Tuesday , 23 April 2019
Breaking News
You are here: Home » Editororial Page » ਰੰਗਰੇਟੇ ਗੁਰੂ ਕੇ ਬੇਟੇ-ਬਾਬਾ ਜੀਵਨ ਸਿੰਘ ਜੀ

ਰੰਗਰੇਟੇ ਗੁਰੂ ਕੇ ਬੇਟੇ-ਬਾਬਾ ਜੀਵਨ ਸਿੰਘ ਜੀ

ਸ਼ਹੀਦ ਬਾਬਾ ਜੀਵਨ ਸਿੰਘ ਜੀ (ਭਾਈ ਜੈਤਾ ਜੀ) ਗੁਰੂ ਘਰ ਦੇ ਪ੍ਰੇਮੀ ਗੁਰਸਿੱਖ ਸਨ। ਇਹਨਾਂ ਦਾ ਪਹਿਲਾ ਨਾਂਅ ਭਾਈ ਜੈਤਾ ਸੀ । ਜਦ ਗੁਰੂ ਗੋਬਿੰਦ ਸਿੰਘ ਜੀ ਨੇ 1699 ਈ: ਦੀ ਵਿਸਾਖੀ ਨੂੰ ‘ਖਾਲਸਾ’ ਸਾਜਿਆ ਤਾਂ ਭਾਈ ਜੈਤਾ ਜੀ ਵੀ ਅੰਮ੍ਰਿਤ ਦੀ ਪਵਿੱਤਰ ਦਾਤ ਪ੍ਰਾਪਤ ਕਰਕੇ ਭਾਈ ਜੈਤਾ ਤੋਂ ਬਾਬਾ ਜੀਵਨ ਸਿੰਘ ਬਣ ਗਏ ਸਨ। ਭਾਈ ਜੈਤਾ ਜੀ ਦਾ ਜਨਮ 5 ਸਤੰਬਰ 1661 ਈ: ( ਭਾਈ ਸਾਹਿਬ ਜੀ ਦੀ ਜਨਮ ਮਿਤੀ ਸਬੰਧੀ ਲੇਖਕਾਂ ਦੇ ਵੱਖੋ-ਵੱਖਰੇ ਵਿਚਾਰ ਹਨ) ਨੂੰ ਪਿਤਾ ਭਾਈ ਸਦਾ ਨੰਦ ਜੀ ਅਤੇ ਮਾਤਾ ਲਾਜਵੰਤੀ (ਪ੍ਰੇਮੋ) ਜੀ ਦੀ ਕੁੱਖੋਂ ਪਟਨਾ ਸਾਹਿਬ ਵਿਖੇ ਹੋਇਆ। ਇਹਨਾਂ ਦੇ ਮਾਤਾ ਪਿਤਾ ਗੁਰੂ ਘਰ ਦੇ ਬਹੁਤ ਪ੍ਰੇਮੀ ਸਿੱਖ ਸਨ। ਇਹਨਾਂ ਦੇ ਪੁਰਖੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਹੀ ਗੁਰੂ ਘਰ ਨਾਲ ਜੁੜ ਚੁੱਕੇ ਸਨ। ਬਾਬਾ ਜੀਵਨ ਸਿੰਘ ਜੀ ਦੇ ਜਨਮ ਸਮੇਂ ਇਹਨਾਂ ਦੇ ਮਾਤਾ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਯਾਤਰਾ ਤੇ ਸਨ।ਗੋਬਿੰਦ ਰਾਏ ਜੀ ਤੇ ਬਾਬਾ ਜੀਵਨ ਸਿੰਘ ਜੀ ਨੇ ਇੱਕਠਿਆਂ ਵਿੱਦਿਆ ਤੇ ਸਸ਼ਤਰ ਵਿੱਦਿਆ ਵਿੱਚ ਨਿਪੁੰਨਤਾ ਹਾਸਿਲ ਕੀਤੀ।