲਈ ਅਤੇ ਜੂਨ 1665 ਈ: ਨੂੰ ਉਸ ਭੂਮੀ ਤੇ ਨਵੇਂ ਨਗਰ ਦੀ ਨੀਂਹ ਰੱਖੀ,ਜਿਸ ਦਾ ਨਾਮ ਚੱਕ ਨਾਨਕੀ ਰੱਖਿਆ ਗਿਆ ਸੀ। ਇਸ ਤੋਂ ਅੱਗੇ ਗੁਰੂ ਜੀ ਕੈਂਥਲ,ਕੁਰਕੁਸ਼ੇਤਰ,ਪਟਨਾ ਦੀ ਯਾਤਰਾ ਕਰਦੇ ਹੋਏ ਢਾਕਾ ਵਿਖੇ ਪਹੁੰਚ ਗਏ ਸਨ ਤਾਂ ਪਟਨਾ ਵਿਖੇ ਮਾਤਾ ਗੁਜਰੀ ਜੀ ਦੀ ਕੁੱਖੋਂ ਬਾਲਕ ਸ੍ਰੀ ਗੁਰੂ ਗੋਬਿੰਦ ਰਾਏ ਜੀ ਦਾ ਜਨਮ ਹੋਇਆ। ਗੁਰੂ ਤੇਗ ਬਹਾਦਰ ਜੀ ਮਾਲਵੇ ਇਲਾਕੇ ਦੇ ਪਿੰਡਾਂ ਦੀ ਯਾਤਰਾ ਤੋਂ ਬਾਅਦ ਆਨੰਦਪੁਰ ਸਾਹਿਬ ਚਲੇ ਗਏ। ਉਸ ਸਮੇਂ ਔਰਗਜ਼ੇਬ ਮੁਗਲ ਬਾਦਸ਼ਾਹ ਨੇ ਅੱਤ ਮਚਾਈ ਹੋਈ ਸੀ ਅਤੇ ਲੋਕਾਂ ਨੂੰ ਜਬਰੀ ਧਰਮ ਤਬਦੀਲ ਕਰਕੇ ਮੁਸ਼ਲਮਾਨ ਬਣਾਇਆ ਜਾ ਰਿਹਾ ਸੀ। ਔਰਗਜ਼ੇਬ ਦੇ ਜ਼ੁਲਮਾਂ ਦਾ ਸ਼ਿਕਾਰ ਹੋਏ ਕਸ਼ਮੀਰੀ ਪੰਡਿਤਾਂ ਦੀ ਫਰਿਆਦ ਕਿਸੇ ਪਾਸੇ ਨਾ ਸੁਣੀ ਗਈ ਤਾਂ ਉਨ੍ਹਾਂ ਨੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਲੈਣ ਦਾ ਨਿਸਚੈ ਕਰਕੇ ਕਸ਼ਮੀਰੀ ਪੰਡਿਤਾਂ ਦਾ ਜੱਥਾ ਸਿੱਖ ਧਰਮ ਦੇ ਇੱਕ ਪ੍ਰਚਾਰਕ ਨੂੰ ਆਪਣੇ ਨਾਲ ਲੈ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਇਆ। ਕਸ਼ਮੀਰੀ ਪੰਡਿਤਾਂ ਨੇ ਆਪਣੇ ਨਾਲ ਧਾਰਮਿਕ ਤੌਰ ਤੇ ਹੋ ਰਹੀਆਂ ਵਧੀਕੀਆਂ, ਉਨ੍ਹਾਂ ਨੂੰ ਜਬਰੀ ਇਸਲਾਮ ਕਬੂਲਣ ਦੀਆਂ ਵਾਪਰ ਰਹੀਆਂ ਸਾਰੀਆਂ ਘਟਨਾਵਾਂ ਗੁਰੂ ਜੀ ਨੂੰ ਸੁਣਾਈਆਂ। ਕਸ਼ਮੀਰੀ ਪੰਡਤਾਂ ਦੀ ਸਾਰੀ ਦਰਦ ਕਹਾਣੀ ਸੁਣ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਠਜੋ ਸਰਣਿ ਆਵੈ ਤਿਸੁ ਕੰਠਿ ਲਾਵੈੂ ਮਹਾਂਵਾਕ ਅਨੁਸਾਰ ਉਨਾਂ ਨੂੰ ਵਿਸਵਾਸ ਦਿਵਾਇਆ ਕਿ ਉਹ ਇਸ ਦਰਬਾਰ ’ਚੋਂ ਮਾਯੂਸ ਨਹੀਂ ਪਰਤਣਗੇ। ਗੁਰੂ ਜੀ ਫਰਮਾਉਣ ਲੱਗੇ ਕਿ ਸਮਾਂ ਕਿਸੇ ਮਹਾਂਪੁਰਖ ਦੀ ਸ਼ਹੀਦੀ ਦੀ ਮੰਗ ਕਰਦਾ ਹੈ ਤਾਂ ਹੀ ਆਮ ਲੋਕਾਈ ਦੀ ਧਾਰਮਿਕ ਅਜ਼ਾਦੀ ਨੂੰ ਬਚਾਇਆ ਜਾ ਸਕਦਾ ਹੈ। ਇਸ ਸਮੇਂ ਨਜ਼ਦੀਕ ਹੀ ਬੈਠੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਬਾਲਗ ਸਪੁੱਤਰ ਗੋਬਿੰਦ ਰਾਏ ਜੀ ਨੇ ਕਿਹਾ ਕਿ ਠਆਪ ਜੀ ਤੋਂ ਵੱਡਾ ਹੋਰ ਮਹਾਂਪੁਰਖ ਕੌਣ ਹੋ ਸਕਦਾ ਹੈੂ। ਨਿੱਕੇ ਜਿਹੇ ਬਾਲ ਦੇ ਮੂੰਹੋਂ ਇੰਨੀ ਵੱਡੀ ਗੱਲ ਸੁਣ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਵਿਸਵਾਸ ਹੋ ਗਿਆ ਕਿ ਇਹ ਬਾਲਕ ਆਉਣ ਵਾਲੀ ਹਰ ਮੁਸ਼ੀਬਤ ਦਾ ਸਾਹਮਣਾ ਕਰਨ ਦੇ ਸਮਰੱਥ ਹੈ। ਗੁਰੂ ਜੀ ਨੇ ਕਸ਼ਮੀਰੀ ਪੰਡਤਾਂ ਦੇ ਧਾਰਮਿਕ ਵਿਸਵਾਸ ਦੀ ਰੱਖਿਆ ਲਈ ਕੁਰਬਾਨੀ ਦੇਣ ਦਾ ਫੈਸਲਾ ਕਰ ਲਿਆ। ਧਮਤਾਨ ਰਹਿੰਦਿਆਂ ਹੀ ਇੱਕ ਦਿਨ ਗੁਰੂ ਸਾਹਿਬ ਜੀ ਆਪਣੇ ਜਥੇ ਸਮੇਤ ਨੇੜੇ ਦੇ ਜੰਗਲਾਂ ਵਿੱਚ ਸ਼ਿਕਾਰ ਖੇਡਣ ਚਲੇ ਗਏ। ਜੰਗਲ ਵਿੱਚ ਗੁਰੂ ਸਾਹਿਬ ਨੂੰ ਜਥੇ ਸਮੇਤ ਆਲਮ ਖਾਨ ਰੁਹੇਲਾ ਨੇ ਸ਼ਾਹੀ ਹੁਕਮਾਂ ਅਨੁਸਾਰ ਗ੍ਰਿਫਤਾਰ ਕਰ ਲਿਆ, ਆਲਮ ਖਾਨ ਨੇ ਕਿਹਾ ਮੁਸ਼ਲਮਾਨ ਤੋਂ ਇਲਾਵਾ ਹੋਰ ਕੋਈ ਵੀ ਧਰਮ ਦਾ ਵਿਆਕਤੀ ਹਥਿਆਰ ਨਹੀਂ ਰੱਖ ਸਕਦਾ ਤੇ ਨਾ ਹੀ ਕਿਸੇ ਨੂੰ ਸ਼ਿਕਾਰ ਖੇਡਣ ਦੀ ਆਗਿਆ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗ੍ਰਿਫਤਾਰ ਕਰਕੇ ਦਿੱਲੀ ਵਿੱਚ ਔਰਗਜ਼ੇਬ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ। ਔਰਗਜ਼ੇਬ ਨੇ ਗੁਰੂ ਜੀ ਨੂੰ ਕਿਹਾ ਕਿ ਉਹ ਆਪਣਾ ਧਰਮ ਛੱਡ ਕੇ ਇਸਲਾਮ ਧਰਮ ਪ੍ਰਵਾਨ ਕਰ ਲੈਣ ਤਾਂ ਉਨ੍ਹਾਂ ਨੂੰ ਛੱਡ ਦਿੱਤਾ ਜਾਵੇਗਾ। ਗੁਰੂ ਜੀ ਨੇ ਇਸਲਾਮ ਧਰਮ ਅਪਨਾਉੇਣ ਤੋਂ ਇਨਕਾਰ ਕਰ ਦਿੱਤਾ ਤਾਂ ਗੁਰੂ ਜੀ ਨੂੰ ਨਾਨਕਸ਼ਾਹੀ ਕਲੰਡਰ ਦੇ ਮੁਤਾਬਕ 24 ਨਵੰਬਰ 1675 ਈ: ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿਖੇ ਸ਼ਹੀਦ ਕਰ ਦਿੱਤਾ ਗਿਆ। ਜਿੱਥੇ ਉਨ੍ਹਾਂ ਦੀ ਪਵਿੱਤਰ ਯਾਦ ਵਿੱਚ ਅੱਜਕੱਲ ਗੁਰਦੁਆਰਾ ਸ਼ੀਸਗੰਜ ਸਾਹਿਬ ਸ਼ਸੋਵਿਤ ਹੈ। ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਕੁਰਬਾਨੀ ਮਨੁੱਖੀ ਹੱਕਾਂ ਅਤੇ ਧਾਰਮਿਕ ਅਜ਼ਾਦੀ ਦੇ ਝੰਡੇ ਨੂੰ ਹਮੇਸ਼ਾ ਉੱਚਾ ਰੱਖਦੀ ਆ ਰਹੀ ਹੈ। ਵਿਸ਼ਵ ਇਤਿਹਾਸ ਵਿੱਚ ਨੌਵੇਂ ਗੁਰੂ ਸ੍ਰੀ ਤੇਗ ਬਹਾਦਰ ਸਾਹਿਬ ਜੀ ਦੀ ਕੁਰਬਾਨੀ ਵਿਲੱਖਣ ਹੈ ਕਿ ਆਪਣੇ ਭਾਈਚਾਰੇ ਲਈ ਨਹੀਂ ਬਲਕਿ ਮਾਨਵਤਾ ਨੂੰ ਬਚਾਉਣ ਲਈ ਦਿੱਤੀ ਗਈ ਹੈ,ਜੋ ਸਦਾ ਲਈ ਸਮੁੱਚੀ ਮਾਨਵਤਾ ਦੀ ਬਹਿਤਰੀ ਲਈ ਮਾਰਗ ਦਰਸ਼ਨ ਕਰਦੀ ਰਹੇਗੀ।

Comments are closed.

COMING SOON .....


Scroll To Top
11