Monday , 17 June 2019
Breaking News
You are here: Home » EDITORIALS » ਲਾਂਘੇ ਬਾਰੇ ਨਾਂਹਪੱਖੀ ਵਤੀਰਾ ਅਫਸੋਸਨਾਕ

ਲਾਂਘੇ ਬਾਰੇ ਨਾਂਹਪੱਖੀ ਵਤੀਰਾ ਅਫਸੋਸਨਾਕ

ਸ੍ਰੀ ਕਰਤਾਰਪੁਰ ਸਾਹਿਬ ਜੀ ਵਿਖੇ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨਾਲ ਸਬੰਧਤ ਇਤਿਹਾਸਕ ਅਸਥਾਨ ਗੁਰੁਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਲਾਂਘੇ ਦੀ ਉਸਾਰੀ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਵਿੱਚ ਲਗਾਤਾਰ ਨਾਂਹਪੱਖੀ ਰਾਜਨੀਤੀ ਹੋ ਰਹੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਮੌਕੇ ਇਹ ਲਾਂਘਾ ਖੋਲ੍ਹਿਆ ਜਾਣਾ ਹੈ ਤਾਂ ਜੋ ਭਾਰਤ ਤੋਂ ਸ਼ਰਧਾਲੂ ਬਿਨਾਂ ਕਿਸੇ ਰੋਕ ਟੋਕ ਇਸ ਇਤਿਹਾਸਕ ਅਸਥਾਨ ਦੇ ਦਰਸ਼ਨ ਕਰ ਸਕਣ। ਸਿੱਖ ਭਾਈਚਾਰੇ ਵੱਲੋਂ ਲਗਾਤਾਰ ਇਸ ਲਾਂਘੇ ਨੂੰ ਖੁਲ੍ਹਵਾਉਣ ਲਈ ਯਤਨ ਕੀਤੇ ਜਾ ਰਹੇ ਸਨ। ਪੰਜਾਬ ਦੇ ਕੈਬਨਿਟ ਮੰਤਰੀ ਅਤੇ ਸਾਬਕਾ ਕ੍ਰਿਕੇਟਰ ਸ. ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨ ਦੌਰੇ ਤੋਂ ਬਾਅਦ ਇਹ ਮੁੱਦਾ ਕਾਫੀ ਚਰਚਿਤ ਹੋ ਗਿਆ। ਸ. ਸਿੱਧੂ ਦੀ ਅਪੀਲ ਉਪਰ ਪਾਕਿਸਤਾਨ ਦੇ ਵਜ਼ੀਰੇ ਆਜ਼ਮ ਜ਼ਨਾਬ ਇਮਰਾਨ ਖਾਨ ਨੇ ਵੱਡੀ ਪਹਿਲਕਦਮੀ ਲੈਂਦੇ ਹੋਏ ਲਾਂਘਾ ਖੋਲ੍ਹਣ ਦਾ ਐਲਾਨ ਕਰ ਦਿੱਤਾ। ਬਾਅਦ ਵਿੱਚ ਭਾਰਤ ਸਰਕਾਰ ਵੱਲੋਂ ਵੀ ਲਾਂਘਾ ਖੋਲ੍ਹਣ ਲਈ ਫੈਸਲਾ ਲੈ ਲਿਆ ਗਿਆ। ਪਾਕਿਸਤਾਨ ਤੋਂ ਪਹਿਲਾਂ ਹੀ ਭਾਰਤ ਸਰਕਾਰ ਵੱਲੋਂ ਜਲਦੀ ਨਾਲ ਲਾਂਘੇ ਦਾ ਨੀਂਹ ਪੱਥਰ ਰੱਖਿਆ ਗਿਆ। ਪਾਕਿਸਤਾਨ ਸਰਕਾਰ ਨੇ ਲਾਂਘੇ ਦੀ ਉਸਾਰੀ ਦਾ ਨਾ ਕੇਵਲ ਨੀਂਹ ਪੱਥਰ ਰੱਖਿਆ ਸਗੋਂ ਲਾਂਘੇ ਦੀ ਉਸਾਰੀ ਦਾ ਕੰਮ ਵੀ ਤੁਰੰਤ ਸ਼ੁਰੂ ਕਰਵਾ ਦਿੱਤਾ। ਪਾਕਿਸਤਾਨ ਨੇ ਤਾਂ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਇਮੀਗ੍ਰੇਸ਼ਨ ਦਾ ਦਫਤਰ ਵੀ ਖੋਲ੍ਹ ਦਿੱਤਾ ਹੈ। ਭਾਰਤ ਵਾਲੇ ਪਾਸੇ ਹਾਲੇ ਲਾਂਘੇ ਦੀ ਉਸਾਰੀ ਲਈ ਕੋਈ ਸਰਗਰਮੀ ਸ਼ੁਰੂ ਨਹੀਂ ਹੋਈ। ਭਾਰਤ ਸਰਕਾਰ ਦਾ ਵਤੀਰਾ ਇਸ ਲਾਂਘੇ ਨੂੰ ਲੈ ਕੇ ਕਾਫੀ ਠੰਢਾ ਹੈ। ਉਲਟਾ ਇਸ ਲਾਂਘੇ ਨੂੰ ਰੋਕਣ ਲਈ ਕੁਝ ਤਾਕਤਾਂ ਵੱਲੋਂ ਲਗਾਤਾਰ ਕੂੜ ਯਤਨ ਹੋ ਰਹੇ ਹਨ। ਸਿੱਖ ਅਤੇ ਪੰਜਾਬ ਵਿਰੋਧੀ ਤਾਕਤਾਂ ਇਹ ਨਹੀਂ ਚਾਹੁੰਦੀਆਂ ਕਿ ਇਹ ਲਾਂਘਾ ਵਜੂਦ ਵਿੱਚ ਆਵੇ। ਇਸ ਕਾਰਨ ਹੀ ਆਨੇ-ਬਹਾਨੇ ਲਗਾਤਾਰ ਝੂਠਾ ਅਤੇ ਨਾਂਹਪੱਖੀ ਪ੍ਰਚਾਰ ਕੀਤਾ ਜਾ ਰਿਹਾ ਹੈ। ਹੋਰ ਤਾਂ ਹੋਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਲਾਂਘੇ ਸਬੰਧੀ ਬਹੁਤ ਹੀ ਅਫਸੋਸਨਾਕ ਬਿਆਨ ਜਾਰੀ ਕੀਤਾ ਗਿਆ, ਹਾਲਾਂਕਿ ਇਸ ਲਾਂਘੇ ਦੇ ਖੁਲ੍ਹਣ ਨਾਲ ਸਭ ਤੋਂ ਵੱਧ ਲਾਭ ਪੰਜਾਬ ਨੂੰ ਹੀ ਹੋਣਾ ਹੈ। ਅਸਲ ਵਿੱਚ ਭਾਰਤੀ ਨੇਤਾ ਅੰਦਰੂਨੀ ਸਿਆਸੀ ਹਿੱਤਾਂ ਲਈ ਪਾਕਿਸਤਾਨ ਦੇ ਨਾਮ ਦੀ ਵਰਤੋਂ ਕਰਦੇ ਰਹੇ ਹਨ ਅਤੇ ਕਰ ਰਹੇ ਹਨ। ਅਜਿਹੇ ਮਾੜੇ ਮਨਸੂਬਿਆਂ ਲਈ ਹੀ ਹੁਣ ਲਾਂਘੇ ਉਪਰ ਨਾਂਹਪੱਖੀ ਰਾਜਨੀਤੀ ਹੋ ਰਹੀ ਹੈ। ਇਸ ਨਾਲ ਦੋਵੇਂ ਦੇਸ਼ਾਂ ਵਿੱਚ ਸਦਭਾਵਨਾ ਵਾਲੇ ਸਬੰਧਾਂ ਦੀ ਸੰਭਾਵਨਾ ਉਪਰ ਪ੍ਰਸ਼ਨ ਚਿੰਨ੍ਹ ਲੱਗ ਰਹੇ ਹਨ। ਇਸ ਤਰ੍ਹਾਂ ਦੀ ਕੁੜੱਤਣ ਪਿਛਲੇ 70 ਸਾਲਾਂ ਤੋਂ ਫੈਲਾਈ ਜਾ ਰਹੀ ਹੈ ਤਾਂ ਜੋ ਦੋਵੇਂ ਦੇਸ਼ਾਂ ਦੇ ਲੋਕਾਂ ਦਾ ਮੇਲ-ਜੋਲ ਨਾ ਹੋ ਸਕੇ। ਜੇਕਰ ਇਸ ਤਰ੍ਹਾਂ ਦੀ ਨਾਂਹਪੱਖੀ ਰਾਜਨੀਤੀ ਕਾਰਨ ਲਾਂਘੇ ਦੀ ਉਸਾਰੀ ਦਾ ਕਾਰਜ ਨੇਪਰੇ ਨਹੀਂ ਚੜ੍ਹਦਾ ਤਾਂ ਇਹ ਬਹੁਤ ਹੀ ਅਫਸੋਸਨਾਕ ਹੋਵੇਗਾ। ਇਸ ਨਾਲ ਕਰੋੜਾਂ ਲੋਕਾਂ ਦੀ ਆਸਥਾ ਨੂੰ ਸੱਟ ਵਜੇਗੀ। ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਲਾਂਘੇ ਦੀ ਉਸਾਰੀ ਦਾ ਕਾਰਜ ਤੁਰੰਤ ਸ਼ੁਰੂ ਕਰਵਾਏ। ਲਾਂਘੇ ਉਪਰ ਨਾਂਹਪੱਖੀ ਰਾਜਨੀਤੀ ਕਰ ਰਹੇ ਨੇਤਾਵਾਂ ਅਤੇ ਅਨਸਰਾਂ ਨੂੰ ਕਰਾਰਾ ਜਵਾਬ ਦੇਣ ਦੀ ਜ਼ਰੂਰਤ ਹੈ। ਸਿੱਖ ਸੰਗਤਾਂ ਨੂੰ ਅਜਿਹੇ ਨੇਤਾਵਾਂ ਅਤੇ ਅਨਸਰਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਵਿਚਾਰਧਾਰਾ ਦੇ ਵਿਰੋਧੀ ਲੋਕ ਹੀ ਲਾਂਘੇ ਦੇ ਵਿਰੋਧ ਵਿੱਚ ਖੜ੍ਹੇ ਹੋਏ ਹਨ। ਅਜਿਹੇ ਅਨਸਰਾਂ ਦਾ ਮੁਕੰਮਲ ਸਮਾਜਿਕ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ।
– ਬਲਜੀਤ ਸਿੰਘ ਬਰਾੜ

Comments are closed.

COMING SOON .....


Scroll To Top
11