Sunday , 5 April 2020
Breaking News
You are here: Home » EDITORIALS » ਲਾਂਘੇ ਨੇ ਸਿੱਖ ਵਿਰੋਧੀ ਕੀਤੇ ਚਿੱਤ

ਲਾਂਘੇ ਨੇ ਸਿੱਖ ਵਿਰੋਧੀ ਕੀਤੇ ਚਿੱਤ

ਸਿੱਖ ਭਾਈਚਾਰੇ ਲਈ ਇਹ ਬਹੁਤ ਮੁਬਾਰਕ ਮੌਕਾ ਹੈ ਜਦੋਂ ਪੂਰੇ ਸਵੈ ਮਾਣ ਅਤੇ ਫ਼ਖ਼ਰ ਨਾਲ ਭਾਈਚਾਰੇ ਦੀਆਂ ਸਮੂਹਿਕ ਅਰਦਾਸਾਂ ਪ੍ਰਵਾਨ ਹੋ ਰਹੀਆਂ ਹਨ। ਦੋ ਦੁਸ਼ਮਣ ਦੇਸ਼ਾਂ ਭਾਰਤ ਅਤੇ ਪਾਕਿਸਤਾਨ ਨੇ ਸੰਕਟ ਵਾਲੇ ਸਬੰਧਾਂ ਦੇ ਬਾਵਜੂਦ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਸ਼ੁਰੂ ਕਰ ਦਿੱਤਾ ਹੈ। ਸੰਗਤਾਂ ਦੇ ਪਹਿਲੇ ਜਥੇ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਅਗਵਾਈ ਹੇਠ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸਥਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦਿਦਾਰਿਆਂ ਦੇ ਨਾਲ ਇਕ ਨਵਾਂ ਦੌਰ ਸ਼ੁਰੂ ਹੋ ਗਿਆ ਹੈ। ਇਸ ਦੌਰ ਵਿੱਚ ਸਿੱਖ ਵਿਰੋਧੀ ਪੂਰੀ ਤਰ੍ਹਾਂ ਚਿੱਤ ਹੁੰਦੇ ਦਿਸ ਰਹੇ ਹਨ। ਲਾਂਘੇ ਦਾ ਖੁੱਲ੍ਹਣਾ ਸਿੱਖ ਭਾਈਚਾਰੇ ਦੀ ਇਤਿਹਾਸਕ ਅਤੇ ਵੱਡੀ ਜਿੱਤ ਹੈ, ਜਿਸ ਦੀ ਛਾਪ ਕੌਮਾਂਤਰੀ ਨਕਸ਼ੇ ਉੱਪਰ ਛੱਪ ਗਈ ਹੈ। ਗੁਰੂ ਸਾਹਿਬਾਂ ਦੀ ਕ੍ਰਿਪਾ ਦੇ ਇਸ ਪ੍ਰਸ਼ਾਦ ਨਾਲ ਸਿੱਖ ਪੰਥ ਰਾਤੋ-ਰਾਤ ਇਕ ਨਵੀਂ ਉਚਾਈ ‘ਤੇ ਜਾ ਖਲੋਤਾ ਹੈ। ਲੰਬੇ ਸਮੇਂ ਤੋਂ ਕਈ ਤਰ੍ਹਾਂ ਦੀਆਂ ਪੀੜ੍ਹਾਂ ਵਿੱਚ ਗੁਜ਼ਰ ਰਹੇ ਸਿੱਖ ਪੰਥ ਲਈ ਇਹ ਬਹੁਤ ਸਕੂਨ ਅਤੇ ਸੰਤੁਸ਼ਟੀ ਵਾਲਾ ਮੁਕਾਮ ਹੈ। ਇਸ ਮੌਕੇ ਦੀ ਵੱਡੀ ਰੁਹਾਨੀ ਅਹਿਮੀਅਤ ਵੀ ਹੈ। ਸਿਆਸੀ ਪੱਖ ਤੋਂ ਇਹ ਕਦਮ ਬਹੁਤ ਵੱਡੇ ਅਰਥ ਅਖਤਿਆਰ ਕਰ ਗਿਆ ਹੈ। ਸਭ ਤੋਂ ਖੁਸ਼ੀ ਵਾਲੀ ਗੱਲ ਇਹ ਹੈ ਕਿ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਜਨਾਬ ਇਮਰਾਨ ਖਾਨ ਨੂੰ ਆਪਣੀਆਂ ਸਾਰੀਆਂ ਸਿਆਸੀ ਮਜ਼ਬੂਰੀਆਂ ਅਤੇ ਸੀਮਾਵਾਂ ਨੂੰ ਉਲੰਘਕੇ ਸਿੱਖ ਪੰਥ ਨੂੰ ਲਾਂਘੇ ਦਾ ਵੱਡਾ ਤੋਹਫਾ ਦੇ ਦਿੱਤਾ ਹੈ। ਇਹ ਲਾਂਘਾ ਸਿਰਫ ਇਕ ਗੁਰਦੁਆਰੇ ਨੂੰ ਜਾਂਦਾ ਰਾਹ ਨਹੀਂ ਹੈ ਸਗੋਂ ਇਹ ਲਾਂਘਾ ਤਾਂ ਆਪਸੀ ਭਾਈਚਾਰੇ, ਮੇਲ-ਜੋਲ ਅਤੇ ਇਸ ਖਿਤੇ ਵਿੱਚ ਸ਼ਾਂਤੀ ਦਾ ਮਹਾਂਮਾਰਗ ਹੈ। ਲਾਜ਼ਮੀ ਤੌਰ ‘ਤੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨਾਲ ਇਸ ਖੇਤਰ ਵਿੱਚ ਦਵੱਲੀ ਕੌਮਾਂਤਰੀ ਸਿਆਸਤ ਬਦਲੇਗੀ। ਲੋਕਾਂ ਅੰਦਰ ਜਾਗ੍ਰਿਤੀ ਦੀ ਇਕ ਨਵੀਂ ਲਹਿਰ ਜਨਮ ਲਵੇਗੀ। ਇਹ ਲਹਿਰ ਸਿਆਸੀ ਨੇਤਾਵਾਂ ਵੱਲੋਂ ਆਪਣੇ ਲਾਭ ਲਈ ਖੜ੍ਹੀਆਂ ਕੀਤੀਆਂ ਨਫਰਤ ਦੀਆਂ ਦੀਵਾਰਾਂ ਨੂੰ ਮਲੀਆਮੇਟ ਕਰੇਗੀ। ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਪੰਜਾਬ ਦੀ ਸਿਆਸਤ ਉੱਪਰ ਵੀ ਬਹੁਤ ਡੂੰਘਾ ਅਸਰ ਪਵੇਗਾ। ਆਉਣ ਵਾਲੇ ਸਮੇਂ ਵਿੱਚ ਸਿੱਖ ਪੰਥ ਅਤੇ ਪੰਜਾਬ ਦੀਆਂ ਵਿਰੋਧੀ ਤਾਕਤਾਂ ਨੂੰ ਹੋਰ ਵੱਡੀਆਂ ਹਾਰਾਂ ਦਾ ਸਾਹਮਣਾ ਕਰਨਾ ਹੋਵੇਗਾ। ਇਕ ਨਵੀਂ ਸਿਆਸੀ ਅੰਗੜਾਈ ਪੰਜਾਬ ਦਾ ਰਾਹ ਤੱਕ ਰਹੀ ਹੈ। ਇਸ ਨਵੀਂ ਉਭਰ ਰਹੀ ਸਿਆਸਤ ਨਾਲ ਪੰਜਾਬ ਦੇ ਬਹੁਪੱਖੀ ਸੰਕਟ ਨੂੰ ਨਿਵਾਰਣ ਦਾ ਮੌਕਾ ਮਿਲੇਗਾ। ਉਮੀਦ ਰੱਖਣੀ ਚਾਹੀਦੀ ਹੈ ਕਿ ਨਵੇਂ ਸਿਆਸੀ ਰਹਿਨੁਮਾ ਵਧੇਰੇ ਪ੍ਰਤੀਬੱਧਤਾ ਅਤੇ ਦਿਆਨਤਦਾਰੀ ਨਾਲ ਪੰਜਾਬ ਅਤੇ ਪੰਥ ਦੀ ਸੇਵਾ ਕਰਨਗੇ। ਇਸ ਮੁਬਾਰਕ ਮੌਕੇ ‘ਤੇ ਸਮੂਹ ਸਿੱਖ ਪੰਥ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ‘ਪੰਜਾਬ ਟਾਇਮਜ਼’ ਵੱਲੋਂ ਬਹੁਤ-ਬਹੁਤ ਵਧਾਈਆਂ। ਗੁਰੂ ਘਰਾਂ ਦੇ ਖੁੱਲ੍ਹੇ ਦਰਸ਼ਨ ਦੀਦਾਰਿਆਂ, ਆਪਸੀ ਮੇਲ-ਜੋਲ, ਮੁਹੱਬਤ ਅਤੇ ਸ਼ਾਂਤੀ ਲਈ ਅਰਦਾਸਾਂ ਜਾਰੀ ਰਹਿਣੀਆਂ ਚਾਹੀਦੀਆਂ ਹਨ। ਇਹ ਉਮੀਦ ਕਰਨੀ ਚਾਹੀਦੀ ਹੈ ਕਿ ਇਸ ਨਵੇਂ ਦੌਰ ਵਿੱਚ ਸਿੱਖ ਪੰਥ ਹੋਰ ਮਜ਼ਬੂਤ ਹੋ ਕੇ ਉਭਰੇਗਾ ਅਤੇ ਸੰਸਾਰ ਵਿੱਚ ਆਪਣੀ ਨਵੀਂ ਪਹਿਚਾਣ ਤੋਂ ਰੂ-ਬ-ਰੂ ਕਰਾਏਗਾ।
– ਬਲਜੀਤ ਸਿੰਘ ਬਰਾੜ

Comments are closed.

COMING SOON .....


Scroll To Top
11