Friday , 23 August 2019
Breaking News
You are here: Home » PUNJAB NEWS » ਮਾਝਾ ਦੇ ਬਾਗੀ ਨੇਤਾਵਾਂ ਵੱਲੋਂ ਨਵਾਂ ਅਕਾਲੀ ਦਲ ਬਣਾਉਣ ਦਾ ਐਲਾਨ

ਮਾਝਾ ਦੇ ਬਾਗੀ ਨੇਤਾਵਾਂ ਵੱਲੋਂ ਨਵਾਂ ਅਕਾਲੀ ਦਲ ਬਣਾਉਣ ਦਾ ਐਲਾਨ

ਖਹਿਰਾ, ਬੈਂਸ ਭਰਾ, ਬਰਗਾੜੀ ਮੋਰਚੇ ਦੇ ਆਗੂਆਂ ਸਮੇਤ ਹਮਖ਼ਿਆਲੀਆਂ ਨੂੰ ਸ਼ਾਮਿਲ ਹੋਣ ਦਾ ਸੱਦਾ

ਅੰਮ੍ਰਿਤਸਰ, 2 ਦਸੰਬਰ- ਸ਼੍ਰੋਮਣੀ ਅਕਾਲੀ ਦਲ (ਬਾਦਲ) ’ਚੋਂ ਬਾਹਰ ਕੀਤੇ ਗਏ ਟਕਸਾਲੀ ਆਗੂਆਂ ਨੇ ਵਡਾ ਫ਼ੈਸਲਾ ਲੈਂਦਿਆਂ ਨਵੀਂ ਸਿਆਸੀ ਪਾਰਟੀ ਦੇ ਗਠਨ ਦਾ ਐਲਾਨ ਕਰ ਦਿਤਾ ਹੈ। ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਤੇ ਡਾ. ਰਤਨ ਸਿੰਘ ਅਜਨਾਲਾ ਨੇ ਪ੍ਰੈਸ ਕਾਨਫ਼ਰੰਸ ਕਰਦਿਆਂ ਨਵਾਂ ਅਕਾਲੀ ਦਲ ਬਣਾਉਣ ਦਾ ਐਲਾਨ ਕਰ ਦਿਤਾ ਹੈ। ਮਾਝੇ ਦੇ ਵਡੇ ਲੀਡਰਾਂ ਨੇ ਅਕਾਲੀ ਦਲ ਬਾਦਲ ’ਤੇ ਵਡੇ ਹਮਲੇ ਬੋਲਦਿਆਂ ਆਪਣੇ ਹਮਖਿਆਲੀਆਂ ਨੂੰ ਨਵੇਂ ਅਕਾਲੀ ਦਲ ਦੇ ਝੰਡੇ ਹੇਠ ਇਕਠੇ ਹੋਣ ਦਾ ਸਦਾ ਦਿਤਾ ਹੈ। ਸੁਖਪਾਲ ਖਹਿਰਾ ਤੇ ਸਿਮਰਜੀਤ ਸਿੰਘ ਬੈਂਸ ਸਮੇਤ ਹੋਰ ਅਕਾਲੀ ਲੀਡਰਾਂ ਨੂੰ ਵੀ ਨਵੀਂ ਪਾਰਟੀ ’ਚ ਸ਼ਾਮਿਲ ਹੋਣ ਦਾ ਸਦਾ ਦਿਤਾ ਹੈ। ਇਨ੍ਹਾਂ ਟਕਸਾਲੀ ਅਕਾਲੀ ਲੀਡਰਾਂ ਦੀ ਪ੍ਰੈਸ ਕਾਨਫ਼ਰੰਸ ਚਲ ਰਹੀ ਹੈ ਤੇ ਜਲਦ ਹੀ ਇਸ ਦੀ ਵਿਸਥਾਰਤ ਖ਼ਬਰ ਸਾਂਝੀ ਕੀਤੀ ਜਾਵੇਗੀ। ਇਸ ਮੌਕੇ ਰਣਜੀਤ ਸਿੰਘ ਬ੍ਰਹਮਪੁਰਾ ਹੁਰਾਂ ਨੇ ਕਰਤਾਰਪੁਰ ਸਾਹਿਬ ਲਾਂਘੇ ਲਈ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿਧੂ ਨੂੰ ਵੀ ਵਧਾਈ ਦਿਤੀ ਤੇ ਕਿਹਾ ਕਿ ਉਨ੍ਹਾਂ ਦੀ ਪਾਕਿ ਪ੍ਰਧਾਨ ਮੰਤਰੀ ਨਾਲ ਦੋਸਤੀ ਦੇ ਚਲਦਿਆਂ ਹੀ ਇਹ ਲਾਂਘਾ ਖੁਲ੍ਹਿਆ ਹੈ। ਸ: ਬ੍ਰਹਮਪੁਰਾ ਨਾਲ ਡਾ. ਰਤਨ ਸਿੰਘ ਅਜਨਾਲਾ ਤੇ ਸੇਵਾ ਸਿੰਘ ਸੇਖਵਾਂ ਨੇ ਪ੍ਰੈਸ ਕਾਨਫ਼ਰੰਸ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਂਅ ਨਾਲ ਹੀ ਨਵੀਂ ਪਾਰਟੀ ਬਣਾਈ ਜਾਵੇਗੀ ਪਰ ਉਪਨਾਮ ਸਾਰਿਆਂ ਨਾਲ ਸਲਾਹ ਮਗਰੋਂ ਜੋੜਿਆ ਜਾਵੇਗਾ। ਆਉਂਦੀ 14 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ ਵਾਲੇ ਦਿਨ ਪਾਰਟੀ ਦਾ ਰਸਮੀ ਐਲਾਨ ਤੇ ਉਪਨਾਮ ਦਾ ਐਲਾਨ ਵੀ ਕੀਤਾ ਜਾ ਸਕਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਅਕਾਲੀ ਦਲ ਬਹੁਤ ਸ਼ਕਤੀਸ਼ਾਲੀ ਹੋਵੇਗਾ ਤੇ 1920 ਵਿਚ ਬਣੇ ਅਕਾਲੀ ਦਲ ਦੇ ਸੰਵਿਧਾਨ ਤੋਂ ਪ੍ਰੇਰਨਾ ਲੈ ਕੇ ਪਾਰਟੀ ਨੂੰ ਚਲਾਇਆ ਜਾਵੇਗਾ। ਸਜਰੇ ਪਾਰਟੀ ਬਣਾਉਣ ਵਾਲੇ ਪੁਰਾਣੇ ਅਕਾਲੀਆਂ ਨੇ ਨਵੇਂ ਅਕਾਲੀ ਦਲ ਦੀ ਮਜ਼ਬੂਤੀ ਲਈ ਬੈਂਸ ਭਰਾਵਾਂ, ਸੁਖਪਾਲ ਸਿੰਘ ਖਹਿਰਾ ਤੇ ਸਿਖ ਜਥੇਬੰਦੀਆਂ ਨੂੰ ਇਕ ਝੰਡੇ ਹੇਠ ਇਕਤਰ ਹੋਣ ਦੀ ਸਦਾ ਦਿਤਾ ਹੈ। ਉਨ੍ਹਾਂ ਬਰਗਾੜੀ ਮੋਰਚੇ ਦੇ ਲੀਡਰਾਂ ਨੂੰ ਵੀ ਪਾਰਟੀ ’ਚ ਸ਼ਾਮਿਲ ਹੋਣ ਦੀ ਪੇਸ਼ਕਸ਼ ਕੀਤੀ ਹੈ। ਮਾਝੇ ਦੇ ਤਿੰਨੇ ਮਜ਼ਬੂਤ ਲੀਡਰਾਂ ਨੇ ਕਿਹਾ ਕਿ ਅਸੀਂ ਪਾਰਟੀ ਬਣਾ ਰਹੇ ਹਾਂ ਇਸ ਬਾਰੇ ਸੁਖਦੇਵ ਸਿੰਘ ਢੀਂਡਸਾ ਨਾਲ ਗਲਬਾਤ ਜ਼ਰੂਰ ਕੀਤੀ ਹੈ।

Comments are closed.

COMING SOON .....


Scroll To Top
11