Monday , 19 August 2019
Breaking News
You are here: Home » PUNJAB NEWS » ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਚੋਣ ਲੜ ਰਹੇ ਉਮੀਦਵਾਰਾਂ ਨੂੰ ਆਦਰਸ਼ ਚੋਣ ਜ਼ਾਬਤੇ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ

ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਚੋਣ ਲੜ ਰਹੇ ਉਮੀਦਵਾਰਾਂ ਨੂੰ ਆਦਰਸ਼ ਚੋਣ ਜ਼ਾਬਤੇ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ

ਰਾਜਨੀਤਕ ਪਾਰਟੀਆਂ ਅਤੇ ਉਮੀਦਵਾਰ ਸੁਰੱਖਿਆ ਬਲਾਂ ਦੀਆਂ ਗਤੀਵਿਧੀਆਂ ਦੀ ਵਰਤੋਂ ਚੋਣ ਪ੍ਰਚਾਰ ਲਈ ਨਾ ਕਰਨ
ਚੰਡੀਗੜ – ਮੁੱਖ ਚੋਣ ਅਫ਼ਸਰ ਡਾ. ਐਸ.ਕਰੁਣਾ ਰਾਜੂ ਵੱਲੋਂ ਚੋਣ ਲੜ ਰਹੇ ਉਮੀਦਵਾਰਾਂ ਨੂੰ ਆਦਰਸ਼ ਚੋਣ ਜ਼ਾਬਤੇ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।ਡਾ. ਰਾਜੂ ਨੇ ਰਾਜਨੀਤਕ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਆਦਰਸ਼ ਚੋਣ ਜ਼ਾਬਤੇ ਅਨੁਸਾਰ ਚੋਣ ਪ੍ਰਚਾਰ ਦੌਰਾਨ ਉੱਚ ਮਿਆਰੀ ਮਾਪਦੰਡਾਂ ਦੀ ਪਾਲਣਾ ਜਰੂਰ ਕੀਤੀ ਜਾਵੇ।ਉਨਾਂ ਕਿਹਾ ਕਿ ਵੱਖ-ਵੱਖ ਸਮੇਂ ਤੇ ਜਾਰੀ ਹਦਾਇਤਾਂ ਅਨੁਸਾਰ ਕੋਈ ਵੀ ਰਾਜਨੀਤਕ ਪਾਰਟੀ ਜਾਂ ਉਮੀਦਵਾਰ ਧਾਰਮਿਕ ਸਥਾਨ ਦੀ ਵਰਤੋਂ ਚੋਣਾਂ ਨਾਲ ਸਬੰਧਤ ਮਨੋਰਥ ਲਈ ਨਹੀਂ ਕੀਤੀ ਜਾ ਸਕਦੀ। ਧਾਰਮਿਕ ਸਥਾਨਾਂ ਦੀ ਦੁਰਵਰਤੋਂ ਰੋਕਣ ਸਬੰਧੀ ਐਕਟ 1988 ਦੇ ਨੰ. 41 ਆਫ 1988 ਦੇ ਸੈਕਸ਼ਨ 3,5 ਅਤੇ 6 ਧਾਰਮਿਕ ਸਥਾਨਾਂ ਦੀ ਵਰਤੋਂ ਚੋਣ ਮਨੋਰਥ ਲਈ ਕਰਨ ਤੋਂ ਰੋਕਣ ਦੇ ਨਾਲ ਨਾਲ ਇਨਾਂ ਧਾਰਮਿਕ ਸਥਾਨਾਂ ਦੇ ਵਿੱਤੀ ਆਸਾਸਿਆਂ ਦੀ ਵਰਤੋਂ ਚੋਣ ਮਨੋਰਥ ਲਈ ਕਰਨ ਤੋਂ ਵੀ ਰੋਕਦਾ ਹੈ। ਇਸ ਤਹਿਤ ਜੇਕਰ ਕੋਈ ਕਿਸੇ ਖਾਸ ਰਾਜਨੀਤਕ ਵਿਚਾਰਧਾਰਾ ਜਾਂ ਗਤੀਵਿਧੀ ਦੇ ਪ੍ਰਸਾਰ ਲਈ ਧਾਰਮਿਕ ਸਥਾਨ ਦੇ ਵਿੱਤੀ ਆਸਾਸੇ ਦੀ ਵਰਤੋਂ ਕਰਦਾ ਹੈ ਤਾਂ ਪੰਜ ਸਾਲ ਕੈਦ ਸਮੇਤ ਜੁਰਮਾਨਾ ਹੋ ਸਕਦਾ ਹੈ।ਡਾ. ਰਾਜੂ ਨੇ ਕਿਹਾ ਕਿ ਵੋਟਾਂ ਹਾਸਲ ਕਰਨ ਲਈ ਜਾਤ ਜਾਂ ਫਿਰਕੇ ਅਧਾਰਿਤ ਅਪੀਲ ਕਰਨ ਦੀ ਮਨਾਹੀ ਹੈ ਇਸ ਤੋਂ ਇਲਾਵਾ ਗਿਣੀ ਮਿਥੀ ਨੀਤੀ ਤਹਿਤ ਆਪਸੀ ਭਾਈਚਾਰੇ ਨੂੰ ਨੁਕਸਾਨ ਪਹੁੰਚਾਉਣ ਲਈ ਉਕਸਾਉ ਅਤੇ ਭੜਕਾਉ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ, ਭੱਦੀ ਸ਼ਬਦਾਵਲੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਰਾਜਨੀਤਕ ਵਿਰੋਧੀਆਂ ਦੇ ਨਿੱਜੀ ਜੀਵਨ ਅਤੇ ਵਿਹਾਰ ਸਬੰਧੀ ਟਿਪਣੀਆਂ ਜਾਂ ਪੋਸਟਰ ਬੈਨਰਾਂ ਰਾਹੀਂ ਪ੍ਰਚਾਰ ਨਹੀਂ ਕਰਨਾ ਚਾਹੀਦਾ, ਦੁਰਭਾਵਨਾ ਤਹਿਤ ਵੱਖ ਵੱਖ ਫਿਰਕਿਆਂ ਵਿੱਚ ਆਪਸੀ ਨਫ਼ਰਤ ਪੈਦਾ ਕਰਨੀ, ਵੱਖ ਵੱਖ ਰਾਜਨੀਤਕ ਪਾਰਟੀਆਂ, ਜਾਤ, ਧਰਮ, ਫਿਰਕਿਆਂ ਅਤੇ ਹੋਰ ਦੇ ਆਧਾਰ ‘ਤੇ ਵੰਡ ਪਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਂਦੀ। ਇਸ ਤੋਂ ਇਲਾਵਾ ਭਾਸ਼ਾ, ਜਾਤਾਂ, ਧਰਮਾਂ ਅਤੇ ਹੋਰ ਰਾਜਨੀਤਕ ਪਾਰਟੀਆਂ ਬਾਰੇ ਅਜਿਹੀਆਂ ਟਿੱਪਣੀਆਂ ਨਹੀਂ ਕਰਨੀ ਚਾਹੀਦੀ ਹੈ ਜਿਸ ਨਾਲ ਸਥਿਤੀ ਤਣਾਅਪੂਰਨ ਬਣੇ। ਵਿਰੋਧੀ ਰਾਜਨੀਤਕ ਪਾਰਟੀਆਂ ਪ੍ਰਚਾਰ ਦੌਰਾਨ ਦੂਸਰੀ ਪਾਰਟੀ ਦੀ ਨੀਤੀ ਅਤੇ ਪ੍ਰੋਗਰਾਮਾਂ ਅਤੇ ਬੀਤੇ ਵਿੱਚ ਕੀਤੇ ਗਏ ਕੰਮਾਂ ਸਬੰਧੀ ਆਪਣੇ ਵਿਚਾਰ ਪ੍ਰਗਟਾ ਸਕਦੀਆਂ ਹਨ ਪ੍ਰੰਤੂ ਪਾਰਟੀਆਂ ਅਤੇ ਉਮੀਦਵਾਰ ਕਿਸੇ ਵੀ ਆਗੁ ਜਾਂ ਪਾਰਟੀ ਵਰਕਰ ਦੀ ਨਿੱਜੀ ਜ਼ਿੰਦਗੀ ਜਿਸਦਾ ਸਬੰਧ ਜਨਤਕ ਗਤੀਵਿਧਿਆਂ ਨਾਲ ਨਹੀਂ ਹੈ ਉਸ ਬਾਰੇ ਪ੍ਰਚਾਰ ਕਰਨ ਤੋਂ ਗੁਰੇਜ ਕਰਨ। ਇਸ ਤੋਂ ਇਲਾਵਾ ਰਾਜਨੀਤਕ ਪਾਰਟੀਆਂ ਅਤੇ ਉਨਾਂ ਦੇ ਵਰਕਰ ਇਕ ਦੂਜੇ ਖਿਲਾਫ਼ ਅਜਿਹੇ ਦੋਸ਼ ਜਿਨਾਂ ਦੀ ਪੁਸ਼ਟੀ ਨਾ ਹੋਈ ਹੋਵੇ, ਲਗਾਉਣ ਤੋਂ ਗੁਰੇਜ ਕਰਨ।ਮੁੱਖ ਚੋਣ ਅਫ਼ਸਰ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਬੀਤੇ ਸਮੇਂ ਵਿੱਚ ਸਾਰੀਆਂ ਰਾਜਨੀਤਕ ਪਾਰਟੀਆਂ/ਉਮੀਦਵਾਰਾਂ ਨੂੰ ਕਿਸੇ ਵੀ ਕਿਸਮ ਦੇ ਰਾਜਨੀਤਕ ਪ੍ਰਚਾਰ ਸਬੰਧੀ ਗਤੀਵਿਧੀਆਂ ਲਈ ਸੁਰੱਖਿਆ ਬਲਾਂ ਦੀ ਵਰਤੋਂ ਨਾ ਕਰਨ ਹਿੱਤ ਸਲਾਹ ਜਾਰੀ ਕੀਤੀ ਹੈ।ਉਨਾਂ ਕਿਹਾ ਕਿ ਕਮਿਸ਼ਨ ਵੱਲੋਂ 9.3.2019 ਨੂੰ ਇੱਕ ਪੱਤਰ ਰਾਹੀਂ ਜਨਰਲ ਅਡਵਾਈਜ਼ਰੀ ਕੀਤੀ ਸੀ, ਜਿਸ ਅਨੁਸਾਰ ਰਾਜਨੀਤਕ ਪਾਰਟੀਆਂ/ਉਮੀਦਵਾਰਾਂ ਵੱਲੋਂ ਕਿਸੇ ਇਸ਼ਤਿਹਾਰ ਵਿੱਚ ਸੁਰੱਖਿਆ ਅਧਿਕਾਰੀ ਦੀ ਫੋਟੋ ਜਾਂ ਸੁਰੱਖਿਆ ਅਧਿਕਾਰੀ ਸਬੰਧੀ ਸਮਾਰੋਹ ਦੀ ਫੋਟੋ ਲਗਾਉਣ ਤੋਂ ਮਨਾਹੀ ਦੇ ਨਾਲ ਹੀ ਹੁਣ ਰਾਜਨੀਤਕ ਪਾਰਟੀਆਂ/ਉਮੀਦਵਾਰ ਨੂੰ ਇਹ ਵੀ ਸਲਾਹ ਦਿੱਤੀ ਹੈ ਕਿ ਉਹ ਆਪਣੇ ਚੋਣ ਪ੍ਰਚਾਰ ਜਾਂ ਚੋਣ ਮੁਹਿੰਮ ਦੌਰਾਨ ਸੁਰੱਖਿਆ ਬਲਾਂ ਨਾਲ ਸਬੰਧਤ ਕਿਸੇ ਵੀ ਗਤੀਵਿਧੀ ਨੂੰ ਵਰਤਣ ਤੋਂ ਗੁਰੇਜ਼ ਕਰਨ। ਮੁੱਖ ਚੋਣ ਅਫ਼ਸਰ ਨੇ ਕਿਹਾ ਕਿ ਲੋਕ ਪ੍ਰਤੀਨਿੱਧ ਐਕਟ 1951 ਦੀ ਧਾਰਾ 123 ਦੀ ਮੱਦ 3, 3ਏ ਅਤੇ 3ਬੀ ਅਨੁਸਾਰ ਜੇਕਰ ਕੋਈ ਉਮੀਦਵਾਰ ਜਾਂ ਉਸਦਾ ਏਜੰਟ ਜਾਂ ਕੋਈ ਅਜਿਹਾ ਵਿਅਕਤੀ ਜਿਸਨੂੰ ਉਮੀਦਵਾਰ ਜਾਂ ਏਜੰਟ ਵੱਲੋਂ ਪ੍ਰਵਾਨਗੀ ਦਿੱਤੀ ਹੋਵੇ ਵੱਲੋਂ ਕਿਸੇ ਨੂੰ ਧਰਮ, ਨਸਲ, ਜਾਤ, ਭਾਈਚਾਰਾ ਜਾਂ ਭਾਸ਼ਾ, ਧਾਰਮਿਕ ਚਿੰਨ ਜਾਂ ਕੌਮੀ ਚਿੰਨ ਜਿਵੇਂ ਕਿ ਕੌਮੀਂ ਝੰਡਾ ਜਾਂ ਕੌਮੀਂ ਚਿੰਨ ਦੀ ਵਰਤੋਂ ਕਿਸੇ ਦੇ ਹੱਕ ਵਿੱਚ ਵੋਟ ਪਾਉਣ ਜਾਂ ਨਾ ਪਾਉਣ ਲਈ ਅਤੇ ਚੋਣ ਪ੍ਰਕ੍ਰਿਆ ਨੂੰ ਪ੍ਰਭਾਵਿਤ ਕਰਨ ਲਈ ਨਹੀਂ ਕੀਤੀ ਜਾ ਸਕਦੀ।ਉਨਾਂ ਪੰਜਾਬ ਰਾਜ ਦੇ ਸਮੂਹ ਰਿਟਰਨਿੰਗ ਅਫ਼ਸਰਾਂ ਅਤੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਕਿ ਉਹ ਉਮੀਦਵਾਰਾਂ ਨੂੰ ਆਦਰਸ਼ ਚੋਣ ਜ਼ਾਬਤੇ ਦੀਆਂ ਹਦਾਇਤਾਂ ਸਬੰਧੀ ਜਾਣੂ ਕਰਵਾ ਦੇਣ ਅਤੇ ਜੇਕਰ ਕੋਈ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁਧ ਤੁਰੰਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।ਡਾ. ਰਾਜੂ ਨੇ ਪੰਜਾਬ ਰਾਜ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਜੇਕਰ ਕਿਤੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਹੁੰਦੀ ਵੇਖਦੇ ਹਾਂ ਤਾਂ ਇਸ ਸਬੰਧੀ ਸੀਵਿਜਲ ਐਪ ਜਾਂ ਹੈਲਪਲਾਈਨ ਨੰ. 1950 ‘ਤੇ ਸ਼ਿਕਾਇਤ ਦਰਜ਼ ਕਰਵਾ ਸਕਦੇ ਹਨ।

Comments are closed.

COMING SOON .....


Scroll To Top
11