Monday , 23 September 2019
Breaking News
You are here: Home » PUNJAB NEWS » ਮਾਸੂਮ ਦੀ ਜਾਨ ਬਚਾਉਣ ‘ਚ ਅਸਫ਼ਲ ਰਹੀਆਂ ਸਰਕਾਰਾਂ

ਮਾਸੂਮ ਦੀ ਜਾਨ ਬਚਾਉਣ ‘ਚ ਅਸਫ਼ਲ ਰਹੀਆਂ ਸਰਕਾਰਾਂ

ਲੋਕਾਂ ਨੇ ਸੜਕਾਂ ‘ਤੇ ਉਤਰ ਕੇ ਸਰਕਾਰ ਦੀ ਨਲਾਇਕੀ ਖਿਲਾਫ ਜਮ ਕੇ ਨਾਅਰੇਬਾਜ਼ੀ ਕਰਕੇ ਕੱਢੀ ਭੜਾਸ

ਸੁਨਾਮ ਊਧਮ ਸਿੰਘ ਵਾਲਾ, 11 ਜੂਨ- ਇੱਥੋਂ ਨੇੜਲੇ ਪਿੰਡ ਭਗਵਾਨਪੁਰਾ ਵਿਖੇ ਲੰਘੀ 6 ਜੂਨ ਦੀ ਸ਼ਾਮ 4 ਵਜੇ ਤੋਂ ਬੋਰਵੈਲ ਵਿਚ ਡਿੱਗੇ ਛੋਟੇ 2 ਸਾਲ ਦੇ ਬੱਚੇ ਫਤਹਿਵੀਰ ਸਿੰਘ ਦੀ ਜਾਨ ਨੂੰ ਬਚਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਅਸਫਲ ਹੁੰਦੇ ਹੋਏ ਆਖਿਰ ਮਾਂ ਦੇ ਇਸ ਲਾਡਲੇ ਬੇਟੇ ਨੂੰ ਸਰਕਾਰਾਂ ਅਤੇ ਪ੍ਰਸ਼ਾਸਨ ਦੀਆਂ ਬਦਇੰਤਜਾਮੀਆਂ ਸਦਕਾ ਇਸ ਦੁਨੀਂਆਂ ਤੋਂ ਰੁਖਸਤ ਹੋਣਾ ਪਿਆ, ਜਿਸ ਕਾਰਨ ਜਿੱਥੇ ਬੱਚੇ ਦੇ ਪਰਿਵਾਰਕ ਮੈਂਬਰਾਂ ਨੂੰ ਨਾ ਭਰਣਯੋਗ ਇਕ ਵੱਡਾ ਜਖਮ ਮਿਲਿਆ ਹੈ, ਜਿਸ ਦੀ ਚੀਸ ਰਹਿੰਦੀ ਦੁਨੀਆਂ ਤੱਕ ਮਾਂ-ਬਾਪ ਦੇ ਸੀਨੇ ਵਿਚੋਂ ਨਹੀਂ ਜਾ ਸਕਦੀ, ਉਥੇ ਹੀ ਇਲਾਕੇ ਭਰ ਦੇ ਲੋਕਾਂ ਵਿਚ ਵੀ ਭਾਰੀ ਸੋਗ ਦੀ ਲਹਿਰ ਹੈ। ਜਿਕਰਯੋਗ ਹੈ ਕਿ ਇਹ ਨੰਨ੍ਹਾਂ ਬੱਚਾ ਫਤਹਿਵੀਰ ਸਿੰਘ ਆਪਣੇ ਘਰ ਦੇ ਅੱਗੇ ਖੇਡਦਾ-ਖੇਡਦਾ ਇਕ ਬੋਰਵੈਲ ਵਿਚ ਗਿਰ ਗਿਆ ਸੀ, ਜਿਸ ਤੋਂ ਬਾਅਦ ਪਰਿਵਾਰ ਦੇ ਰੌਲਾ ਪਾਉਣ ਤੋਂ ਬਾਅਦ ਉਥੇ ਲੋਕਾਂ ਦੀ ਮਦਦ ਨਾਲ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੌਕੇ ‘ਤੇ ਬੁਲਾਇਆ ਗਿਆ, ਜਿੱਥੇ ਕਿ ਸ਼ਾਮ ਢੱਲਦੇ ਬੋਰ ਵਿਚ ਗਿਰੇ ਬੱਚੇ ਨੂੰ ਕੱਢਣ ਦੀ ਪ੍ਰਕ੍ਰਿਆ ਸ਼ੁਰੂ ਹੋ ਗਈ ਸੀ, ਪਰੰਤੂ ਹਰ ਇਕ ਕੋਸ਼ਿਸ਼ ਪ੍ਰਸ਼ਾਸਨ ਦੀ ਅਸਫਲ ਹੁੰਦੀ ਗਈ, ਜਿਸ ਵਿਚ ਬੱਚੇ ਤੱਕ ਪਹੁੰਚਣ ਲਈ ਕਈ ਤਰ੍ਹਾਂ ਦੇ ਪਲਾਨ ਤਿਆਰ ਕਰਕੇ ਐਨ.ਡੀ.ਆਰ.ਐਫ. ਅਤੇ ਹੋਰ ਲੋਕਲ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਲਗਾਤਾਰ ਦਿਨ-ਰਾਤ ਕੰਮ ਕੀਤਾ ਗਿਆ, ਪਰ ਬੱਚੇ ਨੂੰ ਕੱਢਣ ਵਿਚ ਪ੍ਰਸ਼ਾਸਨ ਅਸਫਲਤਾ ਹੀ ਹੱਥ ਲੱਗੀ। ਆਖਿਰ ਅੱਜ 11 ਜੂਨ ਨੂੰ ਸਵੇਰੇ ਲਗਭਗ 5 ਵਜੇ ਇਸ ਬੱਚੇ ਨੂੰ ਬੋਰਵੈਲ ਵਿਚੋਂ ਬਾਹਰ ਕੱਢਿਆ ਗਿਆ ਅਤੇ ਉਸ ਨੂੰ ਬੜੀ ਤੇਜੀ ਨਾਲ ਉਥੋਂ ਕੱਢ ਕੇ ਐਂਬੂਲੈਂਸ ਰਾਹੀਂ ਪੀ.ਜੀ.ਆਈ. ਚੰਡੀਗੜ੍ਹ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਫਤਹਿਵੀਰ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰਦੇ ਹੋਏ ਪੋਸਟਮਾਰਟਮ ਕਰਵਾ ਕੇ ਬੱਚੇ ਦੀ ਲਾਸ਼ ਨੂੰ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਗਿਆ, ਜਿੱਥੇ ਕਿ ਪਰਿਵਾਰਕ ਮੈਂਬਰਾਂ ਨੇ ਆਪਣੇ ਜੱਦੀ ਪਿੰਡ ਸ਼ੇਰੋਂ ਦੀ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਬੱਚੇ ਦੇ ਡਿੱਗਣ ਤੋਂ ਲੈ ਕੇ ਕੱਢਣ ਤੱਕ ਦੇ ਵਾਪਰੇ ਇਸ ਘਟਨਾਕ੍ਰਮ ਨੇ ਸਾਡੇ ਦੇਸ਼ ਦੀ ਰਾਜਨੀਤਕ ਪ੍ਰਣਾਲੀ ਅਤੇ ਪ੍ਰਸ਼ਾਸਨਿਕ ਪ੍ਰਣਾਲੀ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ, ਜਿੱਥੇ ਕਿ ਸੌ-ਸਵਾ ਸੌ ਫੁੱਟ ਤੱਕ ਪਹੁੰਚ ਕੇ ਕਿਸੇ ਕੀਮਤੀ ਜਾਨ ਨੂੰ ਬਚਾਉਣ ਦੇ ਕੋਈ ਸਾਧਨ ਨਹੀਂ ਹਨ। ਦੇਸ਼ ਅਤੇ ਵਿਦੇਸ਼
ਵਿਚ ਬੈਠੇ ਇਸ ਬੱਚੇ ਫਤਹਿਵੀਰ ਸਿੰਘ ਦੇ ਘਟਨਾਕ੍ਰਮ ਨਾਲ ਜੁੜੇ ਲੋਕ ਇਹ ਮਹਿਸੂਸ ਕਰ ਰਹੇ ਹਨ ਕਿ ਸਾਡੇ ਦੇਸ਼ ਦੀਆਂ ਸਰਕਾਰਾਂ ਸਾਡੀ ਅਤੇ ਸਾਡੇ ਬੱਚਿਆਂ ਦੀ ਰਾਖੀ ਕਰਨ ਤੋਂ ਅਸਮਰਥ ਹੋ ਗਈਆਂ ਹਨ। ਸਰਕਾਰਾਂ ਕੋਲ ਸਿਰਫ ਮੂਰਤੀਆਂ ਅਤੇ ਬੇਲੋੜੀਆਂ ਚੀਜਾਂ ਬਣਾਉਣ ਲਈ ਕਰੋੜਾਂ-ਅਰਬਾਂ ਰੁਪਏ ਖਰਚ ਸਕਦੀਆਂ ਹਨ, ਪਰ ਲੋਕਾਂ ਦੀ ਜਾਨ-ਮਾਲ ਦੀ ਹਿਫਾਜਤ ਲਈ ਕੁਝ ਨਹੀਂ ਕਰ ਸਕਦੀਆਂ। ਇਸ ਲਈ ਸਾਨੂੰ ਇਨ੍ਹਾਂ ਸਰਕਾਰਾਂ ਦੇ ਭਰੋਸੇ ਨਹੀਂ ਰਹਿਣਾ ਚਾਹੀਦਾ। ਫਤਹਿਵੀਰ ਸਿੰਘ ਦੀ ਇਸ ਦਰਦਨਾਕ ਮੌਤ ਨੇ ਲੋਕਾਂ ਦੇ ਮਨਾਂ ‘ਤੇ ਭਾਰੀ ਸੱਟ ਮਾਰੀ ਹੈ, ਜਿਸ ਨੂੰ ਸ਼ਾਇਦ ਭੁਲਾਉਣ ਵਿਚ ਬੜਾ ਸਮਾਂ ਲੱਗ ਜਾਵੇਗਾ। ਸਰਕਾਰਾਂ ਦੀ ਇਸ ਨਲਾਇਕੀ ਤੋਂ ਲੋਕਾਂ ਨੂੰ ਇਹ ਵੀ ਡਰ ਹੈ ਕਿ ਕਿਤੇ ਹੋਰ ਕਿਸੇ ਮਾਂ ਦਾ ਫਤਹਿਵੀਰ ਇਸ ਤਰ੍ਹਾਂ ਦੀ ਸਰਕਾਰ ਦੀ ਬੇਰੁਖੀ ਦਾ ਸ਼ਿਕਾਰ ਹੋ ਕੇ ਇਸ ਦੁਨੀਆਂ ਤੋਂ ਨਾ ਚਲਾ ਜਾਵੇ। ਦੂਜੇ ਪਾਸੇ ਫਤਹਿਵੀਰ ਦੀ ਦੁੱਖਦਾਈ ਮੌਤ ਤੋਂ ਬਾਅਦ ਸੁਨਾਮ ਅਤੇ ਨਾਲ ਲੱਗਦੇ ਹੋਰ ਸ਼ਹਿਰਾਂ-ਕਸਬਿਆਂ ਸਮੇਤ ਸੰਗਰੂਰ ਸ਼ਹਿਰ ਵਿਚ ਵੀ ਧਰਨੇ ਪ੍ਰਦਰਸ਼ਨ ਕਰਕੇ ਸਰਕਾਰਾਂ ਦੀ ਇਸ ਨਲਾਇਕੀ ਖਿਲਾਫ ਜਮ ਕੇ ਨਾਹਰੇਬਾਜੀ ਕਰਕੇ ਜਗ੍ਹਾ-ਜਗ੍ਹਾ ਜਾਮ ਲਗਾ ਦਿੱਤੇ ਗਏ। ਸੁਨਾਮ ਵਿਖੇ ਸਥਾਨਕ ਆਈ.