Thursday , 25 April 2019
Breaking News
You are here: Home » PUNJAB NEWS » ਰਾਏਸ਼ੁਮਾਰੀ 2020 ਲਈ ਐਸ.ਐਫ.ਜੇ. ਦੀ ਇੰਗਲੈਂਡ ਰੈਲੀ ਨੂੰ ਭਾਰਤ ਤੋਂ ਬਾਹਰ ਵੀ ਹੁੰਗਾਰਾ ਨਹੀਂ ਮਿਲਿਆ-ਕੈਪਟਨ ਅਮਰਿੰਦਰ ਸਿੰਘ

ਰਾਏਸ਼ੁਮਾਰੀ 2020 ਲਈ ਐਸ.ਐਫ.ਜੇ. ਦੀ ਇੰਗਲੈਂਡ ਰੈਲੀ ਨੂੰ ਭਾਰਤ ਤੋਂ ਬਾਹਰ ਵੀ ਹੁੰਗਾਰਾ ਨਹੀਂ ਮਿਲਿਆ-ਕੈਪਟਨ ਅਮਰਿੰਦਰ ਸਿੰਘ

ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲੰਡਨ ਵਿੱਚ ਐਸ.ਐਫ.ਜੇ. ਦੀ ਰੈਲੀ ਨੂੰ ਹੁੰਗਾਰਾ ਨਾ ਮਿਲਣ ਕਾਰਨ ਇਹ ਸਿੱਧ ਹੋ ਗਿਆ ਕਿ ਭਾਰਤ ਤੋਂ ਬਾਹਰ ਵੀ ਰਾਏਸ਼ੁਮਾਰੀ -2020 ਦੇ ਸਬੰਧ ਵਿੱਚ ਹੇਠਲੇ ਪੱਧਰ ‘ਤੇ ਇਸ ਨੂੰ ਕੋਈ ਸਮਰਥਨ ਹਾਸਲ ਨਹੀਂ ਹੋਇਆ। ਮੁੱਖ ਮੰਤਰੀ ਨੇ ਇਸ ਢੌਂਗੀ ਜਥੇਬੰਦੀ ਵੱਲੋਂ ਭਾਰਤ ਖਾਸਕਰ ਪੰਜਾਬ ਵਿੱਚ ਗੜਬੜ ਪੈਦਾ ਕਰਨ ਦੇ ਮੰਤਵ ਨਾਲ ਕੀਤੀ ਗਈ ਇਸ ਕਾਰਵਾਈ ਨੂੰ ਫਜ਼ੂਲ ਕਰਾਰ ਦਿੰਦਿਆਂ ਰੱਦ ਕਰ ਦਿੱਤਾ।ਮੁੱਖ ਮੰਤਰੀ ਨੇ ਕਿਹਾ ਕਿ ਸਿੱਖਜ਼ ਫਾਰ ਜਸਟਿਸ (ਐਸ.ਐਫ.ਜੇ.) ਫੁੱਟਪਾਊ ਤੱਤਾਂ ਦਾ ਗਰੁੱਪ ਹੈ ਅਤੇ ਇਹ ਤੱਤ ਭਾਰਤ ਨੂੰ ਵੰਡਣ ਲਈ ਪਾਕਿਸਤਾਨ ਦੀ ਏਜੰਸੀ ਆਈ.ਐਸ.ਆਈ. ਦੇ ਹੱਥਾਂ ਵਿੱਚ ਖੇਡ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਆਪਣੇ ਨਾਪਾਕ ਇਰਾਦਿਆਂ ਵਿੱਚ ਮੂੰਹ ਦੀ ਖਾਣੀ ਪਈ ਹੈ ਅਤੇ ਅੱਗੇ ਵੀ ਅਸਫਲ ਹੁੰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਰੈਲੀ ਵਿੱਚ ਪਾਕਿਸਤਾਨ ਦੇ ਸਿਆਸਤਦਾਨਾਂ ਦੀ ਮੌਜੂਦਗੀ ਨਾਲ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਇਹ ਆਈ.ਐਸ.ਆਈ. ਦੀ ਸਾਜ਼ਿਸ਼ ਹੈ ਜਿਸ ਦਾ ਉਦੇਸ਼ ਭਾਰਤ ਵਿੱਚ ਗੜਬੜ ਪੈਦਾ ਕਰਨਾ ਹੈ ਕਿਉਂਕਿ ਇਹ ਪਿਛਲੇ ਸਾਲਾਂ ਦੌਰਾਨ ਲਗਾਤਾਰ ਆਪਣੀਆਂ ਕਾਰਵਾਈਆਂ ਵਿੱਚ ਅਸਫਲ ਹੁੰਦੀ ਆ ਰਹੀ ਹੈ।ਇੰਗਲੈਂਡ ਵਿੱਚ ਹੋਈ ਰੈਲੀ ‘ਤੇ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਮੀਦ ਅਨੁਸਾਰ ਇਹ ਪੂਰੀ ਤਰ੍ਹਾਂ ਛਲਾਵਾ ਸਾਬਤ ਹੋਇਆ ਹੈ ਜਿਸ ਵਿੱਚ ਮੁੱਠੀ ਭਰ ਤੱਤਾਂ ਨੇ ਹੀ ਸ਼ਮੂਲੀਅਤ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਮਹਿਸੂਸ ਕਰਦੇ ਸਨ ਕਿ ਇੰਗਲੈਂਡ ਦੀ ਸਰਕਾਰ ਨੂੰ ਭਾਰਤ ਵਿਰੋਧੀ ਮੁਹਿੰਮ ਦੇ ਵਾਸਤੇ ਆਪਣੀ ਧਰਤੀ ਤੋਂ ਇਨ੍ਹਾਂ ਤੱਤਾਂ ਨੂੰ ਆਗਿਆ ਨਹੀਂ ਦੇਣੀ ਚਾਹੀਦੀ ਸੀ। ਇੰਗਲੈਂਡ ਦੀ ਸਰਕਾਰ ਦੀ ਆਲੋਚਨਾ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਨੇ ਵਿਖਾਵਾਕਾਰੀਆਂ ਨੂੰ ਹਾਈਡ ਪਾਰਕ ਦੀ ਥਾਂ ਟ੍ਰੈਫਲਗਰ ਸੁਕਏਅਰ ਵਿਖੇ ਰੈਲੀ ਦੀ ਇਜਾਜ਼ਤ ਦੇ ਕੇ ਇਹ ਦਿਖਾ ਦਿੱਤਾ ਹੈ ਕਿ ਇਸ ਦੀ ਇਸ ਮੁੱਦੇ ਨਾਲ ਪੂਰੀ ਤਰ੍ਹਾਂ ਇਤਮਿਨਾਨੀ ਸੀ। ਹਾਈਡ ਪਾਰਕ ਆਮ ਤੌਰ ‘ਤੇ ਅਜਿਹੇ ਮਕਸਦਾਂ ਲਈ ਵਰਤਿਆ ਜਾਂਦਾ ਹੈ।ਮੁੱਖ ਮੰਤਰੀ ਨੇ ਕਿਹਾ ਕਿ ਰਾਏਸ਼ੁਮਾਰੀ ਦਾ ਸਮੁੱਚਾ ਕਾਰੋਬਾਰ ਐਸ.ਐਫ.ਜੇ. ਵੱਲੋਂ ਪੈਸੇ ਬਣਾਉਣ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਅਖੌਤੀ ਮੁਹਿੰਮ ਦੀ ਗੱਲ ਕਰਨ ਵਾਲਾ ਭਾਰਤ ਵਿੱਚ ਇਥੋਂ ਤੱਕ ਕਿ ਭਾਰਤ ਤੋਂ ਬਾਹਰ ਵੀ ਕੋਈ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਰੈਲੀ ਦੀ ਨਿਗੁਣੀ ਹਾਜ਼ਰੀ ਨੇ ਇਸ ਗੱਲ ਨੂੰ ਸਿੱਧ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਵਾਸਤੇ ਸਥਾਨਕ ਸਮਰਥਨ ਬਿਲਕੁਲ ਨਾ ਦੇ ਬਰਾਬਰ ਸੀ ਅਤੇ ਉਨ੍ਹਾਂ ਨੇ ਇਸ ਦੇ ਵਾਸਤੇ ਵੱਖ- ਵੱਖ ਦੇਸ਼ਾਂ ਤੋਂ ਫੁੱਟਪਾਊ ਤੱਤ ਲਿਆਂਦੇ ਸੀ।ਮੁੱਖ ਮੰਤਰੀ ਨੇ ਕਿਹਾ ਕਿ ਨਜ਼ੀਰ ਅਹਿਮਦ ਸਣੇ ਪਾਕਿਸਤਾਨੀ ਆਗੂਆਂ ਦੀ ਮੌਜੂਦਗੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਹ ਰੈਲੀ ਆਈ.ਐਸ.