ਹਰਜੀਤ ਸਿੰਘ ਹਸਨਪੁਰੀ, ਸ਼ਰਮਾ)- ਸੰਗਰੂਰ ਵਿੱਚ ਯੂਥ ਕਾਂਗਰਸ ਵੱਲੋਂ ਅੱਜ ਇਸ ਗੱਲ ’ਤੇ ਰੋਸ ਜਤਾਇਆ ਗਿਆ ਕਿ ਕਾਂਗਰਸ ਸਰਕਾਰ ਬਣਿਆ ਤਿੰਨ ਮਹੀਨੇ ਤੋਂ ਵੱਧ ਸਮਾਂ ਬੀਤ ਚੁੱਕਿਆ ਹੈ, ਪਰ ਅਜੇ ਵੀ ਸਰਕਾਰੀ ਅਦਾਰਿਆਂ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਤਸਵੀਰਾਂ ਨਹੀਂ ਲੱਗੀਆਂ।ਰੋਹ ਵਿੱਚ ਆਏ ਯੂਥ ਕਾਂਗਰਸੀ ਵਰਕਰਾਂ ਨੇ ਅੱਜ ਨਗਰ ਕੌਂਸਲ ਵਿੱਚ ਈਓ ਦੇ ਦਫ਼ਤਰ ਵਿੱਚ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ, ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਹਲਕਾ ਵਿਧਾਇਕ ਵਿਜੈਇੰਦਰ ਸਿੰਗਲਾ ਦੀਆਂ ਤਸਵੀਰਾਂ ਲਾ ਕੇ ਪੰਜਾਬ ਸਰਕਾਰ ਤੇ ਕਾਂਗਰਸ ਪਾਰਟੀ ਦੇ ਹੱਕ ’ਚ ਨਾਅਰੇਬਾਜੀ ਕੀਤੀ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿੱਤੀ ਕਿ ਜੇ ਦੋ ਹਫ਼ਤਿਆਂ ਵਿੱਚ ਸਰਕਾਰ ਦਫ਼ਤਰਾਂ ਵਿੱਚ ਤਸਵੀਰਾਂ ਨਾ ਲਾਈਆਂ ਤਾਂ ਯੂਥ ਕਾਂਗਰਸ ਖੁਦ ਤਸਵੀਰਾਂ ਲਾਵੇਗੀ।ਪੰਜਾਬ ਯੂਥ ਕਾਂਗਰਸ ਦੀ ਸਕੱਤਰ ਪੂਨਮ ਕਾਂਗੜਾ ਦੀ ਅਗਵਾਈ ਹੇਠ ਯੂਥ ਕਾਂਗਰਸੀ ਵਰਕਰ ਤਸਵੀਰਾਂ ਚੁੱਕ ਕੇ ਨਗਰ ਕੌਂਸਲ ਦਫ਼ਤਰ ਪੁੱਜੇ ਤੇ ਇਹ ਤਿੰਨੋਂ ਤਸਵੀਰਾਂ ਈਓ ਦੇ ਦਫ਼ਤਰ ’ਚ ਲਾ ਦਿੱਤੀਆਂ।ਈਓ ਦੇ ਬਿਲਕੁਲ ਨਾਲ ਲੱਗਦੇ ਕਮਰੇ ਵਿੱਚ ਨਗਰ ਕੌਂਸਲ ਪ੍ਰਧਾਨ ਰਿਪੁਦਮਨ ਸਿੰਘ ਢਿੱਲੋਂ ਦਾ ਦਫ਼ਤਰ ਹੈ। ਯੂਥ ਕਾਂਗਰਸੀ ਵਰਕਰਾਂ ਨੇ ਪ੍ਰਧਾਨ ਦੇ ਦਫ਼ਤਰ ਵਿੱਚ ਤਸਵੀਰਾਂ ਲਾਉਣ ਤੋਂ ਗੁਰੇਜ਼ ਕੀਤਾ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਦੋ ਹਫ਼ਤਿਆਂ ’ਚ ਸਰਕਾਰੀ ਅਦਾਰਿਆਂ ’ਚ ਮੁੱਖ ਮੰਤਰੀ ਦੀ ਤਸਵੀਰ ਨਾ ਲਾਈ ਗਈ ਤਾਂ ਯੂਥ ਕਾਂਗਰਸ ਖੁਦ ਇਹ ਤਸਵੀਰਾਂ ਲਹਾਏਗੀ।