Monday , 17 June 2019
Breaking News
You are here: Home » Editororial Page » ਮੁਸ਼ਕਿਲ ਹੈ ਸਬਰ ਬਿਨਾਂ ਰੱਜਣਾਂ

ਮੁਸ਼ਕਿਲ ਹੈ ਸਬਰ ਬਿਨਾਂ ਰੱਜਣਾਂ

ਹਰ ਮਨੁੱਖ ਰੋਜ਼ਾਨਾ ਆਪਣੇ ਪਰਿਵਾਰ ਲਈ ਕੁੱਝ ਨਾ ਕੁੱਝ ਕਮਾਉਣ ਦੀ ਕੋਸ਼ਿਸ਼ ਜਰੂਰ ਕਰਦਾ ਹੈ। ਕੋਈ ਸਰਕਾਰੀ ਦਫਤਰ ਜਾਂਦਾ ਹੈ, ਕੋਈ ਨਿੱਜੀ ਅਦਾਰੇ ’ਚ ਨੌਕਰੀ ਕਰ ਕੇ ਆਪਣਾ ਪਰਿਵਾਰ ਪਾਲ਼ਦਾ ਹੈ, ਕਿਸੇ ਕੋਲ਼ ਉਚਾ ਅਹੁਦਾ ਹੈ ਅਤੇ ਕੋਈ ਝਾੜੂ ਪੋਚੇ ਲਾ ਕੇ ਆਪਣੀ ਪਰਿਵਾਰਿਕ ਜਿੰਦਗੀ ਬਸਰ ਕਰਦਾ ਹੈ। ਹਰ ਇਨਸਾਨ ਦਾ ਇੱਕੋ ਇੱਕ ਮਨੋਰੱਥ ਆਪਣੇ ਪਰਿਵਾਰ ਲਈ ਕਮਾਉਣਾ ਹੈ। ਅਰਬਾਂ ਖਰਬਾਂ ਦੀਆਂ ਜਾਇਦਾਦਾ ਵਾਲੇ ਵੀ ਇਸੇ ਚੱਕਰ ’ਚ ਹਨ ਕਿ ਆਪਣੇ ਲਈ ਅਤੇ ਪਰਿਵਾਰ ਲਈ ਵੱਧ ਤੋਂ ਵੱਧ ਧਨ ਇਕੱਠਾ ਕੀਤਾ ਜਾਵੇ। ਇੱਕ ਮਜ਼ਦੂਰੀ ਕਰਨ ਵਾਲੇ ਦਾ ਵੀ ਇਹੀ ਯਤਨ ਹੁੰਦਾ ਹੈ ਕਿ ਕੀਤੇ ਪਰਿਵਾਰ ਭੁੱਖਾ ਨਾ ਸੌਂ ਜਾਵੇ ਇਸ ਲਈ ਕੁੱਝ ਕਮਾ ਲਿਆ ਜਾਵੇ। ਖਾਣਾਂ ਖਾਣ ਸਮੇਂ ਛੱਤੀ ਪ੍ਰਕਾਰ ਦੇ ਭੋਜਨ ਖਾਣ ਵਾਲਾ ਵੀ ਢਿੱਡ ਦੀ ਭੁੱਖ ਮਿਟਾਉਂਦਾ ਹੈ ਅਤੇ ਦੋ ਵਕਤ ਦੀ ਰੋਟੀ ਦਾ ਜੁਗਾੜ ਕਰਨ ਵਾਲਾ ਵੀ ਕੋਸ਼ਿਸ਼ ਕਰਦਾ ਹੈ ਕਿ ਘੱਟੋ ਘੱਟ ਦੋ ਵਕਤ ਜੇ ਰੱਜਵਾਂ ਨਹੀਂ ਤਾਂ ਗੁਜ਼ਾਰੇ ਜੋਗਾ ਭੋਜਨ ਜਰੂਰ ਮਿਲ ਜਾਵੇ।
ਸਵੇਰੇ ਘਰੋਂ ਤੁਰਿਆ ਬੰਦਾ ਕਈ ਤਰਾਂ ਦੀਆਂ ਸੋਚਾਂ ਮਨ ’ਚ ਲੈ ਕੇ ਤੁਰਦਾ ਹੈ। ਕੋਈ ਸੋਚਦਾ ਹੈ ਕਿ ਗੁਜ਼ਾਰਾ ਚਲਦਾ ਰਹੇ ਬਹੁਤ ਹੈ, ਕਿਸੇ ਦਾ ਵਿਚਾਰ ਹੁੰਦਾ ਹੈ ਜਿੰਨਾ ਕਮਾ ਲਿਆ ਜਾਵੇ ਥੋੜਾ ਹੈ ਅਤੇ ਕੋਈ ਹਰ ਹੀਲਾ ਵਰਤ ਕੇ ਪੈਸਾ ਕਮਾਉਣ ਦੀ ਗੱਲ ਕਰਦਾ ਹੈ। ਕਿਸੇ ਦਾ ਵਿਚਾਰ ਹੈ ਕਿ ਨੈਤਿਕ ਕਦਰਾਂ ਕੀਮਤਾਂ ਨੂੰ ਛਿੱਕੇ ਟੰਗ ਕੇ ਜੇਕਰ ਧਨ ਕਮਾਇਆ ਜਾਵੇ ਤਾਂ ਮਾੜਾ ਨਹੀ, ਕੋਈ ਇਸ ਗੱਲ ਨੂੰ ਤਰਜੀਹ ਦਿੰਦਾ ਹੈ ਕਿ ਕਿਸੇ ਦਾ ਗਲ਼ ਘੁੱਟ ਕੇ ਕਮਾਇਆ ਧਨ ਵਫਾ ਨਹੀਂ ਕਰਦਾ ਅਤੇ ਕੋਈ ਕਹਿੰਦਾ ਹੈ ਇਸ ਜਗਤ ’ਚ ਪੈਸਾ ਹੀ ਸਭ ਕੁੱਝ ਹੈ ਇਸ ਲਈ ਜਿਵੇਂ ਵੀ ਹੋ ਸਕੇ ਇਸ ਨੂੰ ਕਮਾਓ। ਇਹ ਸਭ ਉਹ ਵਿਚਾਰ ਹਨ ਜੋ ਜੁਗਾਂ ਤੋਂ ਇਨਸਾਨ ਨੂੰ ਘੇਰਦੇ ਆਏ ਹਨ ਅਤੇ ਇਨਸਾਨ ਇਹਨਾਂ ਵਿਚਾਰਾਂ ਦਵਾਰਾ ਅਕਸਰ ਘਿਰਦਾ ਆਇਆ ਹੈ।
ਇੱਕ ਗੱਲ ਬਿਲਕੁੱਲ ਸਾਫ ਹੈ ਕਿ ਜੇਕਰ ਮਨ ਦੀ ਭੁੱਖ ਤ੍ਰਿਪਤ ਹੋ ਜਾਵੇ ਤਾਂ ਸਮਝੋ ਇਨਸਾਨ ਨੇ ਸਭ ਕੁੱਝ ਪਾ ਲਿਆ ਪਰ ਇਸ ਅੱਜ ਦੇ ਇਸ ਦੌਰ ’ਚ ਅਜਿਹਾ ਸੋਚਣਾ ਵੀ ਨਦਾਰਦ ਹੈ। ਸਬਰ, ਸੰਤੋਖ ਦੀ ਉਪਮਾ ਕਰਦੇ ਹੋਏ ਤਮਾਮ ਪਵਿੱਤਰ ਗ੍ਰੰਥ ਇਸ ਨੂੰ ਸਰਵਸ਼੍ਰੇਸ਼ਠ ਮੰਨਦੇ ਹਨ। ਸਬਰ ਦੀ ਤਾਕਤ ਅੱਗੇ ਦੁਨੀਆਂ ਦੇ ਸਭ ਪਦਾਰਥ ਫਿੱਕੇ ਪੈ ਜਾਂਦੇ ਹਨ। ਰੱਜੇ ਮਨ ਦਾ ਮਾਲਕ ਆਪਣੀ ਭੁੱਖ ਨੂੰ ਆਪਣੇ ’ਤੇ ਹਾਵੀ ਨਹੀਂ ਹੋਣ ਦਿੰਦਾ। ਕਈ ਵਾਰੀ ਉਚੇ ਅਹੁਦਿਆਂ ’ਤੇ ਬੈਠੇ ਲੋਕ ਗਲਤ ਤਰੀਕੇ ਨਾਲ ਪੈਸਾ ਕਮਾਉਂਦੇ ਦੇਖੇ ਹਨ। ਮੋਟੀਆਂ ਤਨਖਾਹਾਂ ਲੈਣ ਨਾਲ ਵੀ ਜੇਕਰ ਮਨ ਨਹੀਂ ਰੱਜਿਆ ਫਿਰ ਅਜਿਹੇ ਮਨ ਦੀ ਭੁੱਖ ਨੂੰ ਪੂਰਨਾ ਬੇਹੱਦ ਮੁਸ਼ਕਿਲ ਹੈ। ਪੈਸੇ ਪੱਖੋਂ ਕਮਜੋਰ ਇਨਸਾਨ ਆਪਣੇ ਪਰਿਵਾਰ ਨੂੰ ਪਾਲਣ ਲਈ ਸਬਰ ਨਾਲ ਮਿਹਨਤ ਕਰਦਾ ਹੈ ਬੇਸ਼ੱਕ ਇਸ ਕਮਾਈ ਨਾਲ ਉਸਦਾ ਗੁਜ਼ਾਰਾ ਮੁਸ਼ਕਿਲ ਨਾਲ ਚਲਦਾ ਹੋਵੇ ਪਰ ਉਸਦੀ ਕਮਾਈ ਵਿੱਚ ਬਰਕਤ ਅਤੇ ਪਰਿਵਾਰ ਵਿੱਚ ਖੁਸ਼ੀ ਪੱਕੇ ਡੇਰੇ ਲਾ ਕੇ ਬੈਠ ਜਾਂਦੀ ਹੈ ਜੋ ਉੇਥੋਂ ਹਿਲਾਇਆਂ ਵੀ ਨਹੀਂ ਹਿਲਦੀ। ਅੱਜ ਜਿਸ ਪਰਿਵਾਰ ’ਚ ਇਹ ਦੋਨੋ ਚੀਜਾਂ ਹਨ ਉਹ ਕਿਸੇ ਸਵਰਗ ਨਾਲੋਂ ਘੱਟ ਨਹੀਂ।
ਸਬਰ ਦੇ ਟੁੱਟਦੇ ਬੰਨ ਕਾਰਨ ਵੱਡੇ ਵੱਡੇ ਪਰਿਵਾਰਾਂ ’ਚ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਹੁੰਦੇ ਝਗੜੇ ਪਰਿਵਾਰਿਕ ਜਿੰਦਗੀ ਨੂੰ ਨਰਕ ਬਣਾ ਦਿੰਦੇ ਹਨ। ਪੈਸਾ ਕਮਾਉਣ ਦੀ ਲਾਲਸਾ ਇਨਸਾਨ ਨੂੰ ਬੱਚਿਆਂ ਵੱਲ ਵੀ ਧਿਆਨ ਨਹੀਂ ਦੇਣ ਦਿੰਦੀ ਜੋ ਕਿ ਆਉਣ ਵਾਲੀਆਂ ਪੁਸ਼ਤਾਂ ਦੇ ਖਾਤਮੇ ਦਾ ਕਾਰਨ ਬਣਦਾ ਹੈ। ਇਹ ਸਭ ਦਾ ਮੂਲ ਕਾਰਨ ਸਬਰ ਦਾ ਟੁੱਟਣਾਂ ਹੈ। ਰਾਜਭਾਗ ਚਲਾ ਰਹੇ ਇੱਕ ਰਾਜੇ ਨੇ ਹੁਕਮ ਦੇ ਦਿੱਤਾ ਕਿ ਲੋਕਾਂ ਨੂੰ ਧਨ ਵੰਡ ਦਿੱਤਾ ਜਾਵੇ। ਲੋਕ ਵਹੀਰਾਂ ਘੱਤ ਕੇ ਰਾਜੇ ਦੇ ਦਰਬਾਰ ਪਹੁੰਚਣ ਲੱਗੇ। ਲੰਬੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਜਿਸ ਨੂੰ ਧਨ ਮਿਲਦਾ ਜਾਂਦਾ ਉਹ ਘਰ ਨੂੰ ਚਲਿਆ ਜਾਂਦਾ। ਰਾਜੇ ਦੀ ਨਜ਼ਰ ਇੱਕ ਫਕੀਰ ’ਤੇ ਪਈ ਜੋ ਆਪਣੇ ਵਾਰੀ ਆਉਣ ’ਤੇ ਆਪਣੇ ਤੋਂ ਪਿੱਛੇ ਖੜੇ ਨੂੰ ਅੱਗੇ ਕਰ ਦਿੰਦਾ ਸੀ। ਸ਼ਾਮ ਤੱਕ ਉਹ ਫਕੀਰ ਇਸੇ ਤਰਾਂ ਕਰਦਾ ਰਿਹਾ ਅਤੇ ਰਾਜਾ ਉਸ ਨੂੰ ਦੇਖਦਾ ਰਿਹਾ। ਅੰਤ ਰਾਜੇ ਨੂੰ ਗੁੱਸਾ ਆ ਗਿਆ ਅਤੇ ਉੇਸਨੇ ਫਕੀਰ ਨੂੰ ਆਪਣੀ ਵਾਰੀ ਹੋਰਾਂ ਨੂੰ ਦੇਣ ਦਾ ਕਾਰਨ ਪੁੱਛਿਆ। ਫਕੀਰ ਨੇ ਜਵਾਬ ਦਿੰਦੇ ਹੋਏ ਦੱਸਿਆ ਕਿ ਉਸ ਕੋਲ ਲੋਕਾਂ ਨੂੰ ਦੇਣ ਲਈ ਧਨ ਨਹੀਂ ਸਿਰਫ ਆਪਣੀ ਵਾਰੀ ਹੈ ਇਸ ਕਰਕੇ ਜਿਵੇਂ ਤੁਸੀ ਲੋਕਾਂ ਨੂੰ ਧਨ ਦੇ ਰਹੇ ਹੋ ਮੈਂ ਉਹਨਾਂ ਨੂੰ ਆਪਣੀ ਵਾਰੀ ਦੇ ਕੇ ਆਪਣਾ ਫਰਜ਼ ਨਿਭਾ ਰਿਹਾ ਹਾਂ। ਇਹ ਸੁਣ ਕੇ ਰਾਜਾ ਸੁੰਨ ਹੋ ਗਿਆ ਅਤੇ ਖਾਲੀ ਹੱਥ ਫਕੀਰ ਦਾ ਸੰਜਮ ਅਤੇ ਸਬਰ ਦੇਖ ਕੇ ਰਾਜਾ ਸੋਚਣ ਲੱਗ ਗਿਆ।
ਇਹ ਸਬਰ ਹੀ ਹੈ ਜਿਸ ਨਾਲ ਸੰਸਾਰ ਦੀ ਵੱਡੀ ਤੋਂ ਵੱਡੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਮਨ ਦੇ ਭੁੱਖੇ ਕੋਲ ਤਾਂ ਕੋਈ ਪ੍ਰਾਪਤੀ ਵੀ ਨੇੜੇ ਆਉਣ ਤੋਂ ਡਰਦੀ ਹੈ। ਸਬਰ ਤੋਂ ਬਿਨਾਂ ਸਭ ਕੁੱਝ ਵਿਅਰਥ ਅਤੇ ਬੇਮਾਇਨੇ ਹੈ। ਇਹ ਸਬਰ ਦੀ ਤਾਕਤ ਹੀ ਸੀ ਜਿਸ ਸਦਕਾ ਸਰਵਸ਼ਕਤੀਮਾਨ ਗਰੂੁ ਸਾਹਿਬਾਨ ਤੱਤੀਆਂ ਤੱਵੀਆਂ ’ਤੇ ਬੈਠ ਗਏ। ਆਪਣੀ ਤਾਕਤ ਨਾਲ ਉਹ ਕੁੱਝ ਵੀ ਕਰ ਸਕਦੇ ਸਨ ਪਰ ਨਿਮਰ ਹੋ ਕੇ ਅਤੇ ਪ੍ਰਮਾਤਮਾ ਦੇ ਭਾਣੇ ’ਚ ਰਹਿ ਕੇ ਜ਼ੁਲਮ ਦਾ ਕੀਤਾ ਟਾਕਰਾ ਜਿਊਂਦੀ ਮਨੁੱਖਤਾ ਲਈ ਇੱਕ ਮਿਸਾਲ ਬਣ ਗਿਆ। ਅੱਜ ਇਹ ਹਾਲਾਤ ਹੋ ਗਏ ਹਨ ਕਿ ਕੁੱਝ ਪੈਸੇ ਕਮਾਉਣ ਲਈ ਇਨਸਾਨ ਆਪਣਾਂ ਸਭ ਕੁੱਝ ਦਾਅ ’ਤੇ ਲਾਉਣ ਲਈ ਤਿਆਰ ਹੈ। ਆਉਣ ਵਾਲੀਆਂ ਸੱਤ ਪੁਸ਼ਤਾਂ ਲਈ ਪੈਸਾ ਜੋੜ ਕੇ ਬੈਠਾ ਅਜੋਕਾ ਇਨਸਾਨ ਹੋਰ ਪੈਸਾ ਕਮਾਉਣ ਦੀਆਂ ਜੁਗਤਾਂ ਲੜਾਉਂਦਾ ਹੈ।
ਜੇਕਰ ਗੌਰ ਕੀਤਾ ਜਾਵੇ ਤਾਂ ਲੋੜ ਜਿੰਨਾ ਕਮਾਇਆ ਪੈਸਾ ਆਤਮਿਕ ਸ਼ਾਂਤੀ ਨੂੰ ਬਰਕਰਾਰ ਰੱਖਣ ਲਈ ਕਾਫੀ ਹੈ ਉਸ ਤੋਂ ਬਾਅਦ ਤਾਂ ਸਿਰਫ ਲੋਭ ਲਾਲਚ ਹੀ ਰਹਿ ਜਾਂਦਾ ਹੈ ਜਿਸਦੀ ਪੂਰਤੀ ਕਰ ਪਾਉਣਾਂ ਸਭੰਵ ਨਹੀਂ। ਆਪਣੀ ਆਤਮਿਕ ਆਵਾਜ਼ ਨੂੰ ਸਮਝਦੇ ਹੋਏ ਇਨਸਾਨ ਨੂੰ ਅਜਿਹੇ ਸਬਰ ਦਾ ਧਾਰਨੀ ਬਨਣਾ ਚਾਹੀਦਾ ਹੈ ਜਿਸ ਨਾਲ ਉਸਦੀਆਂ ਬੁਨਿਆਦੀ ਲੋੜਾਂ ਵੀ ਪੂਰੀਆਂ ਹੁੰਦੀਆਂ ਰਹਿਣ ਅਤੇ ਤਨ ਮਨ ਦੀ ਸ਼ਾਤੀ ਵੀ ਬਰਕਰਾਰ ਰਹੇ। ਗਲਤ ਤਰੀਕਿਆਂ ਨਾਲ ਕੀਤੀ ਕਮਾਈ ਤੋਂ ਪਾਸਾ ਵੱਟਿਆ ਜਾਵੇ ਅਤੇ ਗੁਰੂ ਸਾਹਿਬਾਨਾਂ ਵਲੋਂ ਦਰਸਾਏ ਮਾਰਗ ’ਤੇ ਚਲਦੇ ਹੋਏ ਇੱਕ ਸਵਰਗ ਰੂਪੀ ਨਿਜਾਮ ਦਾ ਪਸਾਰਾ ਕੀਤਾ ਜਾਵੇ। ਕਲਯੁੱਗ ਦੇ ਇਸ ਦੌਰ ’ਚ ਬੇਸ਼ੱਕ ਇਹ ਸਭ ਕਰਨਾ ਮੁਸ਼ਕਿਲ ਹੈ ਪਰ ਨਾਮੁਮਕਿਨ ਕੁੱਝ ਵੀ ਨਹੀਂ। ਚੰਗੇ ਵਿਚਾਰ ਅਪਣਾ ਕੇ ਅਤੇ ਸਬਰ ਦੀ ਤਾਕਤ ਦੇ ਧਾਰਕ ਬਣ ਕੇ ਇਹ ਸਭ ਆਸਾਨੀ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ।

Comments are closed.

COMING SOON .....


Scroll To Top
11