Saturday , 7 December 2019
Breaking News
You are here: Home » Editororial Page » ਲਖ ਖੁਸ਼ੀਆਂ ਪਾਤਿਸ਼ਾਹੀਆਂ ਜੇ ਸਤਿਗੁਰੁ ਨਦਰਿ ਕਰੇਇ

ਲਖ ਖੁਸ਼ੀਆਂ ਪਾਤਿਸ਼ਾਹੀਆਂ ਜੇ ਸਤਿਗੁਰੁ ਨਦਰਿ ਕਰੇਇ

ਪਰਮਾਤਮਾ ਦਇਆ ਤੇ ਕਿਰਪਾ ਦਾ ਸਾਗਰ ਹੈ। ਉਸ ਦੇ ਘਰ ਸੁਖ ਤੇ ਵਡਿਆਈ ਦੇ ਬੇਅੰਤ ਖਜਾਨੇ ਹਨ। ਪਰਮਾਤਮਾ ਇਨ੍ਹਾਂ ਖਜਾਨਿਆਂ ਤੋਂ ਦਿਨ ਰਾਤ ਅਨਗਿਣਤ ਦਾਤਾਂ ਵੰਡੀ ਜਾ ਰਿਹਾ ਹੈ। ਦਾਤਾਂ ਵੰਡਦੀਆਂ ਉਸ ਨੂੰ ਕੋਈ ਸੰਕੋਚ ਨਹੀਂ ਹੁੰਦਾ ਪਰ ਫਿਰ ਵੀ ਉਸ ਦੇ ਖਜਾਨੇ ਸਦਾ ਭਰੇ ਰਹਿੰਦੇ ਹਨ। ਪਰਮਾਤਮਾਂ ਅਸੰਖ ਲੋਕਾਂ ਨੂੰ ਅਸੰਖ ਖੁਸ਼ੀਆਂ ਵੰਡੀ ਤੇ ਨਿਹਾਲ ਕਰੀ ਜਾ ਰਿਹਾ ਹੈ। ਪਰਮਾਤਮਾ ਦੀ ਸ਼ਰਣ ਲੈਣਾ ਸੁਖ ਦੀ ਅਵਸਥਾ ਵਿੱਚ ਆਉਣਾ ਹੈ ਜਿਸੁ ਸਿਮਰਤ ਸੁਖੁ ਹੋਇ ਘਣਾ ਦੁਖੁ ਦਰਦੁ ਨ ਮੂਲੇ ਹੋਇ “। ਸੰਸਾਰ ਅੰਦਰ ਹਰ ਮਨੁੱਖ ਦੁੱਖਾਂ ਦੀ ਪੰਡ ਸਿਰ ਤੇ ਰੱਖ ਕੇ ਵਿਚਰ ਰਿਹਾ ਹੈ ਤੇ ਸੁਖ ਦੀ ਤਲਾਸ਼ ਵਿੱਚ ਭਟਕ ਰਿਹਾ ਹੈ। ਸੁਖ ਲਈ ਉਹ ਭਿੰਨ ਭਿੰਨ ਜਤਨ ਕਰਦਾ ਹੈ। ਧਰਮ ਕਰਮ ਕਰਦਾ ਹੈ ਪਰ ਸੁਖ ਦੂਰ ਹੀ ਰਹਿੰਦੇ ਹਨ। ਮਨ ਦੇ ਸੰਤਾਪ , ਕਲੇਸ਼ ਘੱਟ ਨਹੀਂ ਹੁੰਦੇ। ਕਦੇ ਮਨ ਦੇ ਦੁਖ , ਕਦੇ ਤਨ ਦੇ ਦੁਖ ਤੇ ਕਦਰ ਕਰਮਾਂ ਦੇ ਦੰਡ ਉਸ ਨੂੰ ਆਪਣਾ ਬੰਦੀ ਬਣਾਈ ਹੀ ਰੱਖਦੇ ਹਨ। ਮਨੁੱਖ ਨੂੰ ਕੋਈ ਰਾਹ ਹੀ ਨਹੀਂ ਵਿਖਾਈ ਦਿੰਦੀ ਜੋ ਦੁੱਖਾਂ ਤੋਂ ਮੁਕਤ ਕਰਾਉਣ ਵਾਲੀ ਹੋਵੇ। ਵਡਭਾਗੀ ਹੈ ਉਹ ਮਨੁੱਖ ਜੋ ਗੁਰਬਾਣੀ ਨਾਲ ਜੁੜਦਾ ਹੈ ਤੇ ਗੁਰ ਹੁਕਮ ਨੂੰ ਜੀਵਨ ਅੰਦਰ ਉਤਾਰਦਾ ਹੈ। ਗੁਰਬਾਣੀ ਦਾ ਹੁਕਮ ਹੈ “ ਆਠ ਪਹਰ ਪ੍ਰਭੁ ਧਿਆਇ ਤੂੰ ਗੁਣ ਗੋਇੰਦ ਨਿਤ ਗਾਉ “। ਮਨੁੱਖ ਪਰਮਾਤਮਾ ਨੂੰ ਆਪਨੇ ਜੀਵਨ ਦਾ ਆਧਾਰ ਬਣਾ ਲਵੇ ਤੇ ਸਦਾ ਉਸ ਦਾ ਧਿਆਨ ਕਰੇ। ਸਦਾ ਪਰਮਾਤਮਾ ਦੀ ਵਡਿਆਈ , ਉਸ ਦੇ ਗੁਣਾਂ ਨੂੰ ਮਹਿਸੂਸ ਕਰੇ , ਆਪਨੇ ਜੀਵਨ ਅੰਦਰ , ਆਪਨੇ ਆਲੇ ਦੁਆਲੇ , ਸਾਰੇ ਸੰਸਾਰ ਅੰਦਰ ਵੇਖਣ ਦਾ ਉੱਦਮ ਕਰੇ। ਗੁਰਬਾਣੀ ਦੀ ਪ੍ਰੇਰਨਾ ਮਨੁੱਖ ਨੂੰ ਸਰਬ ਸਮਰਥ ਸ਼ਕਤੀ ਨਾਲ ਜੋੜਨ ਦੀ ਹੈ ਜਿਸ ਦੀ ਵਡਿਆਈ ਅਕੱਥ ਹੈ “ ਬਹੁਤੋ ਬਹੁਤੁ ਵਖਾਣੀਐ ਊਚੋ ਊਚਾ ਥਾਉ , ਵਰਨਾ ਚਿਹਨਾ ਬਾਹਰਾ ਕੀਮਤਿ ਕਹਿ ਨ ਸਕਾਉ “। ਹੋਰ ਕੋਈ ਥਾਂ , ਸ਼ਕਤੀ , ਜੁਗਤ ਨਹੀਂ ਜਿੱਥੋਂ ਸੁਖ ਪ੍ਰਾਪਤ ਹੋ ਸਕੇ। ਇੱਕ ਅਤੁੱਲ , ਅਗੰਮ ਪਰਮਾਤਮਾ ਹੀ ਮਨੁੱਖ ਦਾ ਤਾਰਣਹਾਰ ਹੈ। ਉਸ ਦੀ ਕਿਰਪਾ ਹੁੰਦੀ ਹੈ ਤਾਂ ਜੀਵਨ ਸੁੱਖਾਂ ਨਾਲ ਭਰਪੂਰ ਹੋ ਜਾਂਦਾ ਹੈ ਤੇ ਸਾਰੇ ਦੁੱਖਾਂ ਦਾ ਮੂਲੋਂ ਹੀ ਨਾਸ਼ ਹੋ ਜਾਂਦਾ ਹੈ। ਪਰਮਾਤਮਾ ਤਾਂ ਸਦਾ ਹੀ ਕਿਰਪਾ ਕਰਨ ਵਾਲਾ ਹੈ। ਉਹ ਕਿਰਪਾ ਕਰਦਾ ਹੈ ਤਾਂ ਮਨੁੱਖ ਦਾ ਜੀਵਨ ਸਫਲ ਹੋ ਜਾਂਦਾ ਹੈ ਮਿਹਰ ਕਰੇ ਜਿਸੁ ਮਿਹਰਵਾਨੁ ਤਾਂ ਕਾਰਜੁ ਆਵੈ ਰਾਸਿ। ਸੁਖ ਤੇ ਦੁਖ ਦੀ ਹਰ ਮਨੁੱਖ ਦੀ ਆਪੋ ਆਪਣੀ ਵਿਆਖਿਆ ਹੈ। ਕੋਈ ਸੰਸਾਰਕ ਪਦਾਰਥਾਂ ਵਿੱਚ ਤੇ ਕੋਈ ਕੁਲ , ਜਾਤ ਵਿੱਚ , ਕੋਈ ਤਾਕਤ ਔਹਦੇ ਵਿੱਚ ਤੇ ਕੋਈ ਲੋਕ ਪ੍ਰਸ਼ੰਸਾ ਵਿੱਚ ਸੁਖ ਵੇਖਦਾ ਹੈ। ਕਿਸੇ ਦਾ ਦੁਖ ਧਨ ਦੌਲਤ ਤੇ ਕਿਸੇ ਦਾ ਸੰਤਾਨ , ਪਰਿਵਾਰ ਤੇ ਕਿਸੇ ਨੂੰ ਸੱਤਾ , ਔਹਦਾ , ਮਰਤਬਾ ਨਾ ਹੋਣ ਦਾ ਦੁਖ ਹੈ। ਕਿਸੇ ਨੂੰ ਤਨ ਦਾ ਦੁਖ ਹੈ ਤੇ ਕਿਸੇ ਨੂੰ ਹੋਰਨਾਂ ਤੋਂ ਪਿੱਛੇ ਰਹਿ ਜਾਣ ਦਾ ਦੁਖ ਹੈ। ਗੁਰਬਾਣੀ ਨੇ ਗੁਰਸਿੱਖ ਲਈ ਸੁਖ ਤੇ ਦੁਖ ਦੀ ਸਪਸ਼ਟ ਵਿਆਖਿਆ ਕੀਤੀ ਤੇ ਹਰ ਦੁਵਿਧਾ ਦੂਰ ਕਰਦਿਆਂ ਸੇਧ ਬਖਸੀ ਤਾਂ ਜੋ ਕੋਈ ਭਟਕਨ ਨਾ ਰਹੇ। ਗੁਰਬਾਣੀ ਦਾ ਮਨੋਰਥ ਗੁਰਸਿੱਖ ਨੂੰ ਹਰ ਦੁਖ , ਦਰਦ ਤੋਂ ਮੁਕਤ ਕਰ ਪੂਰਨ ਆਨੰਦ ਦੀ ਅਵਸਥਾ ਵਿੱਚ ਲੈ ਜਾਣਾ ਹੈ ਸੁਖੁ ਹੋਇ ਘਣਾ। ਗੁਰਬਾਣੀ ਦਾ ਹੁਕਮ ਹੈ ਸਭਿ ਸਿਆਣਪਾ ਛਡਿ ਕੈ ਗੁਰ ਕੀ ਚਰਣੀ ਪਾਹੁ। ਗੁਰਸਿੱਖ ਦਾ ਮਨ ਜਦੋਂ ਪਰਮਾਤਮਾ ਦੀ ਸ਼ਰਣ ਵਿੱਚ ਟਿਕ ਜਾਂਦਾ ਹੈ ਤਾਂ “ ਸੋਈ ਧਿਆਈਐ ਜੀਅੜੇ ਸਿਰਿ ਸਾਹਾਂ ਪਾਤਿਸਾਹੁ “ ਦੀ ਭਾਵਨਾ ਦ੍ਰਿੜ੍ਹ ਹੁੰਦੀ ਹੈ। ਉਸ ਅੰਦਰ ਨਿਰਮਾਣਤਾ ਦਾ ਵਾਸ ਹੁੰਦਾ ਹੈ “ ਸਾਧੂ ਕੀ ਹੋਹੁ ਰੇਣੁਕਾ ਅਪਣਾ ਆਪੁ ਤਿਆਗਿ “। ਪਰ ਆਪਣੀ ਮਤਿ . ਸਿਆਣਪ ਨਾ ਤਿਆਗਣ ਵਾਲਾ “ ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇ “ ਤੇ ਹੀ ਅੜਿੱਕ ਜਾਂਦਾ ਹੈ। ਉਸ ਦੀ “ ਲਖ ਖੁਸੀਆ ਪਾਤਿਸਾਹੀਆ “ ਦਾ ਕਲਪਨਾ ਲੋਕ ਗੁਰ ਸ਼ਬਦ ਤੋਂ ਵੇਮੁਖ ਹੋ ਆਪਣੇ ਮਨ ਦੇ ਵੱਸ ਹੋ ਜਾਂਦਾ ਹੈ। ਉਸ ਦਾ ਕਲਪਨਾ ਲੋਕ ਵੱਡੇ ਤੋਂ ਵੱਡਾ ਹੁੰਦਾ ਜਾਂਦਾ ਹੈ ਜਿਸ ਵਿੱਚ ਸੰਸਾਰ ਦੇ ਸਾਰੇ ਰਸ ਸ਼ਾਮਲ ਹੁੰਦੇ ਜਾਂਦੇ ਹਨ ਪਰ ਮੂਲ ਗੁਰ ਹੁਕਮ ਅਲੋਪ ਹੁੰਦਾ ਜਾਂਦਾ ਹੈ। ਸੰਸਾਰਕ ਖੁਸੀਆਂ ਦੇ ਖਾਸ ਮੌਕੇ ਤੇ ਇਹ ਪੰਕਤੀਆਂ ਵਾਰ ਵਾਰ ਪੜ੍ਹੀਆਂ ਜਾਂਦੀਆਂ ਹਨ “ ਲਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੁ ਨਦਰਿ ਕਰੇ। ਇਹ ਮਨੁੱਖੀ ਸਿਆਣਪ ਮੂਲ ਗੁਰ ਹੁਕਮ “ ਨਿਮਖ ਏਕ ਹਰਿ ਨਾਮੁ ਦੇਇ ਮੇਰਾ ਮਨੁ ਤਨੁ ਸੀਤਲੁ ਹੋਇ “ ਤੋਂ ਤੋੜਨ ਵਾਲੀ ਸਾਬਤ ਹੁੰਦੀ ਹੈ। ਉਸ ਵੇਲੇ ਮਨ ਅੰਦਰ ਨਾਮ ਦੀ ਦਾਤ ਨਹੀਂ ਕੁਝ ਹੋਰ ਹੀ ਮੰਗ ਚੱਲ ਰਹੀ ਹੁੰਦੀ ਹੈ। ਗੁਰ ਹੁਕਮ ਤੋਂ ਟੁੱਟੇ ਮਨ ਲਈ ਸੁਖ – ਦੁਖ ਦੀ ਵਿਆਖਿਆ ਬਦਲ ਕੇ ਦੁਨਿਆਵੀ ਹੋ ਜਾਂਦੀ ਹੈ। ਦਰਅਸਲ ਲੱਖ ਖੁਸੀਆਂ, ਪਾਤਿਸ਼ਾਹੀਆਂ ਦੀ ਭਾਵਨਾ ਨਾਮ ਦੀ ਪ੍ਰਾਪਤੀ ਤੇ ਮਨ ਦੀ ਨਿਰਮਲਤਾ ਵੱਲ ਤੋਰਨ ਵਾਲੀ ਹੈ। ਜਦੋਂ ਇਹ ਸ਼ਬਦ ਪੜ੍ਹਦਿਆਂ , ਸੁਣਦਿਆਂ ਮਨ ਨਾਮ ਜਪਣ ਲਈ ਤੇ ਨਿਰਮਲ , ਸਹਿਜ ਅਵਸਥਾ ਹਾਸਲ ਕਰਨ ਲਈ ਪ੍ਰੇਰਿਤ ਨਹੀਂ ਹੁੰਦਾ ਤਾਂ ਇਹ ਮਨ ਦੀ ਭਟਕਨ ਪਰਗਟ ਕਰਦਾ ਹੈ। ਮਨ ਗੁਰੂ ਦੇ ਆਸਰੇ ਤੋਂ ਟੁੱਟ ਕੇ ਸੰਸਾਰ ਦੇ ਰੰਗ। ਰਸ ਵਿੱਚ ਆਪਣਾ ਟਿਕਾਣਾ ਲਭਣ ਵੱਲ ਤੁਰ ਪੈਂਦਾ ਹੈ। ਮਨੁੱਖ ਦਾ ਮਨ ਪਰਮਾਤਮਾ ਦੇ ਮਾਰਗ ਤੇ ਚੱਲ ਤਾਂ ਪੈਂਦਾ ਹੈ ਪਰ ਛੇਤੀ ਸੰਸਾਰਕ ਪ੍ਰਾਪਤੀਆਂ ਵੱਲ ਖਿੱਚਿਆ ਜਾਂਦਾ ਹੈ ਕਿਉਂਕਿ ਇਸ ਯਾਤਰਾ ਲਈ ਲੋੜੀਂਦਾ ਸੰਕਲਪ ਨਹੀਂ ਧਾਰਨ ਕੀਤਾ ਹੁੰਦਾ ਹੈ।
ਮਨ ਦੀ ਧਰਮ ਯਾਤਰਾ ਦੋ ਥੰਮ੍ਹਾਂ ਤੇ ਟਿਕੀ ਹੋਈ ਹੈ। ਪਹਿਲਾ ਥੰਮ੍ਹ ਹੈ ਸੰਕਲਪ ਤੇ ਦੂਜਾ ਥੰਮ੍ਹ ਹੈ ਭਰੋਸਾ . ਮਨੁੱਖ ਦਾ ਸੰਕਲਪ ਹੈ “ ਸਭੇ ਠੋਕ ਪਰਾਪਤੇ ਜੇ ਆਵੈ ਇਕੁ ਹਥਿ “। ਪਰਮਾਤਮਾ ਦੀ ਸ਼ਰਨ ਤੇ ਕਿਰਪਾ ਪ੍ਰਾਪਤ ਕਰਣਾ ਮਨੁੱਖ ਦੇ ਜੀਵਨ ਦਾ ਮੂਲ ਮਨੋਰਥ ਹੈ। ਮਨ ਅੰਦਰ ਸੰਕਲਪ ਹੋਵੇ ਕਿ ਇੱਕ ਪਰਮਾਤਮਾ ਹੀ ਸਿਰਜਣਹਾਰ , ਪਾਲਣਹਾਰ , ਦਾਤਾ ਤੇ ਤਾਰਣਹਾਰ ਹੈ। ਉਸ ਦੀ ਕਿਰਪਾ ਬਿਨਾ ਕੋਈ ਵੀ ਜੀਵਨ ਪ੍ਰਾਪਤੀ ਮੁਮਕਿਨ ਨਹੀਂ ਹੈ। ਪਰਮਾਤਮਾ ਦੀ ਕਿਰਪਾ ਦੁਆਰਾ ਹੀ ਜੀਵਨ ਦੀ ਗਤਿ ਸੰਭਵ ਹੈ। ਪਰਮਾਤਮਾ ਕਿਰਪਾ ਕਰਦਾ ਹੈ ਤਾਂ ਜੀਵਨ ਖੁਸ਼ੀਆਂ ਨਾਲ ਭਰਪੂਰ ਕਰ ਦਿੰਦਾ ਹੈ। ਕੋਈ ਤੋਟ ਨਹੀਂ ਆਉਂਦੀ। ਮਨ ਅੰਦਰ ਪਰਮਾਤਮਾ ਦੀ ਮਿਹਰ ਪ੍ਰਾਪਤ ਕਰ ਜੀਵਨ ਖੁਸ਼ੀਆਂ ਨਾਲ ਭਰਪੂਰ ਕਰਨ ਦਾ ਸੰਕਲਪ ਹੀ ਪਰਮਾਤਮਾ ਦੀ ਰਾਹ ਤੇ ਚੱਲਣ ਦੀ ਪ੍ਰੇਰਨਾ ਤੇ ਉਤਸਾਹ ਦਿੰਦਾ ਹੈ। ਦੂਜਾ ਥੰਮ੍ਹ ਹੈ ਮਨੁੱਖ ਅੰਦਰ ਭਰੋਸਾ ਹੋਣਾ ਕਿ “ ਜਨਮੁ ਪਦਾਰਥੁ ਸਫਲੁ ਹੈ ਜੇ ਸਚਾ ਸਬਦੁ ਕਥਿ “। ਪਰਮਾਤਮਾ ਦੀ ਨਦਰਿ ਹਾਸਲ ਕਰਨ ਦਾ ਇੱਕੋ ਮਾਰਗ ਹੈ ਪਰਮਾਤਮਾ ਦਾ ਨਾਮ ਜਪਣਾ , ਉਸ ਦੀ ਉਸਤਤ ਕਰਨਾ ਤੇ ਉਸ ਦੇ ਹੁਕਮ ਨੂੰ ਜੀਵਨ ਦਾ ਆਧਾਰ ਬਣਾਉਣਾ। ਜੀਵਨ ਦਾ ਉਹ ਸਮਾਂ ਹੀ ਸਫਲ ਹੈ ਜਦੋਂ ਮਨੁੱਖ ਪਰਮਾਤਮਾ ਦਾ ਨਾਮ ਜਪ ਰਿਹਾ ਹੈ ਤੇ ਉਸ ਦੇ ਹੁਕਮ ਅੰਦਰ ਵਿਚਰ ਰਿਹਾ ਹੈ। ਇਸ ਸੰਕਲਪ ਤੇ ਭਰੋਸੇ ਨਾਲ ਜਦੋਂ ਮਨ ਪਰਮਾਤਮਾ ਦੀ ਭਗਤੀ , ਉਸਤਤ ਕਰਦਾ ਹੈ ਤਾਂ ਸੰਸਾਰਕ ਪਦਾਰਥਾਂ , ਰਸਾਂ ਤੋਂ ਉਦਾਸ ਹੋ ਜਾਂਦਾ ਹੈ। ਉਸ ਦਾ ਚਿੱਤ ਬਸ ਪਰਮਾਤਮਾ ਵਿੱਚ ਹੀ ਰਮਦਾ ਹੈ “ ਮੇਰੇ ਮਨ ਏਕਸ ਸਿਉ ਚਿਤੁ ਲਾਇ “। ਉਸ ਦੇ ਮਨ ਅੰਦਰ ਪਰਮਾਤਮਾ ਦੇ ਨਾਮ , ਭਗਤੀ ਲਈ ਸੱਚੀ ਤੇ ਗਹਿਰੀ ਤਾਂਘ ਉੱਠਦੀ ਹੈ . ਸੰਸਾਰ ਦੇ ਰੰਗ , ਰਸ ਵਿਸਰ ਜਾਂਦੇ ਹਨ। ਇਸ ਅਵਸਥਾ ਵਿੱਚ ਹੀ “ ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇ “ ਦੀ ਸੱਚੀ ਵਿਆਖਿਆ ਸਮਝ ਆਉਂਦੀ ਹੈ। ਸਤਿਗੁਰੂ ਦੀ ਨਦਰਿ ਨਾਲ ਲੱਖਾਂ , ਖੁਸੀਆਂ , ਪਾਤਿਸਾਹੀਆਂ ਪ੍ਰਾਪਤ ਕਰਨ ਦੀ ਥਾਂ ਉਹ ਸਤਿਗੁਰੂ ਦੀ ਨਦਰੀ ਵਿੱਚ ਖੁਸ਼ੀਆਂ ਤੇ ਪਾਤਿਸ਼ਾਹੀਆਂ ਲਭਣ ਲੱਗ ਪੈਂਦਾ ਹੈ। ਪਰਮਾਤਮਾ ਦੀ ਮਿਹਰ ਉਸ ਨੂੰ ਸੰਸਾਰ ਦੀਆਂ ਸਾਰੀਆਂ ਪ੍ਰਾਪਤੀਆਂ ਤੋਂ ਵੱਧ ਨਜਰ ਆਉਣ ਲੱਗ ਪੈਂਦੀ ਹੈ। ਉਹ ਪਰਮਾਤਮਾ ਦੇ ਮਾਰਗ ਤੇ ਚੱਲਣ ਲਈ ਸਭ ਕੁਝ ਵਾਰ ਦੇਣ ਨੂੰ ਤਿਆਰ ਹੋ ਜਾਂਦਾ ਹੈ “ ਸਿਰੁ ਦੀਜੈ ਕਾਣਿ ਨ ਕੀਜੈ “। ਪਰਮਾਤਮਾ ਦੀ ਨਦਰਿ ਪੂਰਨ ਸਮਰਪਣ ਨਾਲ ਪ੍ਰਾਪਤ ਹੁੰਦੀ ਹੈ। ਆਪਾ ਵਾਰ ਕੇ ਵੀ ਪਰਮਾਤਮਾ ਦੀ ਨਦਰਿ ਪ੍ਰਾਪਤ ਕਰ ਲੈਣਾ ਵਡਭਾਗੇ ਹੋਣ ਦੀ ਨਿਸ਼ਾਨੀ ਹੈ “ ਜਿਸ ਕਉ ਪੁਰਬਿ ਲਿਖਿਆ ਤਿਨਿ ਸਤਿਗੁਰ ਚਰਨ ਗਹੇ “। ਧਨ , ਦੌਲਤ , ਜਾਇਦਾਦ , ਸੰਤਾਨ , ਪਰਿਵਾਰ – ਕੁਲ , ਔਹਦਾ , ਸ਼ੋਹਰਤ , ਤਾਕਤ , ਗਿਆਨ ਆਦਿਕ ਹੋਣਾ ਕੋਈ ਮਹੱਤਵ ਨਹੀਂ ਰੱਖਦਾ। ਗੁਰ ਦ੍ਰਿਸ਼ਟੀ ਵਿੱਚ ਸੰਪੂਰਣ ਮਹੱਤਾ ਪਰਮਾਤਮਾ ਦੀ ਸ਼ਰਨ ਪ੍ਰਾਪਤ ਕਰਨ ਵਿੱਚ ਹੈ। ਜਿਸ ਨੇ ਇਹ ਸੱਚੀ ਦ੍ਰਿਸ਼ਟੀ ਧਾਰਨ ਕਰ ਲਈ ਉਸ ਦੇ ਮਨ ਅੰਦਰ ਨਿੱਤ ਇੱਕੋ ਤਰੰਗ ਉੱਠਦੀ ਹੈ ਨਿਮਖ ਏਕ ਹਰਿ ਨਾਮੁ ਦੇਇ ਮੇਰਾ ਮਨੁ ਤਨੁ ਸੀਤਲੁ ਹੋਇ। ਨਾਮ ਤੇ ਮਨ ਦੀ ਨਿਰਮਲ ਅਵਸਥਾ ਵਿੱਚ ਉਸ ਨੂੰ ਲੱਖਾਂ ਲੱਖ ਖੁਸ਼ੀਆਂ ਤੇ ਪਾਤਿਸ਼ਾਹੀਆਂ ਵਿਖਾਈ ਦੇਣ ਲੱਗ ਪੈਂਦੀਆਂ ਹਨ।
ਗੁਰਸਿੱਖ ਖੁਸ਼ੀਆਂ ਤੇ ਵਡਿਆਈ ਗੁਰ ਸ਼ਬਦ ਅੰਦਰ ਲੱਭਦਾ ਹੈ। ਉਸ ਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਪੈਂਦੀ। ਗੁਰ ਸ਼ਬਦ ਹੀ ਉਸ ਦੇ ਜੀਵਨ ਦੀ ਸਾਰ ਸੰਭਾਲ ਕਰਨ ‘ਚ ਸਮਰਥ ਹੈ “ ਦੂਖੁ ਸੰਤਾਪੁ ਨ ਲਗਈ ਜਿਸੁ ਹਰਿ ਕਾ ਨਾਮੁ ਅਧਾਰੁ “। ਗੁਰ ਸ਼ਬਦ ਨੇ ਜੀਵਨ ਦੀ ਸਫਲਤਾ ਦਾ ਪੈਮਾਨਾ ਵੀ ਬਦਲ ਦਿੱਤਾ। ਗੁਰਸਿੱਖ ਦੇ ਜੀਵਨ ਦੀ ਸਫਲਤਾ ਪਰਮਾਤਮਾ ਲਈ ਭਾਵਨਾ ਅੰਦਰ ਜਿਉਣ ਵਿੱਚ ਹੈ “ ਸਫਲ ਮੂਰਤੁ ਸਫਲਾ ਘੜੀ ਜਿਤੁ ਸਚੇ ਨਾਲਿ ਪਿਆਰੁ “। ਜਦੋਂ ਜੀਵਨ ਸਫਲਤਾ ਦਾ ਮਾਪਦੰਡ ਪਰਮਾਤਮਾ ਲਈ ਭਾਵਨਾ ਤੇ ਸਮਰਪਣ ਹੋ ਜਾਏ ਤਾਂ ਹੀ ਖੁਸ਼ੀਆਂ ਤੇ ਪਾਤਿਸ਼ਾਹੀਆਂ ਦੇ ਅਰਥ ਬਦਲਦੇ ਹਨ ਤੇ ਮਨ ਦਾ ਮਾਰਗ ਨਿਰਵਿਘਨ ਹੋ ਜਾਂਦਾ ਹੈ।

Comments are closed.

COMING SOON .....


Scroll To Top
11