ਔਰੰਗਜ਼ੇਬ ਦੇ ਜ਼ੁਲਮਾਂ ਦੇ ਸਤਾਏ ਜਦ ਕਸ਼ਮੀਰੀ ਪੰਡਿਤਾਂ ਦਾ ਇੱਕ ਵਫਦ ਪੰਡਿਤ ਕ੍ਰਿਪਾ ਰਾਮ ਦੀ ਅਗਵਾਈ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਕੋਲ ਆਇਆ ਤੇ ਫਰਿਆਦ ਕੀਤੀ। ਗੁਰੂ ਸਾਹਬ ਹਿੰਦੂ ਧਰਮ ਬਚਾਉਣ ਖਾਤਿਰ ਦਿੱਲੀ ਪਹੁੰਚ ਗਏ। ਗੁਰੂ ਤੇਗ ਬਹਾਦਰ ਜੀ ਦਾ ਸੀਸ ਧੜ੍ਹ ਤੋਂ ਅਲੱਗ ਕਰਕੇ ਸ਼ਹੀਦ ਕੀਤਾ ਗਿਆ ਤੇ ਐਲਾਨ ਕੀਤਾ ਗਿਆ ਕਿ ਹੈ, ਕੋਈ ਐਸਾ ਸਿੱਖ ਜੋ ਆਪਣੇ ਗੁਰੂ ਦੇ ਸਰੀਰ ਦਾ ਸਸਕਾਰ ਕਰਨ ਦੀ ਹਿੰਮਤ ਰੱਖਦਾ ਹੋਵੇ। ਦਿੱਲੀ ਵਾਸੀ ਸਿੱਖਾਂ ਵਿੱਚੋਂ ਕਿਸੇ ਨਾ ਹਿੰਮਤ ਕੀਤੀ ਤਾਂ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਨੇ ਇਹ ਸੇਵਾ ਨਿਭਾਈ। ਤਵਾਰੀਖ ਗੁਰੂ ਖਾਲਸਾ ਵਿੱਚ ਗਿਆਨੀ ਗਿਆਨ ਸਿੰਘ ਲਿੱਖਦਾ ਹੈ ਕਿ ਗੁਰੂ ਜੀ ਦੇ ਸਹੀਦ ਹੋਣ ਸਮੇਂ ਉਸ ਅਫੜਾ ਤਫੜੀ ਦੀ ਹਾਲ ਚਾਲ ਵਿੱਚ ਭਾਈ ਜੈਤਾ ਮਜ਼ਹਬੀ ਸਿੱਖ ਗੁਰੂ ਜੀ ਦਾ ਸੀਸ ਉਠਾ ਕੇ ਅਨੰਦਪੁਰ ਦੇ ਰਾਹ ਪਿਆ। ਕਈ ਇਤਿਹਾਸਕਾਰ ਲਿੱਖਦੇ ਹਨ ਕਿ ਭਾਈ ਜੈਤਾ ਜੀ ਦਿੱਲੀ ਪਹੁੰਚ ਕੇ ਰਾਤ ਦੇ ਹਨੇਰੇ ਦਾ ਫਾਇਦਾ ਉਠਾ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਉਠਾ ਕੇ ਉਸ ਜਗ੍ਹਾ ਆਪਣੇ ਪਿਤਾ ਦਾ ਸੀਸ ਭੁਲੇਖਾ ਪਾਉਣ ਲਈ ਰੱਖ ਦਿੱਤਾ।ਗਿ. ਗਿਆਨ ਸਿੰਘ ਲਿੱਖਦਾ ਹੈ ਕਿ ਹੁਣ ਜਦ ਨੌਵੇਂ ਗੁਰੂ ਜੀ ਦਾ ਸੀਸ ਭਾਈ ਜੈਤੇ ਦੇ ਹੱਥੀਂ ਕੀਰਤਪੁਰ ਸਾਹਿਬ ਪਹੁੰਚਣ ਦੀ ਖਬਰ ਦਸਮ ਗੁਰੂ ਨੂੰ ਅਨੰਦਪੁਰ ਸਾਹਿਬ ਪਹੁੰਚੀ ਤਾਂ ਆਪਣੇ ਸਿੱਖਾਂ ਸੇਵਕਾਂ ਸਮੇਤ ਗੁਰੂ ਜੀ ਕੀਰਤਪੁਰ ਸਾਹਿਬ ਆ ਪਹੁੰਚੇ । ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦੇ ਦਰਸ਼ਨ ਕੀਤੇ। ਭਾਈ ਜੈਤੇ ਜੀ ਦੀ ਬਹਾਦਰਾਨਾ ਟਹਿਲ ਉ¤ਤੇ ਖੁਸ਼ ਹੋ ਕਰ ਭਾਈ ਜੈਤੇ ਜੀ ਨੂੰ ‘ਰੰਗਰੇਟੇ ਗੁਰੂ ਕੇ ਬੇਟੇ’ ਦੀ ਪਦਵੀ ਦਿੱਤੀ ਤੇ ਇਹ ਖਿਤਾਬ ਨਾਲ ਨਿਵਾਜ਼ ਕੇ ਛਾਤੀ ਨਾਲ ਲਾਇਆ।(ਉ¤ਧਰ ਗੁਰੂ ਤੇਗ ਬਹਾਦਰ ਸਾਹਬ ਜੀ ਦਾ ਧੜ੍ਹ ਭਾਈ ਲੱਖੀ ਸ਼ਾਹ ਵਣਜਾਰੇ ਨੇ ਆਪਣੇ ਪੁੱਤਰਾਂ ਦੀ ਮਦਦ ਨਾਲ ਰੂੰ ਵਾਲੇ ਗੱਡੇ ਵਿੱਚ ਸਤਿਕਾਰ ਸਹਿਤ ਰੱਖ ਕੇ ਆਪਣੇ ਘਰ ਲਿਜਾ ਕੇ ਆਪਣੇ ਘਰ ਨੂੰ ਅਗਨ ਭੇਟ ਕਰਕੇ ਗੁਰੂ ਸਾਹਬ ਜੀ ਦੇ ਧੜ੍ਹ ਦਾ ਸਸਕਾਰ ਕੀਤਾ ਸੀ)। ਪਰ ਇੱਕ ਗੱਲ ਨੂੰ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਡੂੰਘੇ ਚਿੰਤਨ ਵਿੱਚ ਸਨ ਕਿ ਸਿੱਖਾਂ ਨੇ ਦਿੱਲ਼ੀ ਵਿੱਚ ਅੱਗੇ ਹੋ ਕੇ ਹਿੰਮਤ ਕਿਉਂ ਨਹੀ ਵਿਖਾਈ। ਕਾਫੀ ਸੋਚ ਵਿਚਾਰ ਤੋਂ ਬਾਅਦ ਇਸ ਸਿੱਟੇ ਤੇ ਪਹੁੰਚੇ ਕਿ ‘ਮੈਂ ਆਪਣੇ ਸਿੱਖ ਨੂੰ ਐਸੀ ਪਛਾਣ ਦਿਆਂਗਾ ਕਿ ਲੱਖਾਂ ਦੀ ਭੀੜ ਵਿੱਚੋਂ ਵੀ ਪਛਾਣਿਆਂ ਜਾਵੇਗਾ’ ਤਾਂ ਗੁਰੂ ਸਾਹਬ ਨੇ 1699 ਈ: ਦੀ ਵਿਸਾਖੀ ਨੂੰ ‘ਖਾਲਸਾ’ ਸਾਜ ਕੇ ਦੁਨੀਆਂ ਵਿੱਚ ਸਭ ਤੋਂ ਅਨੋਖਾ ਕੰਮ ਕਰ ਵਿਖਾਇਆ। ਉਸੇ ਖਾਲਸੇ ਤੋਂ ਆਪ ਅੰਮ੍ਰਿਤ ਦੀ ਪਵਿੱਤਰ ਦਾਤ ਪ੍ਰਾਪਤ ਕਰਕੇ ‘ਗੋਬਿੰਦ ਰਾਏ’ ਤੋਂ ‘ਗੋਬਿੰਦ ਸਿੰਘ’ ਬਣ ਗਏ। ਖਾਲਸੇ ਨੂੰ ਪੰਜ ਕਕਾਰਾਂ ਦੀ ਦਾਤ ਬਖਸ਼ਿਸ਼ ਕਰਕੇ ਦੁਨੀਆਂ ਵਿੱਚ ਸਭ ਤੋਂ ਵੱਖਰਾ ਰੂਪ ਦਿੱਤਾ। ਬਾਬਾ ਜੀਵਨ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਜ਼ੁਲਮ ਦੇ ਖਿਲਾਫ ਲੜੀ ਹਰ ਜੰਗ ਵਿੱਚ ਵੱਧ ਚੜ੍ਹ ਕੇ ਸਾਥ ਦਿੱਤਾ। ਜਦ ਗੁਰੂ ਸਾਹਬ ਜੀ ਨੇ ਅਨੰਦਪੁਰ ਛੱਡਿਆ ਤਾਂ ਕਾਫਲੇ ਦੇ ਸਭ ਤੋਂ ਅਖੀਰ ਵਿੱਚ ਗੁਰੂ ਸਾਹਬ ਜੀ ਨੇ ਬਾਬਾ ਜੀਵਨ ਸਿੰਘ ਜੀ, ਭਾਈ ਬਚਿੱਤਰ ਸਿੰਘ ਤੇ ਭਾਈ ਉਦੈ ਸਿੰਘ ਜੀ ਦੀ ਡਿਊਟੀ ਲਾਈ, ਕਿਉਂਕਿ ਗੁਰੂ ਸਾਹਬ ਜਾਣਦੇ ਸਨ ਕਿ ਮੁਗਲ ਆਪਣੇ ਵਾਅਦਿਆਂ ਤੋਂ ਮੁੱਕਰ ਜਾਣਗੇ, ਇਸ ਲਈ ਪਿੱਠ ਪਿੱਛੋਂ ਹਮਲਾ ਜਰੂਰ ਕਰਣਗੇ ਤਾਂ ਇੰਨ੍ਹਾਂ ਜ਼ਾਲਮਾਂ ਨਾਲ ਇਹ ਸਿੰਘ ਸੂਰਮੇ ਹੀ ਨਜਿੱਠ ਸਕਦੇ ਹਨ।ਬਾਬਾ ਜੀਵਨ ਸਿੰਘ ਜੀ ਦਾ ਅਨੰਦ ਕਾਰਜ ਮਾਤਾ ਰਾਜ ਕੌਰ ਜੀ ਨਾਲ ਹੋਇਆ। ਬਾਬਾ ਜੀਵਨ ਸਿੰਘ ਜੀ ਦੇ ਘਰ ਚਾਰ ਪੁੱਤਰਾਂ ਨੇ ਜਨਮ ਲਿਆ। ਭਾਈ ਸੁੱਖਾ ਸਿੰਘ, ਭਾਈ ਸੇਵਾ ਸਿੰਘ ਵੱਡੇ ਸਪੁੱਤਰ ਜੋ ਚਮਕੌਰ ਦੀ ਗੜ੍ਹੀ ਵਿੱਚ ਸ਼ਹੀਦ ਹੋਏ ਸਨ ਤੇ ਭਾਈ ਗੁਲਜ਼ਾਰ ਸਿੰਘ ਤੇ ਭਾਈ ਗੁਰਦਿਆਲ ਸਿੰਘ ਜੋ ਸਰਸਾ ਨਦੀ ਦੀ ਜੰਗ ਵਿੱਚ ਸ਼ਹੀਦ ਹੋਏ ਸਨ। ਇਤਹਾਸ ਵਿੱਚ ਆਉਂਦਾ ਹੈ ਕਿ ਬਾਬਾ ਜੀਵਨ ਸਿੰਘ ਜੀ ਚਮਕੌਰ ਦੀ ਜੰਗ ਸਮੇਂ ਗੁਰੂ ਜੀ ਦੇ ਮੋਢੇ ਨਾਲ ਮੋਢਾ ਜੋੜ ਕੇ ਵੈਰੀ ਨਾਲ ਲੜੇ।ਬਾਬਾ ਜੀਵਨ ਸਿੰਘ ਜੀ ਨੇ ਇਸ ਜੰਗ ਵਿੱਚ ਵੀ ਆਪਣੀ ਬਹਾਦਰੀ ਦੇ ਜੌਹਰ ਵਿਖਾਏ। ਜਦ ਦੋਵੇਂ ਸਾਹਿਬਜ਼ਾਦੇ ਸ਼ਹੀਦੀਆਂ ਪ੍ਰਾਪਤ ਕਰ ਗਏ ਤਾਂ ਬਾਕੀ ਬਚੇ ਹੋਏ ਸਿੰਘਾਂ ਨੇ ਗੁਰੂ ਜੀ ਨੂੰ ਉ¤ਥੋਂ ਨਿਕਲ ਜਾਣ ਲਈ ਕਿਹਾ ਤਾਂ ਗੁਰੂ ਸਾਹਿਬ ਜੀ ਨੇ ਇਨਕਾਰ ਕਰ ਦਿੱਤਾ, ਤਦ ਪੰਜ ਸਿੰਘਾਂ ਨੇ ਹੁਕਮ ਕੀਤਾ ਕਿ ‘ਆਪ ਜਿਸ ਹਾਲਤ ਵਿੱਚ ਹੋ, ਗੁਰੂ ਪੰਥ ਆਪ ਜੀ ਨੂੰ ਇੱਥੋਂ ਚਲੇ ਜਾਣ ਲਈ ਹੁਕਮ ਕਰਦਾ ਹੈ ਤੇ ਬਾਹਰ ਜਾ ਕੇ ਪੰਥ ਦੀ ਸੰਭਾਲ ਕਰੋ’ ਤਾਂ ਗੁਰੂ ਸਾਹਬ ਜਿਸ ਹਾਲਤ ਵਿੱਚ ਸਨ। ਉਸੇ ਹਾਲਤ ਵਿੱਚ ਬਾਹਰ ਚਲੇ ਗਏ। ਗੁਰੂ ਸਾਹਬ ਜੀ ਦੇ ਜਾਣ ਪਿੱਛੋਂ ਯੁੱਧ ਦੀ ਕਮਾਨ ਭਾਈ ਜੀਵਨ ਸਿੰਘ ਜੀ ਨੇ ਸੰਭਾਲੀ। ਇਸ ਯੁੱਧ ਵਿੱਚ ਭਾਈ ਜੀਵਨ ਸਿੰਘ ਜੀ ਦੇ ਦੋ ਵੱਡੇ ਸਪੁੱਤਰ ਭਾਈ ਸੁੱਖਾ ਸਿੰਘ, ਭਾਈ ਸੇਵਾ ਸਿੰਘ ਤੇ ਛੋਟਾ ਭਰਾ ਭਾਈ ਸੰਗਤ ਸਿੰਘ ਜੀ ਵੀ ਸ਼ਹੀਦ ਹੋ ਗਏ।ਅੰਤ ਵੈਰੀ ਨਾਲ ਲੋਹਾ ਲੈਂਦੇ ਹੋਏ ਭਾਈ ਜੀਵਨ ਸਿੰਘ ਜੀ 23 ਦਸੰਬਰ 1704 ਦੀ ਸਵੇਰ ਨੂੰ ਸ਼ਹੀਦੀ ਪ੍ਰਾਪਤ ਕੀਤੀ। ਬਾਬਾ ਜੀਵਨ ਸਿੰਘ ਜੀ ਚਮਕੌਰ ਦੀ ਜੰਗ ਦੇ ਆਖਰੀ ਸ਼ਹੀਦ ਸਨ। ਬਾਬਾ ਜੀਵਨ ਸਿੰਘ ਜੀ ਜਿੱਥੇ ਇਕ ਬਹਾਦਰ, ਸੂਰਬੀਰ ਤੇ ਮਹਾਂਬਲੀ ਯੋਧੇ ਸਨ, ਉ¤ਥੇ ਨਾਲ ਹੀ ਇੱਕ ਉ¤ਚ ਦਰਜੇ ਦੇ ਕਵੀ ਵੀ ਸਨ। ਆਪ ਨੇ ਕਈ ਵੰਨਗੀਆਂ ਵਿੱਚ ਸਾਹਿਤ ਰਚਿਆ ਜਿਵੇ ਕਵਿਤਾ, ਕਬਿੱਤ, ਛੰਦ, ਦੋਹਰੇ, ਚੌਪਈ, ਸਵੱਯੇ, ਸਿੱਖਾਂ ਲਈ ਰਹਿਤਨਾਮਾ ਤੇ ਹੋਰ ਵੀ ਬਹੁਤ ਕੁੱਝ ਸਿੱਖ ਜਗਤ ਦੀ ਝੋਲੀ ਵਿੱਚ ਪਾਇਆ। ਜਿਵੇ ਬਾਬਾ ਜੀਵਨ ਸਿੰਘ ਜੀ ਵੱਲੋਂ ਲਿਖਿਆ ਇਹ ਸਵੈਯਾ ਹੈ:
ਗੁਰੂ ਗੋਬਿੰਦ ਸਿੰਘ ਸੁ ਪੰਥ ਕੀਆ,
ਜਗ ਭੀਤਰ ਜੋ ਜਨ ਕੋ ਸੁਖਦਾਈ।
ਜਹਿ ਸੋਂ ਸਬ ਬੰਧ ਮਿਟੈ ਜਮ ਕੈ,
ਪਰਮਾਤਮ ਸਾਥ ਜੋ ਬੇਗ ਮਿਲਾਈ।
ਜਗ ਤੀਰਥ ਜੋਗ ਸੋਂ ਮੁਕਤ ਭਇਆ,
ਗੁਰ ਸਬਦਿ ਸੁ ਜਾਨ ਲੀਉ ਰਘੁਰਾਈ।
ਕਹਹੁ ਜੀਵਨ ਸਿੰਘ ਅਚਿੰਤ ਭਏ,
ਪਗ ਗੋਬਿੰਦ ਸਿੰਘ ਲੀਏ ਪ੍ਰਸਾਈ।
