Wednesday , 15 August 2018
Breaking News
You are here: Home » PUNJAB NEWS » ਮੁੱਖ ਮੰਤਰੀ ਵੱਲੋਂ ‘ਮਿਸ਼ਨ ਤੰਦਰੁਸਤ ਪੰਜਾਬ’ ਦੀ ਸ਼ੁਰੂਆਤ ਦਰਿਆਵਾਂ ‘ਚ ਰਹਿੰਦ-ਖੂੰਹਦ ਨਾ ਸੁੱਟਣ ਸਨਅਤਾਂ-ਕੈਪਟਨ ਅਮਰਿੰਦਰ ਸਿੰਘ

ਮੁੱਖ ਮੰਤਰੀ ਵੱਲੋਂ ‘ਮਿਸ਼ਨ ਤੰਦਰੁਸਤ ਪੰਜਾਬ’ ਦੀ ਸ਼ੁਰੂਆਤ ਦਰਿਆਵਾਂ ‘ਚ ਰਹਿੰਦ-ਖੂੰਹਦ ਨਾ ਸੁੱਟਣ ਸਨਅਤਾਂ-ਕੈਪਟਨ ਅਮਰਿੰਦਰ ਸਿੰਘ

ਮੁੱਖ ਮੰਤਰੀ ਵੱਲੋਂ ਹਰੇਕ ਘਰ ਵਿੱਚ ਇੱਕ-ਇੱਕ ਬੂਟਾ ਲਾਉਣ ਦੀ ਅਪੀਲ
ਮੁਹਾਲੀ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਖਿਆ ਕਿ ਪੰਜਾਬ ਤੇ ਇਸ ਦੀ ਚੌਗਿਰਦੇ ਨੂੰ ਬਚਾਉਣਾ ਹਰੇਕ ਵਿਅਕਤੀ ਦੀ ਜ਼ਿੰਮੇਵਾਰੀ ਬਣਦੀ ਹੈ। ਉਨਾਂ ਨੇ ਸਨਅਤਕਾਰਾਂ ਨੂੰ ਵੀ ਆਪੋ-ਆਪਣੀਆਂ ਫੈਕਟਰੀਆਂ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਢੁਕਵੇਂ ਕਦਮ ਚੁੱਕਣ ਦਾ ਸੱਦਾ ਦਿੱਤਾ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਤੇਜ਼ੀ ਨਾਲ ਘਟ ਰਹੇ ਜਲ ਵਸੀਲਿਆਂ ਨੂੰ ਬਚਾਉਣ ਲਈ ਝੋਨੇ ਦੀ ਕਾਸ਼ਤ ਘਟਾਉਣ ਦੀ ਲੋੜ ‘ਤੇ ਵੀ ਜ਼ੋਰ ਦਿੱਤਾ। ਮੁੱਖ ਮੰਤਰੀ ਨੇ ਅੱਜ ਇੱਥੇ ਆਪਣੀ ਸਰਕਾਰ ਦੇ ਨਿਵੇਕਲੇ ਉਪਰਾਲੇ ‘ਮਿਸ਼ਨ ਤੰਦਰੁਸਤ ਪੰਜਾਬ’ ਦਾ ਆਗਾਜ਼ ਕੀਤਾ ਜੋ ਪੰਜਾਬ ਨੂੰ ਸਿਹਤਮੰਦ ਸੂਬਾ ਬਣਾਉਣ ਵਿੱਚ ਬਹੁਤ ਵੱਡਾ ਯੋਗਦਾਨ ਪਾਵੇਗਾ ਜਿਸ ਨਾਲ ਇੱਥੋਂ ਦੇ ਲੋਕ ਸਾਫ ਆਬੋ-ਹਵਾ, ਪਾਣੀ ਅਤੇ ਮਿਆਰੀ ਭੋਜਨ ਰਾਹੀਂ ਸਿਹਤਮੰਦ ਜੀਵਨ ਬਸਰ ਕਰਨਗੇ। ਪਾਣੀ ਦੇ ਤੇਜ਼ੀ ਨਾਲ ਡਿੱਗ ਰਹੇ ਪੱਧਰ ‘ਤੇ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਪਾਣੀ ਦੀ ਘੱਟ ਖਪਤ ਵਾਲੀਆਂ ਫਸਲਾਂ ਦੀ ਪੈਦਾਵਾਰ ਸ਼ੁਰੂ ਕਰਨ ਦੀ ਲੋੜ ‘ਤੇ ਜ਼ੋਰ ਦਿੰਦਿਆਂ ਸਾਵਧਾਨ ਕੀਤਾ ਕਿ ਜੇਕਰ ਅਸੀਂ ਹੁਣ ਕੋਈ ਕਦਮ ਨਾ ਚੁੱਕਿਆ ਤਾਂ ਆਉਣ ਵਾਲੇ ਸਮੇਂ ਵਿੱਚ ਸੂਬੇ ਲਈ ਸਥਿਤੀ ਬਹੁਤ ਭਿਆਨਕ ਹੋਵੇਗੀ। ਸਾਫ ਪੀਣਯੋਗ ਪਾਣੀ ਮੁਹੱਈਆ ਕਰਵਾਉਣ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਉਦਯੋਗਾਂ ਵੱਲੋਂ ਦਰਿਆਵਾਂ ‘ਚ ਸੁੱਟੀ ਜਾਂਦੀ ਰਹਿੰਦ-ਖੂੰਹਦ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨਾਂ ਕਿਹਾ ਕਿ ਜਲ ਪ੍ਰਦੂਸ਼ਣ ‘ਤੇ ਕਾਬੂ ਪਾਉਣਾ ਸਨਅਤ ਦੀ ਜ਼ਿੰਮੇਵਾਰੀ ਬਣਦੀ ਹੈ ਅਤੇ ਉਨਾਂ ਵੱਲੋਂ ਇਹ ਯਕੀਨੀ ਬਣਾਇਆ ਜਾਵੇ ਕਿ ਦਰਿਆਵਾਂ ਵਿੱਚ ਅਣਸੋਧਿਆ ਪਾਣੀ ਜਾਂ ਰਹਿੰਦ-ਖੂਹੰਦ ਨਾ ਸੁੱਟੀ ਜਾਵੇ। ਕੈਪਟਨ ਅਮਰਿੰਦਰ ਸਿੰਘ ਨੇ ਸ਼ਹਿਰਾਂ ਵੱਲੋਂ ਦਰਿਆਵਾਂ ਨੂੰ ਪਲੀਤ ਕੀਤੇ ਜਾਣ ‘ਤੇ ਵੀ ਚਿੰਤਾ ਜ਼ਾਹਰ ਕਰਦਿਆਂ ਆਖਿਆ ਕਿ ਇਸ ਨੂੰ ਫੌਰੀ ਤੌਰ ‘ਤੇ ਰੋਕੇ ਜਾਣ ਦੀ ਲੋੜ ਹੈ। ਮੁੱਖ ਮੰਤਰੀ ਨੇ ਲੋਕਾਂ ਨੂੰ ਚੌਗਿਰਦੇ ਦੀ ਸੰਭਾਲ ਲਈ ਪੋਪਲਰ ਅਤੇ ਸਫੈਦੇ ਦੀ ਬਜਾਏ ਕਿੱਕਰ, ਨੀਮ, ਬੇਰੀ ਆਦਿ ਵਰਗੇ ਰਵਾਇਤੀ Îਰੁੱਖ ਲਾਉਣ ਦਾ ਸੱਦਾ ਦਿੱਤਾ। ਇਸ ਮੌਕੇ ਉਨਾਂ ਨੇ ਦੁਬਈ ਦੀ ਮਿਸਾਲ ਦਿੱਤੀ ਜਿੱਥੇ ਉੱਥੋਂ ਦੇ ਮੂਲ ਰੁੱਖ ਨੂੰ ਕੱਟਣਾ ਅਪਰਾਧ ਮੰਨਿਆ ਜਾਂਦਾ ਹੈ। ਉਨਾਂ ਨੇ ਸੂਬੇ ਦੇ ਹਰੇਕ ਘਰ ਵਿੱਚ ਘੱਟੋ-ਘੱਟ ਇੱਕ ਬੂਟਾ ਲਾ ਕੇ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਸਾਫ ਵਾਤਾਵਰਣ ਮੁਹੱਈਆ ਕਰਵਾਉਣ ਵਿੱਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਇਸੇ ਦੌਰਾਨ ਮੁੱਖ ਮੰਤਰੀ ਨੇ ਵਾਤਾਵਰਣ ਨੂੰ ਬਚਾਉਣ ਲਈ ਨਦੀਨਨਾਸ਼ਕਾਂ ਦੀ ਵਰਤੋਂ ਸੂਝ-ਬੂਝ ਨਾਲ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਵੀ ਇਸ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਬਾਰੇ ਕੀਤੇ ਜਾ ਰਹੇ ਯਤਨ ਹੋਰ ਤੇਜ਼ ਕਰਨ ਲਈ ਕਿਹਾ। ਇਸ ਮੌਕੇ ਮੁੱਖ ਮੰਤਰੀ ਨੇ ‘ਤੰਦਰੁਸਤ ਪੰਜਾਬ’ ਦੇ ਨਾਮ ਹੇਠ ਇੱਕ ਕਿਤਾਬਚਾ ਜਾਰੀ ਕਰਨ ਤੋਂ ਇਲਾਵਾ ‘ਘਰ ਘਰ ਹਰਿਆਲੀ’ ਨਾਮ ਦੀ ਮੋਬਾਇਲ ਐਪ ਵੀ ਲਾਂਚ ਕੀਤੀ। ਇਸ ਐਪ ਤਹਿਤ ਜੰਗਲਾਤ ਵਿਭਾਗ ਵੱਲੋਂ ਰੁੱਤ ਮੁਤਾਬਿਕ ਪੌਦਿਆਂ ਦੀ ਜਾਣਕਾਰੀ ਮੁਹੱਈਆ ਕਰਵਾਈ ਜਾਇਆ ਕਰੇਗੀ। ਅੱਜ ਦੇ ਇਸ ਮੌਕੇ ਮੁੱਖ ਮੰਤਰੀ ਨੇ ਵਾਤਾਵਰਣ ਦੀ ਸੰਭਾਲ ਵਿੱਚ ਸਰਗਰਮ 13 ਵਿਅਕਤੀਆਂ ਨੂੰ ਚੰਦਨ ਦੇ ਬੂਟੇ ਦੇ ਕੇ ਸਨਮਾਨਤ ਕੀਤਾ। ਇਨਾਂ ਵਾਤਾਵਰਣ ਪ੍ਰੇਮੀਆਂ ਵਿੱਚ ਫਤਿਹਗੜ ਸਾਹਿਬ ਤੋਂ ਦਿਲਬਾਘ ਸਿੰਘ ਮਾਂਗਟ, ਅਸ਼ੋਕ ਜੈਨ, ਬੂਟਾ ਸਿੰਘ, ਰਾਜੇਸ਼ ਜਿੰਦਲ, ਦਲੀਪ ਸਿੰਘ, ਉਪਕਾਰ ਸਿੰਘ, ਇਕਬਾਲ ਸਿੰਘ, ਹਰਮਿੰਦਰ ਸਿੰਘ, ਪਟਿਆਲਾ ਤੋਂ ਅਭੀਮਨਿਊ, ਸੰਗਰੂਰ ਤੋਂ ਪੋਲਟਰੀ ਫਾਰਮਰ ਰਾਜੇਸ਼ ਗਰਗ, ਜੌੜਾ ਕਲਾਂ ਤੋਂ ਸੁਨੀਲ ਕੁਮਾਰ, ਮੋਹਾਲੀ ਤੋਂ ਸਨਅਤਕਾਰ ਤਿਲਕਰਾਜ ਬਾਂਕਾ ਅਤੇ ਜਗਜੀਤ ਸਿੰਘ ਨੂੰ ਸੂਬੇ ਵਿਚ 10 ਲੱਖ ਪੌਦੇ ਲਾਉਣ ਲਈ ਮੁੱਖ ਮੰਤਰੀ ਨੇ ਸਨਮਾਨਤ ਕੀਤਾ। ਮੁੱਖ ਮੰਤਰੀ ਨੇ ਜ਼ਿਲਾ ਪ੍ਰਸ਼ਾਸਨ ਮੋਹਾਲੀ ਦੇ ‘ਮਿਸ਼ਨ ਗਰੀਨ ਮੋਹਾਲੀ’ ਮੁਹਿੰਮ ਦੀ ਵੀ ਰਸਮੀ ਸ਼ੁਰੂਆਤ ਕੀਤੀ ਜਿਸ ਤਹਿਤ ਅਗਲੇ ਤਿੰਨ ਸਾਲਾਂ ਵਿੱਚ ਇੱਕ ਕਰੋੜ ਬੂਟੇ ਲਾਏ ਜਾਣਗੇ। ਇਸ ਮੌਕੇ ਬੋਲਦਿਆਂ ਜੰਗਲਾਤ ਅਤੇ ਜੰਗਲੀ ਜੀਵ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਇਸ ਮਿਸ਼ਨ ਨੂੰ ਵਾਤਾਵਰਨ ਦੇ ਵਧ ਰਹੇ ਪ੍ਰਦੂਸ਼ਣ ਦੇ ਮੱਦੇਨਜਰ ਇਕ ਮਹੱਤਵਪੂਰਨ ਪਹਿਲਕਦਮੀ ਦੇ ਤੌਰ ‘ਤੇ ਦਰਸਾਇਆ। ਉਨਾਂ ਐਲਾਨ ਕੀਤਾ ਕਿ ਜੰਗਲਾਤ ਵਿਭਾਗ ਕਿਸਾਨਾਂ ਨੂੰ ਚੰਦਨ ਦੇ ਇੱਕ ਲੱਖ ਪੌਦੇ ਮੁਹੱਈਆ ਕਰਵਾਏਗਾ ਤਾਂ ਜੋ ਉਹ ਆਪਣੇ ਖੇਤਾਂ ਦੀਆਂ ਸੀਮਾਵਾਂ ‘ਤੇ ਲਗਾ ਸਕਣ। ਉਨਾਂ ਅੱਗੇ ਕਿਹਾ ਕਿ ਵਿਭਾਗ ਨੇ ਸੂਬੇ ਭਰ ਵਿਚ ਵੱਖ-ਵੱਖ ਕਿਸਮਾਂ ਦੇ ਅੱਠ ਕਰੋੜ ਪੌਦੇ ਲਾਏ ਜਾਣ ਦਾ ਟੀਚਾ ਰੱਖਿਆ ਹੈ।ਵਾਤਾਵਰਣ ਮੰਤਰੀ ਓ.ਪੀ. ਸੋਨੀ ਨੇ ਕਿਹਾ ਕਿ ਸਾਫ ਅਤੇ ਹਰੇ ਵਾਤਾਵਰਨ ਦੀ ਅਣਹੋਂਦ ਵਿੱਚ ਕੋਈ ਵੀ ਸੂਬਾ ਜਾਂ ਦੇਸ਼ ਤਰੱਕੀ ਨਹੀਂ ਕਰ ਸਕਦਾ ਅਤੇ ਇਹ ਮਿਸ਼ਨ ਪੰਜਾਬ ਵਿੱਚ ਅਜਿਹਾ ਮਾਹੌਲ ਬਣਾਉਣ ਲਈ ਕਾਫੀ ਲਾਹੇਵੰਦ ਸਿੱਧ ਹੋਵੇਗਾ। ਉਨਾਂ ਮੁੱਖ ਮੰਤਰੀ ਨੂੰ ਅਪੀਲ ਵੀ ਕੀਤੀ ਕਿ ਨਦੀਆਂ ਵਿੱਚ ਪ੍ਰਦੂਸ਼ਿਤ ਪਾਣੀ ਅਤੇ ਇਸ ਦੇ ਪ੍ਰਵਾਹ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ। ਇਸ ਤੋਂ ਪਹਿਲਾਂ ਆਪਣੇ ਸਵਾਗਤੀ ਭਾਸ਼ਣ ਵਿੱਚ ਵਧੀਕ ਮੁੱਖ ਸਕੱਤਰ ਵਿਗਿਆਨ ਤੇ ਤਕਨਾਲੋਜੀ ਅਤੇ ਵਾਤਾਵਰਣ ਡਾ. ਰੋਸ਼ਨ ਸੁੰਕਾਰੀਆ ਨੇ ਮਿਸ਼ਨ ਬਾਰੇ ਵਿਸਥਾਰਤ ਪੇਸ਼ਕਾਰੀ ਦਿੱਤੀ ਜਿਸ ਵਿੱਚ ਸਾਫ ਪੀਣ ਵਾਲੇ ਪਾਣੀ ਦੀ ਸੂਚੀ, ਵਾਤਾਵਰਣ ਦੀ ਹਵਾ ਦੀ ਗੁਣਵੱਤਾ, ਬਿਨਾਂ ਮਿਲਾਵਟ ਭੋਜਨ ਦੀ ਉਪਲਬਧਤਾ ਅਤੇ ਸਰੀਰਕ ਤੇ ਮਾਨਸਿਕ ਤੰਦਰੁਸਤੀ ਸਬੰਧੀ ਜਾਣਕਾਰੀ ਸ਼ਾਮਲ ਸੀ।ਪੀ.ਜੀ.ਆਈ. ਚੰਡੀਗੜ ਦੇ ਸਾਬਕਾ ਡਾਇਰੈਕਟਰ ਡਾ. ਕੇ.ਕੇ. ਤਲਵਾਰ ਨੇ ਵਿਸ਼ਵ ਵਾਤਾਵਰਣ ਦਿਵਸ ‘ਤੇ ਇਸ ਮੁਹਿੰਮ ਦੀ ਸ਼ੁਰੂਆਤ ਦਾ ਸਵਾਗਤ ਕਰਦਿਆਂ ‘ਚੰਗੀ ਸਿਹਤ, ਚੰਗੀ ਸੋਚ’ ਮੁਹਿੰਮ ਲਈ ਇਕੱਠੇ ਕੰਮ ਕਰਨ ਦੀ ਅਪੀਲ ਕੀਤੀ। ਉਨਾਂ ਨੇ ਰੈਗੂਲੇਟਰੀ ਤੇ ਮਨੋਟਰਿੰਗ ਵਿਧੀ ਨੂੰ ਮਜ਼ਬੂਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ ਅਤੇ ਇਸ ਵਿਸ਼ੇਸ਼ ਪ੍ਰੋਗਰਾਮ ਨੂੰ ਸਖਤੀ ਨਾਲ ਲਾਗੂ ਕਰਨ ਲਈ ਇੱਕ ਮਾਹਰ ਦਾ ਸਮੂਹ ਬਣਾਉਣ ਦਾ ਵੀ ਸੁਝਾਅ ਵੀ ਦਿੱਤਾ।ਪਦਮ ਸ਼੍ਰੀ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਨੇ ਪੰਜਾਬ ਨੂੰ ਸਭ ਤੋਂ ਸਿਹਤਮੰਦ ਸੂਬਾ ਬਣਾਉਣ ਲਈ ਲੋਕਾਂ ਨੂੰ ਪਾਣੀ, ਹਵਾ ਅਤੇ ਧਰਤੀ ਦੀ ਮਿੱਟੀ ਬਚਾਉਣ ਦਾ ਵਾਅਦਾ ਕਰਨ ਲਈ ਕਿਹਾ। ਉਹਨਾਂ ਨਦੀਆਂ ਵਿੱਚ ਬੇਕਾਰ ਕੂੜਾ ਸੁੱਟਣ ਅਤੇ ਫਸਲੀ ਰਹਿੰਦ-ਖੂਹੰਦ ਨੂੰ ਨਾ ਸਾੜਣ ਦਾ ਵੀ ਸਮਰਥਨ ਕੀਤਾ। ਸਮਾਗਮ ਵਿਚ ਮੀਡੀਆ ਸਲਾਹਕਾਰ ਮੁੱਖ ਮੰਤਰੀ ਪੰਜਾਬ ਸ੍ਰੀ ਰਵੀਨ ਠੁਕਰਾਲ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਮਿਸ਼ਨ ਤੰਦਰੁਸਤ ਪੰਜਾਬ ਡਾਇਰੈਕਟਰ ਤੇ ਚੇਅਰਮੈਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਸ੍ਰੀ ਕੇ ਐਸ.ਪੰਨੂੰ, ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਅਤੇ ਡਾਇਰੈਕਟਰ ਆਈਸਰ ਮੁਹਾਲੀ ਸ੍ਰੀ ਡੀ.ਪੀ. ਸਰਕਾਰ ਸਮੇਤ ਹੋਰ ਅਧਿਕਾਰੀ ਅਤੇ ਪੰਤਵੰਤੇ ਵੀ ਮੌਜੂਦ ਸਨ।

Comments are closed.

COMING SOON .....
Scroll To Top
11