ਪੰਜਾਬ ਵਿੱਚ ਮਿਲਾਵਟੀ ਤੇ ਨਕਲੀ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਦੀ ਵਿਕਰੀ ਬਹੁਤ ਖਤਰਨਾਕ ਮੌੜ ’ਤੇ ਪਹੁੰਚ ਗਈ ਹੈ। ਹਰ ਛੋਟੇ-ਵੱਡੇ ਸ਼ਹਿਰ ਵਿੱਚ ਨਕਲੀ ਦੁੱਧ, ਘਿਓ, ਪਨੀਰ, ਦਹੀ ਅਤੇ ਹੋਰ ਪਦਾਰਥ ਖੁਲ੍ਹੇਆਮ ਵੇਚੇ ਜਾ ਰਹੇ ਹਨ। ਇਸ ਕਾਲੇ ਕਾਰੋਬਾਰ ਵਿੱਚ ਲੱਗੇ ਮਾਫੀਆ ਨੂੰ ਕੋਈ ਖੌਫ ਨਹੀਂ ਹੈ। ਸਰਕਾਰੀ ਵਿਭਾਗ ਸੁੱਤੇ ਪਏ ਹਨ। ਵਿਭਾਗਾਂ ਕੋਲ ਅਮਲੇ ਦੀ ਕਮੀ ਹੈ। ਭ੍ਰਿਸ਼ਟਾਚਾਰ ਦੇ ਚਲਦਿਆਂ ਇਹ ਕਾਲਾ ਕਾਰੋਬਾਰ ਦਿਨੋ-ਦਿਨ ਵਧਦਾ ਫੁੱਲਦਾ ਜਾ ਰਿਹਾ ਹੈ। ਇਸ ਨਾਲ ਪੰਜਾਬੀਆਂ ਦੀ ਸਿਹਤ ਨੂੰ ਵੱਡਾ ਖਤਰਾ ਪੈਦਾ ਹੋ ਗਿਆ ਹੈ। ਨਸ਼ਿਆਂ ਦੀ ਮਾਰ ਝੱਲ ਰਹੇ ਪੰਜਾਬ ’ਚ ਖਾਣ-ਪੀਣ ਦੀਆਂ ਨਕਲੀ ਅਤੇ ਮਿਲਾਵਜੀ ਚੀਜ਼ਾਂ ਵਸਤਾਂ ਜਾਨ ਦਾ ਖੌਅ ਬਣਦੀਆਂ ਹਨ। ਪੰਜਾਬ ਵਿੱਚ ਪਿਛਲੇ ਕੁਝ ਸਮੇਂ ਤੋਂ ਨਕਲੀ ਦੁੱਧ ਅਤੇ ਦੁੱਧ ਪਦਾਰਥਾਂ ਖਿਲਾਫ ਛੇੜੀ ਗਈ ਮੁਹਿੰਮ ਦੌਰਾਨ ਬਹੁਤ ਹੀ ਸਨਸਨੀਖੇਜ਼ ਤੱਥ ਸਾਹਮਣੇ ਆ ਰਹੇ ਹਨ। ਕੁਇੰਟਲਾਂ ਦੇ ਹਿਸਾਬ ਨਾਲ ਨਕਲੀ ਅਤੇ ਮਿਲਾਵਟੀ ਦੁੱਧ, ਪਨੀਰ, ਘਿਓ ਅਤੇ ਦਹੀ ਆਦਿ ਫੜੇ ਜਾ ਰਹੇ ਹਨ। ਇਹ ਨਕਲੀ ਅਤੇ ਮਿਲਾਵਟੀ ਪਦਾਰਥ ਬਕਾਇਦਾ ਫੈਕਟਰੀਆਂ ਵਿੱਚ ਤਿਆਰ ਹੋ ਰਹੇ ਹਨ ਅਤੇ ਆਮ ਦੁਕਾਨਾਂ ਉਪਰ ਵੇਚੇ ਜਾ ਰਹੇ ਹਨ। ਇਹ ਨਕਲੀ ਅਤੇ ਮਿਲਾਵਟੀ ਪਦਾਰਥ ਤਿਆਰ ਕਰਨ ਸਮੇਂ ਬਹੁਤ ਮਾਰੂ ਰਸਾਇਣਾਂ ਦਾ ਇਸਤੇਮਾਲ ਹੋ ਰਿਹਾ ਹੈ। ਸਿਹਤ ਵਿਭਾਗ ਵਲੋਂ ਲੁਧਿਆਣਾ ਵਿਚ 10 ਕੁਇੰਟਲ ਦੁੱਧ ਬਰਾਮਦ ਕੀਤਾ ਗਿਆ। ਇਸ ਜ਼ਹਿਰੀਲੇ ਦੁੱਧ ਨੂੰ ਸੁਰੱਖਿਅਤ ਰੱਖਣ ਲਈ ਡੇਅਰੀ ਮਾਲਕ/ਦੋਧੀ ਵੱਲੋਂ ਹਾਈਡਰੋਜਨ ਪੈਰਾਆਕਸਾਈਡ ਦੀ ਵਰਤੋਂ ਕੀਤੀ ਗਈ ਸੀ। ਮਨੁੱਖੀ ਸਿਹਤ ਲਈ ਇਹ ਬਹੁਤ ਹੀ ਖਤਰਨਾਕ ਇਹ ਰਸਾਇਣ ਹਸਪਤਾਲਾਂ ਵਿਚ ਮਰੀਜ਼ਾਂ ਦੇ ਜ਼ਖਮ ਸਾਫ਼ ਕਰਨ ਲਈ ਵਰਤਿਆ ਜਾਂਦਾ ਹੈ। ਹੋਰ ਤਾਂ ਹੋਰ ਪੰਜਾਬ ਵਿੱਚ ਮਿਲ ਰਹੇ ਦੁੱਧ ਦਾ ਮਿਆਰ ਵੀ ਸਹੀ ਨਹੀਂ ਹੈ। ਡਾਕਟਰਾਂ ਮੁਤਾਬਿਕ ਪੰਜਾਬ ਵਿੱਚ ਵੇਚੇ ਜਾ ਰਹੇ ਦੁੱਧ ਵਿੱਚ ਖੁਰਾਕੀ ਤੱਤਾਂ ਦੀ ਕਮੀ ਹੈ। ਇਸ ਕਾਰਨ ਮਰੀਜ਼ਾਂ ਨੂੰ ਕੈਲਸ਼ੀਅਮ ਲਈ ਦਵਾਈਆਂ ਖਾਣੀਆਂ ਪੈਂਦੀਆਂ ਹਨ। ਦੋਧੀ ਅਤੇ ਪਸ਼ੂ ਪਾਲਕ ਮੱਝਾਂ, ਗਾਵਾਂ ਦਾ ਦੁੱਧ ਚੋਣ ਲਈ ਕਈ ਤਰ੍ਹਾਂ ਦੇ ਰਸਾਇਣਾਂ ਅਤੇ ਆਕਸੀਟੋਸਿਨ ਟੀਕਿਆਂ ਦੀ ਵਰਤੋਂ ਵੀ ਕਰ ਰਹੇ ਹਨ। ਇਸ ਤਰ੍ਹਾਂ ਚੋਇਆ ਗਿਆ ਦੁੱਧ ਮਨੁੱਖੀ ਸਿਹਤ ਲਈ ਹੋਰ ਵੀ ਮਾੜਾ ਹੈ। ਨਕਲੀ ਅਤੇ ਮਿਲਾਵਟੀ ਪਦਾਰਥਾਂ ਕਾਰਨ ਪੰਜਾਬ ਵਿੱਚ ਮਾਰੂ ਬਿਮਾਰੀਆਂ ਫੈਲ ਰਹੀਆਂ ਹਨ। ਇਹ ਦੁੱਖ ਦੀ ਗੱਲ ਹੈ ਕਿ ਇਸ ਮੁੱਦੇ ’ਤੇ ਸਰਕਾਰੀ ਵਿਭਾਗਾਂ ਦੀ ਕਾਰਗੁਜ਼ਾਰੀ ਪੂਰੀ ਤਰ੍ਹਾਂ ਢਿੱਲੀ ਹੈ। ਲੋਕਾਂ ਨੂੰ ਮਿਲਾਵਟਖੋਰਾਂ ਅਤੇ ਮਾਫੀਆ ਦੇ ਹਵਾਲੇ ਕਰ ਦਿੱਤਾ ਗਿਆ ਹੈ। ਖਾਣ-ਪੀਣ ਦੇ ਸ਼ੁੱਧ ਪਦਾਰਥਾਂ ਦੀ ਉਪਲੱਬਧਤਾ ਮੁਸ਼ਕਿਲ ਹੋਈ ਪਈ ਹੈ। ਲੋਕਾਂ ਨੂੰ ਚਾਹੀਦਾ ਹੈ ਕਿ ਉਹ ਇਸ ਸਬੰਧ ਵਿੱਚ ਖੁਦ ਅੱਗੇ ਆਉਣ। ਚੰਗਾ ਹੋਵੇਗਾ ਜੇਕਰ ਖਾਣ-ਪੀਣ ਦੇ ਨਕਲੀ ਅਤੇ ਮਿਲਾਵਟੀ ਪਦਾਰਥਾਂ ਦੀ ਜਾਂਚ ਲਈ ਮੁਹੱਲਾ ਪੱਧਰ ’ਤੇ ਨਿੱਜੀ ਪ੍ਰਬੰਧ ਕੀਤੇ ਜਾਣ। ਇਸ ਦੇ ਨਾਲ ਹੀ ਸਰਕਾਰ ਉਪਰ ਦਬਾਅ ਬਣਾਇਆ ਜਾਵੇ ਕਿ ਮਿਲਾਵਟਖੋਰਾਂ ਅਤੇ ਨਕਲੀ ਪਦਾਰਥ ਵੇਚਣ ਵਾਲਿਆਂ ਲਈ ਮੌਤ ਦੀ ਸਜ਼ਾ ਦਾ ਕਾਨੂੰਨੀ ਪ੍ਰਬੰਧ ਕੀਤਾ ਜਾਵੇ।
– ਬਲਜੀਤ ਸਿੰਘ ਬਰਾੜ