Monday , 14 October 2019
Breaking News
You are here: Home » EDITORIALS » ਰੁਜ਼ਗਾਰ ਤੇ ਸਮਾਜਿਕ ਸੁਰੱਖਿਆ ਦੀ ਜ਼ਿੰਮੇਵਾਰੀ

ਰੁਜ਼ਗਾਰ ਤੇ ਸਮਾਜਿਕ ਸੁਰੱਖਿਆ ਦੀ ਜ਼ਿੰਮੇਵਾਰੀ

ਨਵੇਂ ਸੰਸਾਰ ਵਿੱਚ ਰੁਜ਼ਗਾਰ ਅਤੇ ਸਮਾਜਿਕ ਸੁਰੱਖਿਆ ਮਨੁੱਖ ਦੀ ਬੁਨਿਆਦੀ ਲੋੜ ਬਣ ਗਏ ਹਨ। ਵਿਕਸਿਤ ਦੇਸ਼ਾਂ ਵਿੱਚ ਰੁਜ਼ਗਾਰ ਦੀ ਕੋਈ ਕਮੀ ਨਹੀਂ। ਉੱਥੇ ਦੀਆਂ ਸਰਕਾਰਾਂ ਨੇ ਸਮਾਜਿਕ ਸੁਰੱਖਿਆ ਦੇ ਖੇਤਰ ਵਿੱਚ ਵੀ ਬੇਮਿਸਾਲ ਤਰੱਕੀ ਕੀਤੀ ਹੈ। ਭਾਰਤ ਵਰਗੇ ਪੱਛੜੇ ਅਤੇ ਵਿਕਾਸਸ਼ੀਲ ਦੇਸ਼ਾਂ ਵਿੱਚ ਰੁਜ਼ਗਾਰ ਦੀ ਭਾਰੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ। ਸਮਾਜਿਕ ਸੁਰੱਖਿਆ ਦੇ ਖੇਤਰ ਵਿੱਚ ਤਾਂ ਤੀਸਰੀ ਦੁਨੀਆਂ ਦੇ ਦੇਸ਼ ਬਹੁਤ ਪਿੱਛੇ ਹਨ। ਨਵੀਂ ਆਰਥਿਕ ਪਹੁੰਚ ਦੇ ਚੱਲਦਿਆਂ ਤੀਸਰੀ ਦੁਨੀਆਂ ਦੇ ਦੇਸ਼ਾਂ ਨੇ ਹੁਣ ਰੁਜ਼ਗਾਰ ਅਤੇ ਸਮਾਜਿਕ ਸੁਰੱਖਿਆ ਦੇ ਖੇਤਰ ‘ਚੋਂ ਵੀ ਆਪਣਾ ਹੱਥ ਪਿੱਛੇ ਖਿੱਚ ਲਿਆ ਹੈ। ਦੁਨੀਆਂ ਹਰ ਰੋਜ਼ ਬਦਲ ਰਹੀ ਹੈ ਪ੍ਰੰਤੂ ਮਨੁੱਖ ਲਈ ਰੋਟੀ, ਕੱਪੜਾ ਅਤੇ ਮਕਾਨ ਦੇ ਅਰਥ ਹਾਲੇ ਵੀ ਉਹੋ ਹੀ ਹਨ। ਹਰ ਦੇਸ਼ ਦੇ ਨਾਗਰਿਕ ਨੂੰ ਰੋਟੀ, ਕੱਪੜਾ ਅਤੇ ਮਕਾਨ ਦੀ ਪ੍ਰਾਪਤੀ ਲਈ ਰੁਜ਼ਗਾਰ ਚਾਹੀਦੀ ਹੈ। ਜੇਕਰ ਰੁਜ਼ਗਾਰ ਨਾ ਹੋਵੇ ਤਾਂ ਉਸ ਨੂੰ ਸਮਾਜਿਕ ਸੁਰੱਖਿਆ ਦੀ ਜ਼ਰੂਰਤ ਹੈ। ਇਹ ਬਹੁਤ ਦੁੱਖਦਾਈ ਸਥਿਤੀ ਹੈ ਕਿ ਪੱਛੜੇ ਦੇਸ਼ਾਂ ਵਿੱਚ ਵੱਡੀ ਗਿਣਤੀ ‘ਚ ਲੋਕ ਹਾਲੇ ਵੀ ਬੇਘਰੇ ਅਤੇ ਬੇਰੁਜ਼ਗਾਰ ਹਨ। ਆਰਥਿਕ ਤਰੱਕੀ ਦੇ ਬਾਵਜੂਦ ਭਾਰਤ ‘ਚ ਬੇਰੁਜ਼ਗਾਰਾਂ ਦੀ ਗਿਣਤੀ ਦਿਨੋਂ-ਦਿਨ ਵੱਧ ਰਹੀ ਹੈ। ਪੰਜਾਬ ਭਾਰਤ ਦੇ ਖੁਸ਼ਹਾਲ ਪ੍ਰਦੇਸ਼ਾਂ ਵਿੱਚ ਸ਼ੁਮਾਰ ਹੁੰਦਾ ਹੈ। ਪ੍ਰਤੀ ਜੀਅ ਆਮਦਨ ਪੱਖੋਂ ਵੀ ਪੰਜਾਬ ਮੋਹਰੀ ਸੂਬਿਆਂ ਵਿੱਚ ਆਉਂਦਾ ਹੈ। ਇਸ ਦੇ ਬਾਵਜੂਦ ਪੰਜਾਬ ‘ਚ ਬੇਰੁਜ਼ਗਾਰੀ ਦਾ ਆਲਮ ਹੈ। ਵੱਡੀ ਗਿਣਤੀ ‘ਚ ਅਨਪੜ੍ਹ ਅਤੇ ਪੜ੍ਹੇ-ਲਿਖੇ ਨੌਜਵਾਨ ਕੰਮ ਲਈ ਤਰਸ ਰਹੇ ਹਨ। ਨੌਕਰੀਆਂ ਨਾ ਹੋਣ ਕਾਰਨ ਲੋਕ ਦੂਸਰੇ ਦੇਸ਼ਾਂ ਨੂੰ ਹਿਜ਼ਰਤ ਕਰ ਰਹੇ ਹਨ। ਪੰਜਾਬ ਵਿੱਚ ਵੀ ਸਨਅੱਤੀ ਤਰੱਕੀ ਹਾਲੇ ਤੱਕ ਸੂਬੇ ਦੇ ਸਾਰੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਯੋਗ ਨਹੀਂ ਹੋ ਸਕੀ। ਬੇਰੁਜ਼ਗਾਰੀ ਦੇ ਚੱਲਦਿਆਂ ਪਰਿਵਾਰਾਂ ਦੇ ਪਰਿਵਾਰ ਗਰੀਬੀ ਵੱਲ ਧੱਕੇ ਗਏ ਹਨ। ਪੰਜਾਬ ‘ਚ ਰਿਵਾਇਤੀ ਧੰਦੇ ਵੀ ਠੱਪ ਹੋ ਕੇ ਰਹਿ ਗਏ ਹਨ। ਇਨ੍ਹਾਂ ਧੰਦਿਆਂ ਤੋਂ ਬੇਰਜ਼ਗਾਰ ਲੋਕਾਂ ਨੂੰ ਦੂਸਰੇ ਧੰਦਿਆਂ ਵਿੱਚ ਲਾਉਣ ਲਈ ਵੀ ਕੋਈ ਯਤਨ ਨਹੀਂ ਹੋਇਆ। ਛੋਟਾ-ਮੋਟਾ ਕੰਮ ਕਰਕੇ ਪਰਿਵਾਰ ਪਾਲਣ ਵਾਲੇ ਤਰਖਾਣ, ਲੋਹਾ ਕੁੱਟ, ਘੁਮਿਆਰ, ਠਠਿਆਰ, ਮਹਿਰੇ, ਝਿਊਰ, ਲੁਹਾਰ ਅਤੇ ਜੁਲਾਹੇ ਇਸ ਸਮੇਂ ਪੂਰੀ ਤਰ੍ਹਾਂ ਵਿਹਲੇ ਬੈਠੇ ਹਨ। ਸਰਕਾਰੀ ਪੱਧਰ ‘ਤੇ ਇਨ੍ਹਾਂ ਹੁਨਰਮੰਦ ਲੋਕਾਂ ਨੂੰ ਨਵੇਂ ਧੰਦਿਆਂ ਨਾਲ ਜੋੜਨ ਜਾਂ ਪੁਰਾਣੇ ਧੰਦਿਆਂ ਨੂੰ ਨਵਾਂ ਰੂਪ ਦੇਣ ਲਈ ਕੋਈ ਯਤਨ ਨਹੀਂ ਹੋਇਆ। ਇਸ ਦਾ ਸਿੱਟਾ ਇਹ ਨਿਕਲ ਰਿਹਾ ਹੈ ਕਿ ਬੇਰੁਜ਼ਗਾਰੀ ਦਾ ਸ਼ਿਕਾਰ ਇਹ ਲੋਕ ਜਾਂ ਤਾਂ ਨਸ਼ਿਆਂ ਵਿੱਚ ਧੱਸਦੇ ਜਾ ਰਹੇ ਹਨ ਜਾਂ ਖੁਦਕੁਸ਼ੀਆਂ ਕਰ ਰਹੇ ਹਨ। ਅਰਥ ਸ਼ਾਸ਼ਤਰੀਆਂ ਨੇ ਵੀ ਇਨ੍ਹਾਂ ਛੋਟੇ ਹੁਨਰਮੰਦ ਲੋਕਾਂ ਦੀ ਕੋਈ ਬਾਤ ਨਹੀਂ ਪੁੱਛੀ। ਅਰਥ ਸ਼ਾਸ਼ਤਰੀ ਸਿਰਫ਼ ਫੈਕਟਰੀ ਮਾਲਕਾਂ ਦੇ ਹਿੱਤਾਂ ਲਈ ਹੀ ਕੰਮ ਕਰਦੇ ਹਨ। ਛੋਟੇ ਧੰਦਿਆਂ ਨੂੰ ਜਿਊਂਦਾ ਰੱਖਣ ਲਈ ਉਨ੍ਹਾਂ ਨੇ ਕੋਈ ਉੱਦਮ ਨਹੀਂ ਕੀਤਾ। ਇਹੋ ਕਾਰਨ ਹੈ ਕਿ ਮੁਲਕ ਵਿੱਚ ਕਾਰਖਾਨੇ ਵੱਧ ਰਹੇ ਹਨ ਪਰ ਰੁਜ਼ਗਾਰ ਘੱਟ ਰਿਹਾ ਹੈ। ਛੋਟੇ-ਮੋਟੇ ਧੰਦਿਆਂ ਵਿੱਚ ਲੱਗੇ ਲੋਕ ਬੇਰੁਜ਼ਗਾਰੀ ਕਾਰਨ ਪਿੰਡਾਂ ਨੂੰ ਛੱਡ ਕੇ ਸ਼ਹਿਰਾਂ ਵੱਲ ਆ ਰਹੇ ਹਨ। ਰੁਜ਼ਗਾਰ ਦੀ ਤਲਾਸ਼ ਵਿੱਚ ਇਹ ਲੋਕ ਆਪਣੀਆਂ ਜੜ੍ਹਾਂ ਨਾਲੋਂ ਵੀ ਟੁੱਟ ਰਹੇ ਹਨ। ਪੁਰਾਣੇ ਅਤੇ ਰਿਵਾਇਤੀ ਧੰਦੇ ਚੌਪਟ ਹੋਣ ਨਾਲ ਪੰਜਾਬ ਨੂੰ ਹੀ ਨਹੀਂ, ਪੂਰੇ ਭਾਰਤ ਦੀ ਆਰਥਿਕਤਾ ਨੂੰ ਧੱਕਾ ਲੱਗਾ ਹੈ। ਹਿੰਦੋਸਤਾਨ ਦੀ ਸ਼ਹਿਰੀ ਮਾਨਸਿਕਤਾ ਵਾਲੇ ਅਰਥ ਸ਼ਾਸ਼ਤਰੀਆਂ ਦੇ ਕਾਰਨ ਇਸ ਦੇਸ਼ ਦੀ ਆਰਥਿਕਤਾ ਗਲਤ ਰਾਹ ‘ਤੇ ਜਾ ਰਹੀ ਹੈ। ਇਸ ਰਾਹ ‘ਤੇ ਚੱਲਦਿਆਂ ਆਰਥਿਕ ਤਰੱਕੀ ਦਾ ਪੈਮਾਨਾ ਲੋਕਾਂ ਦੀ ਖੁਸ਼ਹਾਲੀ ਅਤੇ ਰੁਜ਼ਗਾਰ ਨਹੀਂ ਹੈ। ਇਸ ਪੈਮਾਨੇ ਨੂੰ ਬਦਲਣ ਦੀ ਜ਼ਰੂਰਤ ਹੈ। ਸਾਡੀ ਪਹਿਲੀ ਲੋੜ ਇਹ ਹੈ ਕਿ ਅਸੀਂ ਰਿਵਾਇਤੀ ਹੁਨਰਮੰਦ ਲੋਕਾਂ ਲਈ ਕੰਮ ਪੈਦਾ ਕਰਨ ਅਤੇ ਆਪਣੇ ਰਿਵਾਇਤੀ ਧੰਦਿਆਂ ਨੂੰ ਬਚਾਉਣ ਲਈ ਉਚੇਚੇ ਯਤਨ ਕਰੀਏ। ਵੱਡੀਆਂ ਸਨਅੱਤਾਂ, ਵਪਾਰ ਅਤੇ ਸੇਵਾਵਾਂ ਵਿੱਚ ਵੀ ਅਜਿਹੇ ਉੱਦਮ ਨੂੰ ਪਹਿਲ ਦਿੱਤੀ ਜਾਵੇ, ਜਿਹੜੇ ਵਧੇਰੇ ਨੌਕਰੀਆਂ ਪੈਦਾ ਕਰ ਸਕਣ। ਸਿਹਤ, ਸਿੱਖਿਆ, ਸਿੰਚਾਈ, ਮਾਲੀਆ, ਜ਼ਮੀਨੀ ਪ੍ਰਬੰਧ, ਖੇਤੀਬਾੜੀ, ਬਾਗਬਾਨੀ, ਉਦਯੋਗ ਅਤੇ ਵਪਾਰ, ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ, ਡੇਅਰੀ ਅਤੇ ਪਸ਼ੂ ਪਾਲਣ ਅਤੇ ਨਿਰਮਾਣ ਖੇਤਰ ਵਿੱਚ ਵਧੇਰੇ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾ ਸਕਦੇ ਹਨ। ਲੋੜ ਸਿਰਫ਼ ਆਰਥਿਕ ਤਰਜੀਹਾਂ ਬਦਲਣ ਦੀ ਹੈ। ਜੇਕਰ ਸਮਰੱਥ ਨਾਗਰਿਕ ਬੇਰੁਜ਼ਗਾਰ ਹੋਣਗੇ, ਤਾਂ ਦੇਸ਼ ਦੀ ਦਸ਼ਾ ਦਾ ਸੁਧਾਰ ਹੋਣਾ ਔਖਾ ਹੈ। ਬੇਰੁਜ਼ਗਾਰ ਨੌਜਵਾਨ ਨਸ਼ਿਆਂ ਅਤੇ ਅਪਰਾਧ ਵੱਲ ਮੁੜ ਜਾਂਦੇ ਹਨ। ਰੁਜ਼ਗਾਰ ਦਾ ਮਸਲਾ ਬਹੁਤ ਸੰਵੇਦਨਸ਼ੀਲ ਹੁੰਦਾ ਹੈ। ਸਰਕਾਰ ਨੂੰ ਇਸ ‘ਤੇ ਖਾਸ ਤੌਰ ‘ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਸਮਾਜਿਕ ਸੁਰੱਖਿਆ ਦੇ ਖੇਤਰ ਵਿੱਚ ਸਾਨੂੰ ਵਿਕਸਿਤ ਦੇਸ਼ਾਂ ਵਾਂਗ ਕਦਮ ਚੁੱਕਣੇ ਪੈਣਗੇ। ਸਮਾਜਿਕ ਸੁਰੱਖਿਆ ਤੋਂ ਬਿਨ੍ਹਾਂ ਅਸੀਂ ਨਾਗਰਿਕਾਂ ਨੂੰ ਚੰਗੇ ਜੀਵਨ ਪੱਧਰ ਦੀ ਗਰੰਟੀ ਨਹੀਂ ਦੇ ਸਕਦੇ। ਇਸ ਖੇਤਰ ਵਿੱਚ ਵਧੇਰੇ ਨਿਵੇਸ਼ ਦੀ ਜ਼ਰੂਰਤ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਸਮਾਜਿਕ ਸੁਰੱਖਿਆ ਪ੍ਰਦਾਨ ਕਰੇ।
– ਬਲਜੀਤ ਸਿੰਘ ਬਰਾੜ

Comments are closed.

COMING SOON .....


Scroll To Top
11