Friday , 16 November 2018
Breaking News
You are here: Home » EDITORIALS » ਰੇਲਵੇ ਦੀ ਵਿਵਸਥਾ ਦਾ ਮਾੜਾ ਹਾਲ

ਰੇਲਵੇ ਦੀ ਵਿਵਸਥਾ ਦਾ ਮਾੜਾ ਹਾਲ

ਭਾਰਤੀ ਰੇਲਵੇ ਦੀ ਵਿਵਸਥਾ ਵਿੱਚ ਵੱਡੀਆਂ ਕਮੀਆਂ ਹਨ। ਹਰ ਸਾਲ ਸਰਕਾਰ ਵੱਲੋਂ ਬਜਟ ਸਮੇਂ ਰੇਲਵੇ ਦੀ ਵਿਵਸਥਾ ਨੂੰ ਸੁਧਾਰਨ ਲਈ ਵੱਡੇ-ਵੱਡੇ ਵਾਅਦੇ ਕੀਤੇ ਜਾਂਦੇ ਹਨ, ਪ੍ਰੰਤੂ ਹਕੀਕੀ ਰੂਪ ਵਿੱਚ ਕੋਈ ਵੱਡੀ ਤਬਦੀਲੀ ਨਹੀਂ ਆਉਂਦੀ। ਰੇਲਵੇ ਦੇ ਕਿਰਾਏ-ਭਾੜੇ ਵਿੱਚ ਤਬਦੀਲੀ ਹੁੰਦੀ ਰਹਿੰਦੀ ਹੈ, ਪ੍ਰੰਤੂ ਹਾਲਾਤਾਂ ਵਿੱਚ ਤਬਦੀਲੀ ਨਹੀਂ ਆ ਰਹੀ। ਸਾਫ-ਸਫਾਈ ਦਾ ਮੰਦਾ ਹਾਲ ਹੈ। ਰੇਲਵੇ ਸਟੇਸ਼ਨਾਂ ’ਤੇ ਗੰਦਗੀ ਦੇ ਢੇਰ ਹਨ। ਰੇਲਾਂ ਅੰਦਰ ਵੀ ਸਫਾਈ ਦਾ ਹਾਲ ਕੋਈ ਬਹੁਤਾ ਚੰਗਾ ਨਹੀਂ ਹੈ। ਰੇਲਵੇ ਵੱਲੋਂ ਸਾਫ ਸਫਾਈ ਦੀਆਂ ਬਣਾਈਆਂ ਗਈਆਂ ਯੋਜਨਾਵਾਂ ਪ੍ਰਭਾਵਸ਼ਾਲੀ ਸਾਬਿਤ ਨਹੀਂ ਹੋ ਰਹੀਆਂ। ਰੇਲ ਡੱਬਿਆਂ ਵਿੱਚ ਬਣਾਏ ਗਏ ਪਖਾਨੇ ਵੀ ਸਾਫ-ਸੁਥਰੇ ਨਹੀਂ ਹਨ। ਉਲਟਾ ਇਸ ਨਾਲ ਰੇਲਵੇ ਲਾਇਨਾਂ ਅਤੇ ਸਟੇਸ਼ਨਾਂ ਉਪਰ ਗੰਦਗੀ ਫੈਲਦੀ ਹੈ। ਸਰਕਾਰ ਕਈ ਵਾਰ ਇਹ ਕਹਿ ਚੁੱਕੀ ਹੈ ਕਿ ਰੇਲ ਡੱਬਿਆਂ ਵਿੱਚ ਜਹਾਜਾਂ ਦੀ ਤਰ੍ਹਾਂ ਪਖਾਨੇ ਲਗਾਏ ਜਾਣਗੇ ਪ੍ਰੰਤੂ ਹਾਲੇ ਤੱਕ ਇਹ ਸਹੂਲਤ ਉਪਲੱਬਧ ਨਹੀਂ ਹੋ ਸਕੀ। ਹੋਰ ਤਾਂ ਹੋਰ ਬਹੁਤ ਮਹਿੰਗੀਆਂ ਰਾਜਧਾਨੀ ਅਤੇ ਸ਼ਤਾਬਦੀ ਗੱਡੀਆਂ ਵਿੱਚ ਵੀ ਪਖਾਨੇ ਸਾਫ ਸੁਥਰੇ ਨਹੀਂ ਹਨ। ਆਮ ਸਧਾਰਨ ਗੱਡੀਆਂ ਵਿੱਚ ਤਾਂ ਰੱਬ ਹੀ ਰਾਖਾ ਹੈ। ਰੇਲਵੇ ਵੱਲੋਂ ਗੱਡੀਆਂ ਵਿੱਚ ਬਾਇਓ ਟਾਇਲਟ ਸਥਾਪਿਤ ਕੀਤੀਆਂ ਗਈਆਂ ਸਨ ਪ੍ਰੰਤੂ ਉਨ੍ਹਾਂ ਦੀ ਸਾਫ-ਸਫਾਈ ਦਾ ਵੀ ਬਹੁਤ ਮੰਦਾ ਹਾਲ ਹੈ। ਕੰਟਰੋਲਰ ਤੇ ਔਡੀਟਰ ਜਨਰਲ (ਕੈਗ) ਦੀ ਇਕ ਤਾਜ਼ਾ ਰਿਪੋਰਟ ਮੁਤਾਬਿਕ ਰੇਲ ਗਡੀਆਂ ਵਿਚ ਲੱਗੀਆਂ ਬਾਇਓ ਟਾਇਲਟ ਬਾਰੇ ਸਾਲ 2016-17 ਦੌਰਾਨ ਪਖਾਨਿਆਂ ਦੇ ਕੰਮ ਨਾ ਕਰਨ, ਬਦਬੂ ਅਤੇ ਦਮ ਘੁਟਣ ਦੀਆਂ ਕਰੀਬ ਦੋ ਲਖ ਸ਼ਿਕਾਇਤਾਂ ਲੋਕਾਂ ਨੇ ਰੇਲਵੇ ਨੂੰ ਕੀਤੀਆਂ ਹਨ। ਕੈਗ ਦੀ ਰਿਪੋਰਟ ਵਿਚ ਕਿਹਾ ਹੈ ਕਿ ਉਸ ਵਲੋਂ ਔਡਿਟ ਕੀਤੇ ਗਏ 32 ਕੋਚ ਡਿਪੂਆਂ ਵਿਚ ਕੁਲ 613 ਰੇਲ ਗਡੀਆਂ ਦੀ ਸਾਂਭ-ਸੰਭਾਲ ਕੀਤੀ ਜਾਂਦੀ ਹੈ। ਇਨ੍ਹਾਂ ਵਿਚੋਂ 163 ਰੇਲ ਗਡੀਆਂ ਵਿਚ ਬਾਇਓ ਟਾਇਲਟ ਨਹੀਂ ਹਨ। ਬਾਕੀ ਦੀਆਂ 453 ਰੇਲਾਂ ਵਿਚ 25,080 ਬਾਇਓ ਟਾਇਲਟ ਬਾਰੇ 1,99,689 ਸ਼ਿਕਾਇਤਾਂ ਮਿਲੀਆਂ ਹਨ। ਇਸ ਵਿਚ ਸਭ ਤੋਂ ਵਧ 1,02,792 ਸ਼ਿਕਾਇਤਾਂ ਦਮ ਘੁਟਣ ਦੀਆਂ ਮਿਲੀਆਂ ਹਨ।।ਬਦਬੂ ਦੀਆਂ 16,375, ਟਾਇਲਟਾਂ ਦੇ ਕੰਮ ਨਾ ਕਰਨ ਸਬੰਧੀ 11462, ਕੂੜੇਦਾਨ ਨਾ ਹੋਣ ਬਾਰੇ 21181, ਪਾਣੀ ਵਾਲਾ ਕੱਪ ਗਾਇਬ ਹੋਣ ਦੀਆਂ 22899 ਤੇ ਵਾਲਵ ਖਰਾਬ ਹੋਣ ਜਾਂ ਕਈ ਹੋਰ ਤਰ੍ਹਾਂ ਦੀਆਂ 24980 ਸ਼ਿਕਾਇਤਾਂ ਮਿਲੀਆਂ ਹਨ। ਇਹ ਬਹੁਤ ਗੰਭੀਰ ਮਾਮਲਾ ਹੈ ਸ਼ਿਕਾਇਤਾਂ ਦੀ ਇਹ ਗਿਣਤੀ ਰੇਲਵੇ ਦੇ ਕੰਮਕਾਜ ਬਾਰੇ ਗੰਭੀਰ ਟਿੱਪਣੀ ਹੈ। ਬੇਸ਼ਕ ਰੇਲ ਮੰਤਰਾਲੇ ਨੇ ਕੈਗ ਨੂੰ ਇਹ ਸਪਸ਼ਟੀਕਰਨ ਦਿੱਤਾ ਹੈ ਕਿ ਉਹ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਦੂਰ ਕਰਨ ਲਈ ਯਤਨ ਕਰ ਰਿਹਾ ਹੈ ਪ੍ਰੰਤੂ ਸਮੁੱਚੇ ਤੌਰ ’ਤੇ ਸਥਿਤੀ ਬਹੁਤ ਨਾਜ਼ਕ ਹੈ। ਜਦੋਂ ਪੂਰੇ ਦੇਸ਼ ਵਿੱਚ ਸਵੱਛ ਭਾਰਤ ਦੀ ਮੁਹਿੰਮ ਚਲਾਈ ਜਾ ਰਹੀ ਹੈ ਉਸ ਸਮੇਂ ਰੇਲਵੇ ਵੱਲੋਂ ਸਵੱਛਤਾ ਵੱਲ ਧਿਆਨ ਨਾ ਦੇਣਾ ਇਕ ਵੱਡੀ ਕੁਤਾਹੀ ਹੈ। ਰੇਲਵੇ ਆਵਾਜਾਈ ਅਤੇ ਢੋਆ-ਢੁਆਈ ਲਈ ਆਮ ਲੋਕਾਂ ਦਾ ਸਾਧਨ ਹੈ। ਆਮ ਲੋਕਾਂ ਦਾ ਸਾਧਨ ਹੈ ਰੇਲਵੇ ਨੂੰ ਸਵੱਛ ਬਣਾਉਣ ਲਈ ਪਖਾਨਿਆਂ ਦਾ ਆਧੁਨੀਕੀਕਰਨ ਬੇਹੱਦ ਜ਼ਰੂਰੀ ਹੈ। ਰੇਲ ਗੱਡੀਆਂ ਦੇ ਅੰਦਰ ਅਤੇ ਰੇਲਵੇ ਸਟੇਸ਼ਨਾਂ ’ਤੇ ਸਫਾਈ ਲਈ ਵਿਸ਼ੇਸ਼ ਬੰਦੋਬਸਤ ਕੀਤੇ ਜਾਣੇ ਚਾਹੀਦੇ ਹਨ।
– ਬਲਜੀਤ ਸਿੰਘ ਬਰਾੜ

Comments are closed.

COMING SOON .....


Scroll To Top
11