Monday , 27 January 2020
Breaking News
You are here: Home » NATIONAL NEWS » ਮਹਾਰਾਸ਼ਟਰ ‘ਚ ਸਿਆਸੀ ਦ੍ਰਿਸ਼ ਬਦਲਿਆ ਫ਼ੜਨਵੀਸ ਤੇ ਪਵਾਰ ਵੱਲੋਂ ਅਸਤੀਫ਼ਾ

ਮਹਾਰਾਸ਼ਟਰ ‘ਚ ਸਿਆਸੀ ਦ੍ਰਿਸ਼ ਬਦਲਿਆ ਫ਼ੜਨਵੀਸ ਤੇ ਪਵਾਰ ਵੱਲੋਂ ਅਸਤੀਫ਼ਾ

ਸ਼ਿਵ ਸੈਨਾ, ਕਾਂਗਰਸ ਤੇ ਐਨ.ਸੀ.ਪੀ. ਦੀ ਨਵੀਂ ਸਰਕਾਰ ਦਾ ਗਠਨ ਅੱਜ ਸੰਭਵ

ਨਵੀਂ ਦਿੱਲੀ, 26 ਨਵੰਬਰ- ਮਹਾਰਾਸ਼ਟਰ ‘ਚ ਫਲੋਰ ਟੈਸਟ ਨੂੰ ਲੈ ਕੇ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਦਿੱਤਾ, ਜਿਸ ਬਾਅਦ ਮਹਾਰਾਸ਼ਟਰ ਦੇ ਸਿਆਸੀ ਸਮੀਕਰਨ ਪੂਰੀ ਤਰ੍ਹਾਂ ਬਦਲ ਗਏ। ਸੁਪਰੀਮ ਕੋਰਟ ਨੇ ਕਿਹਾ ਕਿ ਕੱਲ੍ਹ ਸ਼ਾਮ 5 ਵਜੇ ਤੱਕ ਵਿਧਾਇਕਾਂ ਦਾ ਸਹੁੰ ਚੁੱਕ ਸਮਾਗਮ ਪੂਰਾ ਹੋ ਜਾਣਾ ਚਾਹੀਦਾ ਹੈ। ਅਦਾਲਤ ਨੇ ਕਿਹਾ ਕਿ ਕੱਲ੍ਹ ਸੂਬਾ ਵਿਧਾਨ ਸਭਾ ‘ਚ ਸਹੁੰ ਚੁੱਕਣ ਤੋਂ ਬਾਅਦ ਫਲੋਰ ਟੈਸਟ ਹੋਵੇ। ਉਕਤ ਫ਼ੈਸਲਾ ਆਉਣ ਤੋਂ ਬਾਅਦ ਪਹਿਲਾਂ ਮਹਾਰਾਸ਼ਟਰ ਦੇ ਉੱਪ ਮੁੱਖ ਮੰਤਰੀ ਵਜੋਂ ਹਲਫ਼ ਲੈਣ ਵਾਲੇ ਅਜੀਤ ਪਵਾਰ ਨੇ ਦੇਵੇਂਦਰ ਫ਼ੜਨਵੀਸ ਨੂੰ ਆਪਣਾ ਅਸਤੀਫ਼ਾ ਸੌਂਪਿਆ ਅਤੇ ਫ਼ਿਰ ਦੇਵੇਂਦਰ ਫੜਨਵੀਸ ਨੇ ਵੀ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਇਨ੍ਹਾਂ ਅਸਤੀਫ਼ਿਆਂ ਦੇ ਨਤੀਜੇ ਵਜੋਂ ਹੁਣ ਮਹਾਰਾਸ਼ਟਰ ਵਿੱਚ ਸ਼ਿਵ ਸੈਨਾ, ਐਨ.ਸੀ.ਪੀ. ਅਤੇ ਕਾਂਗਰਸ ਦੇ ਗਠਜੋੜ ਵਾਲੀ ਸਰਕਾਰ ਬਣਨ ਦੀ ਸੰਭਾਵਨਾ ਸਾਫ਼ ਨਜ਼ਰ ਆ ਰਹੀ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਅਦਾਲਤ ਤੇ ਵਿਧਾਨ ਸਭਾ ਦੇ ਅਧਿਕਾਰ ਨੂੰ ਲੈ ਕੇ ਕਾਫ਼ੀ ਸਮੇਂ ਤੋਂ ਬਹਿਸ ਹੋ ਰਹੀ ਹੈ। ਇਸ ਨੂੰ ਸੁਲਝਾਉਣ ਦੀ ਜ਼ਰੂਰਤ ਹੈ। ਅਦਾਲਤ ਨੇ ਕਿਹਾ ਕਿ ਲੋਕਤੰਤਰੀ ਕਦਰਾਂ ਕੀਮਤਾਂ ਦੀ ਰਾਖੀ ਕੀਤੀ ਜਾਣੀ ਚਾਹੀਦੀ ਹੈ। ਸੁਪਰੀਮ ਕੋਰਟ ਵੱਲੋਂ ਫ਼ਲੋਰ ਟੈਸਟ ਸਬੰਧੀ ਦਿੱਤੇ ਗਏ ਫ਼ੈਸਲੇ ਤੋਂ ਬਾਅਦ 2 ਦਿਨ ਪਹਿਲਾਂ ਹੀ ਮੁੱਖ ਮੰਤਰੀ ਅਤੇ ਉੱਪ ਮੁੱਖ ਮੰਤਰੀ ਵਜੋਂ ਹਲਫ਼ ਲੈਣ ਵਾਲੇ ਭਾਜਪਾ ਦੇ ਦੇਵੇਂਦਰ ਫ਼ੜਨਵੀਸ ਅਤੇ ਐਨ.