Monday , 23 September 2019
Breaking News
You are here: Home » Religion » ਮਾਤਾ ਗੁਜਰੀ ਕਾਲਜ ਦਾ 2018-19 ਦਾ ਸਾਲਾਨਾ ਸਾਹਿਤਕ ਮੈਗਜ਼ੀਨ ‘ਫ਼ਤਹਿਗੜ੍ਹ’ ਰੀਲੀਜ਼

ਮਾਤਾ ਗੁਜਰੀ ਕਾਲਜ ਦਾ 2018-19 ਦਾ ਸਾਲਾਨਾ ਸਾਹਿਤਕ ਮੈਗਜ਼ੀਨ ‘ਫ਼ਤਹਿਗੜ੍ਹ’ ਰੀਲੀਜ਼

ਫ਼ਤਹਿਗੜ੍ਹ ਸਾਹਿਬ, 12 ਜੂਨ (ਪੰਜਾਬ ਟਾਇਮਜ਼ ਬਿਊਰੋ)- ਮਾਤਾ ਗੁਜਰੀ ਕਾਲਜ ਦਾ ਸਾਲਾਨਾ ਸਾਹਿਤਕ ਮੈਗਜ਼ੀਨ ‘ਫ਼ਤਹਿਗੜ੍ਹ’ ਕਾਲਜ ਦੀ ਗਵਰਨਿੰਗ ਬਾਡੀ ਦੇ ਵਧੀਕ ਸਕੱਤਰ (ਆਨਰੇਰੀ) ਸ. ਰਣਜੀਤ ਸਿੰਘ ਲਿਬੜਾ ਵੱਲੋਂ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਅਤੇ ਸੀਨੀਅਰ ਟੀਚਿੰਗ ਸਟਾਫ਼ ਦੀ ਹਾਜ਼ਰੀ ਵਿੱਚ ਆਪਣੇ ਕਰ-ਕਮਲਾਂ ਨਾਲ ਜਾਰੀ ਕੀਤਾ ਗਿਆ। ਮੈਗਜ਼ੀਨ ਜਾਰੀ ਕਰਨ ਦੀ ਰਸਮ ਅਦਾ ਕਰਦਿਆਂ ਸ. ਰਣਜੀਤ ਸਿੰਘ ਲਿਬੜਾ ਨੇ ਆਖਿਆ ਕਿ ਇਸ ਨੂੰ ਹਰ ਵਰ੍ਹੇ ਵਿਦਿਆਰਥੀਆਂ ਲਈ ਜਾਰੀ ਕਰਨਾ, ਕਾਲਜ ਦੀ ਇੱਕ ਗੌਰਵਸ਼ਾਲੀ ਪਰੰਪਰਕ ਰੀਤ ਹੈ। ਪਿਛਲੇ ਵਰ੍ਹੇ ਵਾਂਗ ਇਸ ਸਾਲ ਵੀ ਇਹ ਮੈਗਜ਼ੀਨ ਬਿਲਕੁਲ ਸਮੇਂ ਸਿਰ ਰੀਲੀਜ਼ ਕੀਤਾ ਗਿਆ ਹੈ। ਮੈਗਜ਼ੀਨ ਨੂੰ ਬੜੀ ਮਿਹਨਤ ਅਤੇ ਲਗਨ ਨਾਲ, ਸਮੇਂ ਸਿਰ ਤਿਆਰ ਕਰਕੇ ਪ੍ਰਕਾਸ਼ਿਤ ਕਰਨ ਲਈ ਉਨ੍ਹਾਂ ਨੇ ਕਾਲਜ ਪ੍ਰਿੰਸੀਪਲ ਅਤੇ ਮੈਗਜ਼ੀਨ ਦੇ ਸਮੂਹ ਸੰਪਾਦਕੀ ਮੰਡਲ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀ ਭਰਵੀਂ ਪ੍ਰਸੰਸਾ ਵੀ ਕੀਤੀ। ਉਨ੍ਹਾਂ ਇਹ ਵੀ ਆਖਿਆ ਕਿ ਇਹ ਮੈਗਜ਼ੀਨ ਜਿੱਥੇ ਪੁੰਗਰਦੇ ਵਿਦਿਆਰਥੀਆਂ ਲੇਖਕਾਂ ਨੂੰ ਇੱਕ ਢੁੱਕਵਾਂ ਸਾਹਿਤਕ ਮੰਚ ਪ੍ਰਦਾਨ ਕਰਦਾ ਹੈ ਉੱਥੇ ਉਨ੍ਹਾਂ ਅੰਦਰ ਪੁੰਗਰ ਰਹੇ ਕਲਾਤਮਕ ਜਜ਼ਬੇ ਅਤੇ ਹੁਨਰ ਨੂੰ ਨਿਖਾਰਨ ਦਾ ਕਾਰਗਰ ਸਬੱਬ ਵੀ ਬਣਦਾ ਹੈ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਕਿਹਾ ਕਿ ਇਸ ਵਰ੍ਹੇ ਦਾ ਮੈਗਜ਼ੀਨ ਉਚੇਚੇ ਤੌਰ *ਤੇ ਸ੍ਰੀ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਅੰਕ ਵਜੋਂ ਪ੍ਰਕਾਸ਼ਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੈਗਜ਼ੀਨ ਵਿੱਚ ਛਪੀਆਂ ਰਚਨਾਵਾਂ *ਤੇ ਸਰਸਰੀ ਨਜ਼ਰ ਮਾਰਿਆਂ ਇਹ ਗਿਆਤ ਹੁੰਦਾ ਹੈ ਕਿ ਸਾਡੇ ਬੱਚਿਆਂ ਅੰਦਰ ਕਲਾ ਅਤੇ ਧਰਮ ਦੀ ਸਮਝ ਅਤੇ ਗਿਆਨ ਦੀ ਕੋਈ ਕਮੀ ਨਹੀਂ ਹੈ, ਲੋੜ ਕੇਵਲ ਇਸ ਨੂੰ ਤਰਾਸ਼ਣ ਅਤੇ ਸਹੀ ਦਿਸ਼ਾ ਪ੍ਰਦਾਨ ਕਰਨ ਦੀ ਹੈ। ਮੈਗਜ਼ੀਨ ਦੇ ਮੁੱਖ ਸੰਪਾਦਕ ਡਾ. ਜਗਜੀਵਨ ਸਿੰਘ ਨੇ ਮੈਗਜ਼ੀਨ ਦੇ ਰਚਨਾਤਮਕ ਵਿਵੇਕ, ਮਹੱਤਵ ਅਤੇ ਉਦੇਸ਼ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਕੋਰਸ ਅਤੇ ਵਿਸ਼ੇ ਦੇ ਵਿਦਿਆਰਥੀ ਨੂੰ ਢੁੱਕਵੀਂ ਨੁਮਾਇੰਦਗੀ ਦੇਣ ਲਈ, ਮੈਗਜ਼ੀਨ ਨੂੰ ਮੁੱਖ ਰੂਪ ਵਿੱਚ ਚਾਰ ਭਾਗਾਂ, ਸਾਹਿਤ ਅਤੇ ਭਾਸ਼ਾਵਾਂ, ਸਮਾਜ ਵਿਗਿਆਨਾਂ, ਜੈਵਿਕੀ ਅਤੇ ਭੌਤਿਕੀ ਵਿਗਿਆਨਾਂ ਅਤੇ ਤਸਵੀਰਾਂ ਦੇ ਭਾਗ ਵਿੱਚ ਵੰਡਿਆ ਗਿਆ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਮੈਗਜ਼ੀਨ ਦੀ ਪ੍ਰਕਾਸ਼ਨਾ ਦਾ ਮਕਸਦ ਵਿਦਿਆਰਥੀਆਂ ਅੰਦਰ ਕੇਵਲ ਸਾਹਿਤਕ ਰੁੱਚੀਆਂ ਪੈਦਾ ਕਰਨਾ ਹੀ ਨਹੀਂ ਸਗੋਂ ਨੈਤਿਕ ਕਦਰਾਂ-ਕੀਮਤਾਂ ਦਾ ਪ੍ਰਚਾਰ-ਪ੍ਰਸਾਰ ਕਰਕੇ, ਉਨ੍ਹਾਂ ਨੂੰ ਚੰਗੇ ਇਨਸਾਨ ਬਣਾਉਣਾ ਵੀ ਹੈ। ਇਸ ਮੁਬਾਰਕ ਮੌਕੇ ਕਾਲਜ ਦੇ ਕੰਟਰੌਲਰ ਪ੍ਰੀਖਿਆਵਾਂ ਡਾ. ਬਿਕਰਮਜੀਤ ਸਿੰਘ ਸੰਧੂ ਤੋਂ ਇਲਾਵਾ ਪ੍ਰੋ. ਨਵਜੀਤ ਕੌਰ, ਡਾ.ਹਰਜੀਤ ਸਿੰਘ, ਡਾ. ਤੇਜਿੰਦਰ ਸਿੰਘ, ਡਾ. ਸਤਨਾਮ ਸਿੰਘ, ਡਾ.ਇੰਦਰਜੀਤ ਸਿੰਘ, ਪ੍ਰੋ. ਸ਼ਿਵਾਨੀ ਬੈਕਟਰ, ਪ੍ਰੋ. ਪੂਨਮ ਚਾਵਲਾ ਆਦਿ ਹਾਜ਼ਰ ਸਨ।

Comments are closed.

COMING SOON .....


Scroll To Top
11