Friday , 17 January 2020
Breaking News
You are here: Home » Editororial Page » ਮਹਾਨ ਗਦਰੀ ਸ਼ਹੀਦ ਕਰਤਾਰ ਸਿੰਘ ਸਰਾਭਾ

ਮਹਾਨ ਗਦਰੀ ਸ਼ਹੀਦ ਕਰਤਾਰ ਸਿੰਘ ਸਰਾਭਾ

ਹਿੰਦ ਵਾਸੀਓ ਰੱਖਣਾ ਯਾਦ ਸਾਨੂੰ
ਕਿਤੇ ਦਿਲਾਂ ਚੋ ਨਾ ਭੁਲਾ ਜਾਣਾ
ਖਾਤਿਰ ਵਤਨ ਦੀ ਲੱਗੇ ਹਾਂ
ਚੜਨ ਫ਼ਾਂਸੀ
ਸਾਨੂੰ ਦੇਖ ਕੇ ਨਾ ਘਬਰਾ ਜਾਣਾ।
ਭਾਰਤ ਦੀ ਆਜ਼ਾਦੀ ਲਈ ਲੜਨ ਵਾਲਿਆ ਵਿੱਚ ਪੰਜਾਬੀਆਂ ਦਾ ਪ੍ਰਮੁੱਖ ਸਥਾਨ ਹੈ ਜਿਹਨਾਂ ਵਿਚੋਂ ਸਰਦਾਰ ਕਰਤਾਰ ਸਿੰਘ ਸਰਾਭਾ ਦਾ ਨਾਮ ਅਹਿਮ ਹੈ ਕਿਉਕਿ ਵਤਨ ਲਈ ਸਹੀਦ ਹੋਣ ਵਾਲੇ ਦੇਸ਼ ਭਗਤਾਂ ਵਿੱਚੋ ਸਰਾਭਾ ਸਭ ਤੋ ਘੱਟ ਉਮਰ ਦਾ ਕ੍ਰਾਂਤੀਕਾਰੀ ਸੀ। ਕਰਤਾਰ ਸਿੰਘ ਸਰਾਭਾ ਦਾ ਜਨਮ ਪਿੰਡ ਸਰਾਭਾ ਜ਼ਿਲ੍ਹਾ ਲੁਧਿਆਣਾ ਵਿਖੇ 24 ਮਈ 1896 ਨੂੰ ਪਿਤਾ ਮੰਗਲ ਸਿੰਘ ਤੇ ਮਾਤਾ ਸਾਹਿਬ ਦੇ ਘਰ ਹੋਇਆ। ਕਰਤਾਰ ਸਿੰਘ ਅਜੇ ਛੋਟਾ ਸੀ ਕਿ ਉਸਦੇ ਪਿਤਾ ਜੀ ਮੌਤ ਹੋ ਗਈ ਤੇ ਉਸਦੇ ਪਾਲਣ ਪੋਸ਼ਣ ਦੀ ਸਾਰੀ ਜ਼ਿੰਮੇਵਾਰੀ ਉਹਨਾਂ ਦੇ ਦਾਦਾ ਜੀ ਉੱਪਰ ਆ ਗਈ। ਸਰਾਭਾ ਨੇ ਮੁੱਢਲੀ ਪੜ੍ਹਾਈ ਪਿੰਡ ਵਿੱਚ ਹੀ ਪ੍ਰਾਪਤ ਕੀਤੀ ਤੇ ਉਸਤੋ ਬਾਅਦ ਲੁਧਿਆਣਾ ਦੇ ਮਾਲਵਾ ਖਾਲਸਾ ਹਾਈ ਸਕੂਲ ਤੋਂ ਅਗਲੀ ਪੜ੍ਹਾਈ ਕੀਤੀ। ਕਰਤਾਰ ਸਿੰਘ ਸਰਾਭਾ ਖੇਡਾਂ ਵਿੱਚ ਮੋਹਰੀ ਸੀ ਤੇ ਉਸਦੇ ਸਾਥੀ ਉਸਨੂੰ ਅਫ਼ਲਾਤੂਨ ਵੀ ਕਹਿੰਦੇ ਸਨ। ਇਸ ਤੋਂ ਬਾਅਦ ਉਹ ਆਪਣੇ ਚਾਚਾ ਵੀਰ ਸਿੰਘ ਕੋਲ ਉੜੀਸਾ ਦੇ ਕੱਟਕ ਵਿਖੇ ਚਲਾ ਗਿਆ ਤੇ ਉੱਥੋ ਹੀ ਯੂਨੀਵਰਸਿਟੀ ਤੋਂ ਦਸਵੀਂ ਤੱਕ ਦੀ ਪੜ੍ਹਾਈ ਕੀਤੀ। ਕਰਤਾਰ ਸਿੰਘ ਪੜ੍ਹਨ ਵਿੱਚ ਹੁਸ਼ਿਆਰ ਸੀ ਤੇ ਦਾਦਾ ਜੀ ਨੇ ਉਚੇਰੀ ਪੜ੍ਹਾਈ ਲਈ 1912 ਵਿੱਚ ਅਮਰੀਕਾ ਭੇਜ ਦਿੱਤਾ। ਸਾਨਫਰਾਂਸਿਸਕੋ ਬੰਦਰਗਾਹ ਤੇ ਉੱਤਰਿਆ। ਇੰਮੀਗ੍ਰੇਸ਼ਨ ਅਫ਼ਸਰ ਕੋਲ ਜਦੋਂ ਸਰਾਭਾ ਦੀ ਵਾਰੀ ਆਈ ਤਾਂ ਅਫ਼ਸਰ ਨੇ ਪੁੱਛਿਆ ਤੂੰ ਇੱਥੇ ਕਿ ਕਰਨ ਆਇਆ ਏ ਤਾਂ ਸਰਾਭਾ ਨੇ ਉੱਤਰ ਦਿੱਤਾ ਕਿ ਪੜ੍ਹਾਈ ਕਰਨ ਤਾਂ ਅਫ਼ਸਰ ਨੇ ਕਿਹਾ ਕਿ ਤੈਨੂੰ ਹਿੰਦੁਸਤਾਨ ਵਿੱਚ ਪੜ੍ਹਾਈ ਲਈ ਕੋਈ ਥਾਂ ਨਹੀਂ ਮਿਲੀ ਤਾਂ ਸਰਾਭਾ ਨੇ ਕਿਹਾ ਕਿ ਹਿੰਦੁਸਤਾਨ ਵਿੱਚ ਪੜ੍ਹਾਈ ਲਈ ਬਹੁਤ ਥਾਵਾਂ ਹਨ ਪਰ ਮੈੰ ਚੰਗੀ ਵਿੱਦਿਆ ਲਈ ਇੱਥੇ ਆਇਆ ਹਾਂ। ਅਫ਼ਸਰ ਨੇ ਕਿਹਾ ਕਿ ਜੇਕਰ ਤੈਨੂੰ ਇੱਥੇ ਨਾ ਉੱਤਰਨ ਦਿੱਤਾ ਜਾਵੇ ਤਾਂ ਸਰਾਭਾ ਨੇ ਕਿਹਾ ਕਿ ਇਹ ਬੜੀ ਨਾਇਨਸਾਫੀ ਹੋਵੇਗੀ। ਇੱਥੇ ਪੜ੍ਹ ਕੇ ਮੈਂ ਸੰਸਾਰ ਲਈ ਕੋਈ ਵਧੀਆ ਕੰਮ ਕਰਨਾ ਹੋਵੇ ਤਾਂ ਉਸਤੋਂ ਸੰਸਾਰ ਵਿਰਵਾ ਰਹਿ ਜਾਵੇਗਾ। ਅਫ਼ਸਰ ਨਿਰਉੱਤਰ ਹੋ ਗਿਆ ਤੇ ਉਸਨੂੰ ਉੱਤਰਨ ਦੀ ਆਗਿਆ ਦੇ ਦਿੱਤੀ।। ਉੱਥੇ ਉਸਨੇ ਕੈਲੀਫੋਰਨੀਆ ਯੂਨੀਵਰਸਿਟੀ ਬਰਕਲੇ ਵਿਖੇ ਰਸਾਇਣ ਵਿਗਿਆਨ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ ਇਸ ਸਮੇਂ ਤੱਕ ਕਾਫੀ ਗਿਣਤੀ ਵਿਚ ਭਾਰਤੀ ਖਾਸ ਤੌਰ ਤੇ ਪੰਜਾਬੀ ਕਨੈਡਾ ਅਮਰੀਕਾ ਪਹੁੰਚ ਚੁੱਕੇ ਸਨ ਤੇ ਗਦਰ ਲਹਿਰ ਲਈ ਭੂਮੀ ਤਿਆਰ ਹੋਣੀ ਸ਼ੁਰੂ ਹੋ ਗਈ ਸੀ।।ਬਰਕਲੇ ਯੂਨੀਵਰਸਿਟੀ ਵਿੱਚ ਹੀ ਕਰਤਾਰ ਸਿੰਘ ਸਰਾਭਾ ਲਾਲਾ ਹਰਦਿਆਲ ਤੇ ਭਾਈ ਪਰਮਾਨੰਦ ਨੂੰ ਮਿਲਿਆ ਤੇ ਉਹਨਾਂ ਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਹੋਇਆ। ਜਲਦੀ ਹੀ ਯੂਨੀਵਰਸਿਟੀ ਵਿੱਚ ਉਹ ਕਾਫੀ ਹਰਮਨ ਪਿਆਰਾ ਹੋ ਗਿਆ। ਉਹ ਬਹੁਤ ਚੇਤੰਨ ਦਿਮਾਗ ਦਾ ਮਾਲਿਕ ਸੀ ਤੇ ਬਹੁਤ ਜਲਦੀ ਸਹੀ ਫੈਸਲਾ ਲੈ ਲੈਂਦਾ ਸੀ। ਉਹ ਇਨਕਲਾਬ ਲਈ ਬੜਾ ਕਾਹਲਾ ਸੀ ਤੇ ਦਿਨ ਰਾਤ ਇਨਕਲਾਬੀ ਸਾਹਿਤ ਪੜ੍ਹਦਾ ਰਹਿੰਦਾ। ਉਸਨੇ ਸੰਸਾਰ ਪ੍ਰਸਿੱਧ ਕ੍ਰਾਂਤੀਕਾਰੀਆਂ ਤੇ ਸਮਾਜ ਸੁਧਾਰਕਾਂ ਦੀਆ ਕਿਤਾਬਾਂ ਤੇ ਜੀਵਨੀਆਂ ਪੜ੍ਹੀਆਂ।
ਅਪ੍ਰੈਲ 1913 ਵਿੱਚ ਗਦਰ ਪਾਰਟੀ ਬਣਾਉਣ ਦਾ ਐਲਾਨ ਹੋ ਗਿਆ ਤੇ ਸੋਹਣ ਸਿੰਘ ਭਕਨਾ ਨੂੰ ਇਸਦਾ ਪ੍ਰਧਾਨ ਤੇ ਲਾਲਾ ਹਰਦਿਆਲ ਨੂੰ ਸਕੱਤਰ ਥਾਪਿਆ ਗਿਆ। ਕਰਤਾਰ ਸਿੰਘ ਪੱਕੇ ਤੌਰ ਤੇ ਗਦਰ ਪਾਰਟੀ ਨਾਲ ਜੁੜ ਗਿਆ। ਗ਼ਦਰ ਪਾਰਟੀ ਨੇ ਮਤਾ ਪਾਸ ਕੀਤਾ ਕਿ ਆਪਣੀ ਗੱਲ ਨੂੰ ਦੁਨੀਆਂ ਦੇ ਕੋਨੇ ਕੋਨੇ ਵਿੱਚ ਬੈਠੇ ਇਨਕਲਾਬੀਆਂ ਤੱਕ ਪਹੁਚਾਉਣ ਲਈ ਇੱਕ ਅਖਬਾਰ ਕੱਢਿਆ ਜਾਵੇ ਤੇ 1857 ਦੇ ਗ਼ਦਰ ਦੀ ਯਾਦ ਵਜੋਂ ਇਸ ਅਖ਼ਬਾਰ ਦਾ ਨਾਮ ਗਦਰ ਰੱਖਿਆ ਜਾਵੇ ਤੇ ਇਹ ਵੀ ਮਤਾ ਪਾਸ ਕੀਤਾ ਗਿਆ ਕਿ ਪਾਰਟੀ ਦਾ ਦਫ਼ਤਰ ਸਾਨਫਰਾਂਸਿਸਕੋ ਵਿੱਚ ਸਥਾਪਿਤ ਕਰਕੇ। ਇਸਦਾ ਨਾਮ ਯੁਗਾਂਤਰ ਆਸ਼ਰਮ ਰੱਖਿਆ ਜਾਵੇ ਜਿਸਨੂੰ ਸਭ ਨੇ ਪ੍ਰਵਾਨ ਕਰ ਲਿਆ ਤੇ ਗਦਰ ਅਖਬਾਰ ਦਾ ਪਹਿਲਾ ਪਰਚਾ ਨਵੰਬਰ 1913 ਵਿੱਚ ਕੱਢਿਆ ਗਿਆ।। ਕਰਤਾਰ ਸਿੰਘ ਅਖਬਾਰ ਛਾਪਣ ਵਿੱਚ ਮੋਹਰੀ ਭੂਮਿਕਾ ਨਿਭਾਉਂਦਾ ਉਹ ਆਪ ਹੱਥ ਨਾਲ ਪ੍ਰਿੰਟਿੰਗ ਮਸ਼ੀਨ ਚਲਾਉਂਦਾ ਅਖ਼ਬਾਰ ਲਈ ਲੇਖ ਤੇ ਕਵਿਤਾਵਾਂ ਲਿਖਦਾ ਤੇ ਆਮ ਤੌਰ ਤੇ ਇਹ ਗੀਤ ਗਾਉਂਦਾ –
ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ
ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ
ਜਿਹਨਾਂ ਦੇਸ਼ ਸੇਵਾ ਵਿੱਚ ਪੈਰ ਪਾਇਆ
ਉਹਨਾਂ ਲੱਖਾਂ ਮੁਸੀਬਤਾਂ ਝੱਲੀਆ ਨੇ।
ਕਰਤਾਰ ਸਿੰਘ ਪਾਰਟੀ ਦੇ ਹਰ ਇੱਕ ਕੰਮ ਵਿੱਚ ਹਿੱਸਾ ਲੈਂਦਾ ਭਾਵੇਂ ਉਹ ਅਖਬਾਰ ਕੱਢਣਾ ਹੋਵੇ ਮੀਟਿੰਗਾਂ ਕਰਨੀਆਂ ਹੋਣ ਜਾਂ ਫੇਰ ਲੋਕਾਂ ਨੂੰ ਜਥੇਬੰਦ ਕਰਨਾ ਹੋਵੇ। ਉਹ ਜਲਦੀ ਹੀ ਪਾਰਟੀ ਦੇ ਪ੍ਰਮੁੱਖ ਆਗੂਆਂ ਵਿੱਚ ਸ਼ਾਮਿਲ ਹੋ ਗਿਆ। ਉਹ ਕੋਈ ਵੀ ਖਤਰੇ ਵਾਲਾ ਕੰਮ ਕਰਨ ਤੋਂ ਨਹੀਂ ਝਿਜਕਦਾ ਸੀ। ਉਸਨੇ ਹਵਾਈ ਜਹਾਜ਼ ਚਲਾਉਣਾ ਵੀ ਸਿੱਖ ਲਿਆ ਸੀ। 1914 ਵਿੱਚ ਵਿਸ਼ਵ ਯੁੱਧ ਸ਼ੁਰੂ ਹੋ ਗਿਆ ਗਦਰੀਆਂ ਨੇ ਸੋਚਿਆ ਕਿ ਭਾਵੇਂ ਅਜੇ ਗਦਰ ਦੀ ਤਿਆਰੀ ਪੂਰੀ ਨਹੀਂ ਤੇ ਹਿੰਦੁਸਤਾਨ ਜਾ ਕੇ ਲੋਕਾਂ ਤੇ ਫੌਜ਼ੀਆ ਵਿੱਚ ਇਸ ਦਾ ਪ੍ਰਚਾਰ ਕਰਕੇ। ਉਹਨਾਂ ਨੂੰ ਨਾਲ ਜੋੜਿਆ ਜਾਵੇ ਤੇ ਗਦਰ ਅਖਬਾਰ ਨੇ ਇਸ ਲਈ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ।
ਸੀ ਆਈ ਡੀ ਨੂੰ ਵੀ ਇਸ ਦੀ ਰਿਪੋਰਟ ਮਿਲ ਚੁੱਕੀ ਸੀ ਤੇ ਵਤਨ ਪਹੁੰਚਣ ਵਾਲੇ ਦੇਸ਼ ਭਗਤਾਂ ਦੀਆਂ ਗਿਰਫ਼ਤਾਰੀਆਂ ਦਾ ਦੌਰ ਸ਼ੁਰੂ ਹੋ ਗਿਆ। ਕਰਤਾਰ ਸਿੰਘ ਸਰਾਭਾ ਵੀ ਭਾਰਤ ਲਈ ਰਵਾਨਾ ਹੋ ਗਿਆ ਉਸਨੇ ਬੜੀ ਸਮਝਦਾਰੀ ਤੋਂ ਕੰਮ ਲਿਆ ਕਿਉਕਿ ਉਹ ਜਾਣਦਾ ਸੀ ਕਿ ਕਲਕੱਤਾ ਪਹੁੰਚਣ ਵਾਲਿਆ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਤਾਂ ਉਹ ਕਲਕੱਤਾ ਪਹੁੰਚਣ ਦੀ ਬਜਾਇ ਸ੍ਰੀ ਲੰਕਾ ਤੋਂ ਮਦਰਾਸ ਹੁੰਦੇ ਹੋਏ ਪੰਜਾਬ ਬਿਨਾਂ ਕਿਸੇ ਸੂਹ ਦੇ ਪਹੁੰਚ ਗਿਆ। ਕਿਉਕਿ ਬਾਬਾ ਸੋਹਣ ਸਿੰਘ ਭਕਨਾ, ਬਾਬਾ ਜਵਾਲਾ ਸਿੰਘ, ਬਾਬਾ ਕੇਸਰ ਸਿੰਘ ਤੇ ਮਾਸਟਰ ਊਧਮ ਸਿੰਘ ਤੇ ਹੋਰ ਗ਼ਦਰੀ ਆਗੂ ਪਹਿਲਾ ਹੀ ਫੜੇ ਜਾ ਚੁੱਕੇ ਸਨ ਤੇ ਹੁਣ ਜਥੇਬੰਦੀ ਨੂੰ ਨਵੇਂ ਸਿਰਿਉਂ ਉਸਾਰਨਾ ਪੈਣਾ ਸੀ। ਜਿਸ ਵਿੱਚ ਕਰਤਾਰ ਸਿੰਘ ਨੇ ਮਹੱਤਵਪੂਰਨ ਯੋਗਦਾਨ ਪਾਇਆ। ਉਹ ਹਰ ਰੋਜ਼ ਕਈ ਕਈ ਮੀਲ ਸਫ਼ਰ ਤੈਅ ਕਰਦਾ ਤੇ ਲੋਕਾਂ ਨੂੰ ਜਥੇਬੰਦ ਕਰਦਾ ਤੇ ਕਦੇ ਮੋਗੇ ਕਦੇ ਫਿਰੋਜ਼ਪੁਰ ਤੇ ਕਦੇ ਕਲਕੱਤੇ ਜਾਂਦਾ। ਉਹਨਾਂ ਦਾ ਪ੍ਰੋਗਰਾਮ ਸੀ ਕਿ ਭਾਰਤੀ ਫੌਜ਼ ਨੂੰ ਪ੍ਰੇਰਿਤ ਕਰ ਕੇ ਆਪਣੇ ਨਾਲ ਰਲਾਉਣਾ, ਗਦਰ ਅਖਬਾਰ ਕੱਢਣਾ, ਹਥਿਆਰ ਇਕੱਠੇ ਕਰਨੇ, ਜੇਲ੍ਹਾਂ ਤੋੜ ਕੇ ਸਾਥੀਆਂ ਨੂੰ ਆਜ਼ਾਦ ਕਰਵਾਉਣਾ। ਸਰਾਭਾ ਫਿਰੋਜ਼ਪੁਰ ਛਾਉਣੀ ਪ੍ਰਚਾਰ ਲਈ ਗਿਆ ਤਾਂ ਤਿੰਨ ਸੌ ਫੌਜ਼ੀ ਗਦਰੀਆਂ ਨਾਲ ਰਲਣ ਲਈ ਤਿਆਰ ਹੋ ਗਏ ਤੇ ਇਹ ਵੀ ਅੰਦਾਜ਼ਾ ਲਗਾਇਆ ਕਿ ਪੂਰੀ ਪਲਟਣ ਉਹਨਾਂ ਨਾਲ ਰਲ ਜਾਵੇਗੀ। ਇਸ ਤੋਂ ਬਿਨਾਂ ਲਾਹੌਰ ਅਤੇ ਹੋਰ ਛਾਉਣੀਆਂ ਤੇ ਵੀ ਸਰਾਭਾ ਨਜ਼ਰ ਰੱਖ ਰਿਹਾ ਸੀ। ਜਦੋਂ ਸਾਰੀਆਂ ਥਾਵਾਂ ਤੋਂ ਹਾਂ ਪੱਖੀ ਹੁੰਗਾਰਾ ਮਿਲਿਆ ਤਾਂ ਹੁਣ ਸਿਰਫ ਗਦਰ ਦੀ ਤਾਰੀਖ ਨਿਸਚਿਤ ਕਰਨੀ ਹੀ ਬਾਕੀ ਰਹਿ ਗਈ ਸੀ। ਕਰਤਾਰ ਸਿੰਘ, ਵਿਸ਼ਨੂੰ ਗਣੇਸ਼ ਪਿੰਗਲੇ ਤੇ ਬਾਕੀ ਗਦਰੀਆਂ ਨੇ ਰਾਸ ਬਿਹਾਰੀ ਬੋਸ ਨਾਲ ਮੀਟਿੰਗ ਕਰਕੇ 21 ਫਰਵਰੀ 1915 ਨੂੰ ਲਾਹੌਰ ਤੇ ਫਿਰੋਜ਼ਪੁਰ ਵਿੱਚ ਗਦਰ ਕਰਨ ਦਾ ਫੈਸਲਾ ਕੀਤਾ। ਕਰਤਾਰ ਸਿੰਘ ਸਰਾਭਾ ਉੱਪਰ ਸਰਕਾਰ ਨੇ ਇੱਕ ਮੁਰੱਬਾ ਜਮੀਨ ਤੇ ਕਈ ਹਜ਼ਾਰ ਰੁਪਏ ਦਾ ਇਨਾਮ ਰੱਖ ਦਿੱਤਾ। ਅੰਮ੍ਰਿਤਸਰ ਦੀ ਸੀ ਆਈ ਡੀ ਨੇ ਕਿਰਪਾਲ ਸਿੰਘ ਜਿਹੜਾ ਕਿ ਸੰਘਾਈ ਤੋ ਗਦਰੀਆਂ ਨਾਲ ਆਇਆ ਸੀ ਨੂੰ ਸਰਕਾਰੀ ਜਾਸੂਸ ਬਣਾ ਕੇ ਗਦਰ ਪਾਰਟੀ ਵਿੱਚ ਸ਼ਾਮਿਲ ਕਰਵਾ ਦਿੱਤਾ ਜਿਹੜਾ ਪਾਰਟੀ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਸਰਕਾਰ ਤੱਕ ਪਹੁੰਚਾਉਂਦਾ ਰਿਹਾ। ਕਰਤਾਰ ਸਿੰਘ 19 ਫਰਵਰੀ ਨੂੰ ਫਿਰੋਜਪੁਰ ਵਿਖੇ ਗਦਰ ਦੀਆਂ ਤਿਆਰੀਆਂ ਕਰ ਰਿਹਾ ਸੀ ਉਹ ਸਾਥੀਆਂ ਨੂੰ ਇੱਕ ਥਾਂ ਖੜ੍ਹਾ ਕਰਕੇ ਅਸਲਾ ਲੈਣ ਗਿਆ ਤਾਂ ਵਾਪਸੀ ਤੇ ਆ ਕੇ ਦੱਸਿਆ ਕਿ ਸਰਕਾਰ ਨੂੰ ਇਸ ਬਾਰੇ ਪਹਿਲਾ ਹੀ ਸੂਹ ਮਿਲ ਚੁੱਕੀ ਹੈ ਤਾਂ ਉਹਨਾਂ ਨੇ ਛਾਉਣੀ ਵਿਚੋਂ ਆਪਣੇ ਸਾਥੀਆਂ ਨੂੰ ਬਾਹਰ ਕੱਢ ਕੇ ਉਹਨਾਂ ਦੇ ਘਰੋ ਘਰੀ ਭੇਜ ਦਿੱਤਾ ਜਿਸ ਕਾਰਨ ਗਦਰੀਆਂ ਨੂੰ ਬਹੁਤ ਨਿਰਾਸ਼ਾ ਹੋਈ। ਗਦਰੀਆਂ ਦੀਆਂ ਧੜਾ ਧੜ ਗ੍ਰਿਫਤਾਰੀਆਂ ਸ਼ੁਰੂ ਹੋ ਗਈਆਂ। ਕਰਤਾਰ ਸਿੰਘ ਸਰਾਭਾ, ਹਰਨਾਮ ਸਿੰਘ ਟੁੰਡੀਲਾਟ, ਤੇ ਜਗਤ ਸਿੰਘ ਨੇ ਵੀ ਪੰਜਾਬ ਤੋਂ ਨਿਕਲਣ ਦਾ ਫੈਸਲਾ ਕੀਤਾ ਤਾਂ ਉਹ ਪੇਸ਼ਾਵਰ ਹੁੰਦੇ ਹੋਏ ਅਫ਼ਗ਼ਾਨਿਸਤਾਨ ਦੀ ਸਰਹੱਦ ਰਾਹੀਂ ਜਾਣਾ ਚਾਹੁੰਦੇ ਸਨ ਪਰ ਉਹ ਸਰਹੱਦ ਤੋਂ ਵਾਪਿਸ ਇਹ ਸੋਚ ਕੇ ਆ ਗਏ ਕਿ ਉਹਨਾਂ ਦੇ ਸਾਥੀ ਜੇਲ੍ਹਾਂ ਵਿੱਚ ਹਨ ਪਰ ਅਜੇ ਵੀ ਬਹੁਤ ਸਾਰੇ ਸਾਥੀ ਪਿੰਡਾਂ ਵਿੱਚ ਮੌਜੂਦ ਹਨ ਤੇ ਨਵੇਂ ਸਿਰਿਉਂ ਤਿਆਰੀ ਕੀਤੀ ਜਾਵੇ। ਵਾਪਸੀ ਤੇ ਸਰਗੋਧਾ ਦੇ ਚੱਕ ਨੰਬਰ 5 ਵਿਖੇ ਜਦੋਂ ਕਰਤਾਰ ਸਿੰਘ ਸਰਾਭਾ ਫੌਜ਼ੀਆ ਨੂੰ ਗਦਰ ਬਾਰੇ ਪ੍ਰਚਾਰ ਕਰ ਰਿਹਾ ਸੀ ਤਾਂ ਪੁਲੀਸ ਨੂੰ ਸੂਹ ਮਿਲ ਗਈ ਤੇ ਜਦੋ ਕਰਤਾਰ ਸਿੰਘ ਆਪਣੀ ਜੇਬ ਚੋਂ ਕੱਢ ਕੇ ਗਦਰ ਦੀ ਗੂੰਜ ਸੁਣਾਉਣ ਲੱਗਾ ਤਾਂ ਤੁਰੰਤ ਪੁਲਿਸ ਪਹੁੰਚ ਗਈ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਇਹ ਘਟਨਾ 2 ਮਾਰਚ 1915 ਦੀ ਹੈ। 26 ਅਪ੍ਰੈਲ 1915 ਨੂੰ ਕੇਸ ਸ਼ੁਰੂ ਹੋਇਆ। ਸਰਾਭਾ, ਵਿਸ਼ਨੂੰ ਗਣੇਸ਼ ਪਿੰਗਲੇ ਨੇ ਕੋਈ ਵਕੀਲ ਨਾ ਕੀਤਾ ਸਰਾਭਾ ਨੇ ਬਚਾਅ ਲਈ ਨਿੱਜੀ ਤੌਰ ਤੇ ਜਾਂ ਕਿਸੇ ਵਕੀਲ ਰਾਹੀਂ ਦਲੀਲ ਦੇਣ ਤੋਂ ਇਨਕਾਰ ਕਰ ਦਿੱਤਾ। ਕਰਤਾਰ ਸਿੰਘ ਸਰਾਭਾ ਨੇ ਅਦਾਲਤ ਵਿੱਚ ਸਾਰੀਆਂ ਗੱਲਾਂ ਮੰਨ ਲਈਆਂ ਪਰ ਜੱਜ ਨੇ ਪਹਿਲੇ ਦਿਨ ਗਵਾਹੀ ਦਰਜ ਨਾ ਕੀਤੀ ਤੇ ਕਿਹਾ ਕਿ ਇਸ ਨਾਲ ਤੇਰਾ ਕੇਸ ਵਿਗੜ ਜਾਵੇਗਾ ਪਰ ਸਰਾਭੇ ਨੇ ਬਿਆਨ ਨਾ ਬਦਲਿਆ ਤਾਂ ਜੱਜ ਨੇ ਕਿਹਾ ਕਿ ਇੱਕ ਦਿਨ ਦਾ ਸਮਾਂ ਹੈ ਤੇ ਸੋਚ ਵਿਚਾਰ ਕਰ ਲਓ ਪਰ ਅਗਲੇ ਦਿਨ ਵੀ ਉਸਨੇ ਬਿਆਨ ਨਾ ਬਦਲਿਆ ਤੇ ਉਸਨੂੰ ਮੌਤ ਦੀ ਸਜ਼ਾ ਸੁਣਾਈ ਗਈ। ਸੁਪਰਡੈਂਟ ਨੇ ਉਸਨੂੰ ਰਹਿਮ ਦੀ ਅਪੀਲ ਲਈ ਕਿਹਾ ਤਾਂ ਸਰਾਭੇ ਨੇ ਕਿਹਾ ਕਿ ਮੈਨੂੰ ਕੋਈ ਦਿਲਚਸਪੀ ਨਹੀਂ। ਗਦਰੀਆਂ ਦੇ ਕੇਸ ਦੀ ਪੈਰਵਾਈ ਕਰ ਰਹੇ ਰਘੂਵਰ ਸਹਾਇ ਨੇ 24 ਗਦਰੀਆਂ ਦੀ ਫਾਂਸੀ ਦਾ ਮੁੱਦਾ ਵਾਇਸਰਾਏ ਕੋਲ ਉਠਾਇਆ ਤੇ 24 ਵਿੱਚੋ 17 ਗਦਰੀਆਂ ਦੀ ਫਾਂਸੀ ਦੀ ਸਜ਼ਾ ਕਾਲੇਪਾਣੀ ਵਿੱਚ ਤਬਦੀਲ ਕਰ ਦਿੱਤੀ। ਸਰ ਅਲੀ ਇਮਾਮ ਨੇ ਸਰਾਭਾ ਦੀ ਫਾਂਸੀ ਦੀ ਸਜ਼ਾ ਰੱਦ ਕਰਵਾਉਣ ਲਈ ਕਾਫੀ ਜੱਦੋ ਜਹਿਦ ਕੀਤੀ ਕਿਉਕਿ ਸਰਾਭੇ ਦੇ ਉਮਰ ਉਸ ਸਮੇਂ ਸਭ ਤੋਂ ਘੱਟ ਸੀ ਪਰ ਵਾਇਸਰਾਏ ਨੇ ਅਪੀਲ ਖਾਰਜ਼ ਕਰ ਦਿੱਤੀ। ਕੋਰਟ ਦੇ ਜੱਜਾਂ ਨੇ ਸਰਾਭਾ ਬਾਰੇ ਸਭ ਤੋਂ ਵੱਧ ਸੱਤ ਪੰਨਿਆਂ ਦਾ ਫੈਸਲਾ ਲਿਖਿਆ ਜਿਸ ਵਿੱਚ ਉਸਨੂੰ ਸਭ ਤੋਂ ਖਤਰਨਾਕ ਦੱਸਿਆ ਗਿਆ ਤੇ ਲਿਖਿਆ ਕਿ ਗਦਰ ਦੀ ਕੋਈ ਵੀ ਅਜਿਹੀ ਘਟਨਾ ਨਹੀਂ ਸੀ ਜਿਸ ਵਿੱਚ ਕਰਤਾਰ ਸਿੰਘ ਸਰਾਭਾ ਸ਼ਾਮਿਲ ਨਹੀਂ ਸੀ। 16 ਨਵੰਬਰ 1915 ਨੂੰ ਸਾਢੇ ਉੱਨੀ ਸਾਲ ਦੀ ਉਮਰ ਵਿੱਚ ਛੇ ਸਾਥੀਆਂ ਬਖਸ਼ੀਸ ਸਿੰਘ (ਅੰਮ੍ਰਿਤਸਰ), ਹਰਨਾਮ ਸਿੰਘ (ਸਿਆਲਕੋਟ), ਜਗਤ ਸਿੰਘ, ਸੁਰੈਣ ਸਿੰਘ 1 ਤੇ ਸੁਰੈਣ ਸਿੰਘ 2 (ਅੰਮ੍ਰਿਤਸਰ), ਤੇ ਵਿਸ਼ਨੂੰ ਗਣੇਸ਼ ਪਿੰਗਲੇ (ਮਹਾਂਰਾਸਟਰ) ਸਮੇਤ ਲਾਹੌਰ ਸੈਂਟਰਲ ਜੇਲ ਵਿੱਚ ਫਾਂਸੀ ਦੇ ਦਿੱਤੀ ਗਈ। ਅੱਜ 16 ਨਵੰਬਰ ਨੂੰ ਉਸ ਮਹਾਨ ਗ਼ਦਰੀ ਤੇ ਉਹਨਾਂ ਦੇ ਸਾਥੀਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ।। ਇਨਕਲਾਬ ਜ਼ਿੰਦਾਬਾਦ।।

Comments are closed.

COMING SOON .....


Scroll To Top
11