Thursday , 27 June 2019
Breaking News
You are here: Home » PUNJAB NEWS » ਮੁੱਖ ਮੰਤਰੀ ਪੰਜਾਬ ਵੱਲੋਂ ਖੇਤੀ ਵੰਨ-ਸੁਵੰਨਤਾ ’ਤੇ ਆਪਸੀ ਸਹਿਯੋਗ ਲਈ ਡੱਚ ਸਫ਼ੀਰ ਨਾਲ ਵਿਚਾਰ-ਵਟਾਂਦਰਾ

ਮੁੱਖ ਮੰਤਰੀ ਪੰਜਾਬ ਵੱਲੋਂ ਖੇਤੀ ਵੰਨ-ਸੁਵੰਨਤਾ ’ਤੇ ਆਪਸੀ ਸਹਿਯੋਗ ਲਈ ਡੱਚ ਸਫ਼ੀਰ ਨਾਲ ਵਿਚਾਰ-ਵਟਾਂਦਰਾ

ਆਪਸੀ ਸਹਿਯੋਗ ਦੇ ਨਾਲ-ਨਾਲ ਸੂਰ ਤੇ ਬੱਕਰੀ ਪਾਲਣ ਕਿੱਤੇ ਨੂੰ ਉਤਸ਼ਾਹਿਤ ਕਰਨ ’ਤੇ ਰਜ਼ਾਮੰਦੀ’