ਟੀ.ਆਈ. ਚੌਂਕ ਵਿਖੇ ਸਵੇਰ ਤੋਂ ਹੀ ਲਗਾਤਾਰ ਧਰਨਾ ਪ੍ਰਦਰਸ਼ਨ ਜਾਰੀ ਹੈ, ਜੋ ਕਿ ਖਬਰ ਲਿਖੇ ਜਾਣ ਤੱਕ ਹਾਲੇ ਵੀ ਲੋਕ ਸੜਕਾਂ ‘ਤੇ ਬੈਠ ਕੇ ਨਾਹਰੇਬਾਜੀ ਕਰ ਰਹੇ ਸਨ। ਪ੍ਰਸ਼ਾਸਨ ਵੱਲੋਂ ਪੰਜਾਬ ਪੁਲਿਸ ਅਤੇ ਹੋਰ ਪੈਰਾ ਮਿਲਟਰੀ ਫੋਰਸ ਤੈਨਾਤ ਕਰਕੇ ਹਾਲਾਤਾਂ ਨਾਲ ਨਜਿੱਠਣ ਦੇ ਪੁਖਤਾ ਇੰਤਜਾਮ ਕੀਤੇ ਗਏ ਅਤੇ ਸ਼ਹਿਰ ਵਿਚ ਕਈ ਜਗ੍ਹਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਤੈਨਾਤ ਵੀ ਕੀਤਾ ਗਿਆ। ਬੱਚੇ ਫਤਹਿਵੀਰ ਦੇ ਦਾਦਾ ਜੀ ਅਤੇ ਉਨ੍ਹਾਂ ਦੇ ਪਿਤਾ ਵੱਲੋਂ ਲੋਕਾਂ ਨੂੰ ਸ਼ਾਂਤ ਰਹਿਣ ਦੀ ਵੀਡਿਓ ਅਤੇ ਆਡਿਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਦਾ ਰੋਹ ਕੁਝ ਸ਼ਾਂਤ ਹੁੰਦਾ ਦਿਖਾਈ ਦਿੱਤਾ, ਪਰ ਲੋਕਾਂ ਦੇ ਦਿਲਾਂ ਵਿਚੋਂ ਸਰਕਾਰ ਪ੍ਰਤੀ ਗੁੱਸਾ ਜਾਂਦਾ ਨਜਰ ਨਹੀਂ ਆ ਰਿਹਾ। ਕਿਉਂਕਿ ਦੋ ਸਾਲ ਦੇ ਇਕ ਮਾਸੂਮ ਬੱਚੇ ਨੂੰ ਬਚਾਉਣ ਵਿਚ ਸਰਕਾਰ ਬੁਰੀ ਤਰ੍ਹਾਂ ਫੇਲ ਹੋਈ ਹੈ। ਇਸ ਲਈ ਸਰਕਾਰ ਨੂੰ ਆਉਣ ਵਾਲੇ ਸਮੇਂ ਏ.ਸੀ. ਬੰਗਲਿਆਂ ਅਤੇ ਦਫਤਰਾਂ ਵਿਚੋਂ ਬਾਹਰ ਨਿਕਲ ਕੇ ਲੋਕਾਂ ਦੇ ਇਨ੍ਹਾਂ ਮੁਸ਼ਕਲਾਤਾਂ ਨੂੰ ਹੱਲ ਕਰਨ ਲਈ ਅੱਗੇ ਆਉਣਾ ਪਵੇਗਾ, ਨਹੀਂ ਤਾਂ ਪੰਜਾਬ ਦੇ ਲੋਕ ਇਨ੍ਹਾਂ ਰਾਜਨੀਤਕ ਲੀਡਰਾਂ ਨੂੰ ਆਪਣੇ ਪਿੰਡਾਂ ਅਤੇ ਸ਼ਹਿਰਾਂ ਵਿਚ ਵੜਣ ਨਹੀਂ ਦੇਣਗੇ।

Comments are closed.

COMING SOON .....


Scroll To Top
11