Sunday , 5 April 2020
Breaking News
You are here: Home » Editororial Page » ਮਾਤਾ ਭਾਗ ਕੌਰ ਜੀ

ਮਾਤਾ ਭਾਗ ਕੌਰ ਜੀ

ਮਾਈ ਭਾਗੋ ਸਿੱਖ ਇਤਹਾਸ ਵਿੱਚ ਉਚ ਸਥਾਨ ਰੱਖਦੇ ਹਨ। ਆਪ ਨੂੰ ਮਾਈ ਭਾਗੋ ਕਹਿ ਕੇ ਸਤਿਕਾਰ ਦਿੱਤਾ ਜਾਂਦਾ ਹੈ। ਮਾਈ ਭਾਗੋ ਚਾਰ ਭਰਾਵਾਂ ਦੀ ਲਾਡਲੀ ਭੈਣ ਸੀ। ਮਾਈ ਭਾਗੋ ਦਾ ਜਨਮ ਇਤਹਾਸ ਵਿੱਚ ਝਬਾਲ ਵਿੱਚ ਹੋਇਆ ਆਉਂਦਾ ਹੈ। ਝਬਾਲ ਇਲਾਕੇ ਦੇ ਭਾਈ ਪੇਰੋ ਸ਼ਾਹ ਜੀ ਹੋਏ ਹਨ। ਜਿੰਨ੍ਹਾਂ ਦੇ ਦੋ ਪੁੱਤਰ ਮਾਲੇ ਸ਼ਾਹ ਤੇ ਹਰੂ ਜੀ ਹੋਏ।ਅੱਗੇ ਮਾਲੇ ਸ਼ਾਹ ਦੇ ਚਾਰ ਪੁੱਤਰ ਤੇ ਇੱਕ ਧੀ ਹੋਈ, ਜਿਸਦਾ ਇਤਹਾਸ ਵਿੱਚ ਨਾਂਅ ਮਾਈ ਭਾਗੋ ਕਰਕੇ ਆਉਂਦਾ ਹੈ। ਇੰਨ੍ਹਾਂ ਦਾ ਜਨਮ ਸਰਦੇ ਪੁੱਜਦੇ ਘਰ ਹੋਇਆ, ਇਸ ਕਰਕੇ ਸਾਰੇ ਘਰ ਵਾਲੇ ਇੰਨ੍ਹਾਂ ਨੂੰ ‘ਭਾਗਭਰੀ’ ਕਹਿ ਕੇ ਬੁਲਾਉਂਦੇ ਸਨ।ਇੰਨ੍ਹਾਂ ਦੇ ਵੱਡੇ ਵਡੇਰਿਆਂ ਦਾ ਸਬੰਧ ਗੁਰੂ ਘਰ ਨਾਲ ਗੁਰੂ ਅਰਜਨ ਦੇਵ ਜੀ ਦੇ ਸਮੇਂ ਤੋਂ ਜੁੜਿਆ ਹੋਇਆ ਹੈ। ਘਰ ਵਿੱਚ ਸਿੱਖੀ ਦਾ ਪ੍ਰਚਾਰ ਸੀ। ਮਾਈ ਭਾਗੋ ਦੇ ਪਿਤਾ ਭਾਈ ਮਾਲ੍ਹੇ ਸ਼ਾਹ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਫੌਜ ਦੇ ਬਹਾਦਰ ਸਿਪਾਹੀ ਸਨ। ਮਾਈ ਭਾਗੋ ਜੀ ਆਪਣੇ ਪਿਤਾ ਨਾਲ ਬਚਪਨ ਸਮੇਂ ਗੁਰੂ ਦਰਬਾਰ ਵਿੱਚ ਜਾਂਦੇ ਰਹਿੰਦੇ ਸਨ।ਫਿਰ ਸੱਤਵੇਂ ਗੁਰੂ ਹਰਿਰਾਇ ਸਾਹਿਬ ਜੀ ਦੇ ਦਰਸ਼ਨ ਵੀ ਕਰਦੇ ਰਹੇ। ਅੱਠਵੀਂ ਜੋਤ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਤੇ ਨੌਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਤੇ ਦੱਸਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੈ।ਮਹਾਨ ਕੋਸ਼ ਵਿੱਚ ਭਾਈ ਕਾਹਨ ਸਿੰਘ ਨਾਭਾ ਇਸ ਗੱਲ ਦਾ ਜ਼ਿਕਰ ਕਰਦੇ ਹਨ ਕਿ ਭਾਗੋ ਮਾਈ ਢਿੱਲੋਂ ਗੋਤ ਦੀ ਉਚ ਆਚਰਨ ਵਾਲੀ ਇਸਤਰੀ, ਪਿੰਡ ਝਬਾਲ ਜਿਲ੍ਹਾ ਅੰਮ੍ਰਿਤਸਰ ਦੀ ਵਸਨੀਕ ਜੋ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਅਨਿੰਨ ਸੇਵਕ ਭਾਈ ਲੰਗਾਹ ਜੀ ਦੇ ਭਾਈ ਪੇਰੋਸ਼ਾਹ ਦੀ ਔਲਾਦ ਵਿੱਚੋਂ ਸੀ, ਜਦ ਬਹੁਤ ਸਿੱਖ ਅਨੰਦਪੁਰ ਸਾਹਿਬ ਦੇ ਜੰਗ ਵਿੱਚ ਬੇਦਾਵਾ ਲਿਖ ਕੇ ਘਰੀਂ ਆਏ, ਤਦ ਇਸ ਨੇ ਉਨ੍ਹਾਂ ਨੂੰ ਧਿਰਕਾਰਿਆ ਤੇ ਆਪ ਘੋੜੇ ਤੇ ਸਵਾਰ ਹੋ ਕੇ ਸਿੰਘ ਭੇਸ ਧਾਰ ਕੇ ਅਜੇਹੇ ਤਰਕ ਦੇ ਵਾਕ ਕਹੇ, ਜਿੰਨ੍ਹਾਂ ਦੇ ਅਸਰ ਨਾਲ ਬਹੁਤ ਸਿੱਖ ਸਤਿਗੁਰੂ ਦੀ ਸੇਵਾ ਵਿੱਚ ਹਾਜ਼ਰ ਹੋਣ ਲਈ ਤਿਆਰ ਹੋ ਗਏ। ਸੰਮਤ 1762 ਵਿੱਚ ਭਾਗੋ ਮਾਈ ਸਿੰਘਾਂ ਨਾਲ ਸ਼ਾਮਿਲ ਹੋ ਕੇ ਮੁਕਤਸਰ ਦੀ ਜੰਗ ਵਿੱਚ ਬੜੀ ਬਹਾਦਰੀ ਨਾਲ ਲੜੀ ਅਤੇ ਬਹੁਤ ਘਾਇਲ ਹੋਈ, ਦਸ਼ਮੇਸ਼ ਨੇ ਇਸਦਾ ਇਲਾਜ਼ ਕਰਵਾ ਕੇ ਰਾਜੀ ਕੀਤਾ ਔਰ ਅੰਮ੍ਰਿਤ ਛਕਾ ਕੇ ਭਾਗ ਕੌਰ ਬਣਾਈ।ਇਹ ਮਰਦਾਵਾਂ ਭੇਸ ਬਣਾ ਕੇ ਸਦਾ ਸਤਿਗੁਰੂ ਦੀ ਅੜਦਲ ਵਿੱਚ ਰਹਿੰਦੀ ਸੀ, ਜਦ ਕਲਗੀਧਰ ਜੀ ਅਬਚਲ ਨਗਰ ਅੰਤਰਯਾਨ ਹੋ ਗਏ, ਤਦ ਇਹ ਉਦਾਸ ਹੋ ਕੇ ਬਿਦਰ ਚਲੀ ਗਈ ਅਰ ਉਸੇ ਥਾਂ ਦੇਹ ਤਿਆਗੀ, ਭਾਗ ਕੌਰ ਦੇ ਨਾਂ ਦਾ ਅਬਚਲ ਨਗਰ ਵਿੱਚ ਬੁੰਗਾ ਹੈ, ਜਿਸ ਵਿੱਚ ਦਰਬਾਰ ਦਾ ਵੱਡਾ ਪੁਜਾਰੀ ਰਹਿੰਦਾ ਹੈ। ਭਾਗ ਕੌਰ ਦੇ ਬਰਛੇ ਦਾ ਫਲ ਗੁਰੂ ਸਾਹਿਬ ਦੇ ਸਿੰਘਾਸਨ ਤੇ ਹੁਣ ਤੱਕ ਸਨਮਾਨ ਪਾ ਰਿਹਾ ਹੈ, ਜਿਸਨੂੰ ਅਣਜਾਣ ਅਸ੍ਵਭੁਜੀ ਦੇਵੀ ਆਖਦੇ ਹਨ। ਮਾਈ ਭਾਗ ਕੌਰ ਦਾ ਵਿਆਹ ਪੱਟੀ ਦੇ ਨਿਧਾਨ ਸਿੰਘ ਵੜ੍ਹੈਚ ਨਾਲ ਹੋਇਆ। ਜਦ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਦੁੱਤੀ ਕੁਰਬਾਨੀ ਤੇ ਬੇਮਿਸਾਲ ਸ਼ਹੀਦੀ ਦੀ ਖਬਰ ਸਾਰੇ ਦੇਸ਼ ਅੰਦਰ ਫੈਲ ਗਈ ਤਾਂ ਮਾਤਾ ਭਾਗ ਕੌਰ ਨੇ ਆਪਣੇ ਪਿਤਾ ਨੂੰ ਕਿਹਾ ਕਿ ‘ਪਿਤਾ ਜੀ! ਮੇਰਾ ਦਿਲ ਕਰਦਾ ਹੈ ਕਿ ਮੈਂ ਤਲਵਾਰ ਲੈ ਕੇ ਹੁਣੇ ਦਿੱਲੀ ਜਾਵਾਂ ਤੇ ਉਹਨਾਂ ਦੁਸ਼ਟਾਂ ਦਾ ਖਾਤਮਾ ਕਰ ਆਵਾਂ, ਜਿੰਨ੍ਹਾਂ ਨੇ ਮੇਰੇ ਸ਼ਾਹਿਨਸ਼ਾਹ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਇਸ ਤਰ੍ਹਾਂ ਸ਼ਹੀਦ ਕੀਤਾ ਹੈ।’ ਮਾਈ ਭਾਗੋ ਹਿੰਮਤ ਤੇ ਦਲੇਰੀ ਦੀ ਧਾਰਣੀ ਸੀ। ਜਦ ਅਨੰਦਪੁਰ ਦੇ ਕਿਲੇ ਨੂੰ ਘੇਰਾ ਪਾ ਕੇ ਹਾਕਮਾਂ ਨੇ ਐਲਾਨ ਕੀਤਾ ਕਿ ਜੋ ਕੋਈ ਵੀ ਸਿੱਖ ਬਾਹਰ ਜਾਣਾ ਚਾਹੁੰਦਾ ਹੈ, ਉਹ ਜਾ ਸਕਦਾ ਹੈ। ਉਸਨੂੰ ਕੁੱਝ ਨਹੀ ਕਿਹਾ ਜਾਵੇਗਾ। ਇਹ ਐਲਾਨ ਸੁਣ ਕੇ ਮਾਝੇ ਦੇ ਚਾਲੀ ਸਿੰਘ ਗੁਰੂ ਜੀ ਤੋਂ ਬੇਮੁੱਖ ਹੋ ਕੇ ‘ਬੇਦਾਵਾ’ ਲਿਖ ਕੇ ਕਿ ‘ਤੁਸੀ ਸਾਡੇ ਗੁਰੂ ਨਹੀ ਤੇ ਅਸੀ ਤੁਹਾਡੇ ਸਿੱਖ ਨਹੀ’ ਘਰਾਂ ਨੂੰ ਚਲੇ ਗਏ ਤਾਂ ਮਾਈ ਭਾਗੋ ਨੇ ਗੁਰੂ ਜੀ ਤੋਂ ਬੇਮੁੱਖ ਹੋ ਕੇ ਵਾਪਸ ਗਏ ਚਾਲੀ ਸਿੰਘਾਂ ਨੂੰ ਪ੍ਰੇਰ ਕੇ ਵਾਪਸ, ਆਪ ਉਹਨਾਂ ਦੀ ਅਗਵਾਈ ਕਰਕੇ ਪਹਿਲਾਂ ਨਾਂਅ ‘ਖਿਦਰਾਣੇ ਦੀ ਢਾਬ’ ਤੇ ਹੁਣ ‘ਸ੍ਰੀ ਮੁਕਤਸਰ ਸਾਹਿਬ’ ਦੇ ਜੰਗ ਦੇ ਮੈਦਾਨ ਵਿੱਚ ਦੁਸ਼ਮਣ ਨਾਲ ਡੱਟ ਕੇ ਮੁਕਾਬਲਾ ਕੀਤਾ ਤੇ ਇਸ ਜੰਗ ਵਿੱਚ ਮਾਈ ਭਾਗੋ ਤੇ ਭਰਾਵਾਂ ਤੇ ਪਤੀ ਨੇ ਵੀ ਸ਼ਹੀਦੀ ਪਾਈ। ਮਾਤਾ ਭਾਗ ਕੌਰ ਆਪ ਵੀ ਬਹੁਤ ਜ਼ਖਮੀ ਹੋ ਚੁੱਕੇ ਸਨ। ਲੜਾਈ ਖਤਮ ਹੋਈ ਤਾਂ ਦਸ਼ਮੇਸ਼ ਪਿਤਾ ਉਚੀ ਟਿੱਬੀ ਤੋਂ ਉਤਰ ਕੇ ਮੈਦਾਨ ਵਿੱਚ ਆਏ ਤੇ ਸਿੰਘਾਂ ਨੂੰ ਕਈ ਵਰ ਦਿੱਤੇ। ਮਾਈ ਭਾਗੋ ਦੇ ਜਖਮ ਸਾਫ ਕਰਕੇ ਮਰਹਮ ਪੱਟੀ ਕੀਤੀ। ਮਾਈ ਭਾਗੋ ਹਜ਼ੂਰ ਸਾਹਿਬ ਤੱਕ ਗੁਰੂ ਗੋਬਿਦ ਸਿੰਘ ਜੀ ਦੇ ਨਾਲ ਗਏ। ਸਿੱਖੀਂ ਦਾ ਪ੍ਰਚਾਰ ਕਰਦੇ ਰਹੇ ਤੇ ਬਿਦਰ ਕਰਨਾਟਕ ਨਾਨਕ ਝੀਰਾ ਦੇ ਕੋਲ ਜਨਵਾੜੇ ਵਿੱਚ ਗੁਰੂ ਚਰਨਾਂ ਵਿੱਚ ਬਿਰਾਜ ਗਏ।
– ਧਰਮਿੰਦਰ ਸਿੰਘ ਚੱਬਾ

Comments are closed.

COMING SOON .....


Scroll To Top
11