ਆਪ ਨੂੰ ਬਚਪਨ ਸਮੇਂ ਤੋਂ ਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਅਸ਼ੀਰਵਾਦ ਪ੍ਰਾਪਤ ਸੀ। ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਥਾਪੜਾ ਲੈ ਕੇ ਹਰ ਜੰਗਾਂ ਯੁੱਧਾਂ ਵਿੱਚ ਫਤਿਹ ਹਾਸਿਲ ਕੀਤੀ। ਆਪ ਨੇ ਆਪਣੀ ਲੇਖਣੀ ਵਿੱਚ ਗੁਰੂ ਸਾਹਬ ਦੇ ਸਮੇਂ ਹੋਈਆਂ ਜੰਗਾਂ, ਯੁੱਧਾਂ ਤੇ ਗੁਰੂ ਜੀ ਦੇ ਹਰ ਕੌਤਕ ਦਾ ਵਰਨਣ ਪੇਸ਼ ਕੀਤਾ ਹੈ। ਆਪ ਨੂੰ ਗੁਰੂ ਘਰ ਦੇ 52 ਕਵੀਆਂ ਦੀ ਸੰਗਤ ਮਾਨਣ ਦਾ ਵੀ ਸੁਭਾਗ ਪ੍ਰਾਪਤ ਹੋਇਆ ਹੈ। ਗੁਰੂ ਸਾਹਬ ਜੀ ਕੋਲੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਸਿੱਖੀ ਨੂੰ ਮਜ਼ਬੂਤੀ ਪ੍ਰਦਾਨ ਕੀਤੀ। ਆਉ ਆਪਾਂ ਸਾਰੇ ਜਾਤਾਂ-ਪਾਤਾਂ ਤੋਂ ਉ¤ਪਰ ਉ¤ਠ ਕੇ ਗੁਰੂ ਸਾਹਿਬ ਦੇ ਪਾਏ ਪੂਰਨਿਆਂ ਤੇ ਚੱਲੀਏ।ਇੱਕ-ਮਿੱਕ ਹੋ ਕੇ ਸੱਚਮੁੱਚ ਉਸ ਗੁਰੂ ਦੇ ਪੁੱਤਰ ਬਣ ਕੇ ਇੱਕ ਝੰਡੇ ਥੱਲੇ ਇੱਕਠੇ ਹੋਈਏ। ਗੁਰੂ ਸਾਹਿਬ ਫੁਰਮਾਉਂਦੇ ਹਨ ਕਿ:
ਮਾਨਸ ਕੀ ਜਾਤਿ ਸਬੈ ਏਕੇ ਪਹਿਚਾਨਬੋ॥
ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਸਿੱਖ ਸੰਗਤਾਂ ਵੱਲੋਂ ਬੜੀ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।ਭਾਈ ਕਾਹਨ ਸਿੰਘ ਨਾਭਾ ਲਿੱਖਦੇ ਹਨ ਕਿ ਬਾਬਾ ਜੀਵਨ ਸਿੰਘ ਜੀ ਬੜੇ ਸੂਰਬੀਰ, ਮਹਾਂਬਲੀ ਯੋਧੇ ਸਨ। ਗੁਰੂ ਸਾਹਬ ਜੀ ਦੇ ਇਸ ਮਹਾਨ ਸਿੱਖ ਜਰਨੈਲ ਨੂੰ ਕੋਟਿਨ-ਕੋਟਿ ਪ੍ਰਣਾਮ।

Comments are closed.

COMING SOON .....


Scroll To Top
11