Monday , 17 June 2019
Breaking News
You are here: Home » PUNJAB NEWS » ਮਾਲੇਰਕੋਟਲਾ-ਧੂਰੀ ਸੜਕ ‘ਤੇ ਭਿਆਨਕ ਹਾਦਸੇ ‘ਚ 2 ਵਿਦਿਆਰਥਣਾਂ ਦੀ ਮੌਤ, 6 ਜ਼ਖਮੀ

ਮਾਲੇਰਕੋਟਲਾ-ਧੂਰੀ ਸੜਕ ‘ਤੇ ਭਿਆਨਕ ਹਾਦਸੇ ‘ਚ 2 ਵਿਦਿਆਰਥਣਾਂ ਦੀ ਮੌਤ, 6 ਜ਼ਖਮੀ

ਮਾਲੇਰਕੋਟਲਾ, 28 ਅਗਸਤ (ਜਗਦੇਵ ਰੰਚਨਾ, ਰਾਕੇਸ਼ ਸ਼ਰਮਾ)-ਸਥਾਨਕ ਮਾਲੇਰਕੋਟਲਾ-ਧੂਰੀ ਮੁੱਖ ਸੜਕ ‘ਤੇ ਪਿੰਡ ਭੈਣੀ ਖੁਰਦ ਨੇੜੇ  ਇੱਕ ਤੇਜ਼ ਰਫਤਾਰ ਕਾਰ ਦੀ ਭਿਆਨਕ ਟੱਕਰ ਨਾਲ ਪਿੰਡ ਬਨਭੋਰੀ ਵਾਸੀ ਚਾਰ ਵਿਦਿਅਰਥਣਾਂ ਸਮੇਤ 6 ਵਿਅਕਤੀ ਫੱਟੜ ਹੋ ਗਏ। ਫੱਟੜਾਂ ਵਿਚੋਂ ਇੱਕ ਵਿਦਿਆਰਥਣ ਕ੍ਰਿਸ਼ਨਾ ਦੇਵੀ ਪੁੱਤਰੀ ਹਰਕਮਲ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਇੱਕ ਹੋਰ ਵਿਦਿਆਰਥਣ ਅਰਸ਼ਦੀਪ ਕੌਰ ਦੀ ਬਾਅਦ ਵਿੱਚ ਮੌਤ ਹੋ ਗਈ। ਬਾਕੀ ਦੋ ਹੋਰ ਵਿਦਿਆਰਥਣਾ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ।
caraccident
ਫੱਟੜਾਂ ਵਿੱਚ ਮਾਸਟਰ ਗੁਰਵਿੰਦਰ ਸਿੰਘ ਬੱਬੂ, ਉਸ ਦੀ ਬੇਟੀ ਹਰਮਨ ਕੌਰ, ਮਨਪ੍ਰੀਤ ਕੌਰ ਪੁੱਤਰੀ ਗੁਰਦੀਪ ਸਿੰਘ (ਸਾਰੇ ਵਾਸੀ ਪਿੰਡ ਬਨਭੌਰੀ) ਕਾਰ ਵਿਚ ਸਵਾਰ ਮੇਜਰ ਸਿੰਘ ਪੁੱਤਰ ਕਰਨੈਲ ਸਿੰਘ ਜਾਖਲ ਰੋਡ ਸੁਨਾਮ ਤੇ ਦਲਜੀਤ ਸਿੰਘ ਸੁਨਾਮ ਸ਼ਾਮਿਲ ਹਨ। ਫੱਟੜਾਂ ਨੂੰ ਤੁਰੰਤ ਸਿਵਲ ਹਸਪਤਾਲ ਮਾਲੇਰਕੋਟਲਾ ਲਿਆਂਦਾ ਗਿਆ ਜਿੱਥੇ ਉਨ੍ਹਾਂ ਦੀ ਨਾਜੁਕ ਹਾਲਤ ਨੂੰ ਦੇਖਦਿਆਂ ਸਾਰਿਆਂ ਨੂੰ ਲੁਧਿਆਣੇ ਰੈਫਰ ਕਰ ਦਿੱਤਾ ਗਿਆ। ਹਾਦਸੇ ਵਿਚ ਫੱਟੜ ਸਾਰੀਆਂ ਵਿਦਿਆਰਥਣਾ ਸਥਾਨਕ ਸਾਹਿਬਜਾਦਾ ਫਤਿਹ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਚ ਸਾਇੰਸ ਗਰੁੱਪ ਦੀਆਂ ਵਿਦਿਆਰਥਣਾ ਸਨ ਅਤੇ ਅੱਜ ਮਾਲੇਰਕੋਟਲਾ ਤੋਂ ਟਿਊਸ਼ਨ ਪੜ੍ਹ ਕੇ ਵਾਪਸ ਪਰਤ ਰਹੀਆਂ ਸਨ। ਮੌਕੇ ‘ਤੇ ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ ਕਰੀਬ 11.00 ਵਜੇ ਮਾਸਟਰ ਗੁਰਵਿੰਦਰ ਸਿੰਘ ਬੱਬੂ ਆਪਣੇ ਮੋਟਰਸਾਇਕਲ ‘ਤੇ ਆਪਣੀਆਂ ਦੋ ਬੇਟੀਆਂ ਅਤੇ ਵਿਦਿਆਰਥਣ ਕ੍ਰਿਸ਼ਨਾ ਦੇਵੀ ਆਪਣੀ ਐਕਟੀਵਾ ‘ਤੇ ਮਨਪ੍ਰੀਤ ਕੌਰ ਨਾਲ ਮਾਲੇਰਕੋਟਲਾ ਤੋਂ ਟਿਊਸ਼ਨ ਪੜ੍ਹ ਕੇ ਆਪਣੇ ਪਿੰਡ ਬਨਭੌਰੀ ਪਰਤ ਰਹੀਆਂ ਸਨ। ਜਿਉਂ ਹੀ ਉਹ ਪਿੰਡ ਸੰਗਾਲਾ ਨੇੜੇ ਦਿਓਲ ਢਾਬੇ ਸਾਹਮਣੇ ਪਿੰਡ ਭੈਣੀ ਦੇ ਮੋੜ ਕੋਲ ਪਹੁੰਚੇ ਤਾਂ ਅੱਗਿਉਂ ਤੇਜ਼ ਰਫਤਾਰ ਆ ਰਹੀ ਮਰੂਤੀ ਜੈਨ ਕਾਰ ਪੀ.ਬੀ.13 ਪੀ. 3883 ਨੇ ਜ਼ੋਰਦਾਰ ਟੱਕਰ ਮਾਰੀ। ਟੱਕਰ ਏਨੀ ਭਿਆਨਕ ਸੀ ਕਿ ਮੋਟਰਸਾਇਕਲ ਤੇ ਐਕਟੀਵਾ ਨੂੰ ਸਵਾਰਾਂ ਸਮੇਤ 100 ਮੀਟਰ ਤੱਕ ਖਿੱਚ ਕੇ ਲੈ ਗਈ ਅਤੇ ਇੱਕ ਵਿਦਿਆਰਥਣ ਨੂੰ ਚੁੱਕ ਕੇ ਸੜਕ ਕਿਨਾਰੇ ਖੜ੍ਹੇ ਦਰਖਤਾਂ ‘ਤੇ 10 ਫੁੱਟ ਉੱਚਾ ਵਗਾਹ ਮਾਰਿਆ। ਚਸ਼ਮਦੀਦ ਲੋਕਾਂ ਮੁਤਾਬਕ ਕਾਰ ਡਰਾਇਵਰ ਮੋਬਾਇਲ ਸੁਣ ਰਿਹਾ ਸੀ ਅਤੇ ਇਹ ਹਾਦਸਾ ਅੱਗੇ ਜਾ ਰਹੀ ਇੱਕ ਗੱਡੀ ਨੂੰ ਓਵਰਟੇਕ ਕਰਨ ਦੀ ਕਾਹਲੀ ਕਾਰਨ ਵਾਪਰਿਆ। ਹਾਦਸੇ ‘ਚ ਮਾਰੀ ਗਈ ਵਿਦਿਆਰਥਣ ਕ੍ਰਿਸ਼ਨਾ ਦੇਵੀ ਦੇ ਦਾਦਾ ਮਾਸਟਰ ਜਸਵੰਤ ਸਿੰਘ ਬਨਭੌਰੀ ਮੁਤਾਬਕ ਉਨ੍ਹਾਂ ਦੀ ਹੋਣਹਾਰ ਪੋਤਰੀ ਨੂੰ ਘਟੀਆ ਆਵਾਜਾਈ ਸਿਸਟਮ ਦੇ ਇੱਕ ਨਾਲਾਇਕ ਡਰਾਇਵਰ ਦੀ ਗਲਤੀ ਨੇ ਖੋਹ ਲਿਆ ਹੈ। ਉਧਰ ਸਾਹਿਬਜਾਦਾ ਫਤਿਹ ਸਿੰਘ ਐਜੂਕੇਸ਼ਨਲ ਟਰੱਸਟ ਮਾਲੇਰਕੋਟਲਾ ਦੇ ਚੇਅਰਮੈਨ ਜਥੇਦਾਰ ਜੈਪਾਲ ਸਿੰਘ ਮੰਡੀਆਂ ਨੇ ਇਸ ਹਾਦਸੇ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮ੍ਰਿਤਕ ਬੱਚੀ ਦੇ ਪਰਿਵਾਰ ਨਾਲ  ਦੁੱਖ ਸਾਂਝਾ ਕੀਤਾ ਹੈ ਅਤੇ ਫੱਟੜ ਵਿਦਿਆਰਥਣਾ ਦੇ ਜਲਦੀ ਤੰਦਰੁਸਤ ਹੋਣ ਦੀ ਕਾਮਨਾ ਕੀਤੀ ਹੈ। ਇਸ ਸਬੰਧੀ  ਡੀ.ਐਸ.ਪੀ.ਅਮਰਗੜ੍ਹ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਇਸ ਹਾਦਸੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ।

Comments are closed.

COMING SOON .....


Scroll To Top
11