ਆਈ. ਦੀ ਯੋਜਨਾ ਸੀ। ਇਸ ਦੀ ਗਵਾਹੀ ਇੰਗਲੈਂਡ ਵਿੱਚ ਰਹਿ ਰਹੇ ਕਸ਼ਮੀਰੀ ਵੱਖਵਾਦੀਆਂ ਦੀ ਮੌਜੂਦਗੀ ਤੋਂ ਵੀ ਹੁੰਦੀ ਹੈ। ਇਸ ਰੈਲੀ ਵਿੱਚ ਨਜ਼ੀਰ ਨੇ ਕਸ਼ਮੀਰ, ਪੰਜਾਬ ਅਤੇ ਨਾਗਾਲੈਂਡ ਦੇ ਵੱਖ ਹੋਣ ਅਤੇ ਭਾਰਤ ਨੂੰ ਵੰਡਣ ਬਾਰੇ ਖੁੱਲ੍ਹੇਆਮ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਹੈ। ਜ਼ਮੀਨੀ ਹਕੀਕਤਾਂ ਦੀ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਕੁਝ ਕਸ਼ਮੀਰੀਆਂ ਨੂੰ ਧੱਕੇ ਨਾਲ ਪੱਗਾਂ ਬਣਾਈਆਂ ਗਈਆਂ ਤਾਂ ਜੋ ਉਨ੍ਹਾਂ ਦੇ ਸਿੱਖ ਹੋਣ ਦਾ ਪ੍ਰਭਾਵ ਦਿੱਤਾ ਜਾ ਸਕੇ। ਉਨ੍ਹਾਂ ਕਿਹਾ ਕਿ ਕੁਝ ਸਿੱਖਾਂ ਨੂੰ ਇੱਥੇ ਆਉਣ ਲਈ ਮਜਬੂਰ ਵੀ ਕੀਤਾ ਗਿਆ।ਮੁੱਖ ਮੰਤਰੀ ਨੇ ਐਸ.ਐਫ.ਜੇ. ਨੂੰ ਫੁੱਟਪਾਊ ਤੱਤਾਂ ਦਾ ਗਰੁੱਪ ਅਤੇ ਸੋਸ਼ਲ ਮੀਡੀਆ ਦਾ ਬੱਬਰਸ਼ੇਰ ਗਰਦਾਨਿਆ ਜਿਸ ਦੇ ਰਾਹੀਂ ਦੇਸ਼ ਅਤੇ ਵਿਦੇਸ਼ ਵਿੱਚ ਸਮੱਰਥਨ ਲਈ ਇਕ ਹਊਆ ਪੈਦਾ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਿੱਖ ਇਕ ਦੇਸ਼ ਭਗਤ ਭਾਈਚਾਰਾ ਹੈ ਜੋ ਹਮੇਸ਼ਾ ਹੀ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਖੜ੍ਹੇ ਰਹੇ ਹਨ। ਉਨ੍ਹਾਂ ਕਿਹਾ ਕਿ 90 ਹਜ਼ਾਰ ਸਿੱਖ ਭਾਰਤੀ ਫੌਜ ਵਿੱਚ ਸੇਵਾ ਕਰ ਰਹੇ ਹਨ ਅਤੇ ਦੇਸ਼ ਦੀਆਂ ਸਰਹੱਦਾ ਦੀ ਰਾਖੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਐਸ.ਐਫ.ਜੇ. ਸਿੱਖ ਭਾਈਚਾਰੇ ਨੂੰ ਆਪਣੇ ਸੌੜੇ ਹਿੱਤਾਂ ਲਈ ਗੁੰਮਰਾਹ ਕਰਨ ਵਿੱਚ ਕਦੀ ਵੀ ਸਫਲ ਨਹੀ ਹੋਵੇਗੀ।ਮੁੱਖ ਮੰਤਰੀ ਨੇ ਦੇਸ਼ ਤੋਂ ਆਪਣੀਆਂ ਨਜ਼ਰਾ ਦੂਰ ਰੱਖਣ ਲਈ ਐਸ.ਐਫ.ਜੇ. ਅਤੇ ਹੋਰ ਭਾਰਤੀ ਵਿਰੋਧੀ ਤੱਤਾਂ ਨੂੰ ਚੇਤਾਵਨੀ ਦਿੱਤੀ। ਉਨ੍ਹਾਂ ਨੇ ਇਨ੍ਹਾਂ ਨੂੰ ਪੰਜਾਬ ਤੇ ਭਾਰਤ ਦੇ ਹੋਰ ਹਿੱਸਿਆਂ ਵਿੱਚ ਗੜਬੜ ਪੈਦਾ ਕਰਨ ਦੀਆਂ ਕੋਸ਼ਿਸਾਂ ਤੋਂ ਬਾਜ਼ ਆਉਣ ਲਈ ਆਖਿਆ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਸ ਤਰ੍ਹਾਂ ਦੀਆਂ ਕੋਸ਼ਿਸਾ ਨੂੰ ਬੁਰੀ ਤਰ੍ਹਾਂ ਮਸਲ ਦੇਵੇਗੀ। ਉਨ੍ਹਾਂ ਕਿਹਾ ਕਿ ਸੂਬੇ ਦੀ ਸ਼ਾਤੀ ਅਤੇ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਦੀ ਕਿਸੇ ਨੂੰ ਵੀ ਆਗਿਆ ਨਹੀਂ ਦਿੱਤੀ ਜਾਵੇਗੀ।

Comments are closed.

COMING SOON .....


Scroll To Top
11