Thursday , 23 May 2019
Breaking News
You are here: Home » EDITORIALS » ਰਾਮ ਮੰਦਰ ਮੁੱਦੇ ਦਾ ਬੇਲੋੜਾ ਸਿਆਸੀਕਰਨ ਕਿਉਂ

ਰਾਮ ਮੰਦਰ ਮੁੱਦੇ ਦਾ ਬੇਲੋੜਾ ਸਿਆਸੀਕਰਨ ਕਿਉਂ

ਅਯੁੱਧਿਆ ਵਿਖੇ ਢਾਹ ਦਿੱਤੀ ਗਈ ਪੁਰਾਤਨ ਬਾਬਰੀ ਮਸਜਿਦ ਦੀ ਥਾਂ ਉਪਰ ਰਾਮ ਮੰਦਰ ਬਣਾਉਣ ਦਾ ਰੌਲਾ-ਗੋਲਾ ਦਿਨੋ-ਦਿਨ ਵੱਧਦਾ ਜਾ ਰਿਹਾ ਹੈ। ਬੇਸ਼ਕ ਇਸ ਝਗੜੇ ਵਾਲੇ ਸਥਾਨ ਦੀ ਮਾਲਕੀ ਲਈ ਕੇਸ ਦੀ ਸੁਪਰੀਮ ਕੋਰਟ ਵਿੱਚ ਸੁਣਵਾਈ ਚੱਲ ਰਹੀ ਹੈ। ਸੁਪਰੀਮ ਕੋਰਟ ਨੇ ਇਹ ਸੁਣਵਾਈ ਜਨਵਰੀ 2019 ’ਤੇ ਪਾ ਦਿੱਤੀ ਹੈ। ਇਸ ਮੁੱਦੇ ’ਤੇ ਹਿੰਦੂ ਅੱਤਵਾਦੀ ਧਿਰਾਂ ਵੱਲੋਂ ਸੁਪਰੀਮ ਕੋਰਟ ਦੀ ਆਲੋਚਨਾ ਕੀਤੀ ਜਾ ਰਹੀ ਹੈ। ਸੁਪਰੀਮ ਕੋਰਟ ਉਪਰ ਇਹ ਦਬਾਅ ਬਣਾਇਆ ਜਾ ਰਿਹਾ ਹੈ ਕਿ ਇਸ ਕੇਸ ਦੀ ਸੁਣਵਾਈ ਤੁਰੰਤ ਕੀਤੀ ਜਾਵੇ ਤਾਂ ਜੋ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਰਾਮ ਮੰਦਰ ਦੀ ਉਸਾਰੀ ਸ਼ੁਰੂ ਕੀਤੀ ਜਾ ਸਕੇ। ਇਹ ਹੈਰਾਨੀ ਦੀ ਗੱਲ ਹੈ ਕਿ ਅਦਾਲਤੀ ਫੈਸਲੇ ਤੋਂ ਪਹਿਲਾਂ ਹੀ ਇਨ੍ਹਾਂ ਲੋਕਾਂ ਨੂੰ ਪਤਾ ਹੈ ਕਿ ਸੁਪਰੀਮ ਕੋਰਟ ਮੰਦਰ ਦੇ ਪੱਖ ਵਿੱਚ ਹੀ ਫੈਸਲਾ ਦੇਵੇਗੀ। ਸੁਪਰੀਮ ਕੋਰਟ ਨੇ ਇਕ ਵਾਰ ਫਿਰ ਰਾਮਜਨਮਭੂਮੀ-ਬਾਬਰੀ ਮਸਜਿਦ ਜ਼ਮੀਨੀ ਵਿਵਾਦ ਦੇ ਕੇਸ ਦੀ ਜਲਦੀ ਸੁਣਵਾਈ ਕਰਨ ਤੋਂ ਇਨਕਾਰ ਕਰ ਦਿਤਾ ਹੈ। ਚੀਫ ਜਸਟਿਸ ਮਾਣਯੋਗ ਸ਼੍ਰੀ ਰੰਜਨ ਗੋਗੋਈ ਤੇ ਜਸਟਿਸ ਸ਼੍ਰੀ ਐਸ ਕੇ ਕੌਲ ਦੇ ਬੈਂਚ ਨੇ ਕਿਹਾ ਕਿ ਉਨ੍ਹਾਂ ਜਨਵਰੀ ਮਹੀਨੇ ਢੁਕਵੇਂ ਬੈਂਚ ਸਾਹਮਣੇ ਸੁਣਵਾਈ ਲਈ ਪਹਿਲਾਂ ਹੀ ਅਪੀਲਾਂ ਸੂਚੀਬਧ ਕਰ ਦਿਤੀਆਂ ਹਨ। ਇਹ ਅਪੀਲ ਅਖਿਲ ਭਾਰਤ ਹਿੰਦੂ ਮਹਾਸਭਾ ਵਲੋਂ ਆਪਣੇ ਵਕੀਲ ਬਰੁਨ ਕੁਮਾਰ ਸਿਨਹਾ ਰਾਹੀਂ ਦਾਇਰ ਕੀਤੀ ਗਈ ਸੀ। ਸੁਪਰੀਮ ਕੋਰਟ ਨੇ ਜਨਵਰੀ ਦੇ ਪਹਿਲੇ ਹਫ਼ਤੇ ਢੁਕਵੇਂ ਬੈਂਚ ਸਾਹਮਣੇ ਇਸ ਕੇਸ ਦੀ ਸੁਣਵਾਈ ਮੁਕਰਰ ਕੀਤੀ ਹੈ। ਹੋਰ ਤਾਂ ਹੋਰ ਸਰਕਾਰ ਵੀ ਇਸ ਕੇਸ ਦੀ ਜਲਦ ਸੁਣਵਾਈ ਚਾਹੁੰਦੀ ਹੈ। ਸਰਕਾਰ ਪੱਖੀ ਧਿਰਾਂ ਵੱਲੋਂ ਦੇਸ਼ ਵਿੱਚ ਇਸ ਤਰ੍ਹਾਂ ਦਾ ਮਾਹੌਲ ਬਣਾਇਆ ਜਾ ਰਿਹਾ ਹੈ ਕਿ ਜੇਕਰ ਫੌਰੀ ਤੌਰ ’ਤੇ ਰਾਮ ਮੰਦਰ ਦੀ ਉਸਾਰੀ ਸ਼ੁਰੂ ਕਰਨ ਦੀ ਇਜਾਜ਼ਤ ਨਾ ਦਿੱਤੀ ਗਈ ਤਾਂ ਹਾਲਾਤ ਖਰਾਬ ਹੋ ਸਕਦੇ ਹਨ। ਇਸ ਮਾਮਲੇ ਵਿੱਚ ਮੁਸਲਿਮ ਭਾਈਚਾਰੇ ਦੇ ਜਜ਼ਬਾਤਾਂ ਦਾ ਵੀ ਕੋਈ ਖਿਆਲ ਨਹੀਂ ਰੱਖਿਆ ਜਾ ਰਿਹਾ। ਕੇਂਦਰ ਅਤੇ ਯੂ.ਪੀ. ਸਰਕਾਰ ਵੀ ਰਾਮ ਮੰਦਰ ਵੱਲ ਝੁਕੀਆਂ ਹੋਈਆਂ ਸਾਫ ਦਿਸ ਰਹੀਆਂ ਹਨ। ਇਕ ਪਾਸੇ ਤਾਂ ਭਾਰਤੀ ਜਨਤਾ ਪਾਰਟੀ ਅਤੇ ਉਸ ਦੀਆਂ ਸਹਿਯੋਗੀ ਧਿਰਾਂ ਵੱਲੋਂ ਦੂਜੇ ਭਾਈਚਾਰਿਆਂ ਨੂੰ ਹਮੇਸ਼ਾ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਧਾਰਮਿਕ ਮਾਮਲਿਆਂ ਦਾ ਬੇਲੋੜਾ ਰਾਜਸੀਕਰਨ ਨਾ ਕਰਨ। ਦੂਜੇ ਪਾਸੇ ਖੁਦ ਰਾਮ ਮੰਦਰ ਦੇ ਧਾਰਮਿਕ ਮੁੱਦੇ ਦਾ ਦੱਬ ਕੇ ਰਾਜਸੀਕਰਨ ਕੀਤਾ ਜਾ ਰਿਹਾ ਹੈ। ਇਥੋਂ ਤੱਕ ਕਿ ਰਾਮਮੰਦਰ ਦੀ ਉਸਾਰੀ ਲਈ ਪਾਰਲੀਮੈਂਟ ਰਾਹੀਂ ਕਾਨੂੰਨ ਬਣਾਉਣ ਦੀ ਵਕਾਲਤ ਹੋ ਰਹੀ ਹੈ। ਇਸ ਤਰ੍ਹਾਂ ਦਾ ਮਾਹੌਲ ਬਣਾਇਆ ਜਾ ਰਿਹਾ ਹੈ ਜਿਵੇਂ ਭਾਰਤ ਵਿੱਚ ਇਕ ਧਰਮ ਦੀ ਸਰਕਾਰ ਚੱਲ ਰਹੀ ਹੋਵੇ। ਇਹ ਬਹੁਤ ਹੀ ਮੰਦਭਾਗੇ ਹਾਲਾਤ ਹਨ। ਜੇਕਰ ਇਸ ਤਰ੍ਹਾਂ ਦੀ ਸਰਗਰਮੀ ਜਾਰੀ ਰਹਿੰਦੀ ਹੈ ਤਦ ਭਾਰਤ ਦੀ ਏਕਤਾ ਅਤੇ ਅਖੰਡਤਾ ਲਈ ਲਾਜ਼ਮੀ ਤੌਰ ’ਤੇ ਵੱਡੇ ਖਤਰੇ ਪੈਦਾ ਹੋ ਸਕਦੇ ਹਨ।
– ਬਲਜੀਤ ਸਿੰਘ ਬਰਾੜ

Comments are closed.

COMING SOON .....


Scroll To Top
11