ਸੀ.ਪੀ. ਦੇ ਅਜੀਤ ਪਵਾਰ ਨੇ ਆਪਣੇ-ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ.) ‘ਚ ਬਗਾਵਤ ਕਰਨ ਤੋਂ ਬਾਅਦ ਬੀ.ਜੇ.ਪੀ. ਨਾਲ ਹੱਥ ਮਿਲਾਉਣ ਵਾਲੇ ਅਜੀਤ ਪਵਾਰ ਨੇ ਉੱਪ ਮੁੱਖ ਮੰਤਰੀ ਅਹੁਦੇ ਤੋਂ ਆਪਣਾ ਅਸਤੀਫਾ ਦੇਵੇਂਦਰ ਫੜਨਵੀਸ ਨੂੰ ਦਿੱਤਾ, ਜਿਸ ਬਾਅਦ ਫੜਨਵੀਸ ਨੇ ਆਪਣੇ ਅਸਤੀਫੇ ਦਾ ਐਲਾਨ ਕੀਤਾ। ਅੱਜ ਜਦੋਂ ਸੁਪਰੀਮ ਕੋਰਟ ਦਾ ਫੈਸਲਾ ਆਇਆ ਤਾਂ ਅਜੀਤ ਪਵਾਰ ਮੁੰਬਈ ਸਥਿਤ ਫੜਨਵੀਸ ਦੇ ਆਵਾਸ ‘ਤੇ ਗਏ, ਜਿੱਥੇ ਉਨ੍ਹਾਂ ਅਸਤੀਫ਼ਾ ਦਿੱਤਾ। ਅਜੀਤ ਪਵਾਰ ਨੇ ਅਸਤੀਫੇ ਤੋਂ ਬਾਅਦ ਸਾਫ਼ ਕਿਹਾ ਕਿ ਹੁਣ ਸੂਬੇ ‘ਚ ਕਾਂਗਰਸ-ਐਨ.ਸੀ.ਪੀ. ਤੇ ਸ਼ਿਵ ਸੈਨਾ ਆਸਾਨੀ ਨਾਲ ਸਰਕਾਰ ਬਣਾ ਲਵੇਗੀ। ਅਜੀਤ ਪਵਾਰ ਦੇ ਅਸਤੀਫ਼ੇ ਬਾਅਦ ਫੜਨਵੀਸ ਨੇ ਪ੍ਰੈੱਸ ਕਾਨਫਰੰਸ ਕਰ ਕੇ ਆਪਣੇ ਅਸਤੀਫ਼ੇ ਦੀ ਵੀ ਜਾਣਕਾਰੀ ਦਿੱਤੀ। ਇਸ ਸਾਰੇ ਸਿਆਸੀ ਸਮੀਕਰਨ ਬਦਲ ਜਾਣ ਬਾਅਦ ਭਾਜਪਾ ਵਿਧਾਇਕ ਕਾਲੀਦਾਸ ਕੋਲੰਬਰ ਨੇ ਮਹਾਰਾਸ਼ਟਰ ਵਿਧਾਨ ਸਭਾ ਦੇ ਪ੍ਰੋਟੇਮ ਸਪੀਕਰ ਵਜੋਂ ਹਲਫ਼ ਲਿਆ ਹੈ। ਉਨ੍ਹਾਂ ਨੂੰ ਰਾਜ ਭਵਨ ਵਿਖੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਅਹੁਦੇ ਦੀ ਸਹੁੰ ਚੁਕਾਈ। ਜ਼ਿਕਰਯੋਗ ਹੈ ਕਿ 2 ਦਿਨਾਂ ਦੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਕੱਲ੍ਹ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਸੀ। ਇਹ ਸੁਣਵਾਈ ਕੱਲ੍ਹ ਡੇਢ ਘੰਟੇ ਚੱਲੀ, ਜਿਸ ‘ਚ ਸਾਰੀਆਂ ਧਿਰਾਂ ਨੇ ਆਪਣੀ ਤਰਫ਼ੋਂ ਸਖ਼ਤ ਦਲੀਲਾਂ ਪੇਸ਼ ਕੀਤੀਆਂ ਸਨ। ਅਦਾਲਤ ਦੇ ਫ਼ੈਸਲੇ ਬਾਅਦ ਐੱਨ.ਸੀ.ਪੀ. ਮੁਖੀ ਸ਼ਰਦ ਪਵਾਰ ਨੇ ਟਵੀਟ ਕਰਦਿਆਂ ਸੁਪਰੀਮ ਕੋਰਟ ਨੂੰ ਫ਼ੈਸਲੇ ‘ਤੇ ਧੰਨਵਾਦ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਵੱਡੀ ਗੱਲ ਹੈ ਕਿ ਫ਼ੈਸਲਾ ਸੰਵਿਧਾਨ ਦਿਵਸ ‘ਤੇ ਆਇਆ ਹੈ। ਇਹ ਬਾਬਾ ਸਾਹੇਬ ਅੰਬੇਦਕਰ ਨੂੰ ਸੱਚੀ ਸ਼ਰਧਾਂਜਲੀ ਹੈ।

Comments are closed.

COMING SOON .....


Scroll To Top
11