Monday , 20 January 2020
Breaking News
You are here: Home » EDITORIALS » ਮੁੱਖ ਮੰਤਰੀ ਪੰਜਾਬ ਦੀ ਚੰਗੀ ਪਹਿਲ

ਮੁੱਖ ਮੰਤਰੀ ਪੰਜਾਬ ਦੀ ਚੰਗੀ ਪਹਿਲ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਔਰਤਾਂ ਦੀ ਸੁਰੱਖਿਆ ਲਈ ਦਿਖਾਈ ਗਈ ਫਿਕਰਮੰਦੀ ਬੇਹੱਦ ਸ਼ਲਾਘਾਯੋਗ ਹੈ। ਦੇਸ਼ ਭਰ ਵਿੱਚੋਂ ਉਹ ਪਹਿਲੇ ਮੁੱਖ ਮੰਤਰੀ ਹਨ ਜਿਨ੍ਹਾਂ ਨੇ ਔਰਤਾਂ ਨੂੰ ਰਾਤ ਸਮੇਂ ਸੁਰੱਖਿਅਤ ਘਰਾਂ ਵਿੱਚ ਪਹੁੰਚਾਉਣ ਦੀ ਜ਼ਿੰਮੇਵਾਰੀ ਲਈ ਹੈ। ਮੁੱਖ ਮੰਤਰੀ ਵੱਲੋਂ ਦਿੱਤੇ ਗਏ ਆਦੇਸ਼ਾਂ ਮੁਤਾਬਿਕ ਪੰਜਾਬ ਪੁਲਿਸ ਰਾਤ 9 ਵਜੇ ਤੋਂ ਸਵੇਰੇ 6 ਵਜੇ ਦਰਮਿਆਨ ਔਰਤਾਂ ਨੂੰ ਘਰ ਜਾਣ ਲਈ ਢੁੱਕਵਾਂ ਸਾਧਨ ਨਾ ਮਿਲਣ ਦੀ ਸੂਰਤ ਵਿੱਚ ਉਨ੍ਹਾਂ ਨੂੰ ਸੁਰੱਖਿਅਤ ਘਰ ਪਹੁੰਚਾਉਣ ਲਈ ਮੁਫਤ ਸਹਾਇਤਾ ਪ੍ਰਦਾਨ ਕਰੇਗੀ। ਸੂਬਾ ਭਰ ਵਿੱਚ ਇਹ ਸਹੂਲਤ 100, 112 ਅਤੇ 181 ਨੰਬਰ ‘ਤੇ ਉਪਲੱਬਧ ਹੋਵੇਗੀ ਜਿਨ੍ਹਾਂ ਰਾਹੀਂ ਸੰਪਰਕ ਕਰਨ ਵਾਲੀ ਮਹਿਲਾ ਤੁਰੰਤ ਪੁਲੀਸ ਕੰਟਰੋਲ ਰੂਮ (ਪੀ.ਸੀ.ਆਰ.) ਨਾਲ ਜੁੜ ਜਾਵੇਗੀ। ਮੁੱਖ ਮੰਤਰੀ ਸਾਹਿਬ ਨੇ ਇਸ ਸਬੰਧੀ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਸ਼੍ਰੀ ਦਿਨਕਰ ਗੁਪਤਾ ਨੂੰ ਆਖਿਆ ਹੈ ਕਿ ਉਹ ਇਹ ਸੁਵਿਧਾ ਸੂਬੇ ਭਰ ਵਿੱਚ ਲਾਗੂ ਕਰਨ ਨੂੰ ਯਕੀਨੀ ਬਣਾਉਣ। ਘਰ ਛੱਡਣ ਦੀ ਸਹੂਲਤ ਉਨ੍ਹਾਂ ਔਰਤਾਂ ਨੂੰ ਹਾਸਲ ਹੋਵੇਗੀ ਜਿਨ੍ਹਾਂ ਦੀ ਟੈਕਸੀ ਜਾਂ ਥ੍ਰੀ-ਵ੍ਹੀਲਰ ਵਰਗੇ ਸੁਰੱਖਿਅਤ ਵਾਹਨ ਤੱਕ ਪਹੁੰਚ ਨਾ ਹੋਵੇ। ਔਰਤ ਵਿੱਚ ਸੁਰੱਖਿਆ ਦੀ ਭਾਵਨਾ ਵਜੋਂ ਮੁੱਖ ਮੰਤਰੀ ਨੇ ਇਹ ਹੁਕਮ ਦਿੱਤੇ ਕਿ ਆਵਾਜਾਈ ਦੌਰਾਨ ਸਬੰਧਤ ਔਰਤ ਨਾਲ ਘੱਟੋ-ਘੱਟ ਇਕ ਮਹਿਲਾ ਪੁਲਿਸ ਅਫ਼ਸਰ ਜ਼ਰੂਰ ਹੋਵੇਗੀ। ਸੂਬੇ ਵਿੱਚ ਮੁਹਾਲੀ, ਪਟਿਆਲਾ, ਲੁਧਿਆਣਾ, ਅੰਮ੍ਰਿਤਸਰ, ਜਲੰਧਰ ਅਤੇ ਬਠਿੰਡਾ ਸਮੇਤ ਹੋਰ ਵੱਡੇ ਸ਼ਹਿਰਾਂ ਵਿੱਚ ਪੁਲੀਸ ਹੈੱਡਕੁਆਰਟਰਾਂ ‘ਤੇ ਸਮਰਪਿਤ ਪੀ.ਸੀ.ਆਰ. ਵਾਹਨ ਮੌਜੂਦ ਹੋਣਗੇ। ਹਰੇਕ ਜ਼ਿਲ੍ਹੇ ਵਿੱਚ ਇਸ ਸਕੀਮ ਨੂੰ ਅਮਲ ਵਿੱਚ ਲਿਆਉਂਣ ਲਈ ਡੀ.ਐਸ.ਪੀ./ ਏ.ਸੀ.ਪੀ. (ਔਰਤਾਂ ਵਿਰੁੱਧ ਅਪਰਾਧ ਵਿੰਗ) ਨੋਡਲ ਅਫ਼ਸਰ ਵਜੋਂ ਤਾਇਨਾਤ ਕੀਤੇ ਜਾ ਰਹੇ ਹਨ। ਇਨ੍ਹਾਂ ਮਹਿਲਾ ਪੁਲਿਸ ਅਫ਼ਸਰਾਂ ਦੇ ਸੰਪਰਕ ਨੰਬਰ ਪੰਜਾਬ ਸਰਕਾਰ ਅਤੇ ਪੰਜਾਬ ਪੁਲੀਸ ਵੈੱਬਸਾਈਟਾਂ ‘ਤੇ ਉਪਲਬਧ ਕਰਵਾਏ ਜਾਣਗੇ। ਮੁੱਖ ਮੰਤਰੀ ਦੀ ਇਹ ਪਹਿਲ ਬਹੁਤ ਹੀ ਸ਼ਲਾਘਾਯੋਗ ਹੈ। ਮੌਜੂਦਾ ਹਾਲਾਤਾਂ ਵਿੱਚ ਰਾਤ ਸਮੇਂ ਔਰਤਾਂ ਨੂੰ ਸੁਰੱਖਿਆ ਦੇਣਾ ਅਤੇ ਸੁਰੱਖਿਅਤ ਉਨ੍ਹਾਂ ਦੇ ਘਰ ਤੱਕ ਪਹੁੰਚਾਉਣਾ ਇਕ ਵੱਡੀ ਜ਼ਿੰਮੇਵਾਰੀ ਹੈ। ਪੰਜਾਬ ਸਰਕਾਰ ਨੇ ਇਸ ਸਬੰਧੀ ਆਪਣੇ ਫਰਜ਼ਾਂ ਨੂੰ ਪਹਿਚਾਣਦੇ ਹੋਏ ਢੁੱਕਵਾਂ ਕਦਮ ਚੁੱਕਿਆ ਹੈ ਜਿਸ ਦੀ ਪ੍ਰਸ਼ੰਸਾ ਹੋਣੀ ਚਾਹੀਦੀ ਹੈ।
– ਬਲਜੀਤ ਸਿੰਘ ਬਰਾੜ

Comments are closed.

COMING SOON .....


Scroll To Top
11