Sunday , 19 January 2020
Breaking News
You are here: Home » PUNJAB NEWS » ਮੌੜ ਬੰਬ ਕਾਂਡ ਸਬੰਧੀ ਨਵੀਂ ਸਿੱਟ ਵੱਲੋਂ ਘਟਨਾ ਸਥਾਨ ਦਾ ਦੌਰਾ

ਮੌੜ ਬੰਬ ਕਾਂਡ ਸਬੰਧੀ ਨਵੀਂ ਸਿੱਟ ਵੱਲੋਂ ਘਟਨਾ ਸਥਾਨ ਦਾ ਦੌਰਾ

ਮ੍ਰਿਤਕਾਂ ਦੇ ਪਰਿਵਾਰਾਂ ਅਤੇ ਜ਼ਖਮੀਆਂ ਨਾਲ ਕੀਤੀ ਗੱਲਬਾਤ

ਮੌੜ ਮੰਡੀ, 15 ਜਨਵਰੀ (ਹਰਮਿੰਦਰ ਸਿੰਘ ਅਵਿਨਾਸ਼, ਸੰਜੀਵ ਕੁਮਾਰ ਨੋਟੀ)- ਮੌੜ ਬੰਬ ਕਾਂਡ ਨੂੰ ਹੋਇਆਂ 31 ਜਨਵਰੀ ਨੂੰ ਤਿੰਨ ਸਾਲ ਪੂਰੇ ਹੋ ਜਾਣਗੇ। ਪ੍ਰੰਤੂ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਅਜੇ ਤੱਕ ਇਸ ਦੇ ਅਸਲ ਦੋਸ਼ੀਆਂ ਨੂੰ ਫੜ੍ਹਨ ਵਿਚ ਵਿਚ ਨਾ ਕਾਮਯਾਬ ਹੀ ਰਹੀ । ਪੀੜ੍ਹਤਾਂ ਦੀਆਂ ਅਤੇ ਕੁਝ ਸਮਾਜ ਸੇਵੀ ਲੋਕਾਂ ਵੱਲੋਂ ਪਾਈਆਂ ਰਿੱਟਾਂ ਤੇ ਕਾਰਵਾਈ ਕਰਦਿਆਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪਹਿਲਾਂ ਬਣਾਈ ਗਈ ਸਿੱਟ ਦੀ ਕਾਰਗੁਜ਼ਾਰੀ ਤੋਂ ਨਾਖੁਸ਼ ਹੁੰਦਿਆਂ 18 ਅਕਤੂਬਰ 2019 ਨੂੰ ਨਵੀਂ ਸਿੱਟ ਬਣਾਉਣ ਦਾ ਆਦੇਸ਼ ਦਿੱਤਾ ਅਤੇ ਇਸ ਸਿੱਟ ਨੂੰ 30 ਜਨਵਰੀ ਤੱਕ ਜਾਂਚ ਪੂਰੀ ਕਰਕੇ ਰਿਪੋਰਟ ਕਰਨ ਲਈ ਕਿਹਾ ਹੈ। ਇਸ ਬਣਾਈ ਗਈ ਸਿੱਟ ਜਿਸ ਵਿਚ ਬਠਿੰਡਾ ਰੇਂਜ ਦੇ ਆਈ ਜੀ ਅਰੁਣ ਕੁਮਾਰ ਮਿੱਤਲ ਅਤੇ ਐਸ.ਐਸ.ਪੀ ਬਠਿੰਡਾ ਡਾ.ਨਾਨਕ ਸਿੰਘ ਅਤੇ ਹੋਰ ਅਧਿਕਾਰੀਆਂ ਦੁਆਰਾ ਅੱਜ ਬੰਬ ਕਾਂਡ ਵਾਲੀ ਜਗ੍ਹਾ ਦਾ ਦੌਰਾ ਕੀਤਾ ਗਿਆ ਅਤੇ ਇਸ ਬੰਬ ਕਾਂਡ ਵਿਚ 7 ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਅਤੇ ਜਖਮੀ ਹੋਏ 24 ਵਿਅਕਤੀਆਂ ਨਾਲ ਬੰਦ ਕਮਰਾ ਮੀਟਿੰਗ ਕੀਤੀ ਗਈ। ਪ੍ਰੰਤੂ ਮੌੜ ਬੰਬ ਕਾਂਡ ਸੰਘਰਸ਼ ਕਮੇਟੀ ਦੇ ਮੈਂਬਰ ਸਿੱਟ ਦੀ ਇਸ ਕਾਰਗੁਜ਼ਾਰੀ ਤੋਂ ਬਹੁਤੇ ਖੁਸ ਨਹੀ ਦਿਖੇ। ਮੌੜ ਬੰਬ ਕਾਂਡ ਕਮੇਟੀ ਦੇ ਮੈਂਬਰ ਦੇਵਰਾਜ ਜੇ.ਈ, ਜਗਦੀਸ਼ ਸ਼ਰਮਾ, ਗੁਰਮੇਲ ਸਿੰਘ ਮੇਲਾ ਪ੍ਰਧਾਨ ਟਰੇਡ ਯੂਨੀਅਨ ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਹਰ ਰੋਜ਼ ਨਵੀਆਂ ਸਿੱਟ ਬਣਾ ਕੇ ਮਹਿਜ਼ ਖਾਨਾਪੂਰਤੀ ਹੀ ਕਰ ਰਹੀਆਂ ਹਨ। ਤਿੰਨ ਸਾਲਾਂ ਦੀ ਜਾਂਚ ਤੋਭ ਬਾਅਦ ਵੀ ਕਾਨੂੰਨ ਦੇ ਹੱਥ ਵਿਚ ਕੁਝ ਨਹੀ ਹੈ। ਉਨ੍ਹਾਂ ਇਹ ਕਿਹਾ ਕਿ ਉਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਅਸੀਂ ਤਾਂ ਇਕ ਵਾਰ ਫਿਰ ਇਸ ਬੰਬ ਧਮਾਕੇ ਦੇ ਦੋਸ਼ੀਆਂ ਨੂੰ ਫੜ੍ਹਨ ਲਈ ਗੁਹਾਰ ਲਗਾਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਵੇਂ ਪ੍ਰਸ਼ਾਸ਼ਨ ਵੱਲੋਂ ਸਾਰੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ਪ੍ਰੰਤੂ ਅਜੇ ਤੱਕ ਸੱਤ ਵਿਚੋਂ ਸਿਰਫ ਦੋ ਪਰਿਵਾਰਾਂ ਨੂੰ ਹੀ ਨੌਕਰੀਆਂ ਮਿਲੀਆਂ ਹਨ। ਜਿੰਨ੍ਹਾਂ ਜਖਮੀਆਂ ਨੇ ਇਲਾਜ਼ ਕਰਵਾਇਆ ਸੀ ਉਨ੍ਹਾਂ ਦੇ ਬਿੱਲ ਅਜੇ ਵੀ ਪਾਸ ਨਹੀ ਕੀਤੇ ਗਏ, ਇਸ ਲਈ ਸਿੱਟ ਨੂੰ ਇਹ ਵੀ ਕਿਹਾ ਗਿਆ ਹੈ ਕਿ ਬਾਕੀ 5 ਪਰਿਵਾਰਾਂ ਨੂੰ ਨੌਕਰੀਆਂ ਅਤੇ ਜਖਮੀਆਂ ਦੇ ਬਿੱਲ ਪਾਸ ਕੀਤੇ ਜਾਣ ਦੀ ਸਿਫਾਰਿਸ਼ ਕੀਤੀ ਜਾਵੇ।
ਇਸ ਸਿੱਟ ਦੇ ਸਬੰਧ ਵਿਚ ਐਡਵੋਕੇਟ ਰਵਿੰਦਰ ਸਿੰਘ ਨੇ ਕਿਹਾ ਹੈ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਸਿਰਫ ਤਿੰਨ ਮਹੀਨਿਆਂ ਵਿਚ ਜਾਂਚ ਪੂਰੀ ਕਰਕੇ ਇਸ ਸਿੱਟ ਨੂੰ ਜਵਾਬ ਦੇਣ ਲਈ ਕਿਹਾ ਹੈ। ਹੁਣ ਜਦਕਿ ਜਵਾਬ ਦੇਣ ਦੀ ਤਰੀਕ ਵਿਚ ਸਿਰਫ 15 ਦਿਨ ਰਹਿੰਦੇ ਹਨ ਅਤੇ ਸਿੱਟ ਅੱਜ ਮੌੜ ਬੰਬ ਕਾਂਡ ਵਾਲੀ ਜਗ੍ਹਾ ਦਾ ਦੌਰਾ ਕਰ ਰਹੀ ਹੈ ਅਤੇ ਪੀੜ੍ਹਤਾਂ ਨੂੰ ਮਿਲ ਰਹੀ ਹੈ।
ਉਨ੍ਹਾਂ ਕਿਹਾ ਕਿ ਇਸ ਸਿੱਟ ਤੋਂ ਕੁਝ ਵੀ ਹਾਸਲ ਹੋਣ ਵਾਲਾ ਨਹੀ ਹੈ। ਉਨ੍ਹਾਂ ਇਹ ਵੀ ਕਿਹਾ ਕੋਈ ਵੀ ਜਾਂਚ ਏਜੰਸੀ ਜਦ ਵੀ ਜਾਂਚ ਕਰਦੀ ਹੈ ਤਾਂ ਸਾਰੇ ਪੱਖਾਂ ਤੋਂ ਕਰਦੀ ਹੈ।
ਪ੍ਰੰਤੂ ਇੰਨ੍ਹਾਂ ਦੋਵੇਂ ਸਿੱਟ ਨੇ ਅਜੇ ਤੱਕ ਉਸ ਘਟਨਾ ਸਥਾਨ ਤੇ ਮੌਜੂਦ ਰਾਜਨੀਤਕ ਆਗੂਆਂ ਅਤੇ ਲੋਕਾਂ ਨੂੰ ਆਪਣੀ ਜਾਂਚ ਵਿਚ ਸ਼ਾਮਲ ਨਹੀ ਕੀਤਾ ਹੈ। ਜਿਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਇਹ ਸਿੱਟ ਵੀ ਪੀੜ੍ਹਤਾਂ ਦੇ ਪੱਲੇ ਕੁਝ ਵੀ ਨਹੀ ਪਾਵੇਗੀ।
ਜਦ ਪੱਤਰਕਾਰਾਂ ਨੇ ਸਿੱਟ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਕਿਹਾ ਕਿ ਸਿੱਟ ਦੇ ਮੁੱਖੀ ਈਸ਼ਵਰ ਸਿੰਘ ਦੇ ਆਦੇਸ਼ਾਂ ਤੇ ਹੀ ਸਿੱਟ ਦੀ ਟੀਮ ਇੱਥੇ ਆਈ ਹੈ ਅਤੇ ਅਸੀਂ ਇਸ ਦੇ ਸਬੰਧ ਵਿਚ ਕੁਝ ਨਹੀ ਦੱਸ ਸਕਦੇ।

Comments are closed.

COMING SOON .....


Scroll To Top
11