Friday , 24 May 2019
Breaking News
You are here: Home » BUSINESS NEWS » ਮਾਹਮਦਪੁਰ ’ਚ ਪਾਈਪ ਲਾਈਨ ਪਾਏ ਜਾਣ ਦਾ ਮਾਮਲਾ ਭਖਿਆ

ਮਾਹਮਦਪੁਰ ’ਚ ਪਾਈਪ ਲਾਈਨ ਪਾਏ ਜਾਣ ਦਾ ਮਾਮਲਾ ਭਖਿਆ

ਵਿਰੋਧ ਕਰ ਰਹੀ ਧਿਰ ਦੀ ਇੱਕ ਲੜਕੀ ਸਮੇਤ ਦੋ ਨੇ ਦਵਾਈ ਪੀਤੀ

ਸ਼ੇਰਪੁਰ, 16 ਜੁਲਾਈ (ਧੀਰਜ ਗੋਇਲ)- ਮਾਹਮਦਪੁਰ ਵਿਖੇ ਪਾਈਪ ਲਾਈਨ ਪਾਏ ਜਾਣ ਦਾ ਮਾਮਲਾ ਉਸ ਸਮੇਂ ਭਖ ਗਿਆ ਜਦੋਂ ਅਧਿਕਾਰੀਆਂ ਦੀ ਹਾਜ਼ਰੀ ’ਚ ਪਾਈਪ ਲਾਈਨ ਦਾ ਵਿਰੋਧ ਕਰ ਰਹੇ ਸਰਪੰਚ ਵਿਰੋਧੀ ਧੜ੍ਹੇ ਨੇ ਦਵਾਈ ਪੀਣ ਦੇ ਯਤਨ ਸ਼ੁਰੂ ਕਰ ਦਿੱਤੇ। ਇਸ ਘਟਨਾਕ੍ਰਮ ਨੂੰ ਵੇਖਦਿਆਂ ਹੀ ਪੁਲੀਸ ਨੂੰ ਸਖ਼ਤੀ ਵਰਤਣੀ ਪਈ। ਜਾਣਕਾਰੀ ਅਨੁਸਾਰ ਪਿੰਡ ਮਾਹਮਦਪੁਰ ਦੇ ਬੜੀ ਵਾਲੇ ਰੋਡ ’ਤੇ ਪਾਈਪ ਲਾਈਨ ਪਾਏ ਜਾਣ ਨੂੰ ਲੈ ਕੇ ਪਿਛਲੇ ਸਮੇਂ ਤੋਂ ਤਣਾਓ ਚਲਦਾ ਆ ਰਿਹਾ ਹੈ ਜਿਸ ਤਹਿਤ ਸਰਪੰਚ ਸੂਰਜ ਭਾਨ ਤੇ ਉਸਦੇ ਸਮਰਥਕਾਂ ਵੱਲੋਂ ਪਾਈਪ ਲਾਈਨ ਦੇ ਪਾਣੀ ਨੂੰ ਪਿੰਡ ਦੀ ਇੱਕ ਬੈਂਕ ਨਾਲ ਲਗਦੇ ਪੰਚਾਇਤੀ ਥਾਂ ਵਿੱਚ ਪਾਉਣ ਦੀ ਸਮੁੱਚੀ ਕਾਨੂੰਨੀ ਪ੍ਰਕਿਰਿਆ ਪੂਰੀ ਕੀਤੀ ਗਈ ਸੀ। ਇਸ ਪਾਈਪ ਲਾਈਨ ਦੇ ਵਿਰੋਧ ਵਿੱਚ ਪਿਛਲੇ ਦਿਨਾਂ ਤੋਂ ਸਰਪੰਚ ਵਿਰੋਧੀ ਧੜ੍ਹਾ ਨਾਇਬ ਸਿੰਘ, ਸੁਰਜੀਤ ਸਿੰਘ, ਮਨਜੀਤ ਸਿੰਘ, ਮਨਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਜਸਵੀਰ ਸਿੰਘ ਹੁਰਾਂ ਦੀ ਅਗਵਾਈ ਹੇਠ ਧਰਨਾ ਦੇ ਕੇ ਮੰਗ ਕੀਤੀ ਜਾ ਰਹੀ ਸੀ ਕਿ ਪਾਈਪ ਲਾਈਨ ਵਿੱਚ ਤਿੰਨ ਖਾਸ਼ ਘਰਾਂ ਤੋਂ ਇਲਾਵਾ ਹੋਰਨਾ ਦਾ ਪਾਣੀ ਪਾਇਆ ਜਾਵੇ ਅਤੇ ਇਸ ਲਾਈਨ ਨੂੰ ਬੈਂਕ ਨਾਲ ਲਗਦੀ ਪੰਚਾਇਤੀ ਜਗ੍ਹਾ ਵਿੱਚ ਪਾਉਣ ਦੀ ਥਾਂ ਪਿੰਡ ’ਚ ਪਾਏ ਸੀਵਰੇਜ ਵਾਲੀ ਪਾਈਪ ਲਾਈਨ ਨਾਲ ਜੋੜਿਆ ਜਾਵੇ। ਇਸ ਮਾਮਲੇ ਵਿੱਚ ਅੱਜ ਡਿਊਟੀ ਮਜਿਸਟਰੇਟ ਕਰਮਜੀਤ ਸਿੰਘ, ਬੀਡੀਪੀਓ ਜੁਗਰਾਜ ਸਿੰਘ, ਐਸਐਚਓ ਹੀਰਾ ਸਿੰਘ ਪੁੱਜੇ ਜਿੰਨ੍ਹਾਂ ਨੇ ਪਾਈਪ ਲਾਈਨ ਕੱਢਣ ਦੀ ਕੋਸ਼ਿਸ਼ ਸੁਰੂ ਕੀਤੀ ਤਾਂ ਦੋਵੇਂ ਧਿਰਾਂ ਵਿੱਚ ਤਣਾਓ ਦੇ ਮੱਦੇਨਜ਼ਰ ਮੌਕੇ ’ਤੇ ਐਸਐਚਓ ਸਦਰ ਧੂਰੀ ਹਰਵਿੰਦਰ ਖਹਿਰਾ, ਐਸਐਚਓ ਸਿਟੀ ਧੂਰੀ ਬਲਜਿੰਦਰ ਸਿੰਘ ਪੰਨੂੰ ਪੁਲੀਸ ਫੋਰਸ ਸਮੇਤ ਪੁੱਜੇ। ਇਸ ਮੌਕੇ ਸਿਵਲ ਪ੍ਰਸ਼ਾਸ਼ਨ ਤੇ ਪੁਲੀਸ ਮਾਮਲੇ ਨੂੰ ਸੁਲਝਾਉਣ ਲਈ ਬਾਅਦ ਦੁਪਹਿਰ ਤੱਕ ਯਤਨ ਕਰਦੀ ਰਹੀ ਪਰ ਮਾਮਲਾ ਤਣਪੱਤਣ ਨਾ ਲੱਗਿਆ ਜਿਸ ਕਰਕੇ ਬਾਅਦ ਦੁਪਹਿਰ ਜਦੋਂ ਸਰਪੰਚ ਸੂਰਜਭਾਨ ਦੇ ਸਮਰਥਕਾਂ ਨੇ ਮਗਨਰੇਗਾ ਮਜ਼ਦੂਰਾਂ ਨੂੰ ਲਗਾਕੇ ਪਾਈਪ ਲਾਈਨ ਦਾ ਕੰਮ ਸ਼ੁਰੂ ਕਰਵਾਇਆ ਤਾਂ ਵਿਰੋਧੀ ਧਿਰ ਨੇ ਇਸਨੂੰ ਧੱਕੇਸ਼ਾਹੀ ਗਰਦਾਨਦਿਆਂ ਇੱਕ ਵਿਆਕਤੀ ਨਾਇਬ ਸਿੰਘ ਨੇ ਦਵਾਈ ਪੀ ਲਈ ਜਿਸਦੇ ਪਰਿਵਾਰਕ ਮੈਂਬਰਾਂ ਨੇ ਰੌਲਾ ਪਾਇਆ ਤਾਂ ਪੁਲੀਸ ਨੇ ਨਾਇਬ ਸਿੰਘ ਤੇ ਉਸਦੇ ਪੁੱਤਰ ਨੂੰ ਚੁੱਕਕੇ ਹਸਪਤਾਲ ਪਹੁੰਚਾਇਆ ਗਿਆ। ਇਸ ਮਗਰੋਂ ਸਬੰਧਤ ਅਧਿਕਾਰੀਆਂ ਨੇ ਮਗਨਰੇਗਾ ਦਾ ਕੰਮ ਬੰਦ ਕਰਵਾ ਦਿੱਤਾ ਅਤੇ ਸੁਰਜੀਤ ਸਿੰਘ, ਚੰਦ ਸਿੰਘ, ਮਨਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਜਸਵੀਰ ਸਿੰਘ ਆਦਿ ਨੂੰ ਪੁਲੀਸ ਮੌਕੇ ’ਤੇ ਚੁੱਕ ਕੇ ਲੈ ਗਈ। ਸਰਪੰਚ ਸੂਰਜਭਾਨ ਦਾ ਦਾਅਵਾ ਹੈ ਕਿ ਉਹ ਸਰਕਾਰੀ ਕੰਮ ਕਾਨੂੰਨੀ ਪ੍ਰਕਿਰਿਆ ਦੇ ਅਧੀਨ ਕਰਵਾ ਰਿਹਾ ਹੈ ਜਦੋਂ ਕਿ ਦਵਾਈ ਪੀਣ ਵਾਲੇ ਨਾਇਬ ਸਿੰਘ ਦੀ ਪਤਨੀ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਰਪੰਚ ’ਤੇ ਕਥਿਤ ਧੱਕਾਸ਼ਾਹੀ ਕਰਨ ਦੇ ਗੰਭੀਰ ਦੋਸ਼ ਲਾਏ। ਉਧਰ ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਦਵਾਈ ਪੀਣ ਵਾਲੇ ਨਾਇਬ ਸਿੰਘ ਅਤੇ ਜਸਪ੍ਰੀਤ ਕੌਰ ਨੂੰ ਧੂਰੀ ਹਸਪਤਾਲ ਤੋਂ ਪਟਿਆਲਾ ਲਈ ਰੈਫਰ ਕਰ ਦਿੱਤਾ।

Comments are closed.

COMING SOON .....


Scroll To Top
11