ਚੰਡੀਗੜ੍ਹ, 17 ਜੁਲਾਈ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੂਬੇ ਵਿੱਚ ਖੇਤੀ ਵੰਨ-ਸੁਵੰਨਤਾ ਨੂੰ ਉਤਸ਼ਾਹਤ ਕਰਨ ਲਈ ਭਾਰਤ ਵਿੱਚ ਨੀਦਰਲੈਂਡਜ਼ ਦੇ ਸਫ਼ੀਰ ਨਾਲ ਕਈ ਪੱਖਾਂ ’ਤੇ ਵਿਚਾਰ-ਵਟਾਂਦਰਾ ਕੀਤਾ। ਮੁੱਖ ਮੰਤਰੀ ਅਤੇ ਰਾਜਦੂਤ ਅਲਫੋਨਸਸ ਸਟੋਲਿੰਗਾ ਦੀ ਅਗਵਾਈ ਵਿੱਚ ਆਏ ਵਫ਼ਦ ਨਾਲ ਦੁਪਹਿਰੇ ਦੇ ਖਾਣੇ ’ਤੇ ਹੋਈ ਮੀਟਿੰਗ ਤੋਂ ਬਾਅਦ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਡੇਅਰੀ, ਪਸ਼ੂ ਪਾਲਣ ਤੇ ਫੁੱਲਾਂ ਦੀ ਕਾਸ਼ਤ ਸਮੇਤ ਮੁੱਖ ਖੇਤਰਾਂ ’ਤੇ ਚਰਚਾ ਕੀਤੀ ਗਈ ਜਿਨ੍ਹਾਂ ਵਿੱਚ ਦੋਵਾਂ ਧਿਰਾਂ ਨੇ ਆਪਸੀ ਸਹਿਯੋਗ ਲਈ ਸਹਿਮਤੀ ਬਣਾਉਣ ਦੇ ਨਾਲ-ਨਾਲ ਸੂਰ ਤੇ ਬੱਕਰੀ ਪਾਲਣ ਦੇ ਕਿੱਤੇ ਨੂੰ ਉਤਸ਼ਾਹਤ ਕਰਨ ਲਈ ਵੀ ਰਜ਼ਾਮੰਦੀ ਜ਼ਾਹਰ ਕੀਤੀ। ਮੁੱਖ ਮੰਤਰੀ ਨੇ ਦੁਧਾਰੂ ਪਸ਼ੂਆਂ ਦੇ ਦੁੱਧ ਦੀ ਪੈਦਾਵਾਰ ਵਧਾਉਣ ਦੇ ਨਾਲ-ਨਾਲ ਪਸ਼ੂ ਧਨ ਵਿੱਚ ਸੁਧਾਰ ਲਿਆਉਣ ਲਈ ਨੀਦਰਲੈਂਡਜ਼ ਪਾਸੋਂ ਭਰੂਣ ਤਕਨਾਲੋਜੀ ਦੇ ਆਦਾਨ-ਪ੍ਰਦਾਨ ਅਤੇ ਗਰਭਦਾਨ ਲਈ ਵਧੀਆ ਨਸਲ ਦੇ ਪਸ਼ੂਆਂ ਦੇ ਵੀਰਜ ਦੀ ਸਪਲਾਈ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਡੱਚ ਦੀਆਂ ਦੁੱਧ ਪ੍ਰੋਸੈਸ ਕਰਨ ਵਾਲੀਆਂ ਮੋਹਰੀ ਕੰਪਨੀਆਂ ਵੱਲੋਂ ਆਪਣੇ ਯੂਨਿਟ ਸਥਾਪਤ ਕਰਨ ਦਾ ਵੀ ਸੁਝਾਅ ਦਿੱਤਾ ਜਿਸ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ। ਮੁੱਖ ਮੰਤਰੀ ਨੇ ਡੱਚ ਅੰਬੈਸੀ ਨਾਲ ਤਾਲਮੇਲ ਲਈ ਵਧੀਕ ਮੁੱਖ ਸਕੱਤਰ ਵਿਕਾਸ ਨੂੰ ਨੋਡਲ ਅਫਸਰ ਬਣਾਇਆ ਜਿਨ੍ਹਾਂ ਵੱਲੋਂ ਮੀਟਿੰਗ ਦੌਰਾਨ ਵਿਚਾਰੇ ਗਏ ਮੁੱਦਿਆਂ ’ਤੇ ਵਿਆਪਕ ਕਾਰਜ ਯੋਜਨਾ ਤਿਆਰ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਨੀਦਰਲੈਂਡਜ਼ ਦੇ ਦੂਤਾਵਾਸ ਦੇ ਇਕ ਨੁਮਾਇੰਦੇ ਸਮੇਤ ਵਧੀਕ ਮੁੱਖ ਸਕੱਤਰ ਪਸ਼ੂ ਧਨ ਅਤੇ ਵਧੀਕ ਮੁੱਖ ਸਕੱਤਰ ਵਿਕਾਸ ’ਤੇ ਅਧਾਰਿਤ ਮਾਹਿਰਾਂ ਦਾ ਗਰੁੱਪ ਕਾਇਮ ਕਰਨ ਦਾ ਸੁਝਾਅ ਦਿੱਤਾ ਤਾਂ ਕਿ ਇਨ੍ਹਾਂ ਤਜਵੀਜ਼ਾਂ ’ਤੇ ਅਗਲੇਰੀ ਕਾਰਵਾਈ ਨੂੰ ਸੁਚਾਰੂ ਰੂਪ ਵਿੱਚ ਨੇਪਰੇ ਚਾੜ੍ਹਿਆ ਜਾ ਸਕੇ। ਇਸ ਪ੍ਰਸਤਾਵਿਤ ਗਰੁੱਪ ਫਸਲੀ ਵਿਭਿੰਨਤਾ ਨੂੰ ਅਮਲ ਵਿੱਚ ਲਿਆਉਣ ਲਈ ਰੂਪ-ਰੇਖਾ ਉਲੀਕਣ ਵਾਸਤੇ ਆਪਣੇ ਸੁਝਾਅ ਦੇਣ ਤੋਂ ਇਲਾਵਾ ਨੀਦਰਲੈਂਡਜ਼ ਦੁਆਰਾ ਮੌਜੂਦਾ ਸਮੇਂ ਅਪਣਾਏ ਜਾ ਰਹੇ ਅਮਲਾਂ ਦੀ ਘੋਖ ਕਰਕੇ ਵਿਗਿਆਨਕ ਢੰਗ ਨਾਲ ਪਰਾਲੀ ਦਾ ਨਿਪਟਾਰਾ ਕਰਨ ਜਾਂ ਜੈਵਿਕ ਰਹਿੰਦ-ਖੂੰਹਦ ਨੂੰ ਸਮੇਟਣ ਬਾਰੇ ਹੰਢਣਸਾਰ ਤਕਨਾਲੋਜੀ ਬਾਰੇ ਵੀ ਸਿਫਾਰਸ਼ ਦੇਵੇਗਾ। ਸਥਾਨਕ ਪੱਧਰ ’ਤੇ ਪੈਦਾ ਹੁੰਦੇ ਆਲੂਆਂ ਵਿੱਚ ਵੱਧ ਮਾਤਰਾ ਵਿੱਚ ਮਿਠਾਸ ਹੋਣ ’ਤੇ ਫਿਕਰਮੰਦੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਰਾਜਦੂਤ ਨੂੰ ਆਲੂਆਂ ਦੀ ਪੈਦਾਵਾਰ ਵਿੱਚ ਸੁਧਾਰ ਲਿਆਉਣ ਲਈ ਖੋਜਕਾਰਾਂ ਅਤੇ ਉਘੇ ਆਲੂ ਉਤਪਾਦਕਾਂ ਨਾਲ ਭਾਈਵਾਲੀ ਦੀ ਸੰਭਾਵਨਾ ਤਲਾਸ਼ਣ ਲਈ ਆਖਿਆ। ਨੀਦਰਲੈਂਡਜ਼ ਦੇ ਸਫੀਰ ਨੇ ਮੁੱਖ ਮੰਤਰੀ ਨੂੰ ਫਸਲੀ ਵੰਨ-ਸੁਵੰਨਤਾ ਨੂੰ ਉਤਸ਼ਾਹਤ ਕਰਨ ਲਈ ਸੂਬਾ ਸਰਕਾਰ ਦੇ ਯਤਨਾਂ ਵਿੱਚ ਪੂਰੀ ਮਦਦ ਤੇ ਸਹਿਯੋਗ ਕਰਨ ਦਾ ਭਰੋਸਾ ਦਿਵਾਇਆ। ਉਨ੍ਹਾਂ ਨੇ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਡੱਚ ਕੰਪਨੀ ਰੋਇਲ ਡੇ ਹਿਊਜ਼ ਵੱਲੋਂ ਪਸ਼ੂਆਂ ਦੀ ਫੀਡ ਤਿਆਰ ਕਰਨ ਲਈ ਆਪਣਾ ਯੂਨਿਟ ਪਹਿਲਾਂ ਹੀ ਰਾਜਪੁਰਾ ਵਿਖੇ ਸਥਾਪਤ ਕੀਤਾ ਗਿਆ ਹੈ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਇਸ ਪਲਾਂਟ ਦੀ ਉਤਪਾਦਨ ਸਮਰਥਾ ਵਧਾਉਣ ਅਤੇ ਸੂਬੇ ਦੇ ਹੋਰਨਾਂ ਹਿੱਸਿਆਂ ਵਿੱਚ ਇਸ ਦਾ ਵਿਸਤਾਰ ਕਰਨ ਲਈ ਰਿਆਇਤਾਂ ਦੇਣ ਦੀ ਅਪੀਲ ਕੀਤੀ। ਮੁੱਖ ਮੰਤਰੀ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਅੰਮ੍ਰਿਤਸਰ ਅਤੇ ਮੁਹਾਲੀ ਦੇ ਕੌਮਾਂਤਰੀ ਹਵਾਈ ਅੱਡਿਆਂ ਤੋਂ ਨੀਦਰਲੈਂਡਜ਼ ਲਈ ਮਾਲ ਦੀ ਢੋਆ-ਢੁਆਈ ਵਾਸਤੇ ਵਿਸ਼ੇਸ਼ ਉਡਾਨਾਂ ਸ਼ੁਰੂ ਕਰਨ ਦਾ ਮਾਮਲਾ ਉਹ ਨਿੱਜੀ ਤੌਰ ’ਤੇ ਉਠਾਉਣਗੇ ਤਾਂ ਕਿ ਫੁੱਲਾਂ, ਫਲਾਂ, ਸਬਜ਼ੀਆਂ ਅਤੇ ਦੁੱਧ ਤੋਂ ਤਿਆਰ ਵਸਤਾਂ ਵਿੱਚ ਦੁਵੱਲੇ ਕਾਰੋਬਾਰ ਨੂੰ ਉਤਸ਼ਾਹਤ ਕੀਤਾ ਜਾ ਸਕੇ।

ਮੁੱਖ ਮੰਤਰੀ ਨੇ ਉਨ੍ਹਾਂ ਦੇ ਪਿਤਾ ਸਵਰਗੀ ਮਹਾਰਾਜਾ ਯਾਦਵਿੰਦਰਾ ਸਿੰਘ ਵੱਲੋਂ ਸਾਲ 1974 ਵਿੱਚ ਨੀਦਰਲੈਂਡਜ਼ ਵਿੱਚ ਭਾਰਤੀ ਰਾਜਦੂਤ ਵਜੋਂ ਸੇਵਾਵਾਂ ਨਿਭਾਉਣ ਸਮੇਂ ਇਸ ਮੁਲਕ ਨਾਲ ਜੁੜੀਆਂ ਪੁਰਾਣੀਆਂ ਯਾਦਾਂ ਨੂੰ ਚੇਤੇ ਕਰਦਿਆਂ ਕਿਹਾ ਕਿ ਇਸੇ ਕਰਕੇ ਉਹ ਮੁਲਕ ਦੀ ਭੂਗੋਲਿਕ ਸਥਿਤੀ ਅਤੇ ਜਲਵਾਯੂ ਸਬੰਧੀ ਜਾਣੂੰ ਹੋਣ ਦੇ ਨਾਲ-ਨਾਲ ਉਥੇ ਦੀ ਜੀ.ਡੀ.ਪੀ. ਵਿੱਚ ਡੇਅਰੀ, ਫੁੱਲਾਂ ਦੀ ਕਾਸ਼ਤ ਅਤੇ ਬਾਗਬਾਨੀ ਦੇ ਅਹਿਮ ਯੋਗਦਾਨ ਤੋਂ ਵੀ ਚੰਗੀ ਤਰ੍ਹਾਂ ਵਾਕਫ਼ ਹਨ।

ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵਿਚਾਰ-ਵਟਾਂਦਰੇ ਵਿਚ ਹਿਸਾ ਲੈਂਦੇ ਹੋਏ ਕਿਹਾ ਕਿ ਸੂਬੇ ਦੇ ਖੇਤੀਬਾੜੀ ਵਿਭਾਗ ਨੇ ਡੱਚ ਸਰਕਾਰ ਦੇ ਸਹਿਯੋਗ ਨਾਲ ਜਲੰਧਰ ਵਿਚ ਸਬਜ਼ੀਆਂ ਦਾ ਆਹਲਾ ਦਰਜੇ ਦਾ ਕੇਂਦਰ ਸਥਾਪਤ ਕੀਤਾ ਹੈ ਜਦਕਿ ਦੋਰਾਹਾ (ਲੁਧਿਆਣਾ) ਵਿਚ ਫੁਲਾਂ ਦੀ ਕਾਸ਼ਤ ਸਬੰਧੀ ਅਜਿਹਾ ਹੀ ਕੇਂਦਰ ਸਥਾਪਤ ਕੀਤਾ ਜਾ ਰਿਹਾ ਹੈ। ਮੀਟਿੰਗ ਵਿਚ ਮੁਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁਖ ਮੰਤਰੀ ਦੇ ਪ੍ਰਮੁਖ ਸਕਤਰ ਤੇਜਵੀਰ ਸਿੰਘ, ਵਧੀਕ ਪ੍ਰਮੁਖ ਸਕਤਰ ਵਿਕਾਸ ਵਿਸਵਾਜੀਤ ਖੰਨਾ, ਵਧੀਕ ਪ੍ਰਮੁਖ ਸਕਤਰ ਪਸ਼ੂ ਪਾਲਣ ਜੀ. ਵਜਰਾਲਿੰਗਮ ਅਤੇ ਪੰਜਾਬ ਰਾਜ ਕਿਸਾਨ ਕਮਿਸ਼ਨ ਦੇ ਚੇਅਰਮੈਨ ਅਜੈਵੀਰ ਜਾਖੜ ਹਾਜਰ ਸਨ। ਵਫ਼ਦ ਵਿਚ ਖੇਤੀਬਾੜੀ ਕੌਂਸਲਰ ਵਾਊਟਰ ਵਰਹੇ ਅਤੇ ਭਾਰਤ ਤੇ ਸ੍ਰੀਲੰਕਾ ਦੇ ਖੇਤੀਬਾੜੀ, ਕੁਦਰਤ ਅਤੇ ਭੋਜਨ ਦੇ ਮਿਆਰ ਸਬੰਧੀ ਡਿਪਟੀ ਕੌਂਸਲਰ ਆਨੰਦ ਕ੍ਰਿਸ਼ਨਨ ਸ਼ਾਮਲ ਸਨ।

Comments are closed.

COMING SOON .....


Scroll